ਪਹਿਲਾਂ ਪੰਗਤ ਪਾਛੇ ਸੰਗਤ ! ( ਨਿੱਕੀ ਕਹਾਣੀ )
ਸੁਣਿਆ ਹੈ ਕੀ ਭਾਈ ਸਾਹਿਬ ਨੇ ਭੁਖ ਹੜਤਾਲ ਖਤਮ ਕਰ ਦਿੱਤੀ ਹੈ ? (ਰਣਜੋਧ ਸਿੰਘ ਨੇ ਸਾਹਿਬ ਸਿੰਘ ਨੂੰ ਪੁਛਿਆ)
ਸਾਹਿਬ ਸਿੰਘ : ਠੀਕ ਸੁਣਿਆ ਹੈ ਵੀਰ ! ਪਰ ਜੋ ਟੀਚਾ ਸਾਹਮਣੇ ਰਖ ਕੇ ਕੰਮ ਸ਼ੁਰੂ ਹੋਇਆ ਸੀ ਓਹ ਸ਼ਾਇਦ ਪੂਰਾ ਨਹੀ ਹੋ ਪਾਇਆ ! ਘੱਟੋ ਘੱਟ ਛੇ ਬੰਦਿਆਂ ਦੀ "ਆਜ਼ਾਦੀ ਹੱਕ ਨਾਲ ਮੰਗਦੇ ਮੰਗਦੇ" ਅੰਤ ਨੂੰ ਹਾਲਤ "ਪੇਰੋਲ ਦੇ ਕੇ ਮੰਗਤਿਆਂ ਵਰਗੀ" ਕਰ ਦਿੱਤੀ ਇਨ੍ਹਾਂ ਸਿਆਸਿਆਂ ਨੇ ! (ਆਪਣਾ ਗੁੱਸਾ ਰੋਕ ਨਹੀ ਪਾਉਂਦਾ)
ਰਣਜੋਧ ਸਿੰਘ : ਤੇਰਾ ਕਹਿਣ ਦਾ ਕੀ ਭਾਓ ਹੈ ? ਕੀ ਇਹ ਸਭ ਜੋ ਹੋਇਆ, ਓਹ ਠੀਕ ਨਹੀ ਹੋਇਆ ?
ਸਾਹਿਬ ਸਿੰਘ : ਵੱਡੇ ਮੋਰਚੇ ਕਦੀ ਵੀ ਰਣਨੀਤੀ ਤੋਂ ਬਗੈਰ ਨਹੀ ਚਲਦੇ ! ਪਰ ਇਸ ਪੂਰੇ ਮੋਰਚੇ ਵਿਚ ਜੋ ਸਭ ਤੋ ਕਮਜੋਰ ਕੜੀ ਰਹੀ ਓਹ ਰਣਨੀਤੀ ਹੀ ਸੀ ! ਬਿਨਾ ਪੂਰੀ ਜਾਣਕਾਰੀ ਦੇ ਪਹਿਲੇ ਦੋ ਹਫਤੇ ਨਿਕਲ ਗਏ ਫਿਰ ਵੀ ਵੱਡੀ ਪੰਥਕ ਜੱਥੇਬੰਦਿਆਂ ਨੂੰ ਉਨ੍ਹਾਂ ਕੈਦੀਆਂ ਬਾਰੇ ਪੂਰੀ ਗੱਲ ਸਮਝ ਹੀ ਨਹੀ ਆ ਪਾਈ ! ਰਣਨੀਤੀ ਨਾਲ ਜੇਕਰ ਇਹ ਮੋਰਚਾ ਵਧਾਇਆ ਜਾਂਦਾ ਤਾਂ ਸ਼ਾਇਦ ਇਹ "ਵੱਡਾ ਹਮਲਾ" ਸਿਧ ਹੁੰਦਾ ਤੇ ਸਿਰਾਂ ਦੀ ਸਿਆਸਤ ਕਰਨ ਵਾਲੇ ਸਿਆਸਿਆਂ ਦੇ ਪੈਰ ਪੁੱਟੇ ਜਾਂਦੇ !
ਰਣਜੋਧ ਸਿੰਘ (ਪਰੇਸ਼ਾਨ ਜਿਹਿਆ ਹੋ ਕੇ) : ਚੱਲ ਕੋਈ ਨੀ ! ਵੱਡੇ ਰਾਹ ਚਲ ਕੇ ਜਦੋਂ ਗੁਰੂ ਦਰਸ਼ਨ ਕਰਨ ਆਉਂਦੇ ਹਾਂ ਤਾਂ ਪਹਿਲਾਂ ਰਾਹ ਦੀ ਥਕਾਵਟ ਅੱਤੇ ਭੁੱਖ ਮਿਟਾਉਣ ਲਈ "ਪਹਿਲਾਂ ਪੰਗਤ" ਵਿੱਚ ਬੈਠ ਕੇ ਲੰਗਰ ਛਕਿਆ ਜਾਂਦਾ ਹੈ ਤੇ ਫਿਰ ਆਪਨੇ ਨਿਸ਼ਾਨੇ "ਪਾਛੇ ਸੰਗਤ" (ਗੁਰੂ ਦਰਸ਼ਨ) ਲਈ ਜਾਇਆ ਜਾਂਦਾ ਹਾਂ ਤਾਂ ਕੀ ਫਿਰ ਭੁੱਖ ਦੀ ਚਿੰਤਾ ਨਾ ਰਹੇ !
ਸਾਹਿਬ ਸਿੰਘ (ਗੱਲ ਤੇ ਜੋਰ ਦਿੰਦਾ ਹੋਇਆ) : ਲੰਮੇ ਰਾਹ (ਚਵਾਲੀ ਦਿਨ) ਤੋਂ ਬਾਅਦ "ਪਹਿਲਾਂ ਪੰਗਤ" (ਭੁੱਖ ਹੜਤਾਲ ਖਤਮ) ਤਾਂ ਹੋ ਗਈ ਪਰ ਹੁਣ "ਪਾਛੇ ਸੰਗਤ" (ਕੈਦ ਵਿੱਚ ਬੰਦ ਗੁਰੂ ਕੇ ਸਿੱਖਾਂ ਦੀ ਪੂਰਨ ਰਿਹਾਈ ਤਾਂ ਜੋ ਓਹ ਖੁੱਲੇ ਗੁਰੂ ਦਰਸ਼ਨ ਕਰ ਸੱਕਣ" ਅੱਤ ਲਾਜ਼ਮੀ ਹੈ ਵਰਨਾ ਇਹ ਨਾ ਹੋਵੇ ਕੀ ਜਿਸ ਕਰ ਕੇ ਇਹ ਪੂਰੀ ਮੁਹੀਮ ਸ਼ੁਰੂ ਕੀਤੀ ਗਈ ਸੀ ਓਹ ਇੱਕ ਹਨੇਰੇ ਟੋਏ ਵਿੱਚ ਡਿੱਗੀ ਜਾਵੇ ਕਿਓਂਕਿ ਇਨ੍ਹਾਂ ਸਿਆਸਿਆਂ ਅੱਤੇ ਧਰਮੀਆਂ ਦੇ ਭੇਖ ਵਿੱਚ ਬੈਠੇ ਬਗੁਲਿਆਂ ਦੀਆਂ ਚਾਲਾਂ "ਡੋਗਰਿਆਂ" ਤੋਂ ਵੀ ਖਤਰਨਾਕ ਹਨ !
ਰਣਜੋਧ ਸਿੰਘ (ਦੋਵੇਂ ਹੱਥ ਜੋੜ ਕੇ) : ਮੇਰੇ ਲਈ ਤੇ ਇਹੀ ਬਹੁਤ ਹੈ ਕੀ ਘੱਟੋ ਘੱਟ ਇੱਕ ਵਾਰ ਹੀ ਸਹੀ ਪਰ ਸਿੱਖ ਕੌਮ ਕਿਸੀ ਮੁੱਦੇ ਤੇ ਇਕੱਠੀ ਤੇ ਹੋਈ ! ਹੁਣ ਤੇ ਬਸ ਇੱਕ ਕਿਰਪਾ ਰਹੇ ਕੀ ਕਿਧਰੇ ਇਨ੍ਹਾਂ ਭਾਈ ਸਾਹਿਬ ਨੂੰ ਕਿਸੀ ਉੱਚੀ ਪਦਵੀ ਤੇ ਬਿਠਾ ਕੇ ਇਸ ਸਾਰੀ ਮੁਹੀਮ ਨੂੰ ਖਤਮ ਕਰਨ ਦੀ ਕੋਝੀਆਂ ਚਾਲਾਂ ਨਾ ਸ਼ੁਰੂ ਹੋ ਜਾਣ, ਜਿਵੇਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ! (ਦੋਵੇਂ ਇੱਕ ਦੂਜੇ ਨੂੰ ਗਿੱਲੀਆਂ ਅੱਖਾਂ ਨਾਲ ਵੇਖਦੇ ਨੇ !)- ਬਲਵਿੰਦਰ ਸਿੰਘ ਬਾਈਸਨ