ਬਲਵਿੰਦਰ ਸਿੰਘ ਬਾਈਸਨ
ਚਿੱਟਾ-ਕਾਲਾ ਦਾਨ ! (ਨਿੱਕੀ ਕਹਾਣੀ)
Page Visitors: 2674
ਚਿੱਟਾ-ਕਾਲਾ ਦਾਨ ! (ਨਿੱਕੀ ਕਹਾਣੀ) "ਫਲਾਣੀ ਮਸ਼ੀਨ" ਲਗਾਉਣੀ ਹੈ ਗੁਰੂਦੁਆਰਾ ਸਾਹਿਬ ਵਿੱਚ ! ਫਿਰ ਸੰਗਤਾਂ ਨੂੰ ਬਹੁਤ ਸੁੱਖ ਹੋ ਜਾਵੇਗਾ ! (ਕੁਲਬੀਰ ਸਿੰਘ ਨੇ ਦਸਿਆ) ਵਾਹ ! ਵਾਕਈ ਬਹੁਤ ਚੰਗਾ ਉੱਦਮ ਹੈ ਤੁਹਾਡੀ ਕਮੇਟੀ ਦਾ ! ਮੇਰੇ ਲਈ ਕੀ ਹੁਕਮ ਹੈ ਭਾਈ ਸਾਹਿਬ ਜੀ ? (ਹਰਮਨ ਸਿੰਘ ਨੇ ਪੁਛਿਆ) ਕੁਲਬੀਰ ਸਿੰਘ : ਪੰਦਰਾਂ ਲੱਖ ਦੇ ਗੇੜ ਦੀ ਮਸ਼ੀਨ ਆਉਣੀ ਹੈ ! ਤੁਹਾਡੇ ਨਾਮ ਪੰਜ ਲੱਖ ਦੀ ਪਰਚੀ ਕੱਟਣੀ ਹੈ ! ਹਰਮਨ ਸਿੰਘ (ਕੁਛ ਸੋਚਦਾ ਹੋਇਆ) : ਪੰਜ ਲੱਖ ਤੇ ਜਿਆਦਾ ਹੋ ਜਾਣਗੇ ! ਇੱਕ ਕੰਮ ਕਰਦਾ ਹਾਂ ਕੀ ਦੋ ਲੱਖ ਦੇ ਦਿੰਦਾ ਹਾਂ ! ਕਿਸ ਦੇ ਨਾਮ ਚੈਕ ਕੱਟਾਂ ? ਕੁਲਬੀਰ ਸਿੰਘ : ਤੁਸੀਂ ਚੈਕ ਰਹਿਣ ਦੇਵੋ ਤੇ ਨਕਦ ਹੀ ਦੇ ਦਿਓ ਮਾਇਆ ! ਸੰਗਤ ਦਾ ਕੀਮਤੀ ਪੈਸਾ ਅਸੀਂ ਕਿਓਂ ਚੈਕ ਲੈ ਕੇ ਸਰਕਾਰ ਦੇ ਟੈਕ੍ਸ ਵਿੱਚ ਰੋਲੀਏ ? ਨਕਦ ਦੇਵੋਗੇ ਤਾਂ ਅੱਗੋ ਕੰਪਨੀ ਕੋਲੋਂ ਚੰਗਾ ਰੇਟ ਲਗਵਾ ਲਵਾਂਗੇ, ਨਾਲੇ ਟੈਕ੍ਸ ਵੀ ਬਚੇਗਾ ! (ਬਾਰ ਬਾਰ ਨਕਦ ਤੇ ਹੀ ਜੋਰ ਪਾਉਂਦਾ ਹੈ) ਹਰਮਨ ਸਿੰਘ (ਜੋਰ ਪਾਉਂਦੇ ਹੋਏ) : ਤੁਸੀਂ ਪਰਚੀ ਕੱਟੋ ! ਮੈ ਚੈਕ ਹੀ ਦੇਣਾ ਹੈ ਤਾਂਕਿ ਮੇਰੇ ਖਾਤੇ ਵਿੱਚ ਵੀ ਇਹ ਰਕਮ ਆ ਜਾਵੇ ਤੇ ਤੁਹਾਡੇ ਖਾਤੇ ਵਿੱਚ ਵੀ ! ਦਿੱਕਤ ਕੀ ਹੈ ? ਕੁਲਬੀਰ ਸਿੰਘ (ਪਰੇਸ਼ਾਨ ਹੁੰਦਾ ਹੋਇਆ) : ਛੱਡੋ ਤੁਸੀਂ, ਰੱਖੋ ਚੈਕ ਆਪਣੇ ਕੋਲ ! ਸਾਨੂੰ ਬਥੇਰੇ ਦੇਣ ਵਾਲੇ ਬੈਠੇ ਨੇ ! ਤੁਸੀਂ ਰੱਖੋ ਆਪਣਾ ਚਿੱਟਾ ਆਪਣੇ ਕੋਲ, ਫਿਰ ਕਦੀ ਲੈ ਲਵਾਂਗੇ ! (ਗੁੱਸਾ ਕਰ ਕੇ ਉਥੋਂ ਚਲਾ ਜਾਂਦਾ ਹੈ) (ਇਤਨੀ ਹੀ ਦੇਰ ਵਿੱਚ ਰਣਜੋਧ ਸਿੰਘ ਆ ਹਰਮਨ ਸਿੰਘ ਨੂੰ ਸਤ ਸ਼੍ਰੀ ਅਕਾਲ ਬੁਲਾਉਂਦਾ ਹੈ ਤੇ ਕੁਲਬੀਰ ਸਿੰਘ ਦੇ ਗੁੱਸੇ ਵਿੱਚ ਉਥੋਂ ਜਾਣ ਦਾ ਕਾਰਣ ਪੁਛਦਾ ਹੈ ! ਕੁਲਬੀਰ ਸਿੰਘ ਸਾਰੀ ਗੱਲ ਬਾਤ ਸੁਣਾਂਦਾ ਹੈ) ਰਣਜੋਧ ਸਿੰਘ (ਗੱਲ ਸੁਣਨ ਤੋਂ ਬਾਅਦ) : ਪਰ ਉਸ ਮਸ਼ੀਨ ਨੂੰ ਲਗੇਆਂ ਤੇ ਅੱਜ ਤਿੰਨ ਹਫਤੇ ਹੋਣ ਆਏ ਅਤੇ ਉਸ ਮਸ਼ੀਨ ਦੀ ਤਾਂ ਪੂਰੀ ਪੇਮੈਂਟ ਵੀ ਏਡਵਾੰਸ ਹੋ ਚੁੱਕੀ ਹੈ ! ਹਰਮਨ ਸਿੰਘ ਦੀਆਂ ਅੱਖਾਂ ਅੱਗੇ ਉਸ ਓਹਦੇਦਾਰ ਦੀ ਸ਼ਕਲ ਘੁਮਣ ਲੱਗ ਜਾਂਦੀ ਹੈ ਜੋ ਚਿੱਟੇ-ਕਾਲੇ ਦੀਆਂ ਕਹਾਣੀਆਂ ਸੁਣਾ ਕੇ ਗਿਆ ਸੀ ! ਕੀ ਕਰਦਾ ਓਹ ਉਸ ਕੈਸ਼ ਨਾਲ ? ਕੀ ਸੰਗਤ ਵੱਲੋਂ "ਨਿਮਰਤਾ ਵੱਸ" ਹੋ ਕੇ "ਗੁਪਤ ਦਾਨ ਦੇ ਨਾਮ ਤੇ ਕੈਸ਼" ਦਿੱਤੇ ਜਾਂਦੇ ਪੈਸੇ ਨੂੰ ਓਹ ਖਾ ਜਾਂਦਾ ? ਜੇ ਨਹੀਂ ਤੇ ਫਿਰ ਕਿਓਂ ਉਸਨੇ ਚੈਕ ਲੈਣ ਤੋਂ ਮਨਾ ਕੀਤਾ ? (ਸੋਚਦਾ ਸੋਚਦਾ ਆਪਣੀ ਸੋਚ ਨੂੰ ਡੂੰਘਾ ਲੈ ਜਾਂਦਾ ਹੈ) (ਫੈਸਲਾ ਕਰਦਾ ਹੈ ਕੀ ਜੋ ਮਰਜ਼ੀ ਹੋ ਜਾਵੇ ਮੈਂ ਅੱਜ ਤੋਂ ਕੋਈ ਵੀ ਪੈਸਾ ਜਾਂ ਵਸਤੂ ਬਗੈਰ ਰਸੀਦ ਕਟਾਏ ਨਹੀ ਦੇਵਾਂਗਾ ! (ਬੁੜ-ਬੁੜ ਕਰਦਾ ਹੈ ) ਚੈਕ ਮਤਲਬ "ਚਿੱਟਾ ਦਾਨ" ਤੇ ਬਿਨਾ ਰਸੀਦ ਤੋਂ ਕੈਸ਼ ਮਤਲਬ "ਕਾਲਾ ਦਾਨ" !!! - ਬਲਵਿੰਦਰ ਸਿੰਘ ਬਾਈਸਨ http://nikkikahani.com/