ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਨਿਰਮਲ ਸਿੰਘ ਕੰਧਾਲਵੀ
ਜਾਦੂ ਮੰਤਰਾਂ ਨਾਲ਼ ਲੋਕਾਂ ਦੀਆਂ ਦੁਖ ਤਕਲੀਫ਼ਾਂ ਦੂਰ ਕਰਨ ਵਾਲੇ ਇੰਗਲੈਂਡ ਦੇ ਮਸ਼ਹੂਰ ਠੱਗ ਨਈਮ ਮੁਹੰਮਦ ਨੂੰ 18 ਮਹੀਨਿਆਂ ਦੀ ਕੈਦ ਦੇ ਨਾਲ਼ ਹੀ ਅਦਾਲਤ ਵਲੋਂ ਪੈਂਤੀ ਹਜ਼ਾਰ ਪੌਂਡ ਵੀ ਵਾਪਿਸ ਕਰਨ ਦਾ ਹੁਕਮ ਸੁਣਾਇਆ ਗਿਆ ਹੈ, ਹਾਲਾਂਕਿ ਇਸ ਠੱਗ ਨੇ ਧੋਖੇ ਦੇ ਇਸ ਧੰਦੇ ‘ਚੋਂ ਅੱਠ ਲੱਖ ਪੌਂਡ ਤੋਂ ਵਧੇਰੇ ਕਮਾਇਆ ਹੈ। ਠੱਗੀ ਦਾ ਪੈਸਾ ਵਸੂਲਣ ਵਾਲ਼ੇ ਕਾਨੂੰਨ ਅਧੀਨ ਕੇਸ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਕਿਵੇਂ ਨਈਮ ਨੇ ਆਪਣਾ ਦਿਵਾਲਾ ਕੱਢ ਦਿਤਾ ਸੀ ਤੇ ਹੁਣ ਉਸ ਤੋਂ ਹੋਰ ਵਧੇਰੇ ਰਕਮ ਵਸੂਲਣੀ ਮੁਸ਼ਕਿਲ ਸੀ। ਅੱਠ ਲੱਖ ਤਾਂ ਸਿਰਫ਼ ਉਹੀ ਰਕਮ ਹੈ ਜੋ ਕਿ ਪੁਲਿਸ ਦੇ ਲੇਖੇ ‘ਚ ਆਈ ਹੈ, ਜਿਹੜੀ ਰਕਮ ਖੁਰਦ-ਬੁਰਦ ਕੀਤੀ ਗਈ ਹੋਵੇਗੀ ਉਹ ਪਤਾ ਨਹੀਂ ਕਿੰਨੀ ਹੋਵੇਗੀ।
ਜੱਜ ਨੇ ਕਿਹਾ ਕਿ ਜੇ ਨਈਮ ਇਹ ਰਕਮ ਅਦਾ ਨਹੀਂ ਕਰਦਾ, ਤਾਂ ਉਸ ਨੂੰ 15 ਮਹੀਨੇ ਹੋਰ ਜੇਹਲ ਵਿਚ ਰਹਿਣਾ ਪਵੇਗਾ। ਚਾਰ ਬੱਚਿਆਂ ਦਾ ਬਾਪ ਨਈਮ ਲੋਕਾਂ ਦੀਆਂ ਤਕਲੀਫ਼ਾਂ ਤੇ ਦੁਖਾਂ ਨੂੰ ਦੂਰ ਕਰਨ ਦੇ ਦਾਅਵਿਆਂ ਦੇ ਵੱਡੇ ਵੱਡੇ ਇਸ਼ਤਿਹਾਰ ਅਖ਼ਬਾਰਾਂ, ਰਿਸਾਲਿਆਂ ਅਤੇ ਟੈਲੀਵੀਯਨ ‘ਤੇ ਦਿੰਦਾ ਸੀ। ਇਕ ਜੋੜੇ ਤੋਂ ਇਸ ਠੱਗ ਨੇ ਬੱਚਾ ਹੋਣ ਦੇ ਉਪਾਅ ਲਈ ਪੰਦਰਾਂ ਹਜ਼ਾਰ ਪੌਂਡ ਦੀ ਠੱਗੀ ਮਾਰੀ। ਇਕ ਹੋਰ ਗਾਹਕ ਨੂੰ ਇਸ ਨੇ ਲਾਰਾ ਲਾਇਆ ਉਹ ਉਸ ਦੇ ਵਿਛੜੇ ਪੁੱਤਰ ਨਾਲ਼ ਮਿਲਾ ਦੇਵੇਗਾ। ਲੋਕਾਂ ਨੂੰ ਫਸਾਉਣ ਲਈ ਇਹ ਪਹਿਲਾਂ 50 ਪੌਂਡ ਫ਼ੀਸ ਮੰਗਦਾ ਸੀ ਤੇ ਫਿਰ ਇਹਦੀਆਂ ਤਿਕੜਮਬਾਜ਼ੀਆਂ ਨਾਲ਼ ਇਹ ਫ਼ੀਸ ਹਜ਼ਾਰਾਂ ਪੌਂਡਾਂ ਤੱਕ ਪਹੁੰਚ ਜਾਂਦੀ ਸੀ। ਆਪਣੇ ‘ਸ਼ਿਕਾਰ’ ਨੂੰ ਇਹ ਵਿਸ਼ੇਸ਼ ਕਿਸਮ ਦੇ ਲਾਕਟ, ਮੁੰਦਰੀਆਂ ਆਦਿਕ ਪਹਿਨਣ ਲਈ ਦਿੰਦਾ ਸੀ ਤੇ ਕਾਗਜ਼ ‘ਤੇ ਲਿਖੇ ਹੋਏ ਜੰਤਰ ਦਿੰਦਾ ਸੀ ਜੋ ਗਾਹਕ ਨੇ ਪਾਣੀ ‘ਚ ਘੋਲ ਕੇ ਪੀਣੇ ਹੁੰਦੇ ਸਨ।
ਸੰਨ 2010 ਵਿਚ ਅਦਾਲਤੀ ਕਾਰਵਾਈ ਵੇਲੇ ਦੱਸਿਆ ਗਿਆ ਕਿ ‘ਇਲਾਜ’ ਦੀ ਰਕਮ ਕਿਵੇਂ ਦਿਨਾਂ ਵਿਚ ਹੀ ਹਜ਼ਾਰਾਂ ਪੌਂਡਾਂ ਤੱਕ ਪਹੁੰਚ ਜਾਂਦੀ ਸੀ। ਔਲਾਦ ਦੇ ਚਾਹਵਾਨ ਜੋੜੇ ਨੇ ਜਦ ਦੇਖਿਆ ਕਿ ਉਹਨਾਂ ਨਾਲ਼ ਠੱਗੀ ਵੱਜ ਚੁੱਕੀ ਹੈ, ਤਾਂ ਉਹਨਾਂ ਨੇ ਸੈਂਡਵੈੱਲ ਕੌਂਸਲ (ਵੈਸਟ ਮਿਡਲੈਂਡਜ਼, ਇੰਗਲੈਂਡ) ਦੇ ਟਰੇਡਿੰਗ ਸਟੈਂਡਰਡ ਮਹਿਕਮੇ ਨਾਲ਼ ਸੰਪਰਕ ਕੀਤਾ, ਜਿਹਨਾਂ ਨੇ ਇਸ ਕੇਸ ਨੂੰ ਚੁੱਕਿਆ ਤੇ ਨਈਮ ਨੂੰ ਸੀਖਾਂ ਪਿੱਛੇ ਪਹੁੰਚਾਇਆ। ਇਹ ਠੱਗ ਲੋਕਾਂ ‘ਚ ਪ੍ਰਚਾਰ ਕਰਦਾ ਸੀ ਕਿ ਉਹ ਭਾਰਤ ਵਿਚ ਇਕ ਬੜੇ ਹੀ ਪਵਿੱਤਰ ਇਲਾਕੇ ਨਾਲ਼ ਸੰਬੰਧ ਰੱਖਦਾ ਹੈ ਤੇ ਅਦਭੁੱਤ ਕਰਾਮਾਤੀ ਸ਼ਕਤੀਆਂ ਦਾ ਮਾਲਕ ਹੈ। ਪਰ ਅਸਲ ਵਿਚ ਉਹ ਲਿਵਰਪੂਲ (ਇੰਗਲੈਂਡ) ਦਾ ਜੰਮਪਲ ਹੈ। ਇਸ਼ਤਿਹਾਰਾਂ ‘ਚ ਇਹ ਠੱਗ ਜੋ ਆਪਣੀ ਤਸਵੀਰ ਛਪਵਾਉਂਦਾ ਸੀ ਉਹ ਇਕ ਸਿਆਣੇ ਬਜ਼ੁਰਗ ਦੀ ਹੁੰਦੀ ਸੀ, ਜਿਸ ਨੂੰ ਇਸ ਨੇ ਪੀਰ ਸੱਯਦ ਸਾਹਿਬ ਦਾ ਫ਼ਰਜ਼ੀ ਨਾਮ ਦਿੱਤਾ ਹੋਇਆ ਸੀ। ਅਦਾਲਤ ਵਿਚ ਉਹ ਟੈਲੀਵੀਯਨ ਮਸ਼ਹੂਰੀ ਵੀ ਦਿਖਾਈ ਗਈ ਜੋ ਇਹ ਜ਼ੀ ਟੀ.ਵੀ. ‘ਤੇ ਪ੍ਰਸਾਰਿਤ ਕਰਵਾਉਂਦਾ ਸੀ। ਇਹ ਮਸ਼ਹੂਰੀ ਪੰਜਾਬੀ ਭਾਸ਼ਾ ‘ਚ ਹੁੰਦੀ ਸੀ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸ ਦੇ ਅਤੇ ਇਸ ਵਰਗੇ ਹੋਰ ਠੱਗਾਂ ਦੇ ਸ਼ਿਕਾਰ ਬਹੁਤਾ ਕਰ ਕੇ ਪੰਜਾਬੀ ਵਿਸ਼ੇਸ਼ ਕਰ ਕੇ ਸਿੱਖ ਹੀ ਬਣਦੇ ਹਨ।
ਪਤਾ ਨਹੀਂ ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਅਤੇ ਉਸ ਅਕਾਲ ਪੁਰਖ ‘ਤੇ ਵਿਸ਼ਵਾਸ਼ ਕਿਉਂ ਨਹੀਂ ਰਿਹਾ? ਧਰਮ ਕਰਮ ਵਿਚ ਮੇਰਾ ਖ਼ਿਆਲ ਹੈ ਕਿ ਅਸੀਂ ਸਿੱਖ ਸਭ ਤੋਂ ਅੱਗੇ ਹਾਂ। ਗੁਰਦੁਆਰਿਆਂ ਵਿਚ ਧਰਮ ਕਰਮ ਦੇ ਕਾਰਜਾਂ ਦੀ ਵਾਰੀ ਨਹੀਂ ਆਉਂਦੀ। ਇਸ ਦੇ ਬਾਵਜੂਦ ਇਹਨਾਂ ਠੱਗਾਂ ਪਾਸੋਂ ਫੇਰ ਆਪਣੇ ਦੁਖਾਂ ਦੀ ਨਵਿਰਤੀ ਕਰਵਾਉਣ ਦੇ ਨਾਮ ‘ਤੇ ਪੈਸੇ ਲੁਟਵਾਉਂਦੇ ਹਾਂ। ਜਿਹਨਾਂ ਅਖ਼ਬਾਰਾਂ ‘ਚ ਅਜਿਹੇ ਇਸ਼ਤਿਹਾਰ ਛਪਦੇ ਹਨ ਉਹ ਚੁੱਕ ਕੇ ਦੇਖੋ, ਇਹਨਾਂ ਠੱਗਾਂ ਨੇ ਹੁਣ ਸਿੰਘਾਂ ਅਤੇ ਕੌਰਾਂ ਦੇ ਫਰਜ਼ੀ ਨਾਵਾਂ ਹੇਠ ਧੰਦਾ ਸ਼ੁਰੂ ਕਰ ਲਿਆ ਹੈ। ਇਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਸਿੱਖਾਂ ਨੂੰ ਜਲਦੀ ਹੀ ਫ਼ਸਾਇਆ ਜਾ ਸਕਦਾ ਹੈ। ਸਿੱਖਾਂ ਨਾਲ਼ ਭਾਵਨਾਤਮਕ ਆਧਾਰ ‘ਤੇ ਠੱਗੀ ਮਾਰਨ ਲਈ ਅਜਿਹੇ ਕੁਝ ਠੱਗ ਸਾਡੇ ਇਤਿਹਾਸਕ ਅਸਥਾਨਾਂ ਦੇ ਨਾਵਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਇਕ ਠੱਗ ਦਾਅਵਾ ਕਰਦਾ ਹੈ ਕਿ ਉਹ ਨਨਕਾਣਾ ਸਾਹਿਬ ਦਾ ਰਹਿਣ ਵਾਲ਼ਾ ਹੈ।
ਜਿਊਰੀ ਨੇ ਬਹੁਸੰਮਤੀ ਨਾਲ਼ ਇਸ ਠੱਗ ਨੂੰ ਗਿਆਰਾਂ ਕੇਸਾਂ ਵਿਚ ਦੋਸ਼ੀ ਠਹਿਰਾਇਆ ਹੈ। ਸਬੂਤ ਇਕੱਠੇ ਕਰਨ ਲਈ ਟਰੇਡਿੰਗ ਸਟੈਂਡਰਡ ਦਾ ਇਕ ਅਫ਼ਸਰ ਆਪ ਇਸ ਠੱਗ ਦੇ ਕੋਲ ਝੂਠੀ ਮੂਠੀ ਦਾ ਕੇਸ ਲੈ ਕੇ ਗਿਆ ਕਿ ਉਸ ਦੀ ਲੜਕੀ ਘਰੋਂ ਭੱਜ ਗਈ ਹੈ। ਇਹ ਠੱਗ ਉਸ ਅਫ਼ਸਰ ਨੂੰ ਕਹਿਣ ਲੱਗਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਉਹ ਇਕ ਹਫ਼ਤੇ ਦੇ ਵਿਚ ਵਿਚ ਲੜਕੀ ਵਾਪਿਸ ਲਿਆ ਦੇਵੇਗਾ ਤੇ 50 ਪੌਂਡ ਫ਼ੀਸ ਮੰਗੀ ਤੇ ਛੇਤੀ ਹੀ 700 ਪੌਂਡ ਹੋਰ ਮੰਗਣ ਲੱਗ ਪਿਆ।
ਉਸ ਅਫ਼ਸਰ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਹਨਾਂ ਨੂੰ ਉਸ ਦੇ ਘਰੋਂ ਮਿਲੇ ਦਸਤਾਵੇਜ਼ਾਂ ਤੋਂ ਅਤੇ ਕੰਪਿਊਟਰ ਤੋਂ ਇਸ ਠੱਗ ਦੇ ਡੰਗੇ ਹੋਏ ਹੋਰ ਲੋਕਾਂ ਬਾਰੇ ਜਾਣਕਾਰੀ ਮਿਲ਼ੀ।
ਇਹ ਠੱਗ ਇੰਗਲੈਂਡ ਦੇ ਚੈਸ਼ਾਇਰ ਦੇ ਉਸ ਇਲਾਕੇ ਵਿਚ ਰਹਿੰਦਾ ਹੈ ਜਿੱਥੇ ਫੁੱਟਬਾਲ ਦੇ ਅਮੀਰ ਖਿਡਾਰੀ, ਅਰਬਾਂਪਤੀ ਵਿਉਪਾਰੀ ਅਤੇ ਐਕਟਰ ਐਕਟਰੈੱਸਾਂ ਰਹਿੰਦੇ ਹਨ ਤੇ ਘਰਾਂ ਦੀਆਂ ਕੀਮਤਾਂ ਕਰੋੜਾਂ ਪੌਂਡਾਂ ‘ਚ ਹਨ। ਇਸ ਠੱਗ ਪਾਸ ਇਕ ਫਰਾਰੀ ਕਾਰ, ਇਕ ਬੈਂਟਲੀ ਕਾਰ, ਪਲਾਜ਼ਮਾ ਸਕਰੀਨ ਵਾਲ਼ੇ ਟੈਲੀਵੀਯਨ ਹਨ ਤੇ ਸੋਨੇ ਦੇ ਗਹਿਣਿਆਂ ਅਤੇ ਦੱਖਣੀ ਅਫ਼ਰੀਕਾ ਦੀ ਕਰੰਸੀ ਯਾਨੀ ਸ਼ੁੱਧ ਸੋਨੇ ਦੇ ਕਰੁਗਰੈਂਡਾਂ ਨਾਲ਼ ਭਰਿਆ ਹੋਇਆ ਸੇਫ਼ ਸੀ।
ਪਾਠਕੋ! ਇਹ ਠੀਕ ਹੈ ਕਿ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਹੈ, ਪਰ ਕੀ ਉਹ ਇਕੱਲਾ ਹੀ ਦੋਸ਼ੀ ਹੈ? ਕੀ ਉਸ ਪਾਸ ਜਾਣ ਵਾਲ਼ੇ ਲੋਕ ਦੋਸ਼ੀ ਨਹੀਂ ਹਨ? ਅਗਲੇ ਮਿੰਟ ਦੇ ਵਿਚ ਕੀ ਵਾਪਰਨ ਵਾਲ਼ਾ ਹੈ ਇਸ ਦਾ ਸਿਰਫ਼ ਅਕਾਲ ਪੁਰਖ ਦੀ ਅਨੰਤ ਸ਼ਕਤੀ ਤੋਂ ਸਿਵਾਇ ਕਿਸੇ ਨੂੰ ਪਤਾ ਨਹੀਂ। ਜੇ ਇਹ ਠੱਗ ਲੋਕ ਆਉਣ ਵਾਲ਼ੇ ਸਮੇਂ ਬਾਰੇ ਜਾਣ ਸਕਦੇ ਹਨ ਤਾਂ ਦੁਨੀਆਂ ਵਿਚ ਬੜੇ ਬੜੇ ਭਿਆਨਕ ਹਾਦਸੇ ਹੁੰਦੇ ਹਨ ਇਹ ਉਦੋਂ ਕਿਹੜੇ ਭੋਰੇ ‘ਚ ਵੜੇ ਹੋਏ ਹੁੰਦੇ ਹਨ ਉਸ ਵੇਲੇ ਅਗਾਊਂ ਸੂਚਨਾ ਦੇ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਕਿਉਂ ਨਹੀਂ ਬਚਾਉਂਦੇ? ਕਿਉਂਕਿ ਇਹਨਾਂ ਪਾਸ ਕੋਈ ਅਦਭੁੱਤ ਸ਼ਕਤੀਆਂ ਨਹੀਂ ਹੁੰਦੀਆਂ। ਮਾਨਸਿਕ ਤੌਰ ‘ਤੇ ਡਿਗੇ ਹੋਏ ਲੋਕਾਂ ਦੀ ਇਹ ਲੁੱਟ ਕਰਦੇ ਹਨ। ਇਹਨਾਂ ਲੋਕਾਂ ਨੂੰ ਸਰਕਾਰਾਂ ਦੀ ਪੂਰੀ ਪੁਸ਼ਤਪਨਾਹੀ ਮਿਲਦੀ ਹੈ। ਸਰਕਾਰਾਂ ਦੇ ਆਸਰੇ ਹੀ ਆਸਾ ਰਾਮ ਵਰਗਿਆਂ ਅਨੇਕਾਂ ਨੇ ਹੀ ਕਾਰਪੋਰੇਟ ਜਗਤ ਵਾਂਗ ਆਪਣੇ ਐਂਪਾਇਰ ਖੜ੍ਹੇ ਕੀਤੇ ਹੋਏ ਹਨ।
ਸੋ, ਆਉ ਅਕਾਲ ਪੁਰਖ ਦੀ ਰਜ਼ਾ ਵਿਚ ਰਹਿਣਾ ਸਿੱਖੀਏ ਤੇ ਇਹਨਾਂ ਠੱਗਾਂ ਤੋਂ ਬਚੀਏ।