ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 17
Page Visitors: 2863
“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 17 ਪਿਛਲੇ ਦਿਨੀਂ ਫੇਸ ਬੁੱਕ ਤੇ ਤ:.. ਪ: ਵਾਲਿਆਂ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਬਾਰੇ ਵਿਚਾਰ ਚੱਲ ਰਹੀ ਸੀ।ਫੇਸ ਬੁੱਕ ਤੇ ਚੱਲਦੇ ਵਿਚਾਰਾਂ ਦੌਰਾਨ ਪੈਦਾ ਹੋਏ ਸਵਾਲਾਂ ਦੇ ਜਵਾਬ ਤਾਂ ਇਨ੍ਹਾਂ ਕੋਲ ਕੋਈ ਹੈ ਨਹੀਂ ਸੀ।ਸੋ ਵਿਚਾਰ ਚਰਚਾ ਨੂੰ ਨਵਾਂ ਹੀ ਮੋੜ ਦੇਣ ਦੇ ਮਕਸਦ ਨਾਲ ਇਨ੍ਹਾਂ ਨੇ ਇਕ ਲੇਖ ਛਾਪ ਦਿੱਤਾ।ਜਿਸ ਵਿੱਚ ਵਿਸ਼ੇ ਨਾਲ ਸੰਬੰਧਤ ਵਿਚਾਰ ਨਾ ਹੋ ਕੇ, ਪਹਿਲਾਂ ਹੋ ਚੁੱਕੇ ਵਿਚਾਰਾਂ ਨੂੰ ਤੋੜ-ਮਰੋੜ ਕੇ ਅਤੇ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਇਨ੍ਹਾਂ ਦੇ ਲੇਖ ਤੋਂ ਪਤਾ ਲੱਗਾ ਹੈ ਕਿ ਇਹ ਗੁਰਬਾਣੀ ਦੇ ਆਪਣੇ ਹੀ ਅਰਥ ਕਰਕੇ (ਘੜਕੇ) ਪੇਸ਼ ਕਰਨ ਵਾਲੇ ਹਨ।ਇਹ ਲੋਕ ਪ੍ਰੋ: ਸਾਹਿਬ ਸਿੰਘ ਜੀ ਦੇ ਵਿਆਕਰਣ ਅਧਾਰਿਤ ਅਰਥਾਂ ਦੀ (ਦੱਬੇ ਸੁਰ ਵਿੱਚ) ਸਰਾਹਨਾ ਤਾਂ ਕਰਦੇ ਹਨ ਪਰ ਸਿਰਫ ਕਿਸੇ ਮਜਬੂਰੀ ਕਾਰਣ।ਅਸਲ ਵਿੱਚ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਇਹ ਮੁੱਢੋਂ ਹੀ ਰੱਦ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ । ਪ੍ਰੋ: ਸਾਹਿਬ ਦੀ ਵਿਆਕਰਣ-ਖੋਜ ਬਾਰੇ ਲਿਖਦੇ ਹਨ- “…ਉਨ੍ਹਾਂ ਵੱਲੋਂ ਕੀਤੀ ਮਿਹਨਤ “ਲਾਜਵਾਬ” ਸੀ।(ਪਰ) ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਵੱਲੋਂ “ਸਮਝੀ ਗਈ ਵਿਆਕਰਣ” ਪੂਰੀ ਤਰ੍ਹਾਂ ਸਹੀ ਹੈ”। ਇਹ ਪੁੱਛੇ ਜਾਣ ਤੇ ਕਿ ਕੀ ਇਨ੍ਹਾਂਨੇ ਖੁਦ ਨੇ ਗੁਰਬਾਣੀ-ਵਿਆਕਰਣ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ? ਇਸ ਗੱਲ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ, ਪਰ ਫੇਰ ਵੀ ਪ੍ਰੋ: ਸਾਹਿਬ ਸਿੰਘ ਜੀ ਦੀ ਕੀਤੀ ਮਿਹਨਤ ਨੂੰ ਰੱਦ ਕਰਕੇ ਸਾਰੀ ਗੁਰਬਾਣੀ ਦੇ ਆਪਣੇ ਹੀ ਅਰਥ ਕਰਨ (ਘੜਨ) ਦਾ ਕੰਮ ਅਰੰਭਿਆ ਹੋਇਆ ਹੈ। ਗੁਰਬਾਣੀ ਦੇ ਇਨ੍ਹਾਂ ਦੇ ਕੀਤੇ (ਘੜੇ) ਅਰਥ ਕਿਸ ਤਰ੍ਹਾਂ ਦੇ ਹੋਣਗੇ, ਉਸ ਦਾ ਨਮੂੰਨਾ ਪੇਸ਼ ਕੀਤਾ ਜਾ ਰਿਹਾ ਹੈ । ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ “ਲਾਜਵਾਬ” ਕੰਮ ਨੂੰ ਅੱਗੇ ਤੋਰਦੇ ਹੋਏ, ਅਤੇ ਗੁਰਬਾਣੀ ਵਿਆਕਰਣ ਨੂੰ “ਪੂਰੀ ਤਰ੍ਹਾਂ ਸਮਝਦੇ ਹੋਏ”, ਇਨ੍ਹਾਂਦੇ ਖੁਦ ਦੇ ਕੀਤੇ ਅਰਥਾਂ ਵਿੱਚ ਕਿਹੜੀ ਵਿਆਕਰਣ ਕੰਮ ਕਰ ਰਹੀ ਹੈ ਇਹ ਪਾਠਕ ਆਪ ਹੀ ਦੇਖ ਲੈਣ । 1-“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (1389)। ਅਰਥ (ਤ:…ਪ:) –“ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ (ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”। ਤਰਕ- ਪਰਮਾਤਮਾ ਤਾਂ ਸਭ ਦਾ ਸਾਂਝਾ ਇੱਕੋ ਹੀ ਹੈ ਫੇਰ “ਨਾਨਕ ਪਾਤਸ਼ਾਹ ਦੇ ਪ੍ਰਭੂ-ਗੁਰੂ ਦੇ” ਗੁਣ ਗਾਉਣ ਦਾ ਕੀ ਮਤਲਬ ਹੋਇਆ? ਨਾਨਕ ਪਾਤਿਸ਼ਾਹ ਦਾ ਪ੍ਰਭੂ ਕੋਈ ਵੱਖਰਾ ਸੀ/ ਹੈ? ਕੀਤੇ ਗਏ ਅਰਥਾਂ ਅਨੁਸਾਰ ਕਵਿ ਕਲ ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ ਜਿਸ ਨੇ “ਗ੍ਰਿਹਸਥੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”। ਸਵਾਲ- ਜਿਸ ਪ੍ਰਭੂ ਗੁਰੂ ਦੇ ਗੁਣ ਕਵੀ ਕਲ ਗਾਉਂਦਾ ਹੈ, ਕੀ ਉਹ ‘ਪ੍ਰਭੂ’ ਗ੍ਰਿਹਸਥੀ ਸੀ / ਹੈ? ਕੀ ਪ੍ਰਭੂ ਨੇ 'ਗ੍ਰਹਸਥੀ (ਰਾਜ)', ਜੋਗ ਮਾਣਿਆ? 2- “ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥” (ਪੰਨਾ-1390)। ਅਰਥ (ਤ:--ਪ:) – (ਕਹੇ ਜਾਂਦੇ) ਕਲਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ।“ਇਸੇ ਗੁਰੂ” (ਸੱਚ ਦਾ ਗਿਆਨ) ਨੂੰ ਅੰਗਦ ਪਾਤਸ਼ਾਹ ਜੀ ਅਤੇ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ‘ਗੁਰੂ’ ਮੰਨਿਆ ('ਕਹਿਆ')। ਤਰਕ- ‘ਗੁਰੂ; ਦਾ ਅਰਥ ‘ਸੱਚ ਦਾ ਗਿਆਨ’ ਅਰਥ ਕਿਹੜੇ ਹਿਸਾਬ ਨਾਲ ਬਣ ਗਏ? ਪਾਠਕ ਇਨ੍ਹਾਂ ਦੀ ਵਿਆਕਰਣ ਵੱਲ ਜ਼ਰਾ ਧਿਆਨ ਦੇਣ- “ਕਹਾਇਆ” ਅਤੇ “ਕਹਿਆ” ਵਿੱਚ ਇਨ੍ਹਾਂ ਨੂੰ ਕੋਈ ਫਰਕ ਨਹੀਂ ਲੱਗ ਰਿਹਾ।
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ” ਦੇ ਅਰਥ ਜੇ “ਕਲਿਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ” ਮੰਨੀਏ ਤਾਂ ਬਾਕੀ ਲਫ਼ਜ਼ ਬਚਦੇ ਹਨ “ਅੰਗਦੁ ਅਮਰੁ ਕਹਾਇਓ” ਪਾਠਕ ਖੁਦ ਹੀ ਦੇਖ ਸਕਦੇ ਹਨ ਕਿ ਇਨ੍ਹਾਂ ਤਿੰਨਾਂ ਲਫ਼ਜ਼ਾਂ ਦੇ ਕੀ ਅਰਥ ਹੋਣੇ ਚਾਹੀਦੇ ਹਨ।(ਕੀ ਇਸ ਦੇ ਅਰਥ ਕਿਸੇ ਤਰ੍ਹਾਂ ਵੀ- ਅੰਗਦ (ਪਾਤਸ਼ਾਹ) ਅਤੇ ਅਮਰਦਾਸ (ਪਾਤਸ਼ਾਹ ਜੀ) ਨੇ ਆਪਣਾ ਗੁਰੂ ਮੰਨਿਆ ਬਣਦੇ ਹਨ? 3- “ਗੁਰੁ ਜਗਤ ਫਿਰਣਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥” (ਪੰਨਾ- 1391)। ਅਰਥ (ਪ੍ਰੋ: ਸਾਹਿਬ ਸਿੰਘ): ‘ਫਿਰਣਸੀਹ = ਫੇਰੂ ਦਾ ਪੁੱਤਰ’। ਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ। (ਨੋਟ: ਹੋਰ ਗੁਰਬਾਣੀ ਉਦਾਹਰਣਾਂ ਦੇ ਨਾਲ ਇਹ ਤੁਕ ਵੀ ਤ:--ਪ: ਵਾਲਿਆਂ ਨੂੰ ਅਰਥ ਕਰਨ ਲਈ ਪੇਸ਼ ਕੀਤੀ ਗਈ ਸੀ ਪਰ ਇਨ੍ਹਾਂ ਵੱਲੋਂ ਤੁਕ ਦੇ ਅਰਥ ਨਹੀਂ ਕੀਤੇ ਗਏ, ਕਾਰਣ ਇਹ ਖੁਦ ਹੀ ਜਾਣਦੇ ਹਨ, ਜਾਂ ਪਾਠਕ ਖੁਦ ਅੰਦਾਜਾ ਲਗਾ ਲੈਣ) 4-“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ 'ਕੳ'ੁ ਫੁਰਿਆ॥” (ਪੰਨਾ-1393)। ਅਰਥ (ਤ:--ਪ:) ਹੇ ਅਮਰਦਾਸ ਜੀ! ਭਗਤਾਂ ਨੂੰ ਉਹ ਨਾਮ ਦੇ ਕੇ ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ”। ਪਾਠਕ ਜੀ ਇਨ੍ਹਾਂ ਅਰਥਾਂ ਨੂੰ ਜ਼ਰਾ ਧਿਆਨ ਨਾਲ ਫੇਰ ਤੋਂ ਦੇਖਣ, ਕੀ ਇਨ੍ਹਾਂ ਅਰਥਾਂ ਦਾ ਕੋਈ ਮਤਲਬ ਬਣਦਾ ਹੈ? ਭਗਤਾਂ ਨੂੰ 'ਉਹ' ਨਾਮ ਦੇ ਕੇ, ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ (?)। ਜਾਣੀ ਕਿ ਜੇ ਗੁਰੂ ਅਮਰਦਾਸ ਜੀ ਭਗਤਾਂ ਨੂੰ "ਉਹ (?)" ਨਾਮ ਨਾ ਦਿੰਦੇ ਤਾਂ ਪਾਰ ਉਤਾਰਨ ਵਾਲਾ ਗੁਰੂ ਉਨ੍ਹਾਂਦੇ ਹਿਰਦੇ ਵਿੱਚ ਪ੍ਰਗਟ ਨਹੀਂ ਸੀ ਹੋਣਾ। ਜੇ “ਅਮਰਦਾਸ” ਦਾ ਅਰਥ “ਹੇ ਅਮਰਦਾਸ!” ਕਰੀਏ ਤਾਂ “ਗੁਰ 'ਕਉ’ ਫੁਰਿਆ” ਦਾ ਅਰਥ “ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ” ਕਿਸੇ ਤਰ੍ਹਾਂ ਵੀ ਬਣਦੇ ਹਨ? (“ਗੁਰ 'ਕਉ’ ਫੁਰਿਆ”= ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ-‘ਇਨ੍ਹਾਂ ਦੁਆਰਾ ਸਹੀ ਤਰ੍ਹਾਂ ਸਮਝੀ ਗਈ ਵਿਆਕਰਣ'???) 5- “ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥” (ਪੰਨਾ- 1394)। ਅਰਥ (ਤ:--ਪ:)- “ਹੇ ਭਾਈ! ਪ੍ਰਭੂ (ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ ਤੋਂ ਕੁਝ ਪਾਪ ਬਿਨਾਸ (ਘਟ) ਜਾਂਦੇ ਹਨ।ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ, ਜਿਸ ਨੂੰ ਸਿਧ-ਸਾਧਿਕ ਵੀ (ਪਰਸਦੇ) ਲੋਚਦੇ ਹਨ”। ਤਰਕ:- “ਗੁਰੁ ਅਮਰਦਾਸੁ ਪਰਸੀਐ” ਦਾ ਅਰਥ “ ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ” ਅਰਥ ਕਿਵੇਂ ਬਣ ਗਏ? ਸਵਾਲ- ਸਭ ਦੇ ਸ਼ਾਂਝੇ ਇਕ ਪ੍ਰਭੂ ਨੂੰ ਹੀ ਪਰਸਣ ਲਈ ਕਿਉਂ ਨਹੀਂ ਕਿਹਾ ਗਿਆ? ਅਮਰਦਾਸ ਦੇ ਪ੍ਰਭੂ-ਗੁਰੂ ਨੂੰ ਪਰਸਣ ਬਾਰੇ ਕਿਉਂ ਕਿਹਾ ਗਿਆ ਹੈ? ਕੀ ਅਮਰਦਾਸ ਜੀ ਦਾ ‘ਪ੍ਰਭੂ ਗੁਰੂ’ ਕੋਈ ਵੱਖਰਾ ਹੈ ? 6- “ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥” (ਪੰਨਾ-1396)। ਅਰਥ (ਤ:-- ਪ:)- “ਕਵੀ ਕਲ੍ਹ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ ਨਾਲ) ਭਰ ਦਿੰਦਾ ਹੈ”। ਤਰਕ:- ਪਾਠਕ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹਨ, ਅਤੇ ਨਾਲ ਇਹ ਵੀ ਚੇਤੇ ਰੱਖਣ ਕਿ ਇਨ੍ਹਾਂ ਮੁਤਾਬਕ 'ਗੁਰੂ' ਤੋਂ ਭਾਵ 'ਪਰਮਾਤਮਾ' ਹੈ।ਅਰਥ ਦੁਬਾਰਾ ਦੇਖੋ ਜੀ- "ਹਰਿਦਾਸ ਠਾਕੁਰ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ", ਅਰਥਾਤ "ਹਰਿਦਾਸ ਠਾਕੁਰ ਦੇ ਪੁੱਤਰ … ਦਾ ਪਰਮਾਤਮਾ" (???)। ਕੀ ਹਰਿਦਾਸ ਠਾਕੁਰ ਜੀ ਦੇ ਪੁੱਤਰ …. ਦਾ ‘ਪਰਮਾਤਮਾ-ਗੁਰੂ’ ਹੋਰ ਦੂਸਰਿਆਂ ਨਾਲੋਂ ਵੱਖਰਾ ਹੈ, ਜਿਹੜਾ ਰਾਮਦਾਸ ਜੀ ਦੇ ਪਰਮਾਤਮਾ ਨੂੰ ਉਚੇਚੇ ਤੌਰ ਤੇ ਗੁਣਾਂ ਨਾਲ ਭਰਨ ਵਾਲਾ ਦੱਸਿਆ ਹੈ? “ਹਰਿਦਾਸ ਠਾਕੁਰ ਦਾ ਪੁੱਤਰ …” ਕਹਿਣ ਤੋਂ (ਬੰਸਾਵਲੀ ਦੇਣ ਤੋਂ) ਤਾਂ ਲੱਗਦਾ ਹੈ ਕਿਤੇ ਭੁਲੇਖਾ ਨਾ ਲੱਗ ਜਾਵੇ ਕਿ ‘ਕਿਹੜੇ ਰਾਮਦਾਸ ਦੇ’ ‘ਪਰਮਾਤਮਾ’ ਦੀ ਗੱਲ ਕੀਤੀ ਜਾ ਰਹੀ ਹੈ। 7- “ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੈ॥” (ਪੰਨਾ- 1398)। ਅਰਥ (ਤ-- ਪ:)- ਗੁਰੂ ਦੀ ਕਿਰਪਾ ਨਾਲ ਨਾਨਕ (ਜੀ), ਅੰਗਦ (ਜੀ) ਅਮਰਦਾਸ (ਜੀ) ਅਤੇ ਹੋਰ ਭਗਤ ਪ੍ਰਭੂ ਰੰਗ ਵਿੱਚ ਸਮਾਏ ਹੁੰਦੇ ਹਨ । ਹੇ ਰਾਮਦਾਸ ਜੀ! ਇਸ ਰਾਜ ਜੋਗ ਵਾਲੀ ਅਵਸਥਾ ਦਾ ਰਸ ਤੁਸੀਂ ਵੀ (ਉਸੇ) ਗੁਰੂ (ਸਦਕਾ) ਜਾਣਿਆ ਹੈ”। ਤਰਕ- ਉੱਪਰ ਪਹਿਲੀ ਉਦਾਹਰਣ ਦੇ ਕੀਤੇ ਗਏ ਅਰਥਾਂ ਵਿੱਚ ਤ:…ਪ: ਵਾਲਿਆਂ ਨੇ ਲਿਖਿਆ ਹੈ “ਮੈਂ ਉਸ ਨਾਨਕ ਪਾਤਸ਼ਾਹ ਦੇ (ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”। ਇਨ੍ਹਾਂ ਅਰਥਾਂ ਦਾ ਮਤਲਬ ਇਹੀ ਬਣਦਾ ਹੈ ਕਿ ਪਰਮਾਤਮਾ ਨੇ ਰਾਜ ਜੋਗ ਮਾਣਿਆ।ਸਵਾਲ ਪੈਦਾ ਹੁੰਦਾ ਹੈ ਕਿ ਜੇ ਰਾਜ ਜੋਗ ਪਰਮਾਤਮਾ ਨੇ ਮਾਣਿਆ ਤਾਂ ‘ਰਾਮਦਾਸ ਜੀ’ ਨੇ ਇਸ ਅਵਸਥਾ ਦਾ ਰੱਸ ਕਿਵੇਂ ਜਾਣ ਲਿਆ? ਤੁਕ ਵਿੱਚ ਖਾਸ ਕਰਕੇ ਇਹ ਦਰਸਾਇਆ ਗਿਆ ਹੈ ਕਿ (ਗੁਰੂ) ਨਾਨਕ ਜੀ, (ਗੁਰੂ) ਅੰਗਦ ਜੀ ਅਤੇ (ਗੁਰੂ) ਅਮਰਦਾਸ ਜੀ ਦੀ ਤਰ੍ਹਾਂ (ਹੇ ਰਾਮਦਾਸ ਜੀ!) ਤੂੰ (ਤੁਸੀਂ) ਵੀ ਰਾਜ ਜੋਗ ਦੇ ਇਸ ਸਵਾਦ ਨੂੰ ਪਛਾਣਿਆ ਹੈ।ਕਿਤੇ ਵੀ “(ਉਸੇ) ਗੁਰੂ ਸਦਕਾ” ਦਾ ਜ਼ਿਕਰ ਨਹੀਂ ਹੈ, ਤਾਂ ਇਹ ਲਫ਼ਜ਼/ਭਾਵਾਰਥ ਕਿੱਥੋਂ ਆ ਗਏ? ਭੱਟਾਂ ਦੇ ਸਵੈਯਾਂ ਵਿੱਚ ਹੀ ਵੱਖ ਵੱਖ ਗੁਰੂ ਸਾਹਿਬਾਂ ਨਾਲ ‘ਗੁਰੂ’ ਜਾਂ ‘ਗੁਰ’ ਪਦ ਅਨੇਕਾਂ ਵਾਰੀਂ ਆਇਆ ਹੈ।ਗੁਰੂ ਨਾਨਕ ਜੀ ਨਾਲ 19 ਵਾਰੀਂ, ਗੁਰੂ ਅੰਗਦ ਜੀ/ ਲਹਣਾ ਜੀ ਨਾਲ 12 ਵਾਰੀਂ ਗੁਰੂ ਅਮਰ ਦਾਸ ਜੀ ਨਾਲ 37 ਵਾਰੀਂ, ਗੁਰੂ ਰਾਮਦਾਸ ਜੀ ਨਾਲ 38 ਵਾਰੀਂ ਅਤੇ ਗਰੂ ਅਰਜਨ ਜੀ ਨਾਲ 21 ਵਾਰੀਂ।ਇਸ ਤਰ੍ਹਾਂ ਸਿਰਫ ਭੱਟਾਂ ਦੇ ਸਵਈਆਂ ਵਿੱਚ ਹੀ ਗੁਰੂ ਸਾਹਿਬਾਂ ਨਾਲ ਸਿੱਧੇ ਤੌਰ ਤੇ ‘ ਗੁਰੂ’ ਪਦ 121 ਤੋਂ ਵੀ ਵੱਧ ਵਾਰੀਂ ਆਇਆ ਹੈ।ਜੇ ‘ਗੁਰੂ' ਸ਼ਬਦ ਪਰਮਾਤਮਾ ਲਈ ਆਇਆ ਹੈ ਤਾਂ ਕੀ ਇਹ ਮੰਨਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਂ ਦਾ ‘ਪਰਮਾਤਮਾ-ਗੁਰੂ’ ਕੋਈ ਵੱਖਰਾ ਸੀ / ਹੈ? ਸੋ ਇਹ ਹਨ ਨਮੂੰਨੇ ਵਜੋਂ ਇਨ੍ਹਾਂ ਦੀ ਵਿਆਕਰਣ ਸਮਝ ਅਨੁਸਾਰ ਕੀਤੇ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝਕੁ ਉਦਾਹਰਣਾਂ। ਪਾਠਕ ਦੇਖ ਸਕਦੇ ਹਨ ਕਿ ਗੁਰਬਾਣੀ ਦੇ ਕਿਸ ਤਰ੍ਹਾਂ ਦੇ ਅਰਥ ਇਹ ਘੜਨ ਵਾਲੇ ਹਨ।ਅਤੇ ਆਪਣੇ ਇਨ੍ਹਾਂ ਅਰਥਾਂ ਦੇ ਆਧਾਰ ਤੇ ਇਹ ਪ੍ਰੋ: ਸਾਹਿਬ ਸਿੰਘ ਜੀ ਦੀ ਉਮਰ ਭਰ ਦੀ ਗੁਰੂ ਨੂੰ ਸਮਰਪਿਤ, ਇਮਾਨਦਾਰਾਨਾ ਮਿਹਨਤ ਉੱਤੇ ਪਾਣੀ ਫੇਰਨ ਦੀ ਕੋਸ਼ਿਸ਼ ਵਿੱਚ ਹਨ । ਅਤੇ ਗੁਰਮਤਿ ਪ੍ਰਚਾਰ ਦੇ ਨਾਂ ਤੇ ਇਹ ਕੀ ਪ੍ਰਚਾਰ ਰਹੇ ਹਨ? ਗੁਰਬਾਣੀ ਦੇ ਆਪਣੀ ਸੋਚ ਅਨੁਸਾਰ ਅਰਥ ਘੜਨ ਲਈ ਇਹ ਹੋਰ ਕੀ-ਕੀ ਪਾਪੜ ਵੇਲ ਰਹੇ ਹਨ, ਇਸ ਬਾਰੇ ਅੱਗੋਂ ਦੇ ਵਿਚਾਰ ਵੱਖਰੇ ਲੇਖ ਦੁਆਰਾ ਦਿੱਤੇ ਜਾਣਗੇ। ਜਸਬੀਰ ਸਿੰਘ ਵਿਰਦੀ