ਹੁਣ ਵਾਰੀ ਹੈ ਬੁੱਧੀਜੀਵੀ ਵਰਗ ਦੀ , ਉਹ ਆਪਣਾ ਫਰਜ਼ ਪੂਰਾ ਕਰੇ ਦੋ ਮਹੀਨੇ ਪਹਿਲਾਂ ਤਕ , ਕੋਈ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ ਕਿ ਦਿੱਲੀ ਵਿਚ , ਦੋਹਾਂ ਪਾਰਟੀਆਂ (ਕਾਂਗਰਸ ਅਤੇ ਬੀ. ਜੇ. ਪੀ.) ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੀ ਸਰਕਾਰ ਬਣ ਸਕਦੀ ਹੈ ? ਪਰ ਜਨਤਾ ਨੇ ਇਹ ਕ੍ਰਾਂਤੀ ਕਰ ਵਿਖਾਈ । ਦਿੱਲੀ ਵਿਚ ਨਾ ਸਿਰਫ ਸਥਾਪਤ ਪਾਰਟੀਆਂ ਹੀ ਨਕਾਰੀਆਂ ਗਈਆਂ , ਬਲਕਿ ਸਾਰੇ ਸਥਾਪਤ ਨੇਤਾ ਵੀ ਨਕਾਰੇ ਗਏ , ਅਤੇ ਦਿੱਲੀ ਦੇ ਤਖਤ ਤੇ ਸਾਫ-ਸੁਥਰੀ ਛਵੀ ਵਾਲੇ , ਜਨਤਾ ਨੂੰ ਸਮਰਪਿਤ , ਆਮ ਆਦਮੀ ਆ ਬੈਠੇ । ਹੁਣ ਵਾਰੀ ਹੈ ਬੁੱਧੀਜੀਵੀ ਵਰਗ ਦੀ ਕਿ ਉਹ ਆਪਣਾ ਫਰਜ਼ ਪੂਰਾ ਕਰੇ ।
ਸਥਾਪਤ ਪਾਰਟੀਆਂ ਦੇ ਕਥਿਤ ਬੁੱਧੀਜੀਵੀਆਂ ਵਲੋਂ , ਦਿੱਲੀ ਦੀ ਆਮ ਆਦਮੀ ਦੀ ਸਰਕਾਰ ਨੂੰ ਲੋਕਾਂ ਵਿਚ ਬਦਨਾਮ ਕਰਨ ਲਈ ਮੀਡੀਏ ਰਾਹੀਂ (ਕਿਉਂਕਿ ਮੀਡੀਆ ਵੀ ਉਨ੍ਹਾਂ ਦੋਵਾਂ ਪਾਰਟੀਆਂ ਵਿਚ ਵੰਡਿਆ ਹੋਇਆ ਹੈ) ਉਨ੍ਹਾਂ ਤੇ ਤਰ੍ਹਾਂ-ਤਰ੍ਹਾਂ ਦੀਆਂ ਤੋਹਮਤਾਂ ਲਾਈਆਂ ਜਾ ਰਹੀਆਂ ਹਨ , ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ । ਅਜੇ ਤਕ ਤਾਂ ਕੇਜਰੀਵਾਲ ਦੇ ਮੰਤ੍ਰੀ-ਮੰਡਲ ਦੇ ਵਜ਼ੀਰ ਉਨ੍ਹਾਂ ਦਾ ਬੜੈ ਠੱਰਮੇ ਨਾਲ ਜਵਾਬ ਦੇ ਰਹੇ ਹਨ , ਪਰ ਜੇ ਅਸਲ ਬੁੱਧੀਜੀਵੀਆਂ ਨੇ ਆਪਣਾ ਮੋਰਚਾ ਨਾ ਸੰਭਾਲਿਆ ਤਾਂ ਸੰਭਵ ਹੇ ਕਿ ਉਹ , ਇਨ੍ਹਾਂ ਮਾਨਵਤਾ ਦੇ ਮਾਪ-ਦੰਡ ਤੋਂ ਗਿਰੀਆਂ ਹੋਈਆਂ ਊਜਾਂ ਨੂੰ ਸ਼ਾਇਦ ਜ਼ਿਆਦਾ ਦੇਰ ਬਰਦਾਸ਼ਤ ਨਾ ਕਰ ਸਕਣ । ਇਹ ਵੀ ਸੰਭਵ ਹੈ ਕਿ ਇਹ ਸਿਧਾਂਤ-ਹੀਣ , ਭ੍ਰਿਸ਼ਟ , ਅਸਮਾਜਿਕ ਨੇਤੇ ਉਨ੍ਹਾਂ ਨੂੰ ਕਿਸੇ ਗਲਤ ਢੰਗ ਨਾਲ ਫਸਾ ਕੇ , ਜੰਤਾ ਵਿਚ ਬਦਨਾਮ ਕਰਨ ਵਿਚ ਸਫਲ ਹੋ ਜਾਣ । ਦੁਸ਼ਮਣ ਤਦ ਤੱਕ ਹੀ ਰੁਕਦਾ ਹੈ , ਜਦ ਤਕ ਉਸ ਨੂੰ ਢੁਕਵਾਂ ਜਵਾਬ ਮਿਲਦਾ ਰਹੇ , ਪਰਚਾਰ ਦਾ ਜਵਾਬ ਪਰਚਾਰ ਵਿਚ ਹੀ ਦਿੱਤਾ ਜਾ ਸਕਦਾ ਹੈ , ਅਤੇ ਇਹ ਬੁੱਧੀਜੀਵੀਆਂ ਦਾ ਕੰਮ ਹੈ ।
ਕੇਜਰੀਵਾਲ ਸਰਕਾਰ ਕੰਮ ਦੇ ਮਾਮਲੇ ਵਿਚ ਤਾਂ ਆਪਣੇ ਬਚਨਾਂ ਤੇ ਪੂਰਾ ਉਤਰਦੀ ਜਾਪਦੀ ਹੈ , ਪਰ ਕੂਟਨੀਤਕ ਚਾਲਾਂ ਦੇ ਮੁਕਾਬਲੇ ਲਈ ਬੁੱਧੀਜੀਵੀਆਂ ਨੂੰ ਹਰ ਹਾਲਤ ਵਿਚ , ਛੇਤੀ ਤੋਂ ਛੇਤੀ ਮੈਦਾਨ ਵਿਚ ਆਉਣਾ ਪਵੇਗਾ , ਜੇ ਉਹ ਚਾਹੁੰਦੇ ਹਨ ਕਿ ਭਾਰਤ ਵਿਚੋਂ , ਗੰਦੀ ਸਿਆਸਤ ਦਾ ਖਾਤਮਾ ਹੋਣਾ ਚਾਹੀਦਾ ਹੈ ।
ਕਾਂਗਰਸ ਨੇ ਬਿਨਾ ਸ਼ਰਤ ਸਮੱਰਥਨ ਦੀ ਘੋਸ਼ਣਾ ਕਰ ਦਿੱਤੀ , ਜਦ ਕੇਜਰੀ ਵਾਲ ਨੇ ਸਾਫ ਕਹਿ ਦਿੱਤਾ ਕਿ ਉਹ ਨਾ ਕਿਸੇ ਦਾ ਸਮੱਰਥਨ ਲੈਣਗੇ ਅਤੇ ਨਾ ਕਿਸੇ ਨੂੰ ਸਮੱਰਥਨ ਦੇਣਗੇ , ਜੇ ਸੀਟਾਂ ਪੂਰੀਆਂ ਹੋਣਗੀਆਂ ਤਾਂ ਸਰਕਾਰ ਬਨਾਉਣਗੇ , ਨਹੀਂ ਤਾ ਵਿਰੋਧੀ ਧਿਰ ਵਜੋਂ ਬੈਠਣਗੇ । ਬੀ. ਜੇ. ਪੀ. ਦੇ ਸ਼ਾਤ੍ਰ ਨੇਤਿਆਂ ਨੇ ਪਰਚਾਰ ਸ਼ੁਰੂ ਕਰ ਦਿੱਤਾ ਕਿ , ਘੋਸ਼ਣਾ ਕਰਨ ਵਿਚ ਅਤੇ ਸਰਕਾਰ ਚਲਾਉਣ ਵਿਚ ਬੜਾ ਫਰਕ ਹੁੰਦਾ ਹੈ , ਜਿਸ ਤੋਂ ਹੁਣ ਆਮ ਆਦਮੀ ਦੀ ਪਾਰਟੀ ਭੱਜ ਰਹੀ ਹੈ । ਕਹਿਣ ਦਾ ਮਤਲਬ ਸਾਫ ਸੀ ਕਿ ਜੇ ਦੁਬਾਰਾ ਚੋਣ ਹੁੰਦੀ ਹੈ ਤਾਂ ਉਸ ਦੀ ਜ਼ਿਮੇਵਾਰ ਆਮ ਆਦਮੀ ਪਾਰਟੀ ਹੋਵੇਗੀ । ਦਬਾਅ ਪੈਣ ਲੱਗਾ ਕਿ ਦੁਬਾਰਾ ਚੋਣਾਂ ਨਾ ਹੋਣ , ਉਨ੍ਹਾਂ ਨੂੰ ਪਤਾ ਸੀ ਕਿ ਜੇ ਦੁਬਾਰਾ ਚੋਣਾਂ ਹੋ ਗਈਆਂ ਤਾਂ , ਜਿਹੜੀਆਂ ਸੀਟਾਂ ਮਿਲੀਆਂ ਹਨ ਉਹ ਵੀ ਨਹੀਂ ਮਿਲਣੀਆਂ । ਜੇ ਜਨਤਾ ਵਿਚ ਇਹ ਫੈਲਾਅ ਦਿੱਤਾ ਜਾਵੇ ਕਿ ਆਮ ਆਦਮੀ ਪਾਰਟੀ ਅਜੇ ਰਾਜ ਚਲਾਉਣ ਜੋਗੀ ਨਹੀਂ ਹੈ , ਤਾਂ ਹੀ ਸਰਕਾਰ ਬਨਾਉਣ ਤੋਂ ਭੱਜ ਰਹੀ ਹੈ । ਇਸ ਨਾਲ ਆਪ ਤੇ ਸ਼ੱਕ ਖੜਾ ਹੋ ਜਾਵੇਗਾ।
ਚਾਲ ਨੂੰ ਸਮਝਦਿਆਂ ਕੇਜਰੀਵਾਲ ਨੇ ਜੰਤਾ ਤੋਂ ਸਲਾਹ ਮੰਗੀ ਅਤੇ ਜੰਤਾ ਨੇ ਸਰਕਾਰ ਬਨਾਉਣ ਦੀ ਸਲਾਹ ਦਿੱਤੀ , ਕੇਜਰੀਵਾਲ ਨੇ ਸਰਕਾਰ ਬਣਾ ਲਈ । ਸਰਾਕਰ ਬਨਾਉਣ ਦੀ ਘੋਸ਼ਣਾ ਕਰਨ ਦੀ ਦੇਰ ਸੀ ਕਿ , ਬਿਨਾ ਸ਼ਰਤ ਸਮੱਰਥਨ ਦੇਣ ਵਾਲੀ ਕਾਂਗਰਸ ਵਿਚੋਂ ਸੁਗ-ਬੁਗਾਹਟ ਹੋਣ ਲੱਗੀ ਕਿ ਆਪ ਨੂੰ ਸਮੱਰਥਨ ਦੇਣ ਦੇ ਮਾਮਲੇ ਵਿਚ ਕਾਂਗਰਸ “ਚ ਮਤ-ਭੇਦ ਹਨ । ਪਰ ਬਹੁਮੱਤ ਸਿੱਧ ਕਰਨ ਤੋਂ ਪਹਿਲਾਂ ਕਾਂਗਰਸ ਸਮੱਰਥਨ ਵਾਪਸ ਨਹੀਂ ਲੈ ਸਕਦੀ ਸੀ । (ਲੋਕ-ਸਭਾ ਚੋਣਾਂ ਸਿਰ ਤੇ ਹਨ , ਮਗਰੋਂ ਭਾਵੇਂ ਕੇਜਰੀਵਾਲ ਦਾ ਹਾਲ ਵੀ ਚੌਧਰੀ ਚਰਨ ਸਿੰਘ ਵਾਲਾ ਹੀ ਹੋਵੇ) ਬਹੁਮਤ ਸਿੱਧ ਕਰਨ ਵੇਲੇ ਕਾਂਗਰਸ ਵਲੋਂ ਸਮੱਰਥਨ ਤਾਂ ਦਿੱਤਾ ਗਿਆ , ਪਰ ਉਸ ਦੇ ਇਕ ਨੇਤਾ ਵਲਂ ਜੋ ਗੱਲਾਂ ਕਹੀਆਂ ਗਈਆਂ ਉਹ ਉਸ ਵੇਲੇ ਲਾਇਕ ਨਹੀਂ ਸਨ , ਉਸ ਨੇ ਕਿਹਾ ਕਿ , ਆਪ ਇਸ ਭੁਲੇਖੇ ਵਿਚ ਨਾ ਰਹੇ ਕਿ ਉਸ ਨੂੰ ਬਿਨਾ-ਸ਼ਰਤ ਸਮੱਰਥਨ ਦਿੱਤਾ ਗਿਆ ਹੈ , ਅਸੀਂ ਮੁਦਿਆਂ ਦੇ ਆਧਾਰ ਤੇ ਹੀ ਸਮੱਰਥਨ ਦਿਆਂਗੇ ।
ਰਾਜਨੀਤਕ ਜੋਕਾਂ ਦਾ ਤਾਂ ਪਹਿਲਾਂ ਹੀ ਪਤਾ ਹੈ ਕਿ ਇਕ ਥਾਂ ਗੱਲ ਕਰ ਕੇ ਉਹ ਦੂਸਰੇ ਥਾਂ ਮੁਕਰਨ ਵਿਚ ਬੜੇ ਮਾਹਰ ਹੁੰਦੇ ਹਨ , ਪਰ ਇਸ ਨੇਤਾ ਨੂੰ ਤਾਂ ਨੇਤਾਗੀਰੀ ਵੀ ਇਸ ਉਪਲਕਸ਼ ਵਿਚ ਮਿਲੀ ਸੀ ਕਿ ਉਸ ਦੇ ਪਿਤਾ ਜੀ ਨੇ ਆਪਣੇ ਸਾਥੀਆਂ ਨਾ ਹੀ ਗੱਦਾਰੀ ਕੀਤੀ ਸੀ । ਅਜਿਹੀ ਹਾਲਤ ਵਿਚ ਆਪ ਦਾ ਰਸਤਾ ਸੌਖਾ ਨਹੀਂ ਹੈ । ਬੀ. ਜੇ. ਪੀ. ਨੇ ਪਹਿਲਾਂ ਤਾਂ ਖੂਬ ਪਰਚਾਰ ਕੀਤਾ ਕਿ ਵੇਖਾਂਗੇ ਇਹ ਬਿਜਲੀ ਦਰਾਂ ਵਿਚ 50% ਛੂਟ ਕਿਵੇਂ ਦੇ ਦਿੰਦੇ ਹਨ ? ਪਰ ਜਿਸ ਦਿਨ ਕੇਜਰੀ ਵਾਲ ਨੇ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੀਆਂ ਤਿੰਨਾਂ ਫਰਮਾਂ ਦੇ ਆਡਿਟ ਦਾ ਹੁਕਮ ਦਿੱਤਾ , ਤਾਂ ਇਹ ਇਵੇਂ ਤੜਫੀ ਜਿਵੇਂ , ਕਿਸੇ ਨੇ ਇਸ ਦੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ । ਜੇ ਕੇਜਰੀਵਾਲ ਨੇ ਪਾਣੀ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਸਪਲਾਈ ਕਰਨ ਵਲੀਆਂ ਨਿੱਜੀ ਕੰਪਣੀਆਂ ਨੇ (ਜੋ ਯਕੀਨੀ ਇਨ੍ਹਾਂ ਦੋਵਾਂ ਪਾਰਟੀਆਂ ਨਾਲ ਸਬੰਧਿਤ ਹਨ) ਕਈ ਇਲਾਕਿਆਂ ਵਿਚ ਪਾਣੀ ਨਾ ਦੇ ਕੇ , ਦਿੱਲੀ ਵਿਚ ਪਾਣੀ ਦੀ ਕਿੱਲਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ।
ਇਹ ਦੋਵੇਂ ਪਾਰਟੀਆਂ ਹੀ ਨਹੀਂ , ਸਥਾਪਤ ਸਾਰੀਆਂ ਪਾਰਟੀਆਂ ਹੀ ਆਪ ਸਰਕਾਰ ਨੂੰ ਫੇਲ੍ਹ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਗੀਆਂ । ਇਨ੍ਹਾਂ ਮਗਰ-ਮੱਛਾਂ ਨੂੰ ਪਤਾ ਹੈ ਕਿ ਜੇ ਆਪ ਦੀ ਸਰਕਾਰ ਚਾਰ ਮਹੀਨੇ ਚੰਗੀ ਤਰ੍ਹਾਂ ਚੱਲ ਗਈ ਤਾਂ ਲੋਕ-ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦਾ ਕੀ ਹੋਣ ਵਾਲਾ ਹੈ ? ਏਸੇ ਲਈ ਕਦੇ ਕੇਜਰੀਵਾਲ ਦੇ ਰਹਾਇਸ਼ੀ ਮਕਾਨ ਨੂੰ ਲੈ ਕੇ ਰੌਲਾ ਕਦੀ ਸਰਕਾਰੀ ਗੱਡੀ ਨੂੰ ਲੈ ਕੇ ਰੌਲਾ , ਕਦੀ ਸਕਿਉਰਟੀ ਨੂੰ ਲੈ ਕੇ ਰੌਲਾ , ਹੁਣ ਤਾਂ ਸਕਿਉਰਟੀ ਦੀ ਅਣਹੋਂਦ ਦਾ ਫਾਇਦਾ ਉਠਾਉਂਦਿਆਂ , ਆਪ ਦੇ ਗਾਜ਼ੀਆਬਾਦ ਦੇ ਦਫਤਰ (ਜੋ ਕੇਜਰੀਵਾਲ ਦੇ ਮਕਾਨ ਤੋਂ ਕੁਝ ਹੀ ਮੀਟਰਾਂ ਦੀ ਵਿੱਥ ਤੇ ਹੈ) ਦੀ ਹਿੰਦੂ ਰਕਸ਼ਾ ਸੰਮਤੀ ਵਲੋਂ ਭੱਨ-ਤੋੜ , ਅਮੇਠੀ ਵਿਚ ਆਪ ਦੀ ਰੈਲੀ ਦਾ ਵਰੋਧ , ਇਹ ਸਾਰੀਆਂ ਗੱਲਾਂ ਚੱਲ ਰਹੀਆਂ ਹਨ , ਅਜਿਹੀ ਹਾਲਤ ਵਿਚ ਭਾਰਤ ਨੂੰ ਬਚਾਉਣ ਦੇ ਚਾਹਵਾਨ ਬੁੱਧੀ-ਜੀਵੀਆਂ ਨੂੰ ਕਮਰ ਕੱਸ ਕੇ ਮੈਦਾਨ ਵਿਚ ਆ ਜਾਣਾ ਚਾਹੀਦਾ ਹੈ । ਸਥਾਪਤ ਮੀਡੀਏ ਦੇ ਮੁਕਾਬਲੇ ਤੇ ਸੋਸ਼ਲ ਮੀਡੀਏ ਨੂੰ ਵੀ ਆਪਣਾ ਕਿਰਦਾਰ ਭਲੀ-ਭਾਂਤ ਨਿਭਾਉਣਾ ਚਾਹੀਦਾ ਹੈ , ਈਮਾਨਦਾਰ ਆਮ ਲੋਕਾਂ ਨੂੰ , ਗਰੀਬਾਂ ਨੂੰ ਛੇਤੀ ਤੋਂ ਛੇਤੀ ਆਪ ਦੇ ਮੈਂਬਰ ਬਣਨਾ ਚਾਹੀਦਾ ਹੈ , ਆਪਣੇ ਇਲਾਕੇ ਦੇ ਸੂਝਵਾਨ ਅਤੇ ਈਮਾਨਦਾਰ ਲੋਕਾਂ ਦੇ ਨਾਮ ਲੋਕ-ਸਭਾ ਚੋਣਾਂ ਲਈ ਭੇਜਣੇ ਚਾਹੀਦੇ ਹਨ । ਜੇ ਇਹ ਸਾਰਾ ਕੁਝ ਹੋ ਗਿਆ ਤਾਂ ਯਕੀਨਨ ਨਾ ਸਿਰਫ ਭਾਰਤ ਬਚ ਜਾਵੇਗਾ , ਬਲਕਿ ਆਜ਼ਾਦੀ ਦੇ ਪਰਵਾਨਿਆ ਦੀਆਂ ਸ਼ਹਾਦਤਾਂ ਵੀ ਸਕਾਰਥੀਆਂ ਹੋ ਜਾਣਗੀਆਂ ।
ਜੇ ਇਸ ਵਾਰ ਵੀ ਮੌਕਾ ਨਾ ਸੰਭਾਲਿਆ , ਅਤੇ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਵਾਙ ਹੀ ਖੁਂਝ ਗਿਆ ਤਾਂ ਫਿਰ ਪਛਤਾਵੇ ਤੋਂ ਇਲਾਵਾ ਕੁਝ ਵੀ ਹੱਥਪੱਲੇ ਨਹੀਂ ਪੈਣ ਵਾਲਾ । ਅੱਗੇ ਇਹ ਮੌਕਾ 300 ਸਾਲ ਮਗਰੋਂ ਹੱਥ ਆਇਆ ਹੈ , ਫਿਰ ਜਾਣੇ ਅਜਿਹਾ ਮੌਕਾ ਕਿੰਨੇ ਚਿਰ ਪਿੱਛੋਂ ਹੱਥ ਆਵੇਗਾ ?
ਅਮਰ ਜੀਤ ਸਿੰਘ ਚੰਦੀ