ਅਮਰਜੀਤ ਸਿੰਘ ਚੰਦੀ
ਇਤਿਹਾਸ ਦੀ ਪੜਚੋਲ ! (ਭਾਗ ਦੂਜਾ)
Page Visitors: 2687
ਇਤਿਹਾਸ ਦੀ ਪੜਚੋਲ ! (ਭਾਗ ਦੂਜਾ)
ਪਿਛਲੇ ਭਾਗ ਵਿਚ ਆਪਾਂ ਵਿਚਾਰਿਆ ਸੀ ਕਿ , ਸਿਰਫ ਪੰਜ ਸੌ ਸਾਲ ਦਾ ਇਤਿਹਾਸ ਹੋਣ ਤੇ ਵੀ , ਸਿੱਖਾਂ ਦਾ
ਇਤਿਹਾਸ , ਭੰਬਲ-ਭੁਸੇ ਨਾਲ ਭਰਿਆ ਪਿਆ ਹੈ । ਲਗਾਤਾਰ ਤਿੰਨ ਸੌ ਸਾਲ ਤੋਂ ਨਿਘਾਰ ਵੱਲ ਵਧ ਰਹੇ ਪੰਥ ਦਾ ,
ਨਿਘਾਰ ਰੋਕਣ ਲਈ ਸਿੱਖ ਲੀਡਰਾਂ ਕੋਲ ਕੋਈ ਵਿਉਂਤ ਨਹੀਂ ਹੈ । ਦੁਨੀਆ ਦੇ ਦੂਸਰੇ ਲੋਕਾਂ ਦੇ ਇਤਿਹਾਸ ਤੋਂ ਕੋਈ ਸੇਧ
ਲੈਣੀ ਲਗ-ਭਗ ਅਸੰਭਵ ਹੈ , ਕਿਉਂਕਿ ਦੁਨੀਆ ਦੇ ਦੂਸਰੇ ਧਰਮ , ਧਰਮ ਨਾ ਹੋਕੇ ਲੋਕਾਂ ਵਿਚ ਵੰਡੀਆਂ ਪਾਉਣ
ਵਾਲੀਆਂ ਵਲਗਣਾਂ ਤੋਂ ਵੱਧ ਕੁਝ ਵੀ ਨਹੀਂ ਹਨ । ਜਿਨ੍ਹਾਂ ਆਸਰੇ ਲੋਕਾਂ ਵਿਚ ਨਫਰਤ ਪੈਦਾ ਕਰ ਕੇ , ਆਪਣੀ ਲੁੱਟ
ਲਈ ਕੁਝ ਬੰਦੇ ਇਕੱਠੇ ਕਰਨਾ ਹੀ ਉਨ੍ਹਾਂ ਦਾ ਇਕੋ-ਇਕ ਮਕਸਦ ਹੈ । ਪਰ ਗੁਰਬਾਣੀ ਧਰਮ ਨੂੰ ਇੰਸਾਨ ਬਣਨ ਦਾ
ਸਾਧਨ ਮੰਨਦੀ ਹੈ , ਗੁਰਬਾਣੀ ਅਨੁਸਾਰ ਸਾਰੀ ਦੁਨੀਆ ਦਾ ਇਕੋ-ਇਕ ਧਰਮ ਹੈ , ਜਿਸ ਬਾਰੇ ਗੁਰਬਾਣੀ ਇਵੇਂ ਸੇਧ
ਦਿਮਦੀ ਹੈ ,
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (266)
ਗੁਰਬਾਣੀ ਵਿਆਕਰਣ ਅਨੁਸਾਰ ਵਿਚਾਰਿਆਂ , ਇਹ ਤੁਕ ਸਪੱਸ਼ਟ ਸੰਦੇਸ਼ ਦੇ ਰਹੀ ਹੈ ਕਿ ਦੁਨੀਆ ਦਾ ਸਿਰਫ ਇਕ
ਹੀ ਧਰਮ ਹੈ , ਜਿਸ ਅਨੁਸਾਰ ਨਾਮ ਜਪਣਾ , ਪਰਮਾਤਮਾ ਦਾ ਹੁਕਮ ਮੰਨਣਾ ਹੈ , ਅਤੇ ਪਰਮਾਤਮਾ ਦਾ ਹੁਕਮ
ਵੀ ਇਕੋ ਹੈ , ਉਸ ਦੀ ਬਣਾਈ ਸ੍ਰਿਸ਼ਟੀ ਨੂੰ ਠੀਕ ਢੰਗ ਨਾਲ ਚਲਦਾ ਰੱਖਣ ਦੇ ਕਾਇਦੇ ਕਾਨੂਨ ਹੀ ਉਸ ਦਾ ਇਕੋ
ਇਕ ਹੁਕਮ , ਉਸ ਦੀ ਰਜ਼ਾ ਹੈ , ਅਤੇ ਬੰਦੇ ਦਾ ਉਨ੍ਹਾਂ ਨਿਯਮ-ਕਾਨੂਨਾਂ ਦੀ ਪਾਲਣਾ ਕਰਨਾ ਹੀ , ਉਸ ਦਾ ਹੁਕਮ
ਮੰਨਣਾ ਹੈ ਅਤੇ ਨਿਰਮਲ ਕਰਮ ਕਰਨਾ , ਵਿਆਕਰਣ ਅਨੁਸਾਰ ਨਿਰਮਲ ਕਰਮ ਵੀ ਇਕੋ-ਇਕ ਹੈ । ਉਹ ਕਰਮ ,
ਜਿਸ ਦੇ ਕਰਨ ਨਾਲ ਬੰਦਾ ਪ੍ਰਭੂ ਦੇ ਨੇੜੇ ਹੋ ਸਕੇ , ਉਹ ਕਰਮ ਹੀ ਬੰਦੇ ਲਈ ਨਿਰਮਲ ਕਰਮ ਹੈ ।
ਇਹ ਉਹ ਸੇਧ ਹੈ ਜਿਸ ਤੇ ਇਕ ਸਿੱਖ ਨੇ ਚੱਲਣਾ ਹੈ ।
ਜਦ ਕਿ ਦੂਸਰੇ ਧਰਮ , ਬੰਦੇ ਨੂੰ ਆਪਣੇ ਵਲੋਂ ਮਿਥੇ ਕੁਝ ਕਰਮ-ਕਾਂਡ ਕਰਨ ਦੀ ਹਦਾਇਤ ਕਰਦੇ ਹਨ , ਅਤੇ ਉਹ
ਕਰਮ ਕਾਂਡ ਪੂਰੇ ਕਰਨ ਲਈ ਬੰਦੇ ਨੂੰ ਆਪਣੇ ਧਰਮ ਦੀ ਪੁਜਾਰੀ ਸ਼੍ਰੇਣੀ ਤੇ ਪੂਰੀ ਤਰ੍ਹਾਂ ਨਿਰਭਰ ਹੋਣਾ ਪੈਂਦਾ ਹੈ ।
ਉਨ੍ਹਾਂ ਧਰਮਾਂ ਅਨੁਸਾਰ ਦੱਸੇ ਕਰਮ-ਕਾਂਡ (ਜੋ ਹਰ ਧਰਮ ਦੇ ਅਲੱਗ-ਅਲੱਗ ਹਨ) ਬੰਦਾ ਆਪਣੀ ਪੁਜਾਰੀ ਜਮਾਤ
ਕੋਲੋਂ ਕਰਵਾਉਂਦਾ ਹੈ , ਜਿਸ ਦੇ ਬਦਲੇ ਉਹ ਪੁਜਾਰੀਆਂ ਨੂੰ ਮਿਥੀ ਮਾਇਆ ਅਰਪਣ ਕਰਦਾ ਹੈ । ਪੁਜਾਰੀ ਸ਼੍ਰੇਣੀ ਆਪਣੀ
ਐਸ਼ ਦੇ ਸਾਰੇ ਸਾਧਨ ਆਪਣੇ ਧਰਮ ਦੇ ਪੈਰੋਕਾਰਾਂ ਕੋਲੋਂ ਵਸੂਲ ਕਰਦੀ ਹੈ , ਜਿਸ ਵਿਚ ਕੁਝ ਧਰਮਾਂ ਦੀ ਲੁੱਟ ਬਹੁਤ
ਜ਼ਿਆਦਾ ਹੈ ਅਤੇ ਕੁਝ ਧਰਮਾਂ ਦੀ ਕੁਝ ਘੱਟ । ਪੁਜਾਰੀ ਆਪਣੇ ਪੈਰੋਕਾਰਾਂ ਨੂੰ ਵਿਖਾਵੇ ਵਜੋਂ ਕੁਝ ਕਰਮ ਦੱਸਦਾ ਹੈ ,
ਜਿਵੇਂ ਝੂਠ ਨਹੀਂ ਬੋਲਣਾ , ਚੋਰੀ ਨਹੀਂ ਕਰਨੀ , ਬੇਈਮਾਨੀ ਨਹੀਂ ਕਰਨੀ ਆਦਿ-ਆਦਿ । ਪਰ ਨਾਲ ਦੀ ਨਾਲ
ਆਪਣਾ ਮਕਸਦ ਹੱਲ ਕਰਨ ਲਈ ਇਹ ਵੀ ਸਮਝਾਉਂਦਾ ਰਹਿੰਦਾ ਹੈ ਕਿ , ਜੇ ਕੋਈ ਗਲਤੀ ਹੋ ਜਾਵੇ ਤਾਂ ਮੇਰੇ ਕੋਲੋਂ
ਉਸ ਦਾ ਉਪਾਅ ਕਰਵਾ ਲੈਣਾ ।
ਜਦ ਕਿ ਸਿੱਖੀ ਵਿਚ ਇਵੇਂ ਨਹੀਂ ਚਲਦਾ , ਇਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਉਸ ਅਨੁਸਾਰ ਹੀ
ਕਰਮ ਕਰਨੇ ਹੁੰਦੇ ਹਨ , ਆਪਣਾ ਕੀਤਾ ਆਪ ਹੀ ਭੁਗਤਣਾ ਪੈਂਦਾ ਹੈ , ਦੂਸਰਿਆਂ ਵਲੋਂ ਕੀਤੇ ਕਰਮ-ਕਾਂਡ ਤੁਹਾਡਾ
ਕੁਝ ਨਹੀਂ ਸਵਾਰ ਸਕਦੇ । ਗੁਰਬਾਣੀ ਤਾਂ ਬੜਾ ਸਪੱਸ਼ਟ ਸੰਦੇਸ਼ ਦਿੰਦੀ ਹੈ ,
ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤੁ ॥ (134)
ਇਹ ਸ੍ਰਿਸ਼ਟੀ ਕਰਮਾਂ ਦਾ ਖੇਤ ਹੈ , ਏਥੇ ਬੰਦਾ ਜੋ ਬੀਜਦਾ ਹੈ , ਉਹੀ ਵੱਢਦਾ ਹੈ , ਜੇਹੇ ਕਰਮ ਕਰਦਾ ਹੈ ,
ਉਸ ਮੁਤਾਬਕ ਹੀ ਉਸ ਨੂੰ ਫੱਲ ਮਿਲਦਾ ਹੈ । ਕਿਸੇ ਦੂਸਰੇ ਦੇ ਕਰਨ ਨਾਲ ਕੁਝ ਨਹੀਂ ਹੁੰਦਾ , ਗੁਰਬਾਣੀ ਸੰਦੇਸ਼ ਹੈ ,
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ …॥ (406)
ਆਪਣੇ ਕੀਤੇ ਦਾ ਹੀ ਫੱਲ ਮਿਲਣਾ ਹੈ , ਕਿਸੇ ਦੂਸਰੇ ਦੇ ਕਰਨ ਨਾਲ ਕੁਝ ਨਹੀਂ ਹੋਣਾ , ਗੁਰਬਾਣੀ ਦਾ ਐਨਾ
ਸਾਫ ਸੰਦੇਸ਼ ਹੋਣ ਦੇ ਬਾਵਜੂਦ ਵੀ ਸਿੱਖ , ਆਪ ਗੁਰਬਾਣੀ ਤੋਂ ਸੇਧ ਲੈਣ ਦੀ ਥਾਂ , ਦੂਸਰਿਆਂ ਕੋਲੋਂ ਪੈਸੇ ਦੇ ਕੇ
ਅਖੰਡ-ਪਾਠ ਕਰਵਾ ਲੈਣ ਨੂੰ ਹੀ ਫਲਦਾਈ ਮੰਨ ਕੇ ਕੁਰਾਹੇ ਪਏ ਹੋਏ ਹਨ ।
ਅਜਿਹੀ ਹਾਲਤ ਵਿਚ ਦੂਸਰਿਆਂ ਦੇ ਇਤਿਹਾਸ ਤੋਂ ਸੇਧ ਲੈ ਕੇ , ਹੇਰਾ-ਫੇਰੀ , ਬੇਈਮਾਨੀ ਤਾਂ ਸਿੱਖੀ ਜਾ ਸਕਦੀ
ਹੈ , ਜੋ ਸਿੱਖਾਂ ਨੇ ਸਿੱਖ ਲਈ ਹੈ , ਅਤੇ ਉਸ ਅਨੁਸਾਰ ਕਰਮ ਕਰ ਕੇ ਖੁਆਰ ਹੋ ਰਹੇ ਹਨ , ਮੌਜੂਦਾ ਖੁਆਰੀ
ਵਾਲੀ ਹਾਲਤ ਵਿਚੋਂ ਨਿਕਲਣ ਲਈ ਹੇਰਾ-ਫੇਰੀਆਂ ਦੀ ਨਹੀਂ , ਗੁਰਮਤਿ ਦੀ ਸੋਝੀ ਦੀ ਲੋੜ ਹੈ । ਜੋ ਕੁਝ ਮਿਲਣਾ
ਹੈ , ਸਿੱਖ ਇਤਿਹਾਸ ਵਿਚੋਂ ਹੀ ਮਿਲਣਾ ਹੈ , ਸੋ ਆਉ ਸਿੱਖ ਇਤਿਹਾਸ ਨੂੰ ਹੀ ਛਾਨਣੀ ਲਾ ਕੇ ਵੇਖਦੇ ਹਾਂ ।
ਇਸ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ ।
1 , ਗੁਰੂ ਸਾਹਿਬਾਂ ਦਾ ਸਮਾ । (1469 ਤੋਂ 1708)
2, ਸਿੱਖੀ ਦੀ ਚੜ੍ਹਤ । (1708 ਤੋਂ 1785)
3, ਸਿੱਖੀ ਦਾ ਨਿਘਾਰ । (1785 ਤੋਂ ਹੁਣ ਤੱਕ)
1, ਗੁਰੂ ਸਾਹਿਬਾਂ ਦਾ ਸਮਾ ।
ਗੁਰੁ ਨਾਨਕ ਜੀ ਦੇ ਆਗਮਨ ਤੋਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ , ਉਨ੍ਹਾਂ ਤੋਂ ਪਜਿਲਾਂ ਦੇ ਭਾਰਤ ਦੇ ਹਾਲਾਤ
ਬਾਰੇ ਥੋੜ੍ਹਾ ਚਾਨਣਾ ਪਾਉਣਾ , ਇਸ ਇਤਿਹਾਸ ਨੂੰ ਸਮਝਣ ਲਈ ਬਹੁਤ ਸਹਾਈ ਹੋਵੇਗਾ । ਸਤਵੀਂ ਸਦੀ ਈਸਵੀ
ਤਕ ਬ੍ਰਾਹਮਣ ਨੇ ਆਪਣੀ ਵਰਨ-ਵੰਡ ਅਧਾਰਿਤ ਲੁੱਟ ਆਸਰੇ , ਸਮਾਜ ਦੀ ਉਹ ਹਾਲਤ ਕਰ ਦਿੱਤੀ ਸੀ ਜਿਸ ਵਿਚੋਂ
ਇਕ ਦੂਸਰੇ ਲਈ ਪਿਆਰ-ਸਤਿਕਾਰ ਬਿਲਕੁਲ ਗਾਇਬ ਹੋ ਚੁੱਕਾ ਸੀ , ਨਫਰਤ ਅਤੇ ਲੁੱਟ-ਖੋਹ ਦਾ ਬੋਲ-ਬਾਲਾ ਸੀ।
ਹਿੰਦੂ ਸਮਾਜ ਦਾ ਵਿਧਾਨ “ ਮਨੂੰ ਸਿਮ੍ਰਤੀ ” ਕਦ ਰਚਿਆ ਗਿਆ ? ਇਸ ਬਾਰੇ ਕੋਈ ਇਤਿਹਾਸਕ ਤੱਥ ਮੌਜੂਦ
ਨਹੀਂ ਹਨ , ਇੰਜ ਮਹਿਸੂਸ ਹੁੰਦਾ ਹੈ ਕਿ ਮਨੂੰ ਨਾਂ ਦੇ ਬ੍ਰਾਹਮਣ ਨੇ ਇਸ ਦੀ ਸਿਰਜਣਾ ਤਦ ਕੀਤੀ , ਜਦ ਬ੍ਰਾਹਮਣਾਂ
ਨੇ ਸੰਯੁਕਤ ਰੂਪ ਵਿਚ , ਆਪਣਾ ਕੁਝ-ਕੁਝ ਦਬਦਬਾ ਬਾਕੀ ਸਮਾਜ ਤੇ ਬਣਾ ਲਿਆ ਸੀ , ਪਰ ਉਸ ਵੇਲੇ ਇਸ
ਦੀਆਂ ਬਹੁਤ ਘੱਟ ਧਾਰਾਵਾਂ ਹੋਣਗੀਆਂ ।
ਜਿਵੇਂ ਜਿਵੇਂ ਉਨ੍ਹਾਂ ਦਾ ਦਬਦਬਾ ਵਧਦਾ ਗਿਆ , ਉਸ ਦੀਆਂ ਧਾਰਾਵਾਂ ਵੀ ਬਦਲਦੀਆਂ ਗਈਆਂ । ਗੁਰੂ ਨਾਨਕ ਜੀ ਦੇ
ਆਗਮਨ ਤਕ ਇਹ , ਇਸ ਧਾਰਾ ਤਕ ਪਹੁੰਚ ਚੁਕੀ ਸੀ ਕਿ , ਸੰਸਾਰ ਵਿਚ ਜੋ ਕੁਝ ਵੀ ਹੈ , ਉਹ ਸਭ ਬ੍ਰਾਹਮਣ
ਦਾ ਹੈ , ਬ੍ਰਾਹਮਣ ਜਿਸ ਕੋਲੋਂ , ਜੋ ਕੁਝ ਵੀ ਲੈਣਾ ਚਾਹੇ (ਖੋਣ੍ਹਾ ਚਾਹੇ) ਆਪਣਾ ਅਧਿਕਾਰ ਜਤਾ ਕੇ ਲੈ ਸਕਦਾ
ਹੈ । ਅਜਿਹੀ ਹਾਲਤ ਵਿਚ ਸਮਾਜਿਕ ਵਿਵਸਥਾ ਕੈਸੀ ਹੋਵੇਗੀ ਸਹਿਜੇ ਹੀ ਸੋਚਿਆ ਜਾ ਸਕਦਾ ਹੈ । ਏਸੇ ਵਿਵਸਥਾ
ਦਾ ਨਤੀਜਾ , ਭਾਰਤ ਤੇ ਮੁਸਲਮਾਨੀ ਹਮਲੇ ਸਨ , ਜੋ 712 ਈਸਵੀ ਵਿਚ ਮੁਹੰਮਿਦ ਬਿਨ ਕਾਸਮ ਦੇ ਹਮਲੇ
ਨਾਲ ਸ਼ੁਰੂ ਹੋਈ , ਆਪਸੀ ਫੁੱਟ ਦੀ ਇਨਤਹਾ ਇਸ ਵਿਚੋਂ ਹੀ ਵੇਖੀ ਜਾ ਸਕਦੀ ਹੈ ਕਿ ਸੋਮਨਾਥ ਮੰਦਰ ਦੇ ਛੋਟੇ
ਪੁਜਾਰੀ ਨੇ , ਦਸਵੀਂ ਸਦੀ ਦੇ ਸ਼ੁਰੂ ਵਿਚ , ਮਹਿਮੂਦ ਗਜ਼ਨਵੀ ਨੂੰ ਸੋਮਨਾਥ ਦਾ ਮੰਦਰ ਲੁੱਟਣ ਦਾ ਨਿਓਤਾ ਦਿੱਤਾ ।
1024 ਤਕ ਤਾਂ ਮੁਸਲਮਾਨ ਲੁੱਟ ਲਈ ਹੀ ਭਾਰਤ ਆਉਂਦੇ ਸਨ , ਇਤਿਹਾਸ ਮੁਤਾਬਿਕ ਕੁਤਬੁੱਦੀਨ ਐਬਕ ਪਹਿਲਾ
ਮੁਸਲਮਾਨ ਸੀ ਜਿਸ ਨੇ 1194 ਤੋਂ 1210 ਤਕ ਭਾਰਤ ਵਿਚ ਰਾਜ ਸਥਾਪਤ ਕੀਤਾ ਸੀ । ਗੁਰੂ ਸਾਹਿਬ ਦੇ
ਪ੍ਰਕਾਸ਼ ਤਕ ਦਿੱਲੀ ਮੁਸਲਮਾਨਾਂ ਦੀ ਰਾਜਧਾਨੀ ਬਣ ਚੁੱਕੀ ਸੀ ਅਤੇ ਉਸ ਵੇਲੇ ਦਿੱਲੀ ਦੇ ਤਖਤ ਤੇ ਬਹਿਲੋਲ ਲੋਧੀ
ਰਾਜਾ ਸੀ । ਬਾਬਰ ਦੇ ਹਮਲੇ ਵਲੇ ਵੀ ਭਾਰਤ ਤੇ ਲੋਧੀਆਂ ਦਾ ਹੀ ਰਾਜ ਸੀ । ਜੰਤਾ ਮੁਸਲਮਾਨ ਸ਼ਾਸਕਾਂ ਅਤੇ
ਬ੍ਰਾਹਮਣ ਦੀ ਵਰਨ ਵੰਡ ਦੀ ਲੁੱਟ ਕਾਰਨ ਤ੍ਰਾਹ-ਤ੍ਰਾਹ ਕਰ ਰਹੀ ਸੀ ।
ਗੁਰੂ ਸਾਹਿਬ ਨੇ ਗੱਲ ਧਰਮ ਦੇ ਲੁਟੇਰਿਆਂ ਤੋਂ ਸ਼ੁਰੂ ਕੀਤੀ , ਜਿਸ ਕਾਰਨ ਜਨਤਾ ਆਤਮਕ ਤੌਰ ਤੇ ਨਿਰਬਲ ਹੋ
ਚੁੱਕੀ ਸੀ , ਅਤੇ ਰਾਜ-ਬੱਲ ਦੇ ਜ਼ੁਲਮ ਨੂੰ ਰੋਕਣ ਲਈ , ਆਤਮਕ ਬਲ ਦਾ ਹੋਣਾ ਜ਼ਰੂਰੀ ਹੁੰਦਾ ਹੈ । ਗੁਰੂ ਜੀ
ਨੇ ਜਿਸ ਸਮਾਜਿਕ ਵਿਵਸਥਾ ਦੀ ਨੀਂਹ ਰੱਖੀ ਉਸ ਵਿਚਲੇ ਬੰਦਿਆਂ ਨੂੰ ਪਹਿਲਾਂ ਸਿੱਖ (ਸਿੱਖਣ ਵਾਲੇ) ਕਿਹਾ ਜਾਂਦਾ
ਸੀ । ਕਿਉਂਕਿ ਇਹ ਵਿਵਸਥਾ , ਪਰਮਾਤਮਾ ਵਲੋਂ ਪੈਦਾ ਕੀਤੀ ਸ੍ਰਿਸ਼ਟੀ ਦੇ ਨਿਯਮ-ਕਾਨੂਨ ਨਾਲ ਇਕ-ਸੁਰ ਹੈ ,
ਇਸ ਲਈ ਹੌਲੀ-ਹੌਲੀ ਇਸ ਸਮੂਹ ਨੂੰ ਖਾਲਸਾ ਕਿਹਾ ਜਾਣ ਲੱਗਾ ।
((ਜਿਸ ਦਾ ਵਿਸਲੇਸ਼ਨ , ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਸ਼ਬਦਾਂ ਵਿਚ ਕੀਤਾ ਗਿਆ ਹੈ ,
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥ (654) )
ਅਤੇ ਮਗਰੋਂ ਇਸ ਨੂੰ ਖਾਲਸਾ ਪੰਥ , ( ਖਾਲਸਾ ਬਣਨ ਵਾਲਿਆਂ ਦਾ , ਖਾਲਸਿਆਂ ਦਾ ਰਾਹ) ਕਿਹਾ ਜਾਣ
ਲੱਗਾ । ਗੱਲ ਬੜੀ ਸਾਫ ਹੈ , ਇਹ ਰਾਹ ਉਨ੍ਹਾਂ ਲਈ ਹੈ , ਇਹ ਰਾਹ ਉਨ੍ਹਾਂ ਦਾ ਹੈ , ਜਿਨ੍ਹਾਂ ਨੇ ਪ੍ਰਭੂ ਨਾਲ
ਪ੍ਰੇਮਾ-ਭਗਤੀ ਰਾਹੀਂ ਸਾਂਝ ਪਾ ਕੇ ਉਸ ਨਾਲ ਇਕ-ਮਿਕ ਹੋਣਾ ਹੈ । ਅਜਿਹੇ ਬੰਦਿਆਂ ਲਈ ਲਾਜ਼ਮੀ ਹੈ ਕਿ ਉਹ
ਕਿਸੇ ਦਾ ਹੱਕ ਨਾ ਮਾਰਨ , ਨਾ ਆਪਣਾ ਹੱਕ ਹੀ ਮਾਰ ਹੋਣ ਦੇਣ । ਨਾ ਕਿਸੇ ਨੂੰ ਡਰਾਉਣ ਨਾ ਹੀ ਕਿਸੇ ਤੋਂ ਡਰਨ ।
ਮਾਇਆ ਵਿਚ ਰਹਿੰਦੇ ਹੋਏ , ਮਾਇਆ ਤੋਂ ਨਿਰਲੇਪ ਰਹਿਣ ।
ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜ਼ਿੰਦਗੀ ਦੇ ਹਰ ਪੁਹਲੂ ਦੀ ਸਿਖਿਆ , ਆਪਣੀ ਜ਼ਿੰਦਗੀ ਵਿਚ ਆਪ ਜੀ ਕੇ ਦੱਸੀ
ਅਤੇ ਠੀਕ 230 ਸਾਲ ਦੀ ਸਿਖਲਾਈ ਪਿੱਛੋਂ ਇਮਤਿਹਾਨ ਲਿਆ , ਜਿਸ ਵਿਚ ਸਿੱਖ ਪੂਰੀ ਸ਼ਾਨ ਨਾਲ ਕਾਮਯਾਬ
ਹੋਏ , ਗੁਰੂ ਸਾਹਿਬ ਨੇ ਸਿੱਖਾਂ ਨੂੰ ਅਗਲੇਰੀ ਸਿਖਲਾਈ ਲਈ , ਪੰਜਾਂ ਪਿਆਰਿਆਂ ਦਾ , ਯਾਨੀ ਸਮੂਹਕ ਲੀਡਰਸ਼ਿਪ
ਦਾ ਢੰਗ ਵੀ ਦੱਸਿਆ ਅਤੇ ਆਪਣੀ ਸਰਪ੍ਰੱਸਤੀ ਵਿਚ ਪ੍ਰੈਕਟੀਕਲ ਵੀ ਕਰਵਾਇਆ , ਸਿੱਖਾਂ ਨੂੰ ਆਪਣੇ ਫੈਸਲੇ ਆਪ
ਲੈਣ ਦਾ ਅਵਸਰ ਵੀ ਦਿੱਤਾ । ਇਸ ਪ੍ਰੈਕਟੀਕਲ ਵਿਚੋਂ ਵੀ ਸਿੱਖ ਪੂਰਨ ਤੌਰ ਤੇ ਸਫਲ ਹੋਏ ।
ਦਸਵੇਂ ਨਾਨਕ ਜੀ ਨੇ ਆਪਣਾ ਆਖਰੀ ਸਮਾ ਨੇੜੇ ਜਾਣਕੇ , ਦੋ ਕੰਮ ਕੀਤੇ ।
ੳ . ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਗਾਂਹ ਦਾ ਪੂਰਾ ਪ੍ਰੋਗ੍ਰਾਮ ਸਮਝਾਅ ਕੇ , ਪੰਜਾਬ ਘੱਲਿਆ , ਜਿੱਥੋਂ
ਦੀ ਧਰਤੀ ਖਾਲਸਾ ਰਾਜ ਲਈ ਤਿਆਰ ਸੀ , ਖਾਲੀ ਬੀਜ ਪਾਉਣ ਦੀ ਲੋੜ ਸੀ । ਉਸ ਨੂੰ ਸ਼ਸਤ੍ਰ ਵੀ ਦਿੱਤੇ ,
ਨਾਲ ਪੰਜ ਸਲਾਹਕਾਰ ਵੀ ਭੇਜੇ , ਅਤੇ ਸੁਰੱਖਿਆ ਲਈ ਕੁਝ ਸਿੰਘ ਵੀ ਨਾਲ ਕੀਤੇ । ਇਵੇਂ ਗੁਰੂ ਸਾਹਿਬ ਕੋਲੋਂ ਥਾਪੜਾ
ਲੈ ਕੇ ਬਾਬਾ ਜੀ ਪੰਜਾਬ ਵੱਲ ਚੱਲੇ ।
ਅ , ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਨੌਵੇਂ ਨਾਨਕ , ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰ
ਕੇ , ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਅਤੇ ਸਿੱਖਾਂ ਨੂੰ ਹੁਕਮ ਕੀਤਾ ,
ਸਭ ਸਿੱਖਨ ਕਉ ਹੁਕਮ ਹੈ , ਗੁਰੂ ਮਾਨਿਉ ਗ੍ਰੰਥ ॥
ਯਾਨੀ ਸਾਰੇ ਸਿੱਖਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ
ਨੂੰ ਮੁੱਖ ਰੱਖ ਕੇ ਕਰਨ । ਇਹ ਕੰਮ ਪੂਰਾ ਕਰਨ ਮਗਰੋਂ ਗੁਰੂ ਸਾਹਿਬ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ
ਕਰ ਕੇ ਆਪਣੀ ਜੋਤ 7 ਅਕਤੂਬਰ 1708 ਨੂੰ ਉਸ ਮਹਾਨ ਜੋਤੀ ਵਿਚ ਵਿਲੀਨ ਕਰ ਗਏ ।
ਅਮਰ ਜੀਤ ਸਿੰਘ ਚੰਦੀ
(ਚਲਦਾ) 29-12-13