ਬਲਵਿੰਦਰ ਸਿੰਘ ਬਾਈਸਨ
ਆਪਣਾ - ਪਰਾਇਆ ! ( ਨਿੱਕੀ ਕਹਾਣੀ )
Page Visitors: 2604
ਆਪਣਾ - ਪਰਾਇਆ ! ( ਨਿੱਕੀ ਕਹਾਣੀ ) ਅੰਕਲ ਤੁਸੀ ਮੈਨੂੰ ਕਿਓਂ ਮਾਰਿਆ ? (ਨਿੱਕੇ ਕੁਲਜੀਤ ਸਿੰਘ ਨੇ ਅੰਕਲ ਅਜਮੇਰ ਸਿੰਘ ਨੂੰ ਪੁਛਿਆ) ਅਜਮੇਰ ਸਿੰਘ (ਗੁੱਸੇ ਵਿੱਚ) : ਕਿਓਂ ਕੀ ਤੂੰ ਮੇਰੇ ਘਰ ਦਾ ਸ਼ੀਸ਼ਾ ਤੋੜਿਆ ਹੈ ! ਕੁਲਜੀਤ ਸਿੰਘ (ਥੋੜੇ ਦੁੱਖ ਨਾਲ) : ਪਰ ਤੁਹਾਨੂੰ ਇਤਨਾ ਜਿਆਦਾ ਨਹੀ ਮਾਰਨਾ ਚਾਹੀਦਾ ਸੀ ! ਮੇਰੀ ਤੇ ਸ਼ਾਇਦ ਲੱਤ ਦੀ ਹੱਡੀ ਵਿੱਚ ਵੀ ਦਰਾਰ ਆ ਗਈ ਲਗਦੀ ਹੈ ! ਅੱਗੇ ਤੋਂ ਸੋਚ ਕੇ ਖੇਲਣਾ ਫਿਰ ! ਅਜਮੇਰ ਸਿੰਘ ਫਿਰ ਗੁੱਸੇ ਵਿੱਚ ਬੋਲਿਆ ! ਕੁਲਜੀਤ ਸਿੰਘ (ਭੋਲੇ ਪਨ ਨਾਲ ) : ਪਰ ਪਿੱਛਲੇ ਹਫਤੇ ਤੁਹਾਡੇ ਮੁੰਡੇ ਹਰਪਾਲ ਸਿੰਘ ਨੇ ਤੁਹਾਡੇ ਆਪਣੇ ਘਰ ਦੋ ਸ਼ੀਸ਼ੇ ਭੰਨੇ ਸੀ, ਤੁਸੀਂ ਉਸ ਵੇਲੇ ਉਸਨੂੰ ਕੁਝ ਨਹੀ ਕਿਹਾ; ਤੇ ਜਦੋਂ ਉਸਨੇ ਗੁਵਾਂਡੀਆਂ ਦੇ ਸ਼ੀਸ਼ੇ ਭੰਨੇ ਸਨ ਤਾਂ ਤੁਸੀ ਉਸ ਵੇਲੇ ਹੱਸ ਰਹੇ ਸੀ ! ਇਹ ਵਿਤਕਰਾ ਕਿਓਂ ਅੰਕਲ ਜੀ ? ਇਹ ਦੋਗਲੀ ਨੀਤੀ ਕਿਓਂ ? ਅਜਮੇਰ ਸਿੰਘ (ਅੱਖਾਂ ਚੁਰਾਉਂਦੇ ਹੋਏ ਜੋਰ ਨਾਲ ਬੋਲਿਆ) : ਜਾਤ ਦੀ ਕੋੜ-ਕਿਰਲੀ ਤੇ ਸ਼ਤੀਰਾਂ ਨਾਲ ਜੱਫੀਆਂ ? ਓਹ ਮੇਰਾ ਆਪਣਾ ਹੈ ਤੇ ਤੂੰ ਪਰਾਇਆ ਹੈਂ ! ਤੂੰ ਗਾਣਾ ਨਹੀ ਸੁਣਿਆ "ਬਾਕੀ ਸਬ ਸਪਨੇ ਹੋਤੇ ਹੈਂ, ਅਪਨੇ ਤੋ ਅਪਨੇ ਹੋਤੇ ਹੈਂ !" ਚਲ ਨਿਕਲ ਐਥੋਂ ਹੁਣ, ਵਰਨਾ ਲਾਵਾਂ ਇੱਕ ਹੋਰ ! ਗੁੱਸੇ ਅੱਤੇ ਘਿਰਣਾ ਨਾਲ ਘਿਰਿਆ ਨਿੱਕਾ ਕੁਲਜੀਤ ਸਿੰਘ ਲੰਗੜਾਉਂਦਾ ਹੋਇਆ ਉੱਥੋ ਚਲ ਪਿਆ, ਉਸਦੇ ਬੁੱਲ ਫੜਕ ਰਹੇ ਸਨ .. .."ਇਤਿਹਾਸ ਸਾਰਾ ਹੀ ਇਸ ਤਰੀਕੇ ਦੀ ਬੇਇੰਸਾਫੀ ਨਾਲ ਭਰਿਆ ਹੋਇਆ ਹੈ ! ਭਾਵੇਂ ਏਕਲਵਯੇ ਦਾ ਅੰਗੂਠਾ ਮੰਗਣਾ ਹੋਵੇ, ਭਾਵੇਂ ਧ੍ਰਿਤਰਰਾਸ਼ਟਰ ਦਾ ਪੁੱਤਰ ਮੋਹ ਹੋਵੇ ਤੇ ਭਾਵੇਂ ਜੂਏ ਵਿੱਚ ਵੋਹਟੀ ਨੂੰ ਹਾਰ ਜਾਣ ਵਾਲਾ ਯੁਧਿਸ਼ਟਰ ਹੋਵੇ ! ਇਨ੍ਹਾਂ ਵਿੱਚ ਬਲੀ ਹਮੇਸ਼ਾ ਦੂਜੇ ਦੀ ਹੀ ਚੜ੍ਹਾਈ ਗਈ ਹੈ ਆਪਣੇ ਪੁੱਤਰ-ਭਰਾ ਸਭ ਨੂੰ ਹੀ ਪਿਆਰੇ ਸਨ !" (ਸ਼ਾਇਦ ਇਸ ਮਾਰ ਨੇ ਨਿੱਕੇ ਕੁਲਜੀਤ ਸਿੰਘ ਨੂੰ ਉਮਰ ਤੋਂ ਵੱਧ ਸਿਆਣਾ ਬਣਾ ਦਿੱਤਾ ਸੀ ਤੇ ਉਸਨੂੰ ਆਪਣੇ-ਪਰਾਏ ਦਾ ਭੇਦ ਸਮਝ ਆ ਗਿਆ ਸੀ !) - ਬਲਵਿੰਦਰ ਸਿੰਘ ਬਾਈਸਨ