ਪੰਜਾਂ ਸਿੰਘ ਸਾਹਿਬਾਨ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣ
ਪੰਜਾਂ ਸਿੰਘ ਸਾਹਿਬਾਨਾਂ ਨੂੰ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਮੋਰਚੇ ਦੀ ਸਫਲ਼ਤਾ ਲਈ ਭੁੱਖ ਹੜਤਾਲ ਛੱਡ ਕੇ ਸਰੀਰਕ ਸ਼ਕਤੀ ਹਾਸਲ ਕਰੋ ਉਤਨੀ ਦੇਰ ਤੱਕ ਤੁਹਾਡੀ ਥਾਂ ਭੁੱਖ ਹੜਤਾਲ 'ਤੇ ਅਸੀਂ ਬੈਠਾਂਗੇ।
ਕਿਰਪਾਲ ਸਿੰਘ ਬਠਿੰਡਾ
mob: 9855480797
ਭਾਈ ਗੁਰਬਖ਼ਸ਼ ਸਿੰਘ ਜੀ ਖ਼ਾਲਸਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਕਾਲ ਪੁਰਖ਼ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕੀਤੀ ਸੀ ਕਿ ਜਦ ਤੱਕ ੬ ਸਿੰਘ ਰਿਹਾਅ ਨਹੀਂ ਹੁੰਦੇ ਉਸ ਸਮੇਂ ਤੱਕ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ। ਹੁਣ ਅਕਾਲ ਤਖ਼ਤ 'ਤੇ ਹੰਗਾਮੀ ਮੀਟਿੰਗ ਕਰਕੇ ਪੰਜ ਸਿੰਘ ਸਾਹਿਬਾਨ ਨੇ ਉਸ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਉਹ ਆਪਣੀ ਭੁੱਖ ਹੜਤਾਲ ਤੁਰੰਤ ਖਤਮ ਕਰ ਦੇਵੇ। ਇਸ ਆਦੇਸ਼ ਨਾਲ ਬੜੀ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਹੈ ਕਿ ਭਾਈ ਗੁਰਬਖ਼ਸ਼ ਸਿੰਘ ਜੀ ਗੁਰੂ ਦੇ ਸਨਮੁਖ ਕੀਤੀ ਅਰਦਾਸ 'ਤੇ ਪਹਿਰਾ ਦੇਵੇ ਜਾਂ ਸਿੰਘ ਸਾਹਿਬਾਨਾ ਦਾ ਹੁਕਮ ਮੰਨੇ।
ਮੇਰਾ ਸੁਝਾਉ ਹੈ ਕਿ ਆਮ ਤੌਰ 'ਤੇ ਅਜਿਹੇ ਇਮਤਿਹਾਨ ਦੀ ਘੜੀ ਮੌਕੇ ਚਮਕੌਰ ਦੀ ਗੜ੍ਹੀ ਦੀ ਉਦਾਰਹਰਣ ਦਿੱਤੀ ਜਾਂਦੀ ਹੈ ਕਿ ਪੰਜ ਪਿਆਰਿਆਂ ਦੇ ਹੁਕਮ ਅੱਗੇ ਗੁਰੂ ਨੇ ਵੀ ਸਿਰ ਝੁਕਾਇਆ ਤੇ ਉਹ ਗੜ੍ਹੀ ਛੱਡਣ ਲਈ ਮੰਨ ਗਏ। ਪਰ ਉਸ ਇਤਿਹਾਸਕ ਪ੍ਰਮਾਣ ਦਾ ਦੂਸਰਾ ਪੱਖ ਬਿਲਕੁਲ ਨਹੀਂ ਵਿਚਾਰਿਆ ਜਾਂਦਾ। ਉਹ ਪੱਖ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦੇਣ ਵਾਲੇ ਪੰਜ ਪਿਆਰਿਆਂ ਵਿੱਚੋਂ ਕੋਈ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਨਹੀਂ ਸੀ ਕਰਦੇ ਅਤੇ ਉਹ ਤਨੋ ਮਨੋ ਧਨੋ ਗੁਰੂ ਨੂੰ ਸਮਰਪਤ ਸਨ। ਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਵਰਗੇ ਹੋਰ ਬਹੁਤੇਰੇ ਸਿੰਘ ਤਿਆਰ ਕਰ ਸਕਦੇ ਹੋ ਜਦੋਂ ਕਿ ਅਸੀਂ ਐਸਾ ਨਹੀਂ ਕਰ ਸਕਦੇ। ਇਸ ਲਈ ਤੁਸੀਂ ਅਧੂਰੇ ਰਹਿੰਦੇ ਕਾਰਜ ਕਰਨ ਲਈ ਇੱਥੋਂ ਬਚ ਕੇ ਨਿਕਲ ਜਾਵੋ ਅਸੀਂ ਤੁਹਾਡੇ ਥਾਂ ਇੱਥੇ ਹੀ ਸ਼ਹੀਦੀਆਂ ਪਾਵਾਂਗੇ। ਗੁਰੂ ਸਾਹਿਬ ਜੀ ਦੇ ਆਗਿਆ ਅਨੁਸਾਰ ਭਾਈ ਸੰਗਤ ਸਿੰਘ ਜੀ ਸਮੇਤ ਜਿਹੜੇ ਵੀ ਸਿੰਘ ਮਗਰ ਰਹੇ ਉਨ੍ਹਾਂ ਸਾਰਿਆਂ ਨੇ ਅੰਤਮ ਸਾਹ ਤੱਕ ਸੂਰਬੀਰਤਾ ਨਾਲ ਲੜਦਿਆਂ ਹੋਇਆਂ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਜੀ ਤਿੰਨ ਸਿੱਖਾਂ ਸਮੇਤ ਉਥੋਂ ਬਚ ਕੇ ਨਿਕਲ ਆਏ ਤੇ ਰਹਿੰਦੇ ਕਾਰਜ ਪੂਰੇ ਕੀਤੇ; ਜਿਨ੍ਹਾਂ ਵਿੱਚੋ ਸਭ ਤੋਂ ਮਹੱਤਵਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਕੇ ਇਸ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦਾ ਸੀ ਜਿਸ ਸਦਕਾ ਅੱਜ ਸਿੱਖ ਕੌਮ ਜਿੰਦਾ ਹੈ।
ਸੋ ਇਸ ਉਦਾਹਰਣ ਤੋਂ ਸੇਧ ਲੈ ਕੇ ਜੇ ਸਿੰਘ ਸਾਹਿਬ ਜੀ ਇਹ ਕਹਿੰਦੇ ਹਨ ਕਿ ਭਾਈ ਗੁਰਬਖ਼ਸ਼ ਸਿੰਘ ਜੀ ਦੀ ਜਿੰਦਗੀ ਪੰਥ ਨੂੰ ਲੋੜੀਂਦੀ ਹੈ ਤਾਂ ਉਸ ਨੂੰ ਜਰੂਰ ਬਚਾਉਣ ਚਾਹੀਦਾ ਹੈ ਪਰ ਪੰਜਾਂ ਸਿੰਘ ਸਾਹਿਬਾਨਾਂ ਨੂੰ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਮੋਰਚੇ ਦੀ ਸਫਲ਼ਤਾ ਲਈ ਭੁੱਖ ਹੜਤਾਲ ਛੱਡ ਕੇ ਸਰੀਰਕ ਸ਼ਕਤੀ ਹਾਸਲ ਕਰੋ ਉਤਨੀ ਦੇਰ ਤੱਕ ਤੁਹਾਡੀ ਥਾਂ ਭੁੱਖ ਹੜਤਾਲ 'ਤੇ ਅਸੀਂ ਬੈਠਾਂਗੇ ।
ਜੇ ਸਿੰਘ ਸਾਹਿਬਾਨ ਇਹ ਕਰਨ ਨੂੰ ਤਿਆਰ ਨਹੀਂ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲ ਦੇ ਇਸ਼ਰੇ 'ਤੇ ਇਹ ਉਨ੍ਹਾਂ ਦੀ ਬਿਲਕੁਲ ਜਿੱਤ ਦੇ ਨੇੜੇ ਪਹੁੰਚੇ ਸੰਘਰਸ਼ ਨੂੰ ਫੇਲ੍ਹ ਕਰਨ ਦੀ ਇੱਕ ਸਾਜਿਸ਼ ਹੈ।