ਵਾਸ਼ਿੰਗਟਨ, 11 ਜਨਵਰੀ : ਅਮਰੀਕੀ ਫ਼ੌਜ ਵਿਚ ਸਿੱਖਾਂ ਨੂੰ ਸਾਬਤ ਸੂਰਤ ਰੂਪ ਵਿਚ ਭਰਤੀ ਹੋਣ ਦੀ ਛੋਟ ਸਬੰਧੀ ਦਾਅਵਾ ਉਸ ਵੇਲੇ ਹੋਰ ਮਜ਼ਬੂਤ ਹੋ ਗਿਆ ਜਦੋਂ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਮੇਜਰ ਕਮਲਜੀਤ ਸਿੰਘ ਕਲਸੀ ਨੇ ਕਾਂਗਰਸ ਨੂੰ ਵਿਸਥਾਰ ਨਾਲ ਸਮਝਾਇਆ ਕਿ ਕੇਸ-ਦਾੜ੍ਹੀ ਜਾਂ ਸਿੱਖ ਧਰਮ ਨਾਲ ਸਬੰਧਤ ਹੋਰ ਚਿੰਨ੍ਹ ਫ਼ੌਜ ਦੀ ਸੇਵਾ ਨਿਭਾਉਣ ਵਿਚ ਕੋਈ ਅੜਿੱਕਾ ਨਹੀਂ ਬਣਦੇ।
ਉਨ੍ਹਾਂ ਕਿਹਾ, ''ਜਦੋਂ ਮੈਂ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਫ਼ੌਜੀ ਅਫ਼ਸਰ ਸਾਡੇ ਕਾਲਜ ਵਿਚ ਭਰਤੀ ਕਰਨ ਲਈ ਆਏ ਸਨ ਅਤੇ ਮੈਂ ਭਰਤੀ ਹੋਣ ਦੀ ਇੱਛਾ ਜ਼ਾਹਰ ਕਰ ਦਿਤੀ ਪਰ ਨਾਲ ਹੀ ਇਕ ਫ਼ੌਜੀ ਅਫ਼ਸਰ ਨੂੰ ਸਵਾਲ ਵੀ ਕਰ ਦਿਤਾ ਕਿ ਕੀ ਮੈਂ ਸਾਬਤ ਸੂਰਤ ਰੂਪ ਵਿਚ ਸੇਵਾਵਾਂ ਨਿਭਾ ਸਕਦਾ ਹਾਂ? ਉਸ ਅਫ਼ਸਰ ਨੇ ਮੈਨੂੰ ਭਰੋਸਾ ਦਿਤਾ ਕਿ ਫ਼ੌਜ ਦੀਆਂ ਸੇਵਾਵਾਂ ਦੌਰਾਨ ਤੇਰਾ ਧਰਮ ਅੜਿੱਕਾ ਨਹੀਂ ਬਣੇਗਾ।'' ਦਸਣਯੋਗ ਹੈ ਕਿ ਕਮਲਜੀਤ ਸਿੰਘ ਕਲਸੀ ਪਿਛਲੇ 13 ਸਾਲ ਤੋਂ ਅਮਰੀਕੀ ਫ਼ੌਜ ਵਿਚ ਸੇਵਾਵਾਂ ਨਿਭਾ ਰਹੇ ਹਨ। 2009 ਵਿਚ ਕਮਲਜੀਤ ਸਿੰਘ ਕਲਸੀ ਨੂੰ ਕੋਈ ਦਿੱਕਤ ਨਾ ਆਈ ਪਰ ਜਦੋਂ ਉਨ੍ਹਾਂ ਨੂੰ ਸਰਗਰਮ ਭੂਮਿਕਾ ਲਈ ਅਫ਼ਗਾਨਿਸਤਾਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਕੁੱਝ ਉਚ ਅਧਿਕਾਰੀਆਂ ਨੇ ਦਾੜ੍ਹੀ ਅਤੇ ਕੇਸਾਂ ਉਪਰ ਕਿੰਤੂ ਪ੍ਰੰਤੂ ਕੀਤਾ।
ਪਰ ਇਕ ਸਿੱਖ ਜਥੇਬੰਦੀ ਦੀ ਮਦਦ ਨਾਲ ਕਮਲਜੀਤ ਸਿੰਘ ਕਲਸੀ ਉਚ ਅਧਿਕਾਰੀਆਂ ਨੂੰ ਸਿੱਖ ਧਰਮ ਵਿਚ ਕੇਸਾਂ ਦੀ ਅਹਿਮੀਅਤ ਸਮਝਾਉਣ 'ਚ ਸਫ਼ਲ ਰਹੇ। ਇਥੇ ਇਹ ਵੀ ਦਸਣਾ ਬਣਦਾ ਹੈ ਕਿ 2013 ਦੇ ਅਖੀਰ ਵਿਚ ਅਮਰੀਕਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਖਿਆ ਮੰਤਰੀ ਚਕ ਹੇਗਲ ਤੋਂ ਜਵਾਬ ਤਲਬ ਕੀਤਾ ਸੀ ਕਿ ਅਮਰੀਕੀ ਫ਼ੌਜ ਵਿਚ ਸਿੱਖਾਂ ਦੇ ਭਰਤੀ ਹੋਣ ਉਪਰ ਰੋਕ ਕਿਉਂ ਲੱਗੀ ਹੋਈ ਹੈ ਜਦਕਿ ਸਿੱਖਾਂ ਨੂੰ ਦੁਨੀਆਂ ਦੀ ਬਹਾਦਰ ਕੌਮ ਮੰਨਿਆ ਜਾਂਦਾ ਹੈ।