ਹੋਦ ਪਿੰਡ ਵਿੱਚ ਸ਼ਹੀਦ ਹੋਏ ਫੌਜੀ ਇੰਦਰਜੀਤ ਸਿੰਘ ਦੀ ਪਤਨੀ ਨੇ ਰੋਅ-ਰੋਅ ਕੇ ਜੱਜ ਸਾਹਿਬ ਨੂੰ ਦੁਖੜੇ ਸੁਣਾਏ
ਅਗਲੀ ਸੁਣਵਾਈ ੩੦ ਜਨਵਰੀ ਨੂੰ
ਹਿਸਾਰ (੯ ਜਨਵਰੀ ੨੦੧੪) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਕਾਤਲ ਭੀੜ ਵਲੋਂ ਹਰਿਆਣੇ ਦੇ ਪਿੰਡ ਹੋਦ ਚਿੱਲੜ ਵਿੱਚ ਕਤਲ ਕੀਤੇ ੩੨ ਸਿੱਖਾਂ ਦੀ ਸੁਣਵਾਈ ਜਸਟਿਸ ਟੀ.ਪੀ. ਗਰਗ ਕਮਿਸ਼ਨ ਦੇ ਸਨਮੁੱਖ ਸੀ । ਅੱਜ ਦੀ ਸੁਣਵਾਈ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਅਤੇ ਵਕੀਲ ਰਣਜੀਤ ਯਾਦਵ ਪੀੜਤਾਂ ਨੂੰ ਲੈ ਕੇ ਕੋਰਟ ਵਿਚ ਹਾਜਿਰ ਹੋਏ । ਉੱਤਮ ਸਿੰਘ ਨੇ ਜੱਜ ਸਾਹਮਣੇ ਕਰੌਸ ਐਗਜਾਮੀਨ ਦੌਰਾਨ ਦੱਸਿਆ ਕਿ ਕਾਤਲ ਭੀੜ ਨੇ ੨ ਨਵੰਬਰ ੧੯੮੪ ਨੂੰ ਸਵੇਰੇ ੧੦ ਵਜੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਸੀ । ਪਿੰਡ ਵਾਸੀਆਂ ਨੇ ਲਾਗਲੇ ਪਿੰਡ 'ਚਿੱਲੜ' ਦੇ ਮੋਹਤਵਾਰ ਬੰਦਿਆਂ ਧੰਨਪਤ ਸਿੰਘ ਸਰਪੰਚ, ਘਨੱਈਆ ਲਾਲ ਪੰਚ, ਨਾਨਕ ਚੰਦ, ਸੁਬੇਦਾਰ ਦੀਪ ਚੰਦ ਅਤੇ ਮੰਗਲ ਸਿੰਘ ਨੰਬਰਦਾਰ ਨੇ ਭੀੜ ਨੂੰ ਸਮਝਾ ਬੁਝਾ ਕੇ ਭੇਜ ਦਿਤਾ ਸੀ ।
ਬਾਅਦ ਵਿੱਚ ੧੨ ਵਜੇ ਭੀੜ ਨੇ ਫਿਰ ਘੇਰਾ ਪਾਉਣਾ ਸ਼ੁਰੂ ਕਰ ਦਿਤਾ । ਹੌਲ਼ੀ-ਹੌਲ਼ੀ ਭੀੜ ਵਧਦੀ ਗਈ ਅਤੇ ਉਹਨਾਂ ਦੀ ਗਿਣਤੀ ਪੰਜ-ਛੇ ਸੌ ਹੋ ਗਈ । ਪੰਜ ਵਜੇ ਦੇ ਕਰੀਬ ਉਹਨਾਂ ਅੱਗਾ ਲਗਾਉਣੀਆਂ ਸ਼ੁਰੂ ਕਰ ਦਿਤੀਆਂ । ਉੱਤਮ ਸਿੰਘ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਸੱਭ ਕੁੱਝ ਲੁਟਾ ਕੇ ਉਹ ਆਪਣੀ ਜਿੰਦਗੀ ਨੂੰ ਬੜੀ ਔਖੀ ਤਰਾਂ ਗੁਜਾਰ ਰਹੇ ਹਨ । ਉਹਨਾਂ ਤੋਂ ਬਾਅਦ ਜੈਕ ਰਾਈਫਲ ਦੇ ਜਵਾਨ ਇੰਦਰਜੀਤ ਸਿੰਘ ਦੀ ਪਤਨੀ ਕਮਲਦੀਪ ਕੌਰ ਕਰੌਸ ਐਗਜਾਮੀਨ ਵਿੱਚ ਸ਼ਾਮਿਲ ਹੋਈ । ਕਮਲਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ੩੧-੧੦-੧੯੮੪ ਨੂੰ ਮਹੀਨੇ ਦੀ ਛੁੱਟੀ ਤੇ ਘਰ ਆ ਰਿਹਾ ਸੀ । ੨੬ ਸਾਲ ਤੱਕ ਤਾਂ ਉਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਉਹਨਾਂ ਦੀ ਕਿੱਥੇ ਡੈੱਥ ਹੋਈ ਹੈ । ਜਦੋਂ ਹੋਦ ਚਿੱਲੜ ਦਾ ਕਾਂਡ ਸਾਹਮਣੇ ਆਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਦੀ ਡੈੱਥ 'ਹੋਦ' ਪਿੰਡ ਵਿੱਚ ਹੋਈ ਹੈ ।
ਉਸ ਨੇ ਰੋਂਦਿਆ ਦੱਸਿਆ ਕਿ ਉਸ ਨੂੰ ਕੋਈ ਸਰਕਾਰੀ ਨੌਕਰੀ ਵਗੈਰਾ ਨਹੀਂ ਮਿਲ਼ੀ । ਇਹਨਾਂ ਤੋਂ ਉਪਰੰਤ ਜੋਗਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਨਰੈਣ ਸਿੰਘ ਅਤੇ ਮਹਾਰਾਸਟਰਾ ਵਾਸੀ ਈਸਵਰੀ ਦੇਵੀ ਨੇਆਪਣੇ ਦੁੱਖਾਂ ਦੀ ਪੰਡ ਜੱਜ ਸਾਹਿਮਣੇ ਖੋਲੀ । ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਅਗਲੀ ਸੁਣਵਾਈ ੩੦ ਜਨਵਰੀ ਤੇ ਪਾ ਦਿਤੀ । ਇਸ ਮੌਕੇ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਵਰਿਆਮ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ ਖਾਲਸਾ, ਸੰਜੀਵ ਸਿੰਘ ਹਿਸਾਰ ਅਤੇ ਕਰਤਾਰ ਸਿੰਘ ਬਟਾਲ਼ਾ ਆਦਿ ਹਾਜ਼ਿਰ ਸਨ ।