ਅਜੋਕਾ ਗੁਰਮਤਿ ਪ੍ਰਚਾਰ ?” ਭਾਗ 20
“ਗੁਰ ਅਤੇ ਗੁਰੂ ਸ਼ਬਦ ਬਾਰੇ”
ਪਿਛਲੇ ਦਿਨੀਂ ਇੱਕ ਵਿਦਵਾਨ ਸੱਜਣ ਜੀ ਨੇ ਇੱਕ ਲੇਖ ਪਾਇਆ ਸੀ- “ਗੁਰ ਅਤੇ ਗੁਰੂ ਸ਼ਬਦ ਦੀ ਗੁਰਮਤਿ ਅਨੁਸਾਰ ਵਿਚਾਰ”
ਵਿਦਵਾਨ ਜੀ ਲਿਖਦੇ ਹਨ- “ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਅਨੁਸਾਰ ‘ਗੁਰ, ਸਤਗੁਰ, ਗੁਰੁ ਅਤੇ ਸਤਿਗੁਰੁ ਸ਼ਬਦਾਂ ਦੇ ਅਰਥ ਗੁਰੂ ਵਾਲੇ ਹੀ ਹਨ।ਜੋ ਗੁਰਮਤਿ ਅਨੁਸਾਰ ਠੀਕ ਨਹੀਂ ਜਾਪਦੇ।..ਗੁਰਮਤਿ ਨੂੰ ਹੋਰ ਕਿਸੇ ਮਤ ਦੇ ਕੋਸ਼ ਦੀ ਲੋੜ ਨਹੀਂ।ਆਪ ਜੀ ਨੇ ਗੁਰ ਸ਼ਬਦ ਦੇ ਅਰਥ ਗੁਰਬਾਣੀ ਵਿੱਚੋਂ ਖੋਜਣ ਦੀ ਕੋਸ਼ਿਸ਼ ਕੀਤੀ ਤਾਂ ਹੈ, ਪਰ ਇਸ ਵਿੱਚ ਬਹੁਤ ਉਣਤਾਈਆਂ ਹਨ।..
.. ਭਾਈ ਕਾਹਨ ਸਿੰਘ ਜੀ ਨਾਭਾ ਜਾਂ ਆਮ ਸਿੱਖ, ਸ਼ਾਸਤ੍ਰੀ ਭਾਸ਼ਾ ਦੇ ਆਧਾਰ ਤੇ *ਨਾਨਕ ਜੀ ਨੂੰ ਗੁਰੂ ਦੀ ਪਦਵੀ ਬਖਸ਼ ਰਹੇ ਹਨ* ਜੋ ਕਿ ਗੁਰਮਤਿ ਅਨੁਸਾਰ ਗ਼ਲਤ ਹੈ।..
..ਆਪ ਜੀ ਅਨੁਸਾਰ ਨਾਨਕ ਜੀ: ਸ਼੍ਰੀ ‘ਗੁਰੁ’ ਨਾਨਕ ਦੇਵ ਜੀ ਯਾਨੀ ਕਿ ਰਾਮਦਾਸ ਜੀ ‘ਗੁਰੁ’ ਹਨ।ਪਰ-
“ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ॥” (ਗਉੜੀ ਮ: 4 ਪੰਨਾ 172)
ਉਪਰੋਕਤ ਪੰਗਤੀ ਵਿੱਚ ਨਾਨਕ ਜੀ (ਗੁਰ ਰਾਮਦਾਸ ਜੀ) ਤਾਂ ਆਪ ਹੀ ਗੁਰੂ ਸਮਰਪਿਤ ਹੋ ਰਹੇ ਹਨ।ਆਤਮ ਸਮਰਪਣ ਆਪ ਤੋਂ ਵੱਡੀ ਸ਼ਕਤੀ ਨੂੰ ਕੀਤਾ ਜਾਂਦਾ ਹੈ।ਅਤੇ ਆਪ ਜੀ ਦੀ ਖੋਜ ਅਨੁਸਾਰ ਜੇ ਓਹ ਆਪ ਹੀ ਗੁਰੂ ਹਨ।ਫਿਰ ਸਵਾਲ ਇਹ ਹੈ ਕਿ ਓਹ ਆਪਣਾ ਸਿਰ ਕਿਸ ਸਤਿਗੁਰ ਅੱਗੇ ਵੇਚ ਰਹੇ ਹਨ।ਇਸ ਪੰਗਤੀ ਦੀ ਵਿਚਾਰ ਤੋਂ ਇਹ ਸਾਬਿਤ ਹੋ ਜਾਂਦਾ ਹੈ ਆਪ ਜੀ ਨੂੰ (ਭਾਈ ਨਾਭਾ ਜੀ ਨੂੰ) *ਗੁਰ ਸਤਿਗੁਰ ਅਤੇ ਗੁਰੁ ਸ਼ਬਦ* ਬਾਰੇ ਸਪਸ਼ਟਤਾ ਨਹੀਂ।ਪਰ ਆਪ ਜੀ ਦੀ ਇਸ *ਅਧੂਰੀ ਖੋਜ* ਤੋਂ ਇਹ ਅਰਥ ਸਾਰੇ ਸਿੱਖ ਜਗਤ ਵਿੱਚ ਪਰਚਲਤ ਹੋ ਗਏ ਹਨ, ਕਿ ‘ਗੁਰ’ ਸ਼ਬਦ ਦੇ ਅਰਥ ‘ਗੁਰੂ’ ਹੀ ਹਨ।ਇਸ ਦਾ ਗੁਰਮਤਿ ਵਿਚਾਰਧਾਰਾ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਹੁਣ ਵੀ ਹੋ ਰਹਿਆ ਹੈ”।
ਵਿਚਾਰ-
ਵਿਦਵਾਨ ਜੀ ਨੇ ‘ਗੁਰ’ ਅਤੇ ‘ਗੁਰੂ’ ਬਾਰੇ ਤਾਂ ਲੇਖ ਵਿੱਚ ਵਿਚਾਰ ਦਿੱਤੇ ਹਨ ਪਰ ਸਾਫ ਲਫਜ਼ਾਂ ਵਿੱਚ ‘ਗੁਰੁ’ ਬਾਰੇ ਵਿਚਾਰ ਨਹੀਂ ਦਿੱਤੇ।ਪਰ ਉਨ੍ਹਾਂਦੇ ਲੇਖ ਵਿੱਚੋਂ ਸੰਕੇਤ ਮਿਲਦੇ ਹਨ ਕਿ ਉਹ ‘ਗੁਰ’ ਅਤੇ ‘ਗੁਰੁ’ ਨੂੰ ਸਮਾਨਾਰਥਕ ਮੰਨਦੇ ਹਨ।ਜਿਸ ਤਰ੍ਹਾਂ ਕਿ ਵਿਦਵਾਨ ਜੀ ਲਿਖਦੇ ਹਨ:-
“..ਇਸ ਅੱਠ ਪੌੜੀਆਂ ਅਤੇ ਸ਼ਲੋਕਾਂ ਤੋਂ ਰਹਤ, ਵਾਰ ਵਿੱਚ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਅਨੇਕਾਂ ਥਾਵਾਂ ਤੇ ‘ਗੁਰੁ’ ਅਤੇ ‘ਗੁਰੂ’ ਸ਼ਬਦਾਂ ਦੀ ਵਰਤੋਂ ਕੀਤੀ ਹੈ।ਅਤੇ ਤਿੰਨ ਪਾਵਨ ਮਹੱਲੇਆਂ (2, 3, 4) ਦੇ ਨਾਮ ਨਾਲ ਕੇਵਲ ਗੁਰ ਸ਼ਬਦ ਅਤੇ ਮਹੱਲਾ 5 ਨਾਲ ਸਤਿਗੁਰ ਸ਼ਬਦ ਦੀ ਵਰਤੋਂ ਕੀਤੀ ਹੈ।ਜਿਵੇਂ ਕਿ ‘ਗੁਰ ਅੰਗਦ, ਗੁਰੁ ਅਮਰੁ, ਰਾਮਦਾਸ ਗੁਰੁ; ਪਰ “ਗੁਰੂ” ਸ਼ਬਦ ਨਹੀਂ ਵਰਤਿਆ”।
ਵਿਚਾਰ- ਸੋ ਇੱਥੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਿਦਵਾਨ ਜੀ ‘ਗੁਰ’ ਅਤੇ ‘ਗੁਰੁ’ ਨੂੰ ਤਾਂ ਸਮਾਨ-ਅਰਥਕ ਮੰਨਦੇ ਹਨ, ਅਤੇ ‘ਗੁਰੂ’ ਨੂੰ ਵੱਖਰੇ ਅਰਥਾਂ ਵਿੱਚ । ‘ਗੁਰ’ ਅਤੇ ‘ਗੁਰੂ’ ਦੇ ਅਰਥਾਂ ਦਾ ਫਰਕ ਸਮਝਾਂਦੇ ਹੋਏ ਵਿਦਵਾਨ ਜੀ ਲਿਖਦੇ ਹਨ:-
“ਬਾਣੀ ਭੇਜਣ ਵਾਲਾ ਗੁਰੂ (ਸ਼ਬਦ ਗੁਰੂ, ਹੁਕਮ) ਹੈ।ਅਤੇ ਜੀਵਾਂ ਨੂੰ ਇਹ ਗੁਰਬਾਣੀ ਅੱਖਰਾਂ ਦੇ ਰੂਪ ਵਿੱਚ ਦੱਸਣ ਵਾਲਾ ‘ਗੁਰ’ ਹੁੰਦਾ ਹੈ”।
ਵਿਚਾਰ- ਵਿਦਵਾਨ ਜੀ ਨੇ ਇਹ ਤਾਂ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਕਿ ਬਾਣੀ ਭੇਜਣ ਵਾਲਾ ਗੁਰੂ ਅਤੇ ਉਸ ਬਾਣੀ ਨੂੰ ਅੱਖਰਾਂ ਵਿੱਚ ਸਮਝਾਣ ਵਾਲਾ 'ਗੁਰ' ਹੁੰਦਾ ਹੈ।ਪਰ ਇਹ ਚਾਨਣਾ ਨਹੀਂ ਪਾਇਆ ਕਿ, ਕੀ ਦਰਜਾ-ਵਾਰ ਜਾਂ ਮਹਾਨਤਾ ਆਦਿ ਪੱਖੋਂ ‘ਗੁਰ / ਗੁਰੁ’ ਅਤੇ ‘ਗੁਰੂ’ ਵਿੱਚੋਂ ਕੋਈ ਛੋਟਾ-ਵਡਾ ਵੀ ਹੈ, ਜਾਂ ਬਰਾਬਰ ਹੀ ਹਨ? ਪਰ ਇਸ ਗੱਲ ਦਾ ਵੀ ਅੰਦਾਜਾ ਇਨ੍ਹਾਂ ਦੀ ਲਿਖਤ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ‘ਗੁਰ’ ਅਤੇ ‘ਗੁਰੂ’ ਨੂੰ ਮਹਾਨਤਾ ਪੱਖੋਂ ਬਰਾਬਰ ਨਹੀਂ ਮੰਨਦੇ, ਕਿਉਂਕਿ ਜੇ ਬਰਾਬਰ ਮੰਨਦੇ ਤਾਂ ਵਿਦਵਾਨ ਜੀ ਨੂੰ ਇਹ ਲੇਖ ਲਿਖਣ ਦੀ ਲੋੜ ਹੀ ਨਹੀਂ ਸੀ ਪੈਣੀ।ਅਤੇ ਦੂਸਰੀ ਗੱਲ, ਉਨ੍ਹਾਂਦੀ ਲਿਖਤ ਤੋਂ ਇਹ ਵੀ ਅੰਦਾਜਾ ਲੱਗਦਾ ਹੈ ਕਿ ਵਿਦਵਾਨ ਜੀ 'ਗੁਰ / ਗੁਰੁ' ਨੂੰ ਮਹਾਨਤਾ ਪੱਖੋਂ 'ਗੁਰੂ' ਨਾਲੋਂ ਛੋਟਾ ਮੰਨਦੇ ਹਨ।ਜਿਵੇਂ ਕਿ ਵਿਦਵਾਨ ਜੀ ਲਿਖਦੇ ਹਨ:-
“ਜਦੋਂ ਗੁਰਮਤਿ ਨਾਨਕ ਜੀ ਨੂੰ ਗੁਰੂ ਹੋਣ ਦਾ **ਮਾਣ ਨਹੀਂ ਬਖਸ਼ ਰਹੀ** ਤਾਂ ਭਾਈ ਕਾਹਨ ਸਿੰਘ ਜੀ ਨਾਭਾ ਜਾਂ ਆਮ ਸਿੱਖ, ਕੇਵਲ ਸ਼ਾਸਤ੍ਰੀ ਭਾਸ਼ਾ ਦੇ ਆਧਾਰ ਤੇ ਨਾਨਕ ਜੀ ਨੂੰ **ਗੁਰੂ ਦੀ ਪਦਵੀ ਬਖਸ਼ ਰਹੇ ਹਨ** ਜੋ ਕਿ ਗੁਰਮਤਿ ਅਨੁਸਾਰ ਗ਼ਲਤ ਹੈ”।
ਵਿਚਾਰ- ਪਦਵੀ, ਮਹਾਨਤਾ ਅਤੇ **ਮਾਣ ਬਖਸ਼ਣ** ਬਾਰੇ ਗੁਰਬਾਣੀ ਫੁਰਮਾਨ ਦੇਖੋ:-
“ਰਾਮ’ ‘ਸੰਤ’ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ॥” (ਪੰਨਾ-208)
“ਨਾਨਕ ‘ਸਾਧ’ ‘ਪ੍ਰਭ’ ਭੇਦੁ ਨ ਭਾਈ॥” (ਪੰਨਾ- 272)
“ਭੇਦੁ ਨ ਜਾਣਹੁ ਮੂਲਿ ‘ਸਾਂਈ ਜੇਹਿਆ’॥” (ਪੰਨਾ-397)
“ਹਰਿ ਕਾ ‘ਸੇਵਕੁ’ ਸੋ ‘ਹਰਿ ਜੇਹਾ’॥ ਭੇਦੁ ਨ ਜਾਣਹੁ ਮਾਣਸ ਦੇਹਾ॥” (ਪੰਨਾ-1076)
“ਨਾਮੇ’ ‘ਨਾਰਾਇਨ’ ਨਾਹੀ ਭੇਦੁ॥” (ਪੰਨਾ-1166)
“ਪਾਰਬ੍ਰਹਮ’ *ਗੁਰ* ਨਾਹੀ ਭੇਦੁ॥” (ਪੰਨਾ-1142)
“*ਗੁਰ* ਗੋਵਿੰਦੁ’ ‘ਗੁੋਵਿੰਦ ਗੁਰੂ ਹੈ’ ਨਾਨਕ ਭੇਦੁ ਨ ਭਾਈ॥” (ਪੰਨਾ-442)
ਇਨ੍ਹਾਂ ਦੋ ਪੰਗਤੀਆਂ ਵਿੱਚ ਸਾਫ ਲਿਖਿਆ ਹੈ ਕਿ ‘ਪਾਰਬ੍ਰਹਮ’ ਅਤੇ *ਗੁਰੁ* ਵਿੱਚ ਕੋਈ ਭੇਦ/ਫਰਕ ਨਹੀਂ ਹੁੰਦਾ।‘ਗੁਰ’ ਸ਼ਬਦ ਵੱਲ ਖਾਸ ਧਿਆਨ ਦਿੱਤਾ ਜਾਵੇ।ਗੁਰਬਾਣੀ ਤਾਂ ‘ਗੁਰੂ’ ਅਤੇ ‘ਪਰਮਾਤਮਾ’ ਵਿੱਚ ਕੋਈ ਭੇਦ ਨਹੀਂ ਮੰਨਦੀ-
“ਵਡਭਾਗੀ ਹਰਿ ਸੰਤੁ ਮਿਲਾਇਆ॥” (ਪੰਨਾ-95)।
“ਭਾਗੁ ਹੋਆ ਗੁਰਿ ਸੰਤੁ ਮਿਲਾਇਆ॥”(ਪੰਨਾ-97)।
ਇਨ੍ਹਾਂ ਦੋ ਉਦਾਹਰਣਾਂ ਵਿੱਚੋਂ ਪਹਿਲੀ ਵਿੱਚ “ਸੰਤ” ਸ਼ਬਦ ‘ਗੁਰੂ’ ਲਈ ਵਰਤਿਆ ਗਿਆ ਹੈ ਅਤੇ ਦੂਸਰੀ ਵਿੱਚ “ਪਰਮਾਤਮਾ” ਲਈ।
ਪਰ ਵਿਦਵਾਨ ਜੀ ਆਪਣੀਆਂ ਹੀ ਘੜੀਆਂ ਕੱਚੀਆਂ ਜਿਹੀਆਂ ਦਲੀਲਾਂ ਦੇ ਆਧਾਰ ਤੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਜੀ ਵਰਗੇ ਵਿਦਵਾਨਾਂ ਦੀ ਵਿਦਵਤਾ ਨੂੰ ਚੈਲੇਂਜ ਕਰ ਰਹੇ ਹਨ ਅਤੇ ਬਾਰ ਬਾਰ “ਸ਼ਾਸਤ੍ਰੀ ਭਾਸ਼ਾ’ ਵਰਗੇ ਲਫਜ ਵਰਤ ਕੇ, ਉਨ੍ਹਾਂ ਪ੍ਰਤੀ ਸਿੱਖਾਂ ਦੇ ਮਨਾਂ ਵਿੱਚ ਨਫਰਤ ਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵਿਦਵਾਨ ਜੀ ਭਾਈ ਕਾਹਨ ਸਿੰਘ ਨਾਭਾ ਜੀ ਬਾਰੇ ਲਿਖਦੇ ਹਨ:- “ਸਾਬਿਤ ਹੋ ਜਾਂਦਾ ਹੈ ਆਪ ਜੀ ਨੂੰ *ਗੁਰ ਸਤਿਗੁਰ ਅਤੇ ਗੁਰੁ ਸ਼ਬਦ* ਬਾਰੇ ਸਪਸ਼ਟਤਾ ਨਹੀਂ”।
ਪਰ ਆਪਣੀ ਇਸ ਤੋਂ ਪਹਿਲੀ ਲਿਖਤ ਵਿੱਚ ਲਿਖਦੇ ਹਨ:- “ਗੁਰਬਾਣੀ ਵਿਆਕਰਣੀ ਨੇਮਾਂ ਅਨੁਸਾਰ ‘ਗੁਰੂ’ ਸ਼ਬਦ *ਬਹੁਵਚਨ* ਦਾ ਸੂਚਕ ਹੈ”। ਆਪਣੀ ਇਸ ਪਹਿਲੀ ਲਿਖਤ ਦਾ ਖੁਦ ਹੀ ਖੰਡਣ ਕਰਦੇ ਹੋਏ ਨਵੀਂ ਲਿਖਤ ਵਿੱਚ ਲਿਖਦੇ ਹਨ:-
‘ਬਾਣੀ ਭੇਜਣ ਵਾਲਾ ‘ਗੁਰੂ’ ਅਤੇ ਉਸ ਬਾਣੀ ਨੂੰ ਅਖਰਾਂ ਵਿੱਚ ਸਮਝਾਣ ਵਾਲਾ ‘ਗੁਰ / ਗੁਰੁ’ ਹੁੰਦਾ ਹੈ’।
ਵਿਦਵਾਨ ਜੀ ਦੀ ਇਸ ਨਵੀਂ ਖੋਜ ਸੰਬੰਧੀ ਹੇਠਾਂ ਕੁਝ ਗੁਰਬਾਣੀ ਉਦਹਰਣਾਂ ਦਿੱਤੀਆਂ ਜਾ ਰਹੀਆਂ ਹਨ, ਜਿਹੜੀਆਂ ਵਿਦਵਾਨ ਜੀ ਦੀ ਬੇ-ਬੁਨਿਆਦ ਫਲੌਸਫੀ ਅਤੇ ਗਿਆਨ ਨੂੰ ਮੁੱਢੋਂ ਰੱਦ ਕਰਦੀਆਂ ਹਨ:-
“ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ *ਗੁਰੁ* ਮਿਲਿਆ ਸੋਈ ਜੀਉ॥” (ਮ:1- ਪੰਨਾ- 599)
ਸਵਾਲ- ਗੁਰੂ ਨਾਨਕ ਦੇਵ ਜੀ ਨੂੰ ਪਰਮੇਸਰੁ ‘ਗੁਰੂ’ ਮਿਲਿਆ ਜਾਂ ਧੁਰੋਂ ਆਈ ਬਾਣੀ ਨੂੰ *ਅੱਖਰਾਂ ਵਿੱਚ ਸਮਝਾਉਣ ਵਾਲਾ* *ਗੁਰੁ* ਮਿਲਿਆ?
“ਬਲਿਹਾਰੀ *ਗੁਰ* ਆਪਣੇ ਦਿਉਹਾੜੀ ਸਦਵਾਰ॥” (ਮ:1 ਪੰਨਾ-462)
(ਗੁਰੂ ਨਾਨਕ ਦੇਵ ਜੀ ਧੁਰੋਂ ਆਈ ਬਾਣੀ ਨੂੰ ਅੱਖਰਾਂ ਵਿੱਚ ਸਮਝਾਣ ਵਾਲੇ ਕਿਹੜੇ *ਗੁਰ* ਤੋਂ ਬਲਿਹਾਰੀ ਜਾਂਦੇ ਹਨ?)
“ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ॥” (ਮ:1 ਪੰਨਾ-152)
ਧੁਰੋਂ ਆਈ ਬਾਣੀ ਨੂੰ ਅੱਖਰਾਂ ਵਿੱਚ ਸਮਝਾਣ ਵਾਲੇ ਕਿਹੜੇ *ਗੁਰ* ਨੇ ਗੁਰੂ ਨਾਨਕ ਸਾਹਿਬ ਨੂੰ ਬ੍ਰਹਮ ਦਿਖਾਇਆ?
“ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ॥” (ਮ:1 ਪੰਨਾ-55)
ਧੁਰੋਂ ਆਈ ਬਾਣੀ ਨੂੰ ਅੱਖਰਾਂ ਵਿੱਚ ਸਮਝਾਣ ਵਾਲੇ ਕਿਹੜੇ *ਸਤਿਗੁਰ* ਨੇ ਗੁਰੂ ਨਾਨਕ ਸਾਹਿਬ ਨੂੰ ਹਰ ਥਾਂ ਤੇ ਉਹ ਏਕੁ (ਪਰਮਾਤਮਾ) ਦਿਖਾਇਆ?
ਹੋਰ ਦੇਖੋ ਗੁਰੂ, ਸਤਿਗੁਰੂ, ਜਿਸ ਨੂੰ ਕਿ ਵਿਦਵਾਨ ਜੀ ਮੁਤਾਬਕ ‘ਗੁਰ ਜਾਂ ਸਤਿਗੁਰ’ ਲਿਖਿਆ ਹੋਣਾ ਚਾਹੀਦਾ ਸੀ:-
“*ਸਤਿਗੁਰੂ* ਨੋ ਅਪੜਿ ਕੋਇ ਨ ਸਕਈ ਜਿਸੁ ਵਲਿ *ਸਿਰਜਣ ਹਾਰਿਆ*॥” (ਪੰਨਾ-312)
(ਅਰਥ- ‘ਸਤਿਗੁਰੂ’ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ‘ਸਿਰਜਨਹਾਰ’ ਉਸ ਦੇ ਵੱਲ ਹੈ)
“*ਸਤਿਗੁਰੂ ਕਾ* ਰਖਣਹਾਰਾ *ਹਰਿ* ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ॥” (ਪੰਨਾ-312)
ਸਤਿਗੁਰੂ ਨੂੰ ਰੱਖਣਹਾਰਾ ਹਰਿ।
“*ਵਿਸਟੁ ਗੁਰੂ* ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ॥” (ਸਲੋਕ ਮ:4, ਪੰਨਾ-313)
ਵਿਸਟ ਗੁਰੂੁ= ਵਿਚੋਲਾ ਗੁਰੂ। ਸਵਾਲ- ਪਰਮਾਤਮਾ ਵਿਚੋਲਾ ਜਾਂ ਅਮਰਦਾਸ ਗੁਰੂ ਵਿਚੋਲਾ?
“*ਹਰਿ ਕੀਆ* ਕਥਾ ਕਹਾਣੀਆ ਮੇਰੇ ਪਿਆਰੇ *ਸਤਿਗੁਰੂ* ਸੁਣਾਈਆ॥” (ਪੰਨਾ-452)
ਮੈਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣਾਈਆਂ ਹਨ।
“ਨਾਮਿ ਰਤਾ *ਸਤਿਗੁਰੂ* ਹੈ ਕਲਿਜੁਗ ਬੋਹਿਥੁ ਹੋਇ॥” (ਪੰਨਾ-552)
ਸਤਿਗੁਰੂ, ਪ੍ਰਭੂ ਦੇ ਨਾਮ ਵਿੱਚ ਰੰਗਿਆ ਹੋਇਆ ਹੁੰਦਾ ਹੈ..।
“*ਹਰਿ* ਕਰਿ ਕਿਰਪਾ *ਸਤਗੁਰੂ* ਮਿਲਾਇਆ॥” (ਮ:4 ਪੰਨਾ-559)
ਪਰਮਾਤਮਾ ਨੇ ਕਿਰਪਾ ਕਰਕੇ (ਅੰਗਦ ਦੇਵ) ਗੁਰੂ ਮਿਲਾ ਦਿੱਤਾ।
“ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ *ਗੁਰੂ ਕਾ ਪਿਤਾ ਮਾਤਾ*॥” (ਪੰਨਾ-592)
ਧੰਨ ਹੈ ਉਸ ਪਰਉਪਕਾਰੀ *ਸਤਿਗੁਰੂ ਦਾ ਮਾਂ ਪਿਉ*, ਜਿਸ ਗੁਰੂ ਨੇ ਸਾਨੂੰ ਨਾਮ ਬਖਸ਼ਿਆ।
“ਹਉ ਵਾਰਿਆ ਅਪਣੇ *ਗੁਰੂ* ਕਉ ਜਿਨਿ ਮੇਰਾ *ਹਰਿ* ਸਜਣੁ ਮੇਲਿਆ ਸੈਣੀ॥” (ਮ:4 ਪੰਨਾ-652)
ਮੈਂ ਆਪਣੇ (ਅਮਰ ਦਾਸ) ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸਨੇ ਪ੍ਰਭੂ ਸਾਥੀ ਮਿਲਾ ਦਿੱਤਾ।
“ਸਤਿਗੁਰੂ* ਕੀ ਬੇਨਤੀ ਪਾਈ *ਹਰਿ ਪ੍ਰਭਿ* ਸੁਣੀ ਅਰਦਾਸਿ ਜੀਉ॥” (ਬਾਬਾ ਸੁੰਦਰ ਜੀ- ਪੰਨਾ-923)
ਸਤਿਗੁਰੂ (ਅਮਰਦਾਸ ਜੀ) ਦੀ ਕੀਤੀ ਬੇਨਤੀ, ਅਰਦਾਸ ਅਕਾਲਪੁਰਖ ਨੇ ਸੁਣ ਲਈ।
“ਗੁਰ ਕੀ ਚਾਲ ਗੁਰੂ ਤੇ ਜਾਪੈ॥” (ਪੰਨਾ-1045)
‘ਗੁਰ’/ਗੁਰੂ ਵਾਲੀ ਜੀਵਨ ਜੁਗਤੀ ਗੁਰੂ ਤੋਂ ਹੀ ਸਿੱਖੀ ਜਾ ਸਕਦੀ ਹੈ।ਇੱਕੋ ਹਸਤੀ ਨੂੰ ‘ਗੁਰ’ ਅਤੇ ‘ਗੁਰੂ’ ਕਿਹਾ ਗਿਆ ਹੈ।
ਲੇਖਕ ਜੀ ਮੁਤਾਬਕ “ਗੁਰੂ” ਸ਼ਬਦ ਬਾਣੀ ਭੇਜਣ ਵਾਲੇ (ਪਰਮਾਤਮਾ) ਲਈ ਹੀ ਵਰਤਿਆ ਗਿਆ ਹੈ।ਪਰ ਗੁਰਬਾਣੀ ਫੁਰਮਾਨ ਦੇਖੋ:-
“*ਗੁਰੂ* ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥” (ਪੰਨਾ-951)
“ਅੰਧੇ *ਗੁਰੂ* ਤੇ ਭਰਮੁ ਨ ਜਾਈ॥ਮੂਲੁ ਛੋਡਿ ਲਾਗੇ ਦੂਜੈ ਭਾਇ॥” (ਪੰਨਾ-232)
“*ਗੁਰੂ* ਜਿਨਾ ਕਾ ਅੰਧੁਲਾ ਚੇਲੇ ਨਾਹਿ ਠਾਉ॥” (ਪੰਨਾ-58)
ਜੇ *ਗੁਰੂ* ਸ਼ਬਦ ਧੁਰੋਂ ਬਾਣੀ ਭੇਜਣ ਵਾਲੇ ਲਈ ਲਿਖਿਆ ਹੈ ਤਾਂ ਕੀ ਉਹ ਅੰਧਾ ਵੀ ਹੋ ਸਕਦਾ ਹੈ?
“ਕਬੀਰ ਮਾਇ ਮੂਡਉ ਤਿਹ *ਗੁਰੂ* ਕੀ ਜਾ ਤੇ ਭਰਮੁ ਨ ਜਾਇ॥” (ਪੰਨਾ-1369)
ਕੀ ਧੁਰੋਂ ਬਾਣੀ ਭੇਜਣ ਵਾਲੇ ‘ਗੁਰੂ’ ਦੀ ਮਾਂ ਦਾ ਸਿਰ ਮੁੰਨ ਦੇਣ ਲਈ ਕਿਹਾ ਹੈ?
“ਕਬੀਰ ਬਾਮਨੁ *ਗੁਰੂ* ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥” (ਪੰਨਾ-1377)
ਕੀ ‘ਬ੍ਰਹਮਣ’ ਧੁਰੋਂ ਬਾਣੀ ਭੇਜਣ ਵਾਲਾ ‘ਗੁਰੂ’ ਹੈ?
ਹੋਰ ਦੇਖੋ, ਪਰਮਾਤਮਾ ਲਈ ਸ਼ਬਦ ‘ਗੁਰ / ਗੁਰੁ’
“ਖੋਟੇ ਪੋਤੈ ਨਾ ਪਵਹਿ ਤਿਨ *ਹਰਿ ਗੁਰ* ਦਰਸੁ ਨ ਹੋਇ॥” (ਪੰਨਾ-23)
“ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥
*ਗੁਰੁ ਪਰਮੇਸਰੁ ਪਾਰਬ੍ਰਹਮੁ* ਗੁਰੁ ਡੁਬਦਾ ਲਏ ਤਰਾਇ॥” (ਪੰਨਾ-49)
ਧੁਰੋਂ ਆਈ ਬਾਣੀ ਨੂੰ ਅਖਰਾਂ’ਚ ਸਮਝਾਣ ਵਾਲਾ ‘ਗੁਰੁ’ ਸਭ’ਚ ਸਮਾਇਆ ਹੋਇਆ ਹੈ? ਕੀ ਅੱਖਰਾਂ’ਚ ਬਾਣੀ ਸਮਝਾਣ ਵਾਲਾ ‘ਗੁਰੁ’ ਪਰਮੇਸਰੁ, ਪਾਰਬ੍ਰਹਮ ਹੈ?
“ਗੁਰੁ ਪਰਮੇਸੁਰੁ’ ਪੂਜੀਐ ਮਨਿ ਤਨਿ ਲਾਇ ਪਿਆਰੁ॥” (ਪੰਨਾ-52)
ਆਪਣੇ ਪੱਖ ਨੂੰ ਮਜਬੂਤੀ ਦੇਣ ਲਈ ਅਤੇ ਆਪਣੀ ਵਿਆਕਰਣ-ਵਿਦਵਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਵਾਨ ਜੀ ਲਿਖਦੇ ਹਨ:-
“...ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰ॥”
“ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥” ...
... ਦੋਵਾਂ ਥਾਵਾਂ ਤੇ ‘ਗੁਰੂ’ ਸ਼ਬਦ “ਸ਼ਬਦ ਗੁਰੂ” ਜਾਂ “ਹੁਕਮ” ਵੱਲ ਇਸ਼ਾਰਾ ਕਰਦਾ ਹੈ।ਪ੍ਰਮਾਣ ਵਜੋਂ ਸ਼ਬਦ ‘ਅਰਜਨ’ ਦਾ ‘ਮੁਕਤਾ ਹੋਣਾ’, ਗੁਰਬਾਣੀ ਵਿਆਕਰਣ ਅਨੁਸਾਰ ਤਖ਼ਤ ਉੱਤੇ ਅਰਜਨ ਦੇਵ ਜੀ *ਦੇ* ਗੁਰੂ ਦੇ ਅਰਥ ਦੇਂਦਾ ਹੈ।ਯਾਨੀ ਸ਼ਬਦ ਗੁਰੂ (ਹੁਕਮ) ਵੱਲ ਇਸ਼ਾਰਾ ਕਰਦਾ ਹੈ।ਉਹ ਹੁਕਮ ਰੂਪ ਵਿੱਚ ਬੈਠ ਕੇ ਰਾਜ ਚਲਾ ਰਿਹਾ ਹੈ।ਅਰਜਨ ਦੇਵ ਜੀ ਤਾਂ *ਸਤਿਗੁਰ* ਹਨ, ਜਿਨ੍ਹਾਂ ਦਾ ਗਿਆਨ ਸਰੂਪੀ ਚੰਦੋਆ ਸ਼ਬਦ ਗੁਰੂ ਦੀ ਬਦੌਲਤ ਓਨਾਂ ਦੇ ਹਿਰਦੇ ਅੰਦਰ ਚਮਕ ਪੈਦਾ ਕਰ ਰਹਿਆ ਹੈ”।
ਵਿਚਾਰ- ‘ਅਰਜੁਨ’ ਮੁਕਤਾ ਅੰਤ ਹੋਣ ਸੰਬੰਧੀ ਗੁਰਬਾਣੀ ਦੇ ਕੁਝ ਪਰਮਾਣ ਦੇਖੋ:-
“ਕਲਜੁਗਿ ਜਹਾਜੁ *ਅਰਜੁਨੁ ਗੁਰੂ* ਸਗਲ ਸ੍ਰਿਸਿ† ਲਗਿ ਬਿਤਰਹੁ॥” (ਪੰਨਾ-1408)
ਇੱਥੇ ‘ਅਰਜੁਨੁ’ ਮੁਕਤਾ ਅੰਤ ਨਹੀਂ ਇਸ ਦਾ ਮਤਲਬ ਵਿਦਵਾਨ ਜੀ ਦੀ ਘੜੀ ਵਿਆਕਰਣ ਅਨੁਸਾਰ ਵੀ ਅਰਥ ਅਰਜੁਨੁ *ਦਾ* ਗੁਰੂ ਨਾ ਹੋ ਕੇ *ਅਰਜੁਨੁ ਗੁਰੂ* ਬਣਿਆ।
“*ਰਾਮਦਾਸੁ ਗੁਰੂ* ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ॥” (1400)
‘ਰਾਮਦਾਸੁ’ ਮੁਕਤਾ ਅੰਤ ਨਹੀਂ ਇਸ ਦਾ ਮਤਲਬ ਵਿਦਵਾਨ ਜੀ ਦੀ ਘੜੀ ਵਿਆਕਰਣ ਅਨੁਸਾਰ ਵੀ ਅਰਥ ਰਾਮਦਾਸੁ *ਦਾ* ਗੁਰੂ ਨਾ ਹੋ ਕੇ *ਰਾਮਦਾਸੁ ਗੁਰੂ* ਬਣਿਆ।
ਵਿਦਵਾਨ ਜੀ ਲਿਖਦੇ ਹਨ:- “ਗੁਰਮਤਿ ਨੂੰ ਹੋਰ ਕਿਸੇ ਮਤ ਦੇ ਕੋਸ਼ ਦੀ ਲੋੜ ਨਹੀਂ”।
ਵਿਚਾਰ- ਵਿਦਵਾਨ ਜੀ ਦੱਸਣ ਦੀ ਖੇਚਲ ਕਰਨਗੇ ਕਿ ਜੇ ‘ਮਹਾਨ ਕੋਸ਼’ ਹੋਰ ਮੱਤ (ਸ਼ਾਸਤ੍ਰੀ ਮੱਤ) ਦਾ ਕੋਸ਼ ਹੈ, ਤਾਂ ਜੇ ਕਿਸੇ ਸੱਜਣ ਨੂੰ ਗੁਰਬਾਣੀ ਦੇ ਅਰਥ ਸਮਝਣ ਦੀ ਜਰੂਰਤ ਪਵੇ ਤਾਂ ਕਿੱਥੋਂ ਸਹਾਇਤਾ ਲਵੇ?
ਬੇਨਤੀ:- ਸੰਬੰਧਤ ਵਿਦਵਾਨ ਲੇਖਕ ਜੀ! ਇਸ ਸਾਇਟ ਦੀਆਂ ਨਿਰਧਾਰਿਤ ਕੀਤੀਆਂ ਗਈਆਂ ਨੀਤੀਆਂ ਦਾ ਪਾਸ ਰੱਖਦੇ ਹੋਏ ਇੱਥੇ ਆਪ ਜੀ ਦਾ ਨਾਮ ਨਹੀਂ ਲਿਖਿਆ ਗਿਆ।ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਗੁਰਬਾਣੀ/ ਗੁਰਮਤਿ ਸੰਬੰਧੀ ਬਹੁਤ ਭੁਲੇਖੇ ਪਏ ਹੋਏ ਹਨ।ਆਪ ਜੀ ਨੇ ਪਹਿਲਾਂ ਵੀ ਇੱਕ ਲੇਖ ਲਿਖਿਆ ਸੀ।ਜਿਸ ਸੰਬੰਧੀ ਮੈਂ ਆਪਣੇ ਵਿਚਾਰ ਇਸ ਸਾਇਟ ਤੇ ਪਾਏ ਸਨ ਜਿਸ ਦਾ ਲਿੰਕ ਹੈ-
http://www.thekhalsa.org/frame.php?path=340&article=2093
ਮੈਂ ਆਪਣੇ ਉਸ ਲੇਖ ਦੇ ਅਖੀਰ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਲੇਖ ਬਾਰੇ ਆਪਣੇ ਵਿਚਾਰ ਜ਼ਰੂਰ ਦੇਣੇ।ਸ਼ਾਇਦ ਕਿਸੇ ਕਾਰਣ ਤੁਸੀਂ ਮੇਰਾ ਉਹ ਲੇਖ ਪੜ੍ਹ ਨਹੀਂ ਸਕੇ ਹੋਵੋਗੇ।ਹੁਣ ਆਪ ਜੀ ਅੱਗੇ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਦੇ ਲੇਖਾਂ ਤੋਂ ਜੋ ਸਵਾਲ ਪੈਦਾ ਹੋਏ ਹਨ ਉਨ੍ਹਾਂ ਬਾਰੇ ਸ਼ੰਕੇ ਜਰੂਰ ਨਿਵਿਰਤ ਕਰ ਦੇਣੇ ਜੀ ਤਾਂ ਕਿ ਗੁਰਮਤਿ /ਗੁਰਬਾਣੀ ਸੰਬੰਧੀ ਹੋਰ ਭੁਲੇਖੇ ਨਾ ਪੈਣ।ਮੇਰੇ ਲੇਖਾਂ ਸੰਬੰਧੀ ਆਪ ਜੀ ਦੇ ਕੋਈ ਸਵਾਲ ਹੋਣ ਤਾਂ ਉਹ ਵੀ ਦੱਸ ਦੇਣੇ ਤਾਂ ਕਿ ਆਪਸੀ ਵਿਚਾਰ ਵਟਾਂਦਰੇ ਦੇ ਜਰੀਏ ਭੁਲੇਖੇ ਦੂਰ ਕੀਤੇ ਜਾ ਸਕਣ।ਧੰਨਵਾਦ।
ਜਸਬੀਰ ਸਿੰਘ ਵਿਰਦੀ 07-01-2014