ਭ੍ਰਿਸ਼ਟਾਚਾਰ ਤਾਂ ਦੇਸ਼ ਦੀ ਤਰੱਕੀ ਲਈ ਘਾਤਕ ਹੈ ਹੀ
ਪਰ ਵੋਟ ਰਾਜਨੀਤੀ ਅਧੀਨ ਘੱਟ ਗਿਣਤੀਆਂ ਨੂੰ ਇਨਸਾਫ ਤੋਂ ਵਾਂਝਾ ਰੱਖਣਾ ਇਸ ਤੋਂ ਵੀ ਵੱਧ ਘਾਤਕ
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਸ਼੍ਰੀ ਕੇਜ਼ਰੀਵਾਲ ਅਤੇ ਸ਼੍ਰੀ ਅੰਨਾ ਹਜ਼ਾਰੇ ਦੋਵਾਂ ਨੂੰ ਅਪੀਲ ਹੈ ਕਿ ਜਿਥੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਮੋਰਚਾ ਖੋਲ੍ਹਿਆ ਹੈ ਉੱਥੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ ਵੀ ਅਵਾਜ਼ ਉਠਾਉਂਦੇ ਹੋਏ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਨੂੰ ਖੁੱਲ੍ਹ ਕੇ ਸਮਰਥਨ ਦੇਣ ਕਿਸੇ ਦੇਸ਼ ਜਾਂ ਕੌਮ ਦੀ ਤਰੱਕੀ ਅਤੇ ਆਚਰਣ ਵਿੱਚ ਗਿਰਾਵਟ ਦਾ ਮੁੱਖ ਕਾਰਣ ਭ੍ਰਿਸ਼ਟਾਚਾਰ ਹੈ।
ਹਰ ਮਨੁੱਖ ਦੀ ਇਹ ਲਾਲਸਾ ਹੁੰਦੀ ਹੈ ਕਿ ਉਸ ਕੋਲ ਬਹੁਤ ਸਾਰਾ ਧਨ ਹੋਵੇ ਤਾਂ ਕਿ ਉਹ ਇਸ ਦੀ ਸਹਾਇਤਾ ਨਾਲ ਜੀਵਨ ਦੀਆਂ ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਕੇ ਅੱਛਾ ਜੀਵਨ ਬਤੀਤ ਕਰ ਸਕੇ।
ਪਰ ਇਹ ਸਹੂਲਤਾਂ ਪ੍ਰਾਪਤ ਕਰਨ ਦੀ ਕੋਈ ਨਾ ਕੋਈ ਸੀਮਾਂ ਤਾਂ ਹੋਣੀ ਹੀ ਚਾਹੀਦੀ ਹੈ। ਕਿਸੇ ਮਨੁੱਖ ਨੂੰ ਪੇਟ ਭਰ ਕੇ ਖਾਣਾ ਖਾਣ ਲਈ, ਮੌਸਮ ਅਨੁਸਾਰ ਚੰਗਾ ਪਹਿਨਣ ਲਈ, ਰਹਿਣ ਲਈ ਚੰਗਾ ਮਕਾਨ ਬਣਾਉਣ ਲਈ, ਆਵਾਜਾਈ ਦੇ ਚੰਗੇ ਸਾਧਨ ਪ੍ਰਾਪਤ ਕਰਨ ਲਈ ਜਿੰਨਾ ਕੁ ਧਨ ਚਾਹੀਦਾ ਹੈ ਇਸ ਧਨ ਦੀ ਪ੍ਰਾਪਤੀ ਲਈ ਇੱਛਾ ਰੱਖਣੀ ਕੋਈ ਮਾੜੀ ਗੱਲ ਨਹੀਂ ਹੈ ਅਤੇ ਇਹ ਸਭ ਨੂੰ ਹੀ ਰੱਖਣੀ ਚਾਹੀਦੀ ਹੈ ਪਰ ਇਹ ਸਹੂਲਤਾਂ ਪ੍ਰਾਪਤ ਕਰਨ ਲਈ ਸਿਰਫ ਯੋਗ ਸਾਧਨਾ ਦੀ ਵਰਤੋਂ ਹੀ ਹੋਣੀ ਚਾਹੀਦੀ ਹੈ; ਗਲਤ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਨਿਰਵਾਹ ਚਲਾਉਣ ਲਈ ਉੱਦਮ ਅਤੇ ਹੱਥੀਂ ਕੰਮ ਕਰਕੇ ਕੀਤੀ ਕਮਾਈ ਨਾਲ ਸੁੱਖ ਭੋਗਣ ਦੀ ਪ੍ਰੇਰਣਾ ਦਿੰਦੀ ਹੈ।
ਪਾਵਨ ਬਚਨ ਹਨ:
‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥’ {ਗੂਜਰੀ ਕੀ ਵਾਰ: 2 (ਮ: 5) ਪੰਨਾ 522}।
ਮਿਹਨਤ ਕਰਕੇ ਕੀਤੀ ਇਸ ਕਮਾਈ ਨਾਲ ਸਿਰਫ ਮਾਇਆ ਦੇ ਅੰਬਾਰ ਹੀ ਨਹੀਂ ਲਾਉਣੇ ਸਗੋਂ ਲੋੜਵੰਦਾਂ ਦੀ ਸਹਾਇਤਾ ਲਈ ਹੱਥੋਂ ਕੁਝ ਦੇਣਾ ਵੀ ਚਾਹੀਦਾ ਹੈ:
‘ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥’ (ਮ: 1) ਪੰਨਾ 1245}।
ਕਰਤੇ ਨੇ ਇੰਨੇ ਕੁ ਸਾਧਨ ਜਰੂਰ ਪੈਦਾ ਕੀਤੇ ਹਨ ਕਿ ਜੇ ਕਰ ਉਨ੍ਹਾਂ ਸਾਧਨਾਂ ਦੀ ਯੋਗ ਅਤੇ ਸਾਵੀਂ ਵੰਡ ਹੋਵੇ ਤਾਂ ਕੋਈ ਵੀ ਮਨੁੱਖ ਇਨ੍ਹਾਂ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿ ਸਕਦਾ। ਪਰ ਬੁਰਾਈ ਉਸ ਸਮੇ ਉਪਜਦੀ ਹੈ ਜਿਸ ਸਮੇਂ ਹੱਥੀਂ ਕੰਮ ਅਤੇ ਮਿਹਨਤ ਕਰਨ ਦੀ ਥਾਂ ਮਨੁੱਖ ਇਹ ਸੋਚਣ ਲੱਗ ਪਏ ਕਿ ਉਸ ਨੂੰ ਬੈਠੇ ਬਿਠਾਏ ਨੂੰ ਹੀ ਅੱਖ ਦੇ ਇਸ਼ਾਰੇ ਨਾਲ ਇਹ ਸਾਰੇ ਸਾਧਨਾਂ ਦੀ ਪ੍ਰਾਪਤੀ ਹੋਣ ਲੱਗ ਪਏ। ਇਹ ਤਾਂ ਹੀ ਸੰਭਵ ਹੈ ਜੇ ਕੋਈ ਮਨੁੱਖ ਕਮਾਈ ਦੇ ਵੱਧ ਤੋਂ ਵੱਧ ਸਾਧਨਾਂ ’ਤੇ ਆਪਣੇ ਅਧਿਕਾਰ ਜਮਾਉਣ ਵਿੱਚ ਸਫਲ ਹੋ ਸਕੇ। ਜੇ ਕਰ ਸਾਰੇ ਮਨੁੱਖਾਂ ਦੀ ਸ਼ਕਤੀ ਬਰਾਬਰ ਹੋਵੇ ਤਾਂ ਕੋਈ ਵੀ ਮਨੁੱਖ ਆਪਣੇ ਹਿੱਸੇ ਦੇ ਸਾਧਨਾਂ ’ਤੇ ਦੂਸਰੇ ਨੂੰ ਕਾਬਜ਼ ਹੋਣ ਦੀ ਇਜ਼ਾਜ਼ਤ ਨਹੀਂ ਦਿੰਦਾ। ਸੋ ਇਨ੍ਹਾਂ ਸਾਧਨਾ ’ਤੇ ਕਬਜ਼ਾ ਕਰਨ ਦਾ ਇੱਕੋ ਇੱਕ ਸਾਧਨ ਹੈ ਕਿ ਉਸ ਕੋਲ ਰਾਜਨੀਤਕ ਸ਼ਕਤੀ ਹੋਵੇ ਤਾਂ ਕਿ ਦੂਸਰਾ ਹੋਰ ਕੋਈ ਮਨੁੱਖ ਉਸ ਵੱਲੋਂ ਸਾਧਨਾਂ ’ਤੇ ਕਾਬਜ਼ ਹੋਣ ਵਿੱਚ ਰੁਕਾਵਟ ਨਾ ਬਣ ਸਕੇ। ਦੁਨੀਆਂ ਦੇ ਇਤਿਹਾਸ ਵਿੱਚ ਮਨੁੱਖਤਾ ਦਾ ਜਿੰਨਾਂ ਵਿਨਾਸ਼ ਅਤੇ ਜੁਲਮ ਹੋਏ ਹਨ ਉਨ੍ਹਾਂ ਪਿੱਛੇ ਮੁੱਖ ਕਾਰਣ ਰਾਜ ਹਾਸਲ ਕਰਨਾ ਜਾਂ ਇਸ ਦੀਆਂ ਹੱਦਾਂ ਵਧਾਉਣਾ ਹੀ ਹੈ। ਲੋਕਤੰਤਰ ਵਿੱਚ ਭ੍ਰਿਸ਼ਟਾਚਾਰ ਵਧਣ ਦੇ ਬਹੁਤ ਸਾਰੇ ਕਾਰਣ ਅਤੇ ਅਲਾਮਤਾਂ ਹੋ ਸਕਦੀਆਂ ਹਨ ਪਰ ਇਨ੍ਹਾਂ ਸਭਨਾਂ ਬੁਰਾਈਆਂ ਦੀ ਉਪਜ ਕਿਸੇ ਮਨੁੱਖ ਜਾਂ ਪਾਰਟੀ ਦੀ ਹਮੇਸ਼ਾਂ ਲਈ ਸਤਾ ’ਤੇ ਕਾਬਜ਼ ਬਣੇ ਰਹਿਣ ਦੀ ਤੀਬਰ ਇੱਛਾ ਵਿੱਚੋਂ ਹੀ ਹੁੰਦੀ ਹੈ। ਜਿਉਂ ਜਿਉਂ ਸਤਾ ਦੀ ਇਹ ਤੀਬਰ ਇੱਛਾ ਵਧਦੀ ਹੈ ਤਿਉਂ ਤਿਉਂ ਇਹ ਇੱਛਾ ਅੱਗੇ ਹੋਰ ਬਹੁਤ ਸਾਰੀਆਂ ਅਲਾਮਤਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਵਿੱਚੋਂ ਮੁੱਖ ਹੈ ਭ੍ਰਿਸ਼ਟਾਚਾਰ। ਕਿਉਂਕਿ ਲੋਕਤੰਤਰ ਵਿੱਚ ਸਤਾ ਦੀ ਕੁਰਸੀ ’ਤੇ ਬੈਠਣ ਲਈ ਚੋਣਾਂ ਜਿੱਤਣਾਂ ਲਾਜ਼ਮੀ ਹੈ ਇਸ ਲਈ ਹਰ ਜਾਇਜ਼ ਨਜ਼ਾਇਜ਼ ਢੰਗ ਨਾਲ ਚੋਣਾਂ ਜਿੱਤਣ ਲਈ ਬੇਤਹਾਸ਼ਾ ਧੰਨ ਦੀ ਵਰਤੋਂ ਕੀਤੀ ਜਾਂਦੀ ਹੈ। ਸਤਾ ’ਤੇ ਕਾਬਜ਼ ਹੋਣ ਦੀ ਭੁੱਖ ਕਾਰਣ ਹੀ ਆਪਣੇ ਹੱਕਾਂ ਤੋਂ ਅਣਜਾਣ ਲੋਕਾਂ ਦੀਆਂ ਪੈਸੇ ਨਾਲ ਵੋਟਾਂ ਖ੍ਰੀਦਣੀਆਂ, ਨਸ਼ੇ ਵੰਡਣੇ ਅਤੇ ਬਾਹੂਬਲ ਦੀ ਵਰਤੋਂ ਦਿਨੋ ਦਿਨ ਵਧ ਰਹੀ ਹੈ। ਗੁਰਬਾਣੀ ਦਾ ਵੀ ਫੁਰਮਾਨ ਹੈ ਕਿ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਅਨੇਕਾਂ ਪਾਪ ਕਰਦੇ ਹਨ:
‘ਕਰਤੇ ਪਾਪ ਅਨੇਕ; ਮਾਇਆ ਰੰਗ ਰਟਿਆ ॥’(ਜੈਤਸਰੀ ਮ: 5, - ਪੰਨਾ 705)।
ਗੁਰਬਾਣੀ ਵਿੱਚ ਬਹੁਤ ਹੀ ਸੁੰਦਰ ਉਦਾਹਰਣਾਂ ਦੇ ਕੇ ਸਮਝਾਇਆ ਹੈ ਕਿ ਜਿਸ ਤਰ੍ਹਾਂ ਮਾਰੂਥਲ ਮੀਂਹ ਨਾਲ ਕਦੇ ਰਜਦਾ ਨਹੀਂ; ਅੱਗ ਦੀ ਭੁੱਖ ਬਾਲਣ ਨਾਲ ਨਹੀਂ ਮਿਟ ਸਕਦੀ; ਕਿਸੇ ਵੀ ਤਰ੍ਹਾਂ ਦੀ ਤਪਸ਼ ਭਰੇ ਹੋਏ ਸਮੁੰਦਰਾਂ ਨੂੰ ਸੁਕਾ ਨਹੀਂ ਸਕਦੀ; ਇਸੇ ਤਰ੍ਹਾਂ ਮਾਇਆ ਦੇ ਰੰਗ ਵਿੱਚ ਰੰਗੇ ਮਨੁੱਖਾਂ ਦੀ ਨਾ ਧਨ ਪਦਾਰਥ ਇਕੱਠੇ ਕਰਨ ਦੀ ਭੁੱਖ ਮਿਟ ਸਕਦੀ ਹੈ ਅਤੇ ਨਾ ਹੀ ਰਾਜ ਕਰਨ ਨਾਲ ਉਸ ਦੀ ਤ੍ਰਿਪਤੀ ਹੁੰਦੀ ਹੈ: ‘ਮਾਰੂ, ਮੀਹਿ ਨ ਤ੍ਰਿਪਤਿਆ; ਅਗੀ ਲਹੈ ਨ ਭੁਖ ॥
ਰਾਜਾ, ਰਾਜਿ ਨ ਤ੍ਰਿਪਤਿਆ; ਸਾਇਰ ਭਰੇ, ਕਿ ਸੁਕ ॥
ਨਾਨਕ! ਸਚੇ ਨਾਮ ਕੀ; ਕੇਤੀ ਪੁਛਾ ਪੁਛ ॥1॥’ {ਮਾਝ ਕੀ ਵਾਰ (ਮ: 1)ਪੰਨਾ 148}।
‘ਸਹਸ ਖਟੇ ਲਖ ਕਉ ਉਠਿ ਧਾਵੈ ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅਨਿਕ ਭੋਗ ਬਿਖਿਆ ਕੇ ਕਰੈ ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
ਬਿਨਾ ਸੰਤੋਖ ਨਹੀ ਕੋਊ ਰਾਜੈ ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
ਨਾਮ ਰੰਗਿ ਸਰਬ ਸੁਖੁ ਹੋਇ ॥
ਬਡਭਾਗੀ ਕਿਸੈ ਪਰਾਪਤਿ ਹੋਇ ॥
ਕਰਨ ਕਰਾਵਨ ਆਪੇ ਆਪਿ ॥
ਸਦਾ ਸਦਾ ਨਾਨਕ ਹਰਿ ਜਾਪਿ ॥5॥’ {ਗਉੜੀ ਸੁਖਮਨੀ ਮ: 5, ਪੰਨਾ 279}
ਭਾਵ (ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ; ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ। ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ, ਪਰ ਤਸੱਲੀ ਫਿਰ ਵੀ ਨਹੀਂ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ। ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ, ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ। ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁੱਖ ਹੈ, (ਅਤੇ ਇਹ ਸੁੱਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ। (ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ, ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥5॥
ਜਿਸ ਮਨੁੱਖ ਪਾਸ ਸੰਤੋਖ ਨਹੀਂ ਉਸ ਦੀ ਹਾਲਤ ਗੁਰਬਾਣੀ ਵਿੱਚ ਇਸ ਤਰ੍ਹਾਂ ਬਿਆਨ ਕੀਤੀ ਹੈ:
‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥
ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥1॥’। {ਮਾਰੂ ਮ: 5, ਪੰਨਾ 1019}
ਜਿਸ ਦੇ ਅਰਥ ਹਨ:- ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ)। ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ। ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ ॥1॥
ਪੁਰਾਤਨ ਸਮੇਂ ਤੋਂ ਅੱਜ ਤੱਕ ਰਾਜਨੀਤਕ ਲੋਕ ਧਰਮ ਤੋਂ ਗੁਰਬਾਣੀ ਅਨੁਸਾਰ ਉਕਤ ਸੇਧ ਲੈਣ ਦੀ ਬਜਾਏ ਸਗੋਂ ਧਰਮ ਨੂੰ ਹੀ ਰਾਜ ਦੀ ਪ੍ਰਾਪਤੀ ਲਈ ਵਰਤ ਰਹੇ ਹਨ; ਇਸ ਤਰ੍ਹਾਂ ਉਹ ਧਰਮ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਜਿਵੇਂ ਕਿ ਬਹੁਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਕਾਂਗਰਸ ਨੇ ਸਿੱਖਾਂ ਨਾਲ ਆਰਥਿਕ ਤੇ ਰਾਜਨੀਤਕ ਹਰ ਪੱਧਰ ’ਤੇ ਵਿਤਕਰਾ ਕੀਤਾ ਜਿਸ ਦੇ ਫਲਸਰੂਪ ਅਕਾਲੀਆਂ ਨੇ ਅਨੇਕਾਂ ਧਰਮਯੁੱਧ ਮੋਰਚੇ ਲਾਏ ਜਿਨ੍ਹਾਂ ਦੌਰਾਨ ਕਾਂਗਰਸ ਨੇ ਸਿੱਖਾਂ ਨੂੰ ਅਤਿਵਾਦੀ ਦੱਸ ਕੇ ਬਦਨਾਮ ਕੀਤਾ ਜਿਸ ਦਾ ਅੰਤ ਅਖੀਰ ਜੂਨ 84 ਅਤੇ ਨਵੰਬਰ 84 ਵਿੱਚ ਸਿੱਖਾਂ ਦਾ ਵੱਡੀ ਪੱਧਰ ’ਤੇ ਕਤਲੇਆਮ ਕੀਤਾ ਗਿਆ ਜਿਸ ਨੂੰ ਸਿੱਖਾਂ ਦੀ ਨਸਲਕੁਸ਼ੀ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਨਸਲਕੁਸ਼ੀ ਦਾ ਹੀ ਕਾਰਣ ਸੀ ਕਿ 1985 ਦੀਆਂ ਲੋਕ ਸਭਾ ਚੋਣਾਂ ’ਚ ਰਾਜਨੀਤੀ ਤੋਂ ਬਿਲਕੁਲ ਅਣਜਾਣ ਅਤੇ ਅਨਾੜੀ ਰਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਉਹ ਜਿੱਤ ਹਾਸਲ ਕੀਤੀ ਜਿਹੜੀ ਕਦੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਵੀ ਹਾਸਲ ਨਹੀਂ ਸੀ ਹੋਈ। ਇਸੇ ਤਰ੍ਹਾਂ ਹਿੰਦੂਆਂ ਨੂੰ ਕਾਂਗਰਸ ਦੇ ਖੇਮੇ ਵਿੱਚ ਜਾਂਦੇ ਵੇਖ ਭਾਜਪਾ ਨੇ ਰਾਜ ਦੀ ਪ੍ਰਾਪਤੀ ਲਈ ਬਾਬਰੀ ਮਸਜ਼ਿਦ ਦਾ ਮੁੱਦਾ ਉਛਾਲਿਆ ਜਿਸ ਕਾਰਣ ਗੁਜਰਾਤ ਵਿੱਚ ਮੁਸਲਮਾਨਾਂ ਦੇ ਸਮੂਹਕ ਕਤਲੇਆਮ ਸਮੇਤ ਦੇਸ਼ ਵਿੱਚ
ਅਨੇਕਾਂ ਵਾਰੀ ਸੰਪ੍ਰਦਾਇਕ ਦੰਗੇ ਅਤੇ ਬੰਬ ਧਮਾਕੇ ਹੋਏ ਜਿਨ੍ਹਾਂ ਵਿੱਚ ਅਨੇਕਾਂ ਮਨੁੱਖੀ ਜਾਨਾਂ ਤੋਂ ਇਲਾਵਾ ਨਿਜੀ ਤੇ ਕੌਮੀ ਸੰਪਤੀ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਤੇ ਇਹ ਨੁਕਸਾਨ ਹਾਲੀ ਲਗਾਤਾਰ ਜਾਰੀ ਹੈ। ਬਾਬਰੀ ਮਸਜ਼ਿਦ ਮੁੱਦੇ ਕਾਰਣ ਹੀ ਭਾਜਪਾ ਸਤਾ ਦੀ ਕੁਰਸੀ ’ਤੇ ਕਾਬਜ਼ ਹੋਣ ਵਿੱਚ ਸਫਲ ਹੋਈ ਤੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੇ ਸਿਹਰੇ ਵਜੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਸਭ ਤੋਂ ਮਜ਼ਬੂਤ ਉਮੀਦਵਾਰ ਵਜੋਂ ਉੱਭਰ ਰਿਹਾ ਹੈ। ਬੇਸ਼ੱਕ ਕਾਂਗਰਸ ਤੇ ਭਾਜਪਾ ਰਾਜਨੀਤਕ ਤੌਰ ’ਤੇ ਆਪਸ ਵਿੱਚ ਕੱਟੜ ਵਿਰੋਧੀ ਹਨ ਪਰ ਬਹੁਗਿਣਤੀ ਵੋਟਾਂ ਦੀ ਰਾਜਨੀਤੀ ਕਾਰਣ ਇਹ ਘੱਟ ਗਿਣਤੀਆਂ ਵਿਰੁੱਧ ਅੰਦਰੋਂ ਘਿਉ ਖਿਚੜੀ ਹਨ। ਇਸੇ ਕਾਰਣ ਘੱਟ ਗਿਣਤੀਆਂ ਦੇ ਕਾਤਲ ਬੇਸ਼ੱਕ ਉਹ ਦਿੱਲੀ ਵਿੱਚ ਸਿੱਖਾਂ ਦੇ ਕਾਤਲ ਹੋਣ ਜਾਂ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਾਤਲ ਹੋਣ 29 ਸਾਲ ਲੰਘ ਜਾਣ ਪਿੱਛੋਂ ਵੀ ਉਨ੍ਹਾਂ ਵਿੱਚੋਂ ਕਿਸੇ ਦੋਸ਼ੀ ਨੂੰ ਸਜਾ ਨਹੀਂ ਮਿਲੀ। ਰਾਜਨੀਤਕ, ਪ੍ਰਸ਼ਾਸ਼ਨਿਕ ਅਤੇ ਅਦਾਲਤਾਂ ਵਿੱਚ ਇਨਸਾਫ ਲਈ ਵੀ ਆਮ ਸ਼ਹਿਰੀਆਂ ਲਈ ਕਾਨੂੰਨ ਹੋਰ ਅਤੇ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹੈ। ਇਸ ਧਾਰਣਾਂ ਨੇ ਹੀ ਘੱਟ ਗਿਣਤੀ ਦੇ ਕੁਝ ਨੌਜਾਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ; ਜਿਨ੍ਹਾਂ ਨੂੰ ਅਤਿਵਾਦੀਆਂ ਦਾ ਨਾਮ ਦੇ ਕੇ ਜਾਂ ਤਾਂ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਮਾਰ ਦਿੱਤਾ ਗਿਆ ਜਾਂ ਫਾਂਸੀ ’ਤੇ ਲਟਕਾ ਦਿਤਾ ਗਿਆ। ਇੱਥੋਂ ਤੱਕ ਕਿ ਸਿਰਫ ਪਨਾਹ ਦੇਣ ਦੇ ਦੋਸ਼ ਜਾਂ ਹਥਿਆਰਾਂ ਦੀ ਬਰਾਮਦੀ ਦੇ ਮਾਮੂਲੀ ਕੇਸਾਂ ਵਿੱਚ ਵੀ ਕਈ ਸਿੱਖ 18 ਤੋਂ 23 ਸਾਲ ਤੋਂ ਨਜ਼ਰਬੰਦ ਹਨ ਜਿਨ੍ਹਾਂ ਨੂੰ ਅੱਜ ਤੱਕ ਇੱਕ ਵੀ ਦਿਨ ਦੀ ਪੈਰੋਲ ਤੱਕ ਵੀ ਨਹੀਂ ਦਿੱਤੀ ਗਈ। ਇਨ੍ਹਾਂ ਦੀ ਰਿਹਾਈ ਲਈ ਹੀ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ 14 ਨਵੰਬਰ ਤੋਂ ਗੁਰਦੁਆਰ ਅੰਬ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਖੇ ਅਣਮਿਥੇ ਸਮੇਂ ਲਈ ਭੁੱਖ ਹੜਾਤਲ ’ਤੇ ਬੈਠੇ ਹਨ। ਇਸ ਦੇ ਬਾਵਯੂਦ ਕਿਸੇ ਸੂਬਾ ਜਾਂ ਕੇਂਦਰੀ ਸਰਕਾਰ ਦੇ ਪੱਧਰ; ਇੱਥੋਂ ਤੱਕ ਕਿ ਨੈਸ਼ਨਲ ਪੱਧਰ ਦੇ ਮੀਡੀਏ ਵਿੱਚ ਇਸ ਦੀ ਚਰਚਾ ਤੱਕ ਆਰੰਭ ਨਹੀਂ ਹੋਈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੰਥ ਨੂੰ ਖਤਰੇ ਦੇ ਨਾਮ ’ਤੇ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਵੀ ਹਨ ਉਹ ਵੀ ਆਪਣੀ ਭਾਈਵਾਲ ਭਾਜਪਾ ਨੂੰ ਖੁਸ਼ ਰੱਖਣ ਲਈ ਮਨੁੱਖੀ ਅਧਿਕਾਰਾਂ ਦੇ ਇਸ ਅਹਿਮ ਮਸਲੇ ਸਬੰਧੀ ਪੂਰੀ ਤਰ੍ਹਾਂ ਚੁੱਪ ਧਾਰਨ ਕਰੀ ਬੈਠੇ ਹਨ। ਸਗੋਂ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਮਸਲੇ ’ਤੇ ਉਹ ਕੁਝ ਨਹੀਂ ਕਰ ਸਕਦੇ। ਸਤਾਧਾਰੀਆਂ ਅਤੇ ਵਿਰੋਧੀ ਪਾਰਟੀਆਂ ਦਾ ਇਹ ਰਵਈਆ ਆਪਣੇ ਆਪ ਵਿੱਚ ਹੀ ਮਨੁੱਖੀ ਅਧਿਕਾਰਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰਨਾ ਹੈ। ਇਸ ਅਣਦੇਖੀ ਦਾ ਹੀ ਸਿੱਟਾ ਹੈ ਕਿ ਆਪਣਾ ਦਰਦ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਲੁਧਿਆਣਾ ਵਿਖੇ ਵਰਲਡ ਕਬੱਡੀ ਕੱਪ ਦੇ ਸਮਾਰੋਹ ਦੌਰਾਣ ਇੱਕ ਸਿੱਖ ਸਟੇਜ ’ਤੇ ਚੜ੍ਹ ਗਿਆ ਤੇ ਪ੍ਰੋਗਰਾਮ ਪੇਸ਼ ਕਰ ਰਹੀ ਗਾਇਕਾ ਦੇ ਹੱਥੋਂ ਮਾਇਕ ਖੋਹ ਕੇ ਕਹਿਣ ਲੱਗਾ ਕਿ ‘ਤੁਹਾਨੂੰ ਕਬੱਡੀ ਮੈਚ ਦੀ ਪਈ ਉੱਧਰ ਇੱਕ ਬੰਦਾ ਮੌਤ ਦੇ ਕੰਢੇ ਪਿਆ ਹੈ’। ਉਸ ਸਿੱਖ ਦੀ ਇਹ ਕਾਰਵਾਈ ਸੰਕੇਤ ਦਿੰਦੀ ਹੈ ਕਿ ਜੇ ਭਾਈ ਗੁਰਬਖ਼ਸ਼ ਸਿੰਘ ਦੀ ਜਾਇਜ਼ ਮੰਗ ਵੱਲ ਰਾਜਨੀਤਕ ਪੱਧਰ ’ਤੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸਿੱਖਾਂ ਦੇ ਜ਼ਜ਼ਬਾਤਾਂ ਦਾ ਲਾਵਾ ਕਦੇ ਵੀ ਫੁੱਟ ਸਕਦਾ ਹੈ।
ਇਸ ਸਥਿਤੀ ਤੋਂ ਬਚਾਉਣ ਲਈ ਕਾਂਗਰਸ, ਭਾਜਪਾ ਅਤੇ ਬਾਦਲ ਦਲ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਇੱਕੋ ਇੱਕ ਉਮੀਦ ਜੇ ਹੈ ਤਾਂ ਉਹ ਹੈ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਣ ਵਾਲੇ ਸਮਾਜਸੇਵੀ ਸ਼੍ਰੀ ਅੰਨਾ ਹਜਾਰੇ ਅਤੇ ਸ਼੍ਰੀ ਅਰਵਿੰਦ ਕੇਜ਼ਰੀਵਾਲ ਤੋਂ। ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਅਹਿਦ ਕਰਨ ਵਾਲੇ ਸ਼੍ਰੀ ਕੇਜ਼ਰੀਵਾਲ ਨੇ ਤਾਂ ਦਿੱਲੀ ਦੀਆਂ ਚੋਣਾਂ ਵਿੱਚ ਬੇਮਿਸਾਲ ਜਿੱਤ ਹਾਸਲ ਕਰਕੇ ਚੋਣਾਂ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਕੇ ਇੱਕ ਤਰ੍ਹਾਂ ਚਮਤਕਾਰ ਹੀ ਵਿਖਾ ਦਿੱਤਾ ਹੈ। ਜਿਸ ਸਮੇਂ ਰਾਜਨੀਤਕ ਪਾਰਟੀਆਂ ਸਮੇਤ ਹਰ ਭਾਰਤੀ ਸ਼ਹਿਰੀ ਦੇ ਮਨ ਵਿੱਚ ਇਹ ਸੋਚ
ਕਿਰਪਾਲ ਸਿੰਘ ਬਠਿੰਡਾ
ਭ੍ਰਿਸ਼ਟਾਚਾਰ ਤਾਂ ਦੇਸ਼ ਦੀ ਤਰੱਕੀ ਲਈ ਘਾਤਕ ਹੈ ਹੀ ਪਰ ਵੋਟ ਰਾਜਨੀਤੀ ਅਧੀਨ ਘੱਟ ਗਿਣਤੀਆਂ ਨੂੰ ਇਨਸਾਫ ਤੋਂ ਵਾਂਝਾ ਰੱਖਣਾ ਇਸ ਤੋਂ ਵੀ ਵੱਧ ਘਾਤਕ
Page Visitors: 2811