ਸਾਡਾ ਬੇਦਾਵਾ ਕੌਣ ਪਾੜੇਗਾ ? (ਨਿੱਕੀ ਕਹਾਣੀ)
ਫਿਰ ਗੁਰੂ ਸਾਹਿਬ ਨੇ ਉਨ੍ਹਾਂ ਚਾਲੀ ਸਿੱਖਾਂ ਦਾ ਬੇਦਾਵਾ ਪਾੜ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਕੀ ਅਸੀਂ ਗੁਰੂ ਕੇ ਸਿੱਖ ਨਹੀ ! ਪਰ ਏ ਗੁਰੂ ਤੋਂ ਬੇਮੁਖ ਹੋ ਚੁਕੇ ਮੇਰੇ ਪਤਿਤ ਵੀਰ ! ਕੀ ਤੇਰੇ ਦਿਲ ਚੋਂ ਕਦੀ ਆਵਾਜ਼ਾ ਨਹੀ ਆਉਂਦਾ "ਆਪਣਾ ਬੇਦਾਵਾ ਪੜਵਾਉਣ ਦਾ ?" (ਗੁਰੂ ਦੇ ਕਿਰਤੀ ਸਿੱਖ ਹਰਦਿੱਤ ਸਿੰਘ ਸਟੇਜ ਤੋਂ ਹਲੂਣਾ ਦੇ ਰਹੇ ਸਨ)
ਸੰਗਤ ਵਿੱਚ ਬੈਠੇ ਪਤਿਤ ਹੋ ਚੁਕੇ ਗੁਰਜੋਤ ਸਿੰਘ ਦੀਆਂ ਅੱਖਾਂ ਵਿੱਚ ਨਾਈ ਦੀ ਫੋਟੋ ਅੱਤੇ ਆਪਣੇ ਮਾੜੇ ਅੱਤੇ ਨਸ਼ੀਲੇ ਕਰਮਾਂ ਦੀ ਰੀਲ ਘੁਮਣ ਲੱਗੀ ! ਮੇਰਾ ਸਿੱਖੀ ਕਦਰਾਂ ਕੀਮਤਾਂ ਨੂੰ ਦਿੱਤਾ ਬੇਦਾਵਾ ਕੌਣ ਪਾੜੇਗਾ ? (ਇਹੀ ਸੋਚਦੇ ਸੋਚਦੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਤੁਰ ਚੱਲੇ)
ਹਰਦਿੱਤ ਸਿੰਘ ਦੀ ਪਾਰਖੁ ਨਿਗਾਹ ਨੇ ਗੁਰਜੋਤ ਦੇ ਅੰਦਰ ਚੱਲ ਰਹੀ ਲੜਾਈ ਨੂੰ ਪਛਾਣ ਲਿਆ ! ਉਨ੍ਹਾਂ ਨੇ ਆਪਣੀ ਗੱਲ ਨੂੰ ਥੋੜਾ ਜਿਹਾ ਬਦਲ ਕੇ ਗੱਲ ਅੱਗੇ ਤੋਰ ਦਿੱਤੀ ..
ਹਰਦਿੱਤ ਸਿੰਘ : ਬੇਦਾਵਾ ਕੌਣ ਦਿੰਦਾ ਹੈ ? ਬੇਦਾਵਾ ਓਹ ਦਿੰਦਾ ਹੈ ਜਿਸਦਾ ਮਨ ਅਜੇ ਤਕ ਭਰਮ ਵਿੱਚ ਹੈ ! ਬੇਦਾਵਾ ਓਹ ਦਿੰਦਾ ਹੈ ਜਿਸਨੂੰ ਗੁਰੂ ਦੇ ਰਾਹ ਬਾਰੇ ਗਿਆਨ ਨਹੀ ! ਬੇਦਾਵਾ ਓਹ ਦਿੰਦਾ ਹੈ ਜਿਸਨੇ ਗੁਰੂ ਦੀ ਗੋਦੀ ਵਿੱਚ ਬੈਠ ਕੇ ਉਸਦਾ ਉਪਦੇਸ਼ ਸਮਝਿਆ ਨਹੀ !
ਗੁਰਜੋਤ ਸਿੰਘ ਹੋਰ ਸਾਵਧਾਨ ਹੋ ਕੇ ਬੈਠ ਗਿਆ !
ਹਰਦਿੱਤ ਸਿੰਘ ਬੋਲ ਰਹੇ ਸਨ ... "ਤੁਸੀਂ ਜੇਕਰ ਬੇਦਾਵਾ ਪੜਵਾਉਣਾ ਹੈ ਤਾਂ ਸਿਰਫ ਇੱਕ ਅੰਗ (ਸਫਾ, ਪੇਜ, ਪੰਨਾ) ਰੋਜ਼ਾਨਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ "ਅਰਥ ਵਿਚਾਰ" ਕੇ ਪੜ ਲਿਆ ਕਰੋ ! ਜਦੋਂ ਤੁਸੀਂ ਵਿਚਾਰ ਕੇ ਪੜੋਗੇ ਤਾਂ ਸਚ ਸਮਝਣਾ ਤੁਹਾਡਾ ਮਨ ਆਪਣੇ-ਆਪ ਹੀ ਪਰਤ ਆਵੇਗਾ ! ਇਹ ਸਭ ਪਤਿਤਪੁਣਾ, ਸ਼ਰਾਬਖੋਰੀ, ਨਸ਼ਾਖੋਰੀ, ਗਾਲਾਂ ਕਢਨੀਆਂ, ਵਹਿਮ-ਭਰਮ ਆਦਿ ਬੇਦਾਵੇ ਆਪੇ ਹੀ ਪਾੜੇ ਜਾਣਗੇ ! ਗੁਰੂ ਤੇ ਤਿਆਰ ਹੈ ਆਪਣੀਆਂ ਬਾਹਾਂ ਫੈਲਾ ਕੇ, ਦੇਰ ਸਾਡੇ ਵੱਲੋਂ ਹੈ ! ਗੁਰੂ (ਗਿਆਨ) ਵੱਡੇ ਤੋਂ ਵੱਡੇ ਹਨੇਰੇ(ਬੇਦਾਵੇ) ਨੂੰ ਪਾੜ ਦਿੰਦਾ ਹੈ !
ਗੁਰਜੋਤ ਸਿੰਘ ਮਨ ਵਿੱਚ ਪੱਕਾ ਕਰਦਾ ਹੈ ਕੀ ਅੱਜ ਤੋਂ ਹੀ "ਕੇਵਲ ਮੱਥਾ ਟੇਕ ਕੇ ਨਹੀ" ਬਲਕਿ "ਮਤ ਟੇਕ ਕੇ" ਸਮਝਾਂਗਾ ਕੀ ਅਸਲ ਵਿੱਚ ਗੁਰੂ ਦਾ ਰਾਹ ਕੀ ਹੈ ! ਸ਼ਾਇਦ ਇੱਕ ਦਿਨ "ਮੇਰਾ ਬੇਦਾਵਾ ਵੀ ਪਾੜੇਆ ਜਾਵੇ"!
- ਬਲਵਿੰਦਰ ਸਿੰਘ ਬਾਈਸਨ