ਅਰਦਾਸ ਦਾ ਵਾਸਤਾ ?
ਭਾਈ ਗੁਰਬਖ਼ਸ਼ ਸਿੰਘ ਅਰਦਾਸ ਕਰਕੇ ਬੈਠ ਗਿਆ, ਤਾਂ ਉਸ ਵਲੋਂ ਅਰੰਭੇ ਸੰਘਰਸ਼ ਰਾਹੀਂ, ਆਪਣੀ-ਆਪਣੀ ਥਾਂ ਬਨਾਉਂਣ ਦੇ ਜਤਨ ਵੀ, ਨਾਲ ਦੇ ਨਾਲ ਆਰੰਭ ਹੋ ਗਏ । ਭਾਈ ਜੀ ਦੀ ਉਸਤਤ ਦੇ ਪੁੱਲ ਬੰਨੇ ਗਏ, ਤੇ ਫੋਟੌ-ਵੀਡੀਯੂ ਸੇਸ਼ਨ ਵੀ ਹੋਏ। ਪਰ ਅੱਜ, ਕੁੱਝ ਥਾਂ, ਉਸਤਤ ਨਿੰਦਾ ਵਿਚ ਬਦਲ ਚੁੱਕੀ ਹੈ । ਕਾਰਣ ਆਪਣੇ-ਆਪਣੇ ਹਨ ! ਖ਼ੈਰ, ਵਭਿੰਨ ਪ੍ਰਕਾਰ ਦੀਆਂ ਨੁਕਤਾਚੀਨਿਆਂ ਵਿਚੋਂ, ਹੇਠ ਲਿਖੇ ‘ਦੋ ਨਮੂਨੇ’ ਵਿਚਾਰਨ ਯੋਗ ਹਨ।
(੧) " ਜਿਥੇ ਮਰਜ਼ੀ ਸੰਗਤਾਂ ਦੀ ਮੌਜੂਦਗੀ ਵਿੱਚ, ਇਹ ਪੰਚ ਮੇਰੇ ਨਾਲ ਵੀਚਾਰ ਕਰ ਲੈਣ ਕਿ ਭਾਈ ਗੁਰਬਖਸ਼ ਸਿੰਘ ਜੀ ਦਾ ਗੁਰੂ ਅੱਗੇ ਅਰਦਾਸ ਕਰਕੇ, ਅਰੰਭੇ ਇਸ ਸੰਘਰਸ਼ ਸਾਧਨ ਨੂੰ ਕਿਵੇਂ ਇਹ ਗੁਰਮਤਿ ਵਿਰੁਧ ਕਹਿੰਦੇ ਹਨ"
(੨) "ਕੀ ਸ਼੍ਰੋਮਣੀ ਕਮੇਟੀ ਮੁਲਾਜ਼ਮ, ਇਹ ਪੰਜੇ ਗੁਲਾਮ,ਗੁਰੂ ਤੋਂ ਭੀ ਵੱਡੇ ਬਣ ਬੈਠੇ ਹਨ, ਕਿ ਗੁਰੂ ਸਨਮੁਖ ਕੀਤੀ ਅਰਦਾਸ ਤੋਂ ਮੂੰਹ ਮੋੜ ਕੇ, ਇਨਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ ?
ਬੜੀ ਵਚਿੱਤਰ ਗਲ ਹੈ ਕਿ ਜਿਹੜੇ ਆਗੂ, ਭਗਉਤੀ ਅੱਗੇ ਕੀਤੀ ਅਰਦਾਸ ਨੂੰ ਪੰਥਕ ਨਹੀਂ ਮੰਨਦੇ, ਅੱਜ ਉਹ ਉਸੇ ਅਰਦਾਸ ਨੂੰ, ਦੁਰਗਾ ਦੇ ਬਜਾਏ, ਗੁਰੂ ਅੱਗੇ ਕੀਤੀ ਮੰਨਦੇ ਹੋਏ ਹਲੂਣਾ ਦੇ ਰਹੇ ਹਨ, ਕਿ ਗੁਰੂ ਅੱਗੇ ਕੀਤੀ ਅਰਦਾਸ ਤੋਂ ਮੂੰਹ ਮੋੜਨਾ ਗਲਤ ਹੈ ! ਕੀ ਭਾਈ ਜੀ ਨੇ ਅਰਦਾਸ ਪ੍ਰਿਥਮ ਭਗਉਤੀ ਦੀ ਪਉੜੀ ਪੜ ਕੇ ਨਹੀਂ ਸੀ ਕੀਤੀ ? ਹੁਣ ਉਹੀ ਅਰਦਾਸ ਗੁਰੂ ‘ਅੱਗੇ-ਸਨਮੁਖ’ ਕਿਵੇਂ ਹੋ ਗਈ ?
ਜਿਹੜੇ ਸੱਜਣ ਆਪ ਇਸ ਅਰਦਾਸ ਨੂੰ ਪੰਥਕ ਨਹੀਂ ਮੰਨਦੇ ਉਹ ਫਿਲਹਾਲ ਉਸੇ ਅਰਦਾਸ ਦਾ ਵਾਸਤਾ ਪਾ ਰਹੇ ਹਨ !
ਹਰਦੇਵ ਸਿੰਘ,ਜੰਮੂ-