ਮਾਮਲਾ ਗੁੜਗਾਉਂ ਸਿੱਖ ਕਤਲੇਆਮ ਦਾ
ਗਵਾਹੀਆਂ ਹੋਈਆਂ ਸ਼ੁਰੂ, ਇਕੋ ਪਰਿਵਾਰ ਦੇ ਛੇ ਜੀਆਂ ਦੇ ਕਤਲ ਦਾ ਹੋਇਆ ਖੁਲਾਸਾ, ਅਗਲੀ ਸੁਣਵਾਈ 21 ਜਨਵਰੀ ਨੂੰ
ਨਵੰਬਰ 1984 ਦੇ ਕਤਲੇਆਮ ਦੀ ਅੱਜ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਦੀ ਸੁਣਵਾਈ ਸੀ। ਅੱਜ ਦੀ ਸੁਣਵਾਈ ਵਿੱਚ ਪੀੜਤ ਧਿਰ ਵਲੋਂ ਵਕੀਲ ਸੁਭਾਸ਼ ਮਿੱਤਲ ਹਾਜਿਰ ਹੋਏ। ਉਹਨਾ ਦਸ ਪਟੀਸ਼ਨਰਾਂ ਦੀਆਂ ਗਵਾਹੀਆਂ ਕਰਵਾਈਆਂ। ਪੀੜਤ ਰਾਮ ਸਿੰਘ ਨੇ ਦੱਸਿਆ ਕਿ ਉਹ 2 ਨਵੰਬਰ 1984 ਨੂੰ ਸਿਰਫ 14 ਸਾਲਾਂ ਦਾ ਸੀ ਉਸ ਦੇ ਸਾਹਮਣੇ ਕਾਤਲ ਭੀੜ ਨੇ ਉਸ ਦੇ ਪਿਤਾ ਰਾਮ ਸਿੰਘ, ਮਾਤਾ ਮਹਿੰਦਰ ਕੌਰ, 13 ਸਾਲਾਂ ਛੋਟੀ ਭੈਣ ਗੁਰਮੇਲ ਕੌਰ, 11 ਸਾਲਾ ਜੁੜਵੇਂ ਭਰਾ ਸੁੱਚਾ ਸਿੰਘ ਅਤੇ ਬੱਗਾ ਸਿੰਘ ਅਤੇ 9 ਸਾਲਾ ਸੁਖਵਿੰਦਰ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿਤਾ। ਉਹਨਾਂ ਤੋਂ ਬਾਅਦ ਦੇਹਰਾਦੂਨ ਨਿਵਾਸੀ ਪਰਮਜੀਤ ਸਿੰਘ ਗਵਾਹੀ ਲਈ ਹਾਜਿਰ ਹੋਏ ਉਹਨਾਂ ਦੱਸਿਆਂ ਕਿ ਉਸ ਦੇ ਪਰਿਵਾਰ ਦੇ ਪੰਜ ਜੀਅ ਮਾਰੇ ਗਏ ਜਿਸ ਵਿੱਚ ਉਸ ਦੇ ਪਿਤਾ ਸੇਵਾ ਸਿੰਘ, ਮਾਤਾ ਸਵਰਨ ਕੌਰ, ਭਰਾ ਜਤਿੰਦਰ ਸਿੰਘ, ਸਤਿੰਦਰ ਸਿੰਘ ਅਤੇ ਭਾਬਿ ਕੁਲਦੀਪ ਕੌਰ ਮਾਰੇ ਗਏ। ਉਹਨਾਂ ਤੋਂ ਬਾਅਦ ਪਟਿਆਲ਼ਾ ਨਿਵਾਸੀ ਪ੍ਰੇਮ ਸਿੰਘ ਹਾਜਿਰ ਹੋਏ ਉਹਨਾਂ ਦੱਸਿਆ ਕਿ ਉਸ ਦੇ ਤਿੰਨ ਪੁੱਤਰ 15 ਸਾਲਾ ਪ੍ਰਮਿੰਦਰ ਸਿੰਘ, 13 ਸਾਲਾ ਪ੍ਰਦੀਪ ਸਿੰਘ 11 ਸਾਲਾ ਪਵਿਤਰ ਸਿੰਘ ਮਾਰੇ ਗਏ। ਉਹਨਾਂ ਤੋਂ ਬਾਅਦ ਗੁੜਗਾਉਂ ਨਿਵਾਸੀ ਸੰਤੋਖ ਸਿੰਘ ਸਾਹਨੀ ਹਾਜਿਰ ਹੋਏ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੋਧ ਸਿੰਘ ਨੂੰ ਕਾਤਲ ਭੀੜ ਨੇ ਮਾਰ ਦਿਤਾ ਸੀ ੳਤੇ ਉਹਨਾਂ ਦੀਆਂ ਫੈਕਟਰੀਆਂ ਲੁੱਟ ਲਈਆਂ ਸਨ। ਇਹਨਾਂ ਤੋਂ ਇਲਾਵਾ ਘਰ ਬਾਰ ਲੁਟਾ ਚੁੱਕੇ ਅਮਰਜੀਤ ਸਿੰਘ, ਨਰਿੰਦਰ ਸਿੰਘ, ਹਰਮਹਿੰਦਰ ਸਿੰਘ, ਬਲਵਿੰਦਰ ਸਿੰਘ ਸਾਹਨੀ, ਗੁਰਵਿੰਦਰ ਸਿੰਘ ਸਾਹਨੀ ਅਤੇ ਕਮਲਜੀਤ ਕੌਰ ਹਾਜਿਰ ਹੋਏ, ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਨਾਲ਼ ਸੁਣਨ ਤੋਂ ਬਾਅਦ ਅਗਲੀ ਸੁਣਵਾਈ 21 ਜਨਵਰੀ ਤੇ ਪਾ ਦਿਤੀ।
ਪੀੜਤਾਂ ਨੂੰ ਨਾਲ਼ ਲੈ ਕੇ ਪਹੁੰਚੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਿਹਾ ਕਿ ਸਜਾ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਛੁਡਵਾਉਣ ਲਈ ਤਾਂ ਭੁੱਖ ਹੜਤਾਲ਼ਾ ਰੱਖਣੀਆਂ ਪੈ ਰਹੀਆਂ ਹਨ ਦੂਜੇ ਪਾਸੇ ਛੇ-ਛੇ ਜੀਆਂ ਦੇ ਕਤਲਾਂ ਦੇ ਕੇਸ ਹੀ 29 ਸਾਲਾਂ ਬਾਅਦ ਖੁੱਲੇ ਹਨ ਇਸ ਤੋਂ ਸਿੱਧ ਹੁੰਦਾ ਹੈ ਭਾਰਤੀ ਲੋਕਤੰਤਰ ਦੋਗਲੀ ਨੀਤੀ ਅਪਣਾਉਂਦਾ ਹੈ। ਇਸ ਮੌਕੇ ਉਹਨਾਂ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਮਰ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ ਰੰਡਿਆਲ਼ਾ ਅਤੇ ਗਿਆਨ ਸਿੰਘ ਖਾਲਸਾ ਆਦਿ ਹਾਜਿਰ ਸਨ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ