ਇਤਿਹਾਸ ਦੀ ਪੜਚੋਲ
ਇਤਿਹਾਸ ਦਾ ਮਤਲਬ ਨਿਰਾ ਤਾਰੀਖਾਂ ਯਾਦ ਕਰਨਾ ਨਹੀਂ ਹੁੰਦਾ , ਨਾ ਹੀ ਇਹ ਯਾਦ ਕਰਨਾ ਹੁੰਦਾ ਹੈ ਕਿ ਬਾਬਰ ਦਾ ਪੁਤ੍ਰ ਹਮਾਯੂਂ ਸੀ , ਹਮਾਯੂਂ ਦਾ ਪੁਤ੍ਰ ਅਕਬਰ ਸੀ , ਅਕਬਰ ਦਾ ਪੁਤ੍ਰ ਜਹਾਂਗੀਰ ਸੀ । ਕੋਈ ਫਰਕ ਨਹੀਂ ਪੈਂਦਾ ਕਿ ਇਹ ਪੰਦਰ੍ਹਵੀਂ ਸਦ ਵਿਚ ਹੋਏ ਜਾਂ ਬਾਰ੍ਹਵੀਂ ਸਦੀ ਵਿਚ , ਬਾਬਰ ਦਾ ਨਾਮ ਸੁਲੇਮਾਨ ਹੁੰਦਾ ਤਾਂ ਕੀ ਫਰਕ ਪੈਣਾ ਸੀ ? ਇਤਿਹਾਸ ਦਾ ਅਸਲੀ ਮਤਲਬ ਹੈ , ਜਦ ਬੰਦਾ ਮੁਸ਼ਕਿਲ ਵਿਚ ਘਿਰ ਜਾਵੇ , ਤਾਂ ਉਹ ਇਤਿਹਾਸ ਫਰੋਲ ਕੇ ਵੇਖੇ ਕਿ ਅਹਿੀ ਹਾਲਤ ਵਿਚ ਸਿਆਣੇ ਬੰਦਿਆਂ ਨੇ ਕੀ ਤਰੀਕਾ ਅਪਨਾਇਆ ਸੀ ? ਜਿਸ ਤੋਂ ਸੇਧ ਲੈ ਕੇ ਉਹ ਵੀ ਮੌਕੇ ਦੀ ਮੁਸ਼ਕਿਲ ਹੱਲ ਕਰ ਲਵੇ ।
ਪਰ ਸਿੱਖਾਂ ਲਈ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਸਿੱਖਾਂ ਦਾ ਇਤਿਹਾਸ , ਸਿੱਖਾਂ ਦੇ ਸ਼ੁੱਭ ਚਿੰਤਕਾਂ ਵਲੋਂ ਨਹੀਂ , ਬਲਕਿ ਸਿੱਖਾਂ ਦੇ ਦੋਖੀਆਂ ਵਲੋਂ ਲਿਖਿਆ ਹੋਇਆ ਹੈ । ਜਿਸ ਵਿਚ ਉਨ੍ਹਾਂ ਨੇ ਆਪਣੇ ਹਿੱਤ ਨੂੰ ਮੁੱਖ ਰੱਖ ਕੇ , ਬਹੁਤ ਸਾਰਾ ਮਿਲ-ਗੋਭਾ ਕੀਤਾ ਹੋਇਆ ਹੈ । ਫਿਰ ਵੀ ਜੇ ਉਸ ਨੂੰ ਸਿਆਣਪ ਨਾਲ ਛਾਨਣੀ ਲਾਈ ਜਾਂਦੀ ਤਾਂ , ਉਸ ਵਿਚੋਂ ਵੀ ਕੁੱਝ ਕੰਮ ਦੀਆਂ ਗੱਲਾਂ ਨਿਕਲ ਸਕਦੀਆਂ ਸਨ , ਬਾਕੀ ਗੱਲਾਂ ਨੂੰ ਰੱਦ ਕਰ ਕੇ ਆਪਸੀ ਵਿਵਾਦ ਤੋਂ ਬਚਿਆ ਜਾ ਸਕਦਾ ਸੀ । ਪਰ ਸਿੱਖਾਂ ਨੇ ਮਿਲ-ਬੈਠ ਕੇ ਇਹ ਵੀ ਨਹੀਂ ਕੀਤਾ । ਸਵਾਂ ਉਨ੍ਹਾਂ ਨੇ ਦੋਖੀਆਂ ਵਲੋਂ ਲਿਖੇ ਇਤਿਹਾਸ ਨੂੰ ਹੀ ਆਧਾਰ ਬਣਾ ਕੇ , ਉਸ ਵਿਚ ਹੀ ਆਪਣੀ ਮਨ-ਮੱਤ ਦੀਆਂ ਕੁਝ ਗੱਲਾਂ ਰਲਾ ਕੇ , ਉਸ ਨੂੰ ਹੋਰ ਉਲਝਾਅ ਦਿੱਤਾ ਹੈ । ਜਿਸ ਕਾਰਨ ਸਿਰਫ ਪੰਜ ਸੌ ਸਾਲ ਦੇ ਸਿੱਖ ਇਤਿਹਾਸ ਵਿਚ ਨਿਰਾ ਕੂੜਾ ਭਰਿਆ ਪਿਆ ਹੈ
ਅਜਿਹੇ ਇਤਿਹਾਸ ਦਾ ਵਿਸਲੇਸ਼ਨ ਕਰਨਾ ਕਿ , ਕਿਹੜੀ ਗੱਲ ਤੋਂ ਕੀ ਸਿਖਿਆ ਮਿਲਦੀ ਹੈ ? ਏਨੀ ਹੀ ਮੁਸਕਿਲ ਹੈ , ਜਿੰਨਾ ਕੂੜੇ ਦੇ ਢੇਰ ,ਚੋਂ ਸੂਈ ਲੱਭਣੀ । ਅੱਜ ਦੇ ਹਾਲਾਤ ਵੀ ਸਾਡੇ ਕੋਲੋਂ ਇਤਿਹਾਸ ਦੀ ਪੜਚੋਲ ਕਰਨ ਦੀ ਮੰਗ ਕਰਦੇ ਹਨ , ਪਰ ਬਾਜ਼ਾਰ ਵਿਚ ਮਿਲਦੀਆਂ ਇਤਿਹਾਸਿਕ ਪੁਸਤਕਾਂ ਵਿਚ , ਹਰ ਪਾਸੇ ਪੁੱਠਾ ਹੀ ਪੁੱਠਾ ਨਜ਼ਰ ਆਉਂਦਾ ਹੈ । ਏਸੇ ਦਾ ਹੀ ਨਤੀਜਾ ਹੈ ਕਿ , ਸਿੱਖ ਕਿਸੇ ਇਕ ਗੱਲ ਤੇ ਵੀ ਮੁਤਫਿਕ ਨਹੀਂ ਹੋ ਰਹੇ । ਅੱਜ ਦੀ ਹਾਲਤ ਵਿਚੋਂ ਨਿਕਲਣ ਲਈ ਕੁਝ ਸਿੱਖਾਂ ਦਾ ਵਿਚਾਰ ਹੈ ਕਿ , ਸਰਬੱਤ ਖਾਲਸਾ ਸੱਦ ਕੇ ਫੈਸਲਾ ਲਿਆ ਜਾਵੇ । ਕੀ ਇਹ ਸੰਭਵ ਹੈ ? ਕੁਝ ਦਿਨ ਪਹਿਲਾਂ ਹੀ ਦੋ-ਤਿੰਨ ਅਜਿਹੇ ਇਕੱਠ ਹੋਏ ਹਨ , ਜਿਨ੍ਹਾਂ ਨੂੰ ਸਰਬੱਤ-ਖਾਲਸਾ ਦਾ ਨਾਂ ਦਿੱਤਾ ਗਿਆ , ਪਰ ਕੀ ਹੋਇਆ ? ਤਕਰੀਰਾਂ ਹੋਈਆਂ , ਸਟੇਜ ਤੋਂ ਹੀ ਇਕ-ਦੂਜੇ ਦੇ ਵਿਚਾਰਾਂ ਦੀ ਕਾਟ ਹੁੰਦੀ ਰਹੀ , ਇਕੱਠ ਖਤਮ ਹੁੰਦਿਆਂ ਹੀ “ ਮੇਲਾ ਖਤਮ –ਪੈਸਾ ਹਜ਼ਮ ” । ਰੁੜ੍ਹੀਆਂ ਜਾਂਦੀਆਂ ਕੌਮਾਂ ਦੀਆਂ ਕਿਸਮਤਾਂ , ਠਰਮੇ ਨਾਲ ਵਿਚਾਰ ਕੇ ਫੈਸਲੇ ਲੈਣ ਅਤੇ ਉਸ ਅਨੁਸਾਰ ਚੱਲਿਆਂ ਹੀ ਬਦਲਦੀਆਂ ਹਨ , ਖਾਲੀ ਭਾਸ਼ਣਾ ਨਾਲ ਨਹੀਂ ।
ਇਕ ਸਰਬੱਤ ਖਾਲਸਾ ਮਗਰੋਂ ਤਾਂ ਉਸ ਥਾਂ ਦੀ ਸਫਾਈ ਕਰਨ ਵਾਲਿਆਂ ਨੇ ਓਥੋਂ ਤਿੰਨ ਢੇਰੀਆਂ ਸਿਗਰਟ-ਬੀੜੀ ਦੇ ਟੋਟਿਆਂ ਦੀਆਂ ਹੀ ਇਕੱਠੀਆਂ ਕੀਤੀਆਂ । ਇਤਿਹਾਸ ਦਾ ਬੜਾ ਸਾਫ ਸੰਦੇਸ਼ ਹੈ “ ਬਹੁਤੇ ਸਿਆਣਿਆਂ ਦੇ ਇਕੱਠ ਨਹੀਂ ਹੁੰਦੇ ਅਤੇ ਬਹੁਤੇ ਇਕੱਠ ਵਿਚ ਸਿਆਣੇ ਨਹੀਂ ਹੁੰਦੇ । ਬਹੁਤਿਆਂ ਦਾ ਵਿਚਾਰ ਹੈ ਕਿ , ਸਾਡੇ ਵਿਚ ਏਕਾ ਹੋਣਾ ਚਾਹੀਦਾ ਹੈ , ਜਿਸ ਵਿਚ ਲੁਕਵੇਂ ਢੰਗ ਨਾਲ ਕੁਝ ਲੀਡਰਾਂ ਦੇ ਇਕੱਠੇ ਹੋਣ ਦੀ ਗੱਲ ਕੀਤ ਜਾਂਦੀ ਹੈ । ਕੁਝ ਸਾਲ ਪਹਿਲਾਂ ਏਸੇ ਨੀਤੀ ਅਧੀਨ , ਦਿੱਲੀ ਵਿਚ ਏਸੇ ਆਸ਼ੇ ਦਾ ਇਕ ਇਕੱਠ ਹੋਇਆ ਸੀ , ਜਿਸ ਵਿਚ ਦੇਸ਼-ਵਿਦੇਸ਼ ਵਿਚੋਂ ਸੌ ਦੇ ਕਰੀਬ ਸਿਆਣਿਆਂ ਨੇ ਹਿੱਸਾ ਲਿਆ ਸੀ । ਕੋਈ ਗੂੜ੍ਹ ਵਿਚਾਰ ਦੀ ਗੱਲ ਹੋਣ ਦੀ ਥਾਂ , ਧੜੇ ਬੰਦੀ ਦੇ ਪ੍ਰਭਾਵ ਅਧੀਨ , 25 ਮੈਂਬਰੀ ਕਮੇਟੀ ਬਣਾਈ ਗਈ , ਪਰ ਮਤਬ ਹੱਲ ਹੁੰਦਾ ਨਾ ਵੇਖ ਕੇ ਉਸ ਵਿਚੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ । ਉਮੀਦ ਸੀ ਕਿ ਉਸ ਵਿਚਲੇ ਸਿਆਣਿਆਂ ਦਾ ਕੋਈ ਸਦ-ਉਪਗ਼ੋਗ ਕੀਤਾ ਜਾਵੇਗਾ , ਪਰ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦੇ ਸਮੱਰਥਕਾਂ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ (ਜਦ ਕਿ ਉਹ ਗੁਰਮਤਿ ਅਨੁਸਾਰ ਹੀ ਗੱਲ ਕਰ ਰਹੇ ਸਨ) ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਹੀ ਤੋਰਨ ਨੂੰ ਆਪਣੀ ਅਕਲਮੰਦੀ ਸਮਝਿਆ। ਨਤੀਜੇ ਵਜੋਂ ਅੱਜ ਦੇ ਬਿਖੜੇ ਹਾਲਾਤ ਦੇ ਛੇ ਸਾਲ ਕਰੀਬ ਅਜਾਈਂ ਚਲੇ ਗਏ ਅਤੇ ਆਪਸ ਵਿਚ ਵੀ ਕੁੜੱਤਣ ਵਧੀ ।
ਕੁਝ ਸਿੱਖਾਂ ਦਾ ਵਿਚਾਰ ਹੈ ਕਿ ਖਾਲਿਸਤਾਨ ਬਣਨਾ ਹੀ , ਸਿੱਖਾਂ ਦੀਆਂ ਮੁਸ਼ਕਿਲਾਂ ਦਾ ਵਾਹਦ ਹੱਲ ਹੈ । ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਛੋਟਾ ਰਾਜ ਸੀ ? ਫਿਰ ਉਸ ਦਾ ਕੀ ਹੋਇਆ ? ਅੱਜ ਬਾਦਲ ਦਾ ਵੀ ਰਾਜ ਹੈ , ਉਸ ਵਿਚ ਸਿੱਖਾਂ ਅਤੇ ਸਿੱਖੀ ਦਾ ਕੀ ਹਾਲ ਹੈ ? ਕੀ ਖਾਲਿਸਤਾਨ ਵਿਚ ਇਸ ਤੋਂ ਵੱਖਰੇ ਸਿੱਖ ਹੋਣਗੇ ? ਫਿਰ ਉਸ ਵਿਚ ਕੀ ਮੁਸੀਬਤਾਂ ਦਾ ਹੱਲ ਹੋਵੇਗਾ ? ਜਾਂ ਸਿੱਖਾਂ ਦੀ ਖਾਨਾ-ਜੰਗੀ ਹੋਵੇਗੀ ?
ਕੁਝ ਦਾ ਵਿਚਾਰ ਹੈ ਕਿ ਗੁਰਬਾਣੀ ਦਾ ਉਲੱਥਾ , ਦੁਨੀਆ ਦੀਆਂ ਹੋਰ ਭਾਸ਼ਾਵਾਂ ਵਿਚ ਕਰ ਕੇ , ਉਸ ਨੂੰ ਦੁਨੀਆਂ ਵਿਚ ਪਹੁੰਚੌਣਾ ਚਾਹੀਦਾ ਹੈ । ਸੋਚਦਾ ਹਾਂ ਕਿ ਕੀ ਸਿੱਖਾਂ ਨੇ ਗੁਰਬਾਣੀ ਨੂੰ ਸਮਝ ਲਿਆ ਹੈ ? ਉਸ ਦੇ ਸਿਧਾਂਤ ਤੋਂ ਜਾਣੂ ਹੋ ਗਏ ਹਨ ? ਕੀ ਉਨ੍ਹਾਂ ਨੂੰ ਸਮਝ ਆਗਈ ਹੈ ਕਿ ਉਨ੍ਹਾਂ ਸਿਧਾਂਤਾਂ ਤੇ ਚਲਣਾ ਹੀ ਸਿੱਖੀ ਹੈ ? ਜੇ ਉਹ ਆਪ ਹੀ ਆਪਣੀ ਮਾਂ-ਬੋਲੀ ਵਿਚਲੀ , ਗੁਰਬਾਣੀ ਨੂੰ ਨਹੀਂ ਸਮਝ ਸਕੇ , ਹਰ ਕਿਸੇ ਕਹੇ ਜਾਂਦੇ ਵਿਦਵਾਨ ਦਾ , ਗੁਰਬਾਣੀ ਦਾ ਆਪਣਾ ਹੀ ਵਿਸਲੇਸ਼ਨ ਹੈ . ਆਪਣਾ ਹੀ ਸਿਧਾਂਤ ਹੈ , ਅਜਿਹੀ ਹਾਲਤ ਵਿਚ ਦੁਨੀਆ ਦੀਆਂ ਬੋਲੀਆਂ ਵਿਚ ਕਿਸ ਵਿਸਲੇਸ਼ਨ ਦਾ , ਕਿਸ ਸਿਧਾਂਤ ਦਾ ਉਲੱਥਾ ਕਰੋਗੇ ? ਦੁਨੀਆ ਵਿਚ ਕਿੰਨੇ ਤਰ੍ਹਾਂ ਦੇ ਸਿਧਾਂਤ ਜਾਣਗੇ ? ਕੀ ਉਹ ਗੁਰਬਾਣੀ ਦਾ ਪਰਚਾਰ ਹੋਵੇਗਾ ? ਜਾਂ ?
ਬੱਚਿਆਂ ਨਾਲ ਅਕਸਰ ਹੀ ਸਿੱਖੀ ਬਾਰੇ ਵਚਾਰ ਹੁੰਦੇ ਰਹਿੰਦੇ ਹਨ , ਇਕ ਦਿਨ ਵਿਚਾਰਾਂ ਵਿਚ ਬੱਚੇ , ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬੜੀ ਵਡਿਆਈ ਕਰ ਰਹੇ ਸਨ , ਮੈਂ ਪੁੱਛ ਬੈਠਾ , ਜੇ ਰਾਜ ਏਨਾ ਹੀ ਚੰਗਾ ਸੀ ਤਾਂ ਫਿਰ , ਖਤਮ ਕਿਉਂ ਹੋਇਆ ? ਇਤਿਹਾਸ ਮੁਤਾਬਕ ਘੜਿਆ-ਘੜਾਇਆ ਜਵਾਬ ਸੀ “ ਡੋਗਰਿਆਂ ਦੀ ਗੱਦਾਰੀ ਕਰ ਕੇ ” ਮੈਂ ਕਿਹਾ ਚਲੋ ਏਧਰੋਂ ਮੁੜੋ , ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਖਜ਼ਾਨਾ , ਜੋ ਮਗਰੋਂ ਡੋਗਰੇ ਅਤੇ ਮਿਸਰ ਲੁੱਟ ਕੇ ਲੈ ਗਏ ਸਨ , ਜੇ ਮਹਾਰਾਜਾ ਉਹ ਖਜ਼ਾਨਾ , ਬਾਬਾ ਨਾਨਕ ਜੀ ਦੇ ਵੀਹ ਰੁਪਏ ਦੇ ਰਾਹ ਤੇ ਲਾ ਦੇਂਦਾ , ਫਿਰ ਕੀ ਹੁੰਦਾ ? ਉਨ੍ਹਾਂ ਵਿਚਾਰਿਆਂ ਕੋਲ ਤਾਂ ਇਸ ਦਾ ਕੀ ਜਵਾਬ ਹੋਣਾ ਸੀ ? ਮੈਂ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਲੀਹਾਂ ਤੇ ਤਾਂ ਪੰਥ ਦੇ ਕਿਸੇ ਮਹਾਨ ਤੋਂ ਮਹਾਨ ਵਿਦਵਾਨ ਨੇ ਵੀ ਨਹੀਂ ਵਿਚਾਰਿਆ ਹੋਣਾ । ਇਸ ਰਾਹ ਤੋਂ ਬਗੈਰ ਸਿੱਖੀ ਅਤੇ ਸਿੱਖਾਂ ਦੇ ਬਚਣ ਦਾ ਕੋਈ ਰਾਹ ਹੈ ਹੀ ਨਹੀਂ , ਇਸ ਲਈ ਹੀ ਇਸ ਨੂੰ “ ਸੱਚਾ ਸੌਦਾ ” ਕਿਹਾ ਗਿਆ ਹੈ ।
ਹਕੂਮਤਾਂ ਤਾਂ ਆਪਣੇ ਹਿਸਾਬ ਨਾਲ , ਆਪਣੇ ਜ਼ਰ=ਖਰੀਦ ਗੁਲਾਮਾਂ ਕੋਲੋਂ ਇਤਿਹਾਸ ਲਿਖਵਾਉਂਦੀਆਂ ਹਨ , ਆਮ ਆਦਮੀ ਉਨ੍ਹਾਂ ਦੀਆਂ ਗੁਝੀਆਂ ਚਾਲਾਂ ਨੂੰ ਨਹੀਂ ਸਮਝ ਸਕਦਾ , ਪਰ ਲੀਡਰਾਂ ਦਾ ਫਰਜ਼ ਬਣਦਾ ਹੈ ਕਿ ਉਹ ਇਤਿਹਾਸ ਵਿਚੋਂ ਸਹੀ ਤੱਥ ਛਾਂਟ ਕੇ ਸੰਗਤ ਸਾਮ੍ਹਣੇ ਰੱਖ ਕੇ ਉਨ੍ਹਾਂ ਨੂੰ ਗਲਤ ਪਰਚਾਰ ਆਸਰੇ ਭੰਬਲ-ਭੁਸੇ ਵਿਚ ਪੈਣੋਂ ਬਚਾਉਣ ।
ਅੱਜ ਸਿੱਖਾਂ ਦੀ ਸਭ ਤੋਂ ਵੱਡੀ ਰਖਵਾਲੀ , “ ਸ਼ਰੋਮਣੀ ਕਮੇਟੀ ” ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ । ਆਮ ਬੰਦੇ ਤਾਂ ਏਸੇ ਵਿਚ ਹੀ ਫੱਸ ਜਾਂਦੇ ਹਨ ਕਿ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਲਿਖਵਾਇਆ ਹੋਇਆ ਇਤਿਹਾਸ ਹੈ , ਇਹ ਕਿਵੈਂ ਗਲਤ ਹੋ ਸਕਦਾ ਹੈ ? ਅਤੇ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਇਤਿਹਾਸ ਦੀ ਥਾਂ ਮਿਥਿਹਾਸ ਦਾ ਪਰਚਾਰ ਹੁੰਦਾ ਰਹਿੰਦਾ ਹੈ ।
ਅਮਰ ਜੀਤ ਸਿੰਘ ਚੰਦੀ
(ਚਲਦਾ) 25-12-13.