ਸਾਚਾ ਸਤਿਗੁਰੁ ਕਿਆ ਕਰੈ...
ਕੁਝ ਦਿਨ ਪਹਿਲਾਂ ਮੇਰੇ ਮਾਮਾ ਜੀ ਦੇ ਲੜਕੇ ਨੇ ਫੇਸਬੁੱਕ 'ਤੇ ਇਕ ਪੋਸਟ ਪਾਈ, ਜਿਸ ਵਿਚ ਲਿਖਿਆ ਸੀ "ਪੜੇ ਲਿਖਿਆਂ ਦੀ ਸੋਚ ਦਾ ਕੀ ਕਰੀਏ, ਮੜੀਆਂ ਨੂੰ ਮਥਾ ਟੇਕਦੇ" ਪੋਸਟ ਚੰਗੀ ਲਗੀ ਲਾਈਕ ਵੀ ਕੀਤੀ, ਪਰ ਆਪਣੇ ਸੁਭਾਅ ਮੁਤਾਬਕ ਮੇਰੇ ਕੋਲੋਂ ਰਹਿ ਨਾ ਹੋਇਆ ਅਤੇ ਮੈਂ ਉਸਨੂੰ ਪੁੱਛ ਬੈਠਾ ਕਿ ਤੈਨੂੰ ਪਤਾ ਵੀ ਹੈ ਕਿ ਮੜੀਆਂ ਕੀ ਹੁੰਦੀਆਂ ਹਨ?
ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਨਾਨਕੇ ਗੁਰਮਿਤ ਤੋਂ ਕੋਹਾਂ ਦੂਰ ਹਨ। (ਕਿਉਂਕਿ ਕੋਈ ਦੋ ਕੋ ਸਾਲ ਪਹਿਲਾਂ ਤੱਕ ਮੈਨੂੰ ਵੀ ਗੁਰਮਿਤ ਦੀ ਕੋਈ ਸਮਝ ਨਹੀਂ ਸੀ) ਵੈਸੇ ਮੇਰੇ ਨਾਨਕੇ ਪੰਥ ਦੇ ਲਈ ਇਕ ਬਹੁਤ ਵੱਡਾ ਕੰਮ ਕਰਦੇ ਹਨ ਕਾਲੀ ਦਲ ਨੂੰ ਵੋਟਾਂ ਪਾਉਣ ਦਾ, ਜੇਕਰ ਉਨ੍ਹਾਂ ਨੂੰ ਕਹਿ ਵੀ ਦਿਤਾ ਜਾਵੇ ਕਿ ਕਿਸੇ ਹੋਰ ਨੂੰ ਵੋਟ ਪਾ ਦੇਵੋ ਤਾਂ ਓਨ੍ਹਾਂ ਦਾ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਨਹੀਂ, ਵੋਟ ਤਾਂ ਪੰਥ ਨੂੰ ਹੀ ਪਾਉਣੀ ਹੈ, ਪਰ ਓਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਨੂੰ ਓਹ ਪੰਥ ਆਖ ਕੇ ਪੰਜਾਬ ਦੀ ਬਾਗਡੋਰ ਦੇ ਦੇਂਦੇ ਹਨ, ਓਹੀ ਪੰਜਾਬ ਵਿਚ ਡ੍ਰਗ ਦਾ ਕਾਰੋਬਾਰ ਕਰਦੇ ਹਨ ਅਤੇ ਇਲੈਕ੍ਸ਼ਨ ਵਿੱਚ ਏਨੀ ਸ਼ਰਾਬ ਪੰਜਾਬ ਵਿਚ ਵਰਤਾਉਂਦੇ ਹਨ ਕਿ ਜਿਸ ਨੇ ਕਦੇ ਵੀ ਨਹੀਂ ਪੀਤੀ ਹੁੰਦੀ, ਓਹ ਵੀ ਇਸਦਾ ਆਦੀ ਹੋ ਜਾਂਦਾ ਹੈ।
ਖੈਰ ਅੱਜ ਦਾ ਮੇਰਾ ਇਹ ਵਿਸ਼ਾ ਨਹੀਂ।
ਮੇਰੇ ਮਾਮਾ ਜੀ ਦੇ ਮੁੰਡੇ ਨੇ ਮੈਨੂ ਬਹੁਤ ਵਧੀਆ ਜਵਾਬ ਦੇਂਦੇ ਹੋਏ ਕਿਹਾ ਕਿ ਹਾਂਜੀ ਭਾਜੀ ਪਤਾ ਹੈ। (ਓਹ ਵੀ ਅੱਜ ਕਲ "ਅਖੌਤੀ ਸੰਤਾਂ ਦੇ ਕੌਤਕ" ਅਤੇ ਕੁਝ ਹੋਰ ਵੈਬ ਪੇਜਾਂ ਤੋਂ ਜਾਣਕਾਰੀ ਲੈਂਦਾ ਰਹਿੰਦਾ ਹੈ) ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ, ਕਿ ਚਲੋ ਜੇ ਨਵੀਂ ਪੀੜੀ ਹੀ ਇਨ੍ਹਾਂ ਗੱਲਾਂ ਨੂੰ ਸਮਝਣ ਲਗ ਪਵੇ, ਤਾਂ ਵੀ ਕੁਝ ਸੁਧਾਰ ਹੋ ਸਕਦਾ ਹੈ, ਫੇਰ ਵੀ ਆਪਣੀ ਗਲ ਨੂ ਚੰਗੀ ਤਰਾਂ ਸਾਫ਼ ਕਰਨ ਲਈ ਮੈਂ ਕੁੱਝ ਮੜੀਆਂ ਦਾ ਨਾਮ ਵੀ ਲਿਆ, ਜਿਸ ਵਿਚ ਓਨ੍ਹਾਂ ਦੇ ਪਿੰਡ ਦੀ ਵੀ ਇਕ ਸਮਾਧ ਵੀ (ਅਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਉਥੇ ਸਿਰਫ ਇਕ ਹਰੇ ਰੰਗ ਦੀ ਚਾਦਰ ਤੋਂ ਜ਼ਿਆਦਾ ਕੁੱਝ ਨਹੀਂ ਸੀ ਅਤੇ ਕਦੇ ਕਦੇ ਕੁੱਤੇ ਉਸ ਉਪਰ ਮੀਂਹ ਵੀ ਪਾ ਜਾਂਦੇ ਸਨ, ਪਰ ਅੱਜ ਉਸ ਦੇ ਚਾਰੇ ਪਾਸੇ ਮਾਰਬਲ ਲਗਾ ਹੈ ਅਤੇ ਖੁਦ ਨੂੰ ਸਿੱਖ ਅਖਵਾਉਣ ਵਾਲੇ, ਸਾਲ ਬਾਅਦ ਮੇਲਾ ਵੀ ਲਾਉਂਦੇ ਹਨ) ਆਓਂਦੀ ਸੀ। ਪਰ ਕਿਉਂਕਿ ਸਾਡੀ ਇਹ ਸਾਰੀ ਗਲਬਾਤ ਉਸਦੀ ਪਾਈ ਹੋਈ ਉਸ ਪੋਸਟ 'ਤੇ ਹੀ ਹੋ ਰਹੀ ਸੀ, ਇਸ ਲਈ ਉਸਦੇ ਪਿੰਡ ਦਾ ਇਕ ਮੁੰਡਾ ਸਾਡੀ ਗਲਬਾਤ ਵਿਚ ਸ਼ਾਮਿਲ ਹੋ ਗਿਆ। ਉਸਦਾ ਨਾਮ ਤਾਂ ਮੈਨੂ ਯਾਦ ਨਹੀਂ ਪਰ ਏਨਾ ਯਾਦ ਹੈ ਕਿ ਉਸਦੇ ਨਾਮ ਮਗਰ ਸਿੰਘ ਲਗਾ ਹ਼ੋਇਆ ਸੀ ਅਤੇ ਸ਼ਾਇਦ ਮੜ੍ਹੀਆਂ ਦੀ ਪੂਜਾ ਕਰਨ ਵਾਲਾ, ਉਸਨੂੰ ਮੇਰੀ ਗਲ ਬੁਰੀ ਲਗੀ ਅਤੇ ਵਿਚੋਂ ਹੀ ਉਸ ਨੇ ਲਿਖਿਆ ਕੇ ਪੜਾਈ ਦਾ ਕੀ ਫਾਇਦਾ, ਜੇ ਹੋਰ ਧਰਮਾਂ ਦਾ ਸਤਿਕਾਰ ਨਾ ਕਰ ਸਕੇ। ਉਸਨੇ ਨਾਲ ਹੀ ਮੈਨੂ ੴ ਦੀ ਉਦਹਾਰਣ ਦਿਤੀ ਅਤੇ ਕਿਹਾ ਇਸਦਾ ਕੀ ਮਤਲਬ ਹੈ? ਸ਼ਾਇਦ ਉਸ ਨੇ ੴ ਦਾ ਇਹੀ ਮਤਲਬ ਸਮਝ ਲਿਆ ਕਿ ਇਸ ਦਾ ਮਤਲਬ ਇਹੀ ਹੈ ਕਿ ਆਪਣਾ ਸਿਰ ਹਰ ਜਗ੍ਹਾ ਸੁੱਟੀ ਜਾਵੋ। ਜੇਕਰ ਏਦਾਂ ਦੇ ਵੀਰਾਂ ਨੇ ੴ ਦਾ ਇਹ ਮਤਲਬ ਕਢਣਾ ਹੈ, ਤਾਂ ਇਹਨਾ ਸ਼ਬਦਾਂ ਦੇ ਕੀ ਅਰਥ ਕੱਢਣਗੇ?
ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥
ਇਥੇ ਗੁਰੂ ਤੇਗ ਬਹਾਦੁਰ ਜੀ ਅੰਕ 1428 'ਤੇ ਕੀ ਆਖ ਰਹੇ ਹਨ, ਕਿ ਜਿਸ ਮਨੁੱਖ ਦੇ ਮਨ ਵਿਚ ਇਕ ਪਰਮਾਤਮਾ ਦੀ ਭਗਤੀ ਨਹੀਂ ਹੈ, ਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ ਸੂਰ ਦਾ ਸਰੀਰ ਹੈ ਕੁੱਤੇ ਦਾ ਸਰੀਰ ਹੈ।
ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥
ਆਪਣੇ ਮਨ ਵਿਚ ਇਕ ਪਰਮਾਤਮਾ ਨੂੰ ਸਿਮਰਦਾ ਰਹੁ ॥
ਅੰਕ 407 ਉਪਰ ਗੁਰੂ ਅਰਜਨ ਪਾਤਸ਼ਾਹ ਕਿਸ ਇਕ ਨੂੰ ਸਿਮਰਨ ਦੀ ਗਲ ਕਰ ਰਹੇ ਹਨ?
ਰਹੈ ਬੇਬਾਣੀ ਮੜੀ ਮਸਾਣੀ ॥
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਗੁਰੂ ਨਾਨਕ ਪਾਤਸ਼ਾਹ ਅੰਕ 467 'ਤੇ ਕੀ ਆਖ ਰਹੇ ਹਨ?
ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, ਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ 'ਤੇ ਪਛਤਾਂਦਾ ਹੈ।
ਹਉ ਤਉ ਏਕੁ ਰਮਈਆ ਲੈਹਉ ॥
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਅੰਕ 874 ਉਪਰ ਦਰਜ ਬਾਣੀ ਵਿਚ ਭਗਤ ਨਾਮ ਦੇਵ ਜੀ ਕਿਸ ਇੱਕ ਰੱਮਈਆ ਦੇ ਬਦਲੇ ਸਾਰੇ ਦੇਵਤਿਆਂ ਨੂੰ ਠੋਕਰ ਮਾਰ ਰਹੇ ਹਨ?
ਮੜੀ ਮਸਾਣੀ ਮੂੜੇ ਜੋਗੁ ਨਾਹਿ ॥
ਗੁਰੂ ਨਾਨਕ ਪਾਤਸ਼ਾਹ ਅੰਕ 1190 ਉਪਰ ਕਿਉਂ ਸਮਝਾ ਰਹੇ ਹਨ?
ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ, ਏਦਾਂ ਦੇ ਵੀਰਾਂ ਨਾਲ ਵਿਚਾਰ ਕਰਕੇ ਤਾਂ ਮੈਨੂੰ ਭਗਤ ਕਬੀਰ ਜੀ ਦਾ 1372 ਅੰਕ 'ਤੇ ਦਰਜ ਸ਼ਬਦ ਯਾਦ ਆ ਰਿਹਾ ਹੈ।
ਕਬੀਰ
ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥
ਗੁਰੂ ਪੰਥ ਦਾ ਦਾਸ
ਗੁਰਿੰਦਰ ਸਿੰਘ ਸਿਡਨੀ
ਫੋਨ +61413799211