ਸਿੱਖ ਇਤਿਹਾਸ ਵਿਗਾੜਨ ਦੀ ਨਵੀਂ ਸਾਜਿਸ਼
ਜਲ੍ਹਿਆਂ ਵਾਲੇ ਬਾਗ਼ ’ਚ ਵਿਖਾਈ ਜਾਂਦੀ ਡਾਕੂਮੈਂਟਰੀ ’ਚ ਸਿੱਖ ਇਤਿਹਾਸ ’ਤੇ ਹਮਲਾ
* ਗੁਰੂ ਰਾਮਦਾਸ ਸਾਹਿਬ ਵੱਲੋਂ ਅਕਬਰ ਤੋਂ ਮੰਦਰ ਲਈ ਥਾਂ ਮੰਗਣ ਦੀ ਗ਼ੱਲ ਆਖ਼ੀ ਜਾਂਦੀ ਹੈ
ਅੰਮ੍ਰਿਤਸਰ: (2 ਜਨਵਰੀ, ਨਰਿੰਦਰ ਪਾਲ ਸਿੰਘ): ਸ੍ਰੀ ਹਰਿਮੰਦਰ ਸਾਹਿਬ ਤੋਂ ਮਹਿਜ ੨੦੦ ਗਜ਼ ਦੀ ਦੂਰੀ ਤੇ ਸਥਿਤ ਜਲਿਆਂਵਾਲਾ ਬਾਗ ਵਿਖੇ, ਆਮ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗਰੂ ਰਾਮ ਦਾਸ ਜੀ ਦੇ ਇਹ ਕਹਿਣ ਤੇ ਕਿ ‘ਮੈਂ ਇਥੇ ਮੰਦਰ ਬਨਾਉਣਾ ਹੈ’ ਅੰਮ੍ਰਿਤਸਰ ਸ਼ਹਿਰ ਦੀ ਜਮੀਨ ਬਾਦਸ਼ਾਹ ਅਕਬਰ ਨੇ ਦਾਨ ਵਿੱਚ ਦਿੱਤੀ ਸੀ। ਸਿੱਖ ਧਰਮ ਤੇ ਗੁਰੁ ਕੀ ਨਗਰੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਇਹ ਨਿਵੇਕਲੀ ਸ਼ੁਰੂਆਤ ਭਾਵੇਂ ੨ ਸੋ ਸਾਲ ਪਹਿਲਾਂ ਹੋਈ ਸੀ, ਲੇਕਿਨ ਹੁਣ ਸ਼੍ਰੋਮਣੀ ਕਮੇਟੀ ਇਹ ਮਾਮਲਾ "ਜਲਿਆਂਵਾਲਾ ਬਾਗ ਯਾਦਗਾਰੀ ਰਾਸ਼ਟਰੀ ਟਰੱਸਟ" ਅਤੇ ਕੇਂਦਰ ਸਰਕਾਰ ਪਾਸ ਉਠਾਏਗੀ ।
ਪ੍ਰਾਪਤ ਜਾਣਕਾਰੀ ਅਨੁਸਾਰ ਜਲਿਆਂਵਾਲਾ ਬਾਗ ਵਿਖੇ ਆਣ ਵਾਲੇ ਯਾਤਰੂਆਂ ਨੂੰ ਬਾਗ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਜਲਿਆਂਵਾਲਾ ਬਾਗ ਰਾਸ਼ਟਰੀ ਟਰੱਸਟ ਵਲੋਂ ਇਕ ਡਾਕੂਮੈਂਟਰੀ ਫਿਲਮ ਵਿਖਾਈ ਜਾਂਦੀ ਹੈ । ਵੈਸੇ ਤਾਂ ਇਸ ਫਿਲਮ ਨੂੰ ਵਿਖਾਉਣ ਲਈ ਨਿਸਚਿਤ ਸਮਾਂ ਸਵੇਰੇ ੧੦ ਵਜੇ -੧੧ਵਜੇ -੧੨ਵਜੇ –ਬਾਅਦ ਦੁਪਿਹਰ ੧ਵਜੇ-੩ ਵਜੇ -੫ ਵਜੇ ਤੇ ਦੇਰ ਸ਼ਾਮ ੭ ਵਜੇ ਹੈ, ਲੇਕਿਨ ਅੱਜ ਕੱਲ੍ਹ ਇਹ ਡਾਕੂਮੈਂਟਰੀ ਸਿਰਫ ਤਿੰਨ ਵਾਰ ਹੀ ਵਿਖਾਈ ਜਾਂਦੀ ਹੈ। ਕੋਈ ੧੫ ਮਿੰਟ ਸਮੇਂ ਦੀ ਇਸ ਡਾਕੂਮੈਂਟਰੀ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸ ਦੀ ਗਲ ਕਰਦਿਆਂ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਲਈ ਜਮੀਨ, ਤਤਕਾਲੀਨ ਮੁਗਲ ਬਾਦਸ਼ਾਹ ਅਕਬਰ ਨੇ ਦਾਨ ਵਿੱਚ ਦਿੱਤੀ ਸੀ ਕਿਉਂਕਿ ਗੁਰੁ ਰਾਮ ਦਾਸ ਜੀ ਨੇ ਅਕਬਰ ਨੂੰ ਕਿਹਾ ਸੀ ਕਿ ‘ਮੈਂ ਇਥੇ ਮੰਦਰ ਬਨਾਉਣਾ ਹੈ’। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ, ਗੁਰੂ ਕੀ ਨਗਰੀ ਨਾਲ ਸਬੰਧਤ ਸਾਰੀਆਂ ਹੀ ਪ੍ਰਕਾਸ਼ਨਾਵਾਂ ਵਿਚ ਦਰਜ ਹੈ ਕਿ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਜਮੀਨ ਨੇੜਲੇ ਪਿੰਡਾਂ ਦੇ ਜਮੀਨਦਾਰਾਂ ਪਾਸੋਂ ੭੦੦ ਰੁਪਏ ਅਕਬਰੀ ਵਿਚ ਖ੍ਰੀਦੀ ਸੀ ।
ਜਿਕਰਯੋਗ ਹੈ ਕਿ ਇਸ ਡਾਕੂਮੈਂਟਰੀ ਨੂੰ ਵੇਖਣ ਵਾਲੇ ਜਿਆਦਾਤਾਰ ਯਾਤਰੂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਹੁੰਦੇ ਹਨ ਜੋ ਕਿ ਸ਼ਹਿਰ ਦੇ ਇਤਿਹਾਸ ਤੋਂ ਬਿਲਕੁਲ ਕੋਰੇ ਹੁੰਦੇ ਹਨ।ਸ਼੍ਰੋਮਣੀ ਕਮੇਟੀ ਦੇ ਸੂਤਰਾਂ ਅਨੁਸਾਰ, ਇਸ ਡਾਕੂਮੈਂਟਰੀ ਦੀ ਸਿੱਖ ਧਰਮ ਤੇ ਸ਼ਹਿਰ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਇਸ ਜਾਣਕਾਰੀ ਬਾਰੇ ਪਤਾ ਲੱਗਣ 'ਤੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਸ਼ਿਕਾਇਤ ਰੂਪ ਵਿੱਚ ਪੁੱਜਾ ਜਿਨ੍ਹਾਂ ਨੇ, ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਪਾਸੋਂ ਇਸਦੀ ਬਾਰੀਕੀ ਨਾਲ ਜਾਂਚ ਕਰਵਾਈ ।
ਜਾਣਕਾਰਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਦੇਸ਼ਾਂ ਬਾਅਦ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਇਸ ਡਾਕੂਮੈਂਟਰੀ ਦਾ ਮੁੱਦਾ ਜਲਿਆਂਵਾਲਾ ਬਾਗ ਯਾਦਗਾਰੀ ਕਮੇਟੀ ਅਤੇ ਕੇਂਦਰ ਸਰਕਾਰ ਪਾਸ ਉਠਾਏਗੀ। ਜਿਕਰਯੋਗ ਹੈ ਕਿ ਜਲਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੀ ਵਾਗਡੋਰ ਵੀ ਹਮੇਸ਼ਾਂ ਹੀ ਨਹਿਰੂ ਪ੍ਰੀਵਾਰ ਪਾਸ ਹੀ ਰਹੀ ਹੈ। ਇਹ ਵੀ ਜਿਕਰਯੋਗ ਹੈ ਕਿ ਜਲਿਆਂਵਾਲਾ ਬਾਗ ਦਾ ਇਤਿਹਾਸ ਦਰਸਾਉਣ ਵਾਲੀ ਇਸ ਡਾਕੂਮੈਂਟਰੀ ਦਾ ਨਿਰਮਾਣ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਹੇਠ ਆਉਂਦੇ ਸੌਂਗ ਐਂਡ ਡਰਾਮਾ ਡਵੀਜਨ ਦੁਆਰਾ ਕੀਤਾ ਗਿਆ ਹੈ ।(With Thanks From Khalsa News)