1947 ’ਚ ਠੱਗੀ ਗਈ ਸਿੱਖ ਕੌਮ ਹਾਲ ਦੁਹਾਈ ਪਾਉਣ ਦੀ ਥਾਂ ਕੁਝ ਕਰੇ
ਸਿੱਖ ਲਹਿਰ ਆਪਣੇ ਆਰੰਭ ਤੋਂ ਹੀ ਉਸ ਸਮੇਂ ਦੇ ਧਾਰਮਿਕ ਆਗੂਆਂ ਦੇ ਵਿਰੋਧ ਅਤੇ ਰਾਜ ਕਰਦੇ ਲੋਕਾਂ (ਸ਼ਾਸਕਾਂ) ਦੇ ਅੱਤਿਆਚਾਰਾਂ ਦਾ ਸ਼ਿਕਾਰ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿੱਥੇ ਗੁਰੂ ਸਾਹਿਬਾਨ ਨੇ ਗਲਤ ਧਾਰਮਿਕ ਵਿਸ਼ਵਾਸਾਂ, ਰਹੁ-ਰੀਤਾਂ ਅਤੇ ਸਮਾਜਿਕ ਕੁਰੀਤੀਆਂ ਦੀ ਆਲੋਚਨਾ ਕਰਕੇ ਲੋਕਾਂ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਵਿਚ ਇਨਕਲਾਬ ਲਿਆਂਦਾ ਉ`ਥੇ ਉਨ੍ਹਾਂ ਦੇ ਰਾਜਸੀ ਮਸਲਿਆਂ ਨੂੰ ਹੱਲ ਕਰਨਾ ਵੀ ਆਪਣਾ ਜ਼ਰੂਰੀ ਨਿਸ਼ਾਨਾ ਮਿੱਥ ਲਿਆ। ਇਹ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਧਾਰਮਿਕ ਲਹਿਰ ਨੇ ਰਾਜਸੀ ਮਸਲਿਆਂ ਨੂੰ ਹੱਲ ਕਰਨਾ ਵੀ ਜ਼ਰੂਰੀ ਸਮਝਿਆ ਹੋਵੇ। ਇਹੀ ਕਾਰਨ ਸੀ ਕਿ ਵੇਲੇ ਦੇ ਸ਼ਾਸਕਾਂ ਨੂੰ ਇਸ ਲਹਿਰ ਦੇ ਤਾਕਤ ਫੜਨ ਤੋਂ ਡਰ ਲਗਦਾ ਸੀ।
ਗੁਰੂ ਨਾਨਕ ਸਾਹਿਬ ਅਜਿਹੇ ਪਹਿਲੇ ਧਾਰਮਿਕ ਆਗੂ ਸਨ, ਜਿਨ੍ਹਾਂ ਨੇ ਰਾਜਸੀ ਅੱਤਿਆਚਾਰਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਬਾਬਰ ਦੇ ਹਮਲੇ ਸਮੇਂ, ਉਸ ਦੀਆਂ ਫੌਜਾਂ ਦੁਆਰਾ ਆਮ ਲੋਕਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਬਾਬਰ ਦੀ ਕੈਦ ਵੀ ਝੱਲਣੀ ਪਈ। ਇਸ ਦਾ ਸਬੂਤ ਉਹ ਚਾਰ ਸ਼ਬਦ ਹਨ ਜੋ ਗੁਰੂ ਪਾਤਸ਼ਾਹ ਨੇ ਬਾਬਰ ਦੇ ਹਮਲੇ ਬਾਰੇ ਉਚਾਰਨ ਕੀਤੇ ਅਤੇ ਉਨ੍ਹਾਂ ਵਿਚ ਬਾਬਰ ਦੇ ਫੌਜੀਆਂ ਵਲੋਂ ਢਾਹੇ ਜਾ ਰਹੇ ਜ਼ੁਲਮਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ। ਉਨ੍ਹਾਂ ਨੇ ਇਥੋਂ ਦੇ ਪਠਾਣ ਹਾਕਮਾਂ ਦੇ ਵਿਲਾਸੀ ਜੀਵਨ ਅਤੇ ਆਪਣੀ ਪਰਜਾ ਦੀ ਰਾਖੀ ਨਾ ਕਰ ਸਕਣ ਦੀ ਅਯੋਗਤਾ ਦੀ ਵੀ ਨਿੰਦਿਆ ਕੀਤੀ। ਉਨ੍ਹਾਂ ਦੇ ਮਗਰੋਂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਵਲੋਂ ਹਮਾਯੂੰ ਬਾਦਸ਼ਾਹ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਗਈਆਂ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਗੁਰਮਤਿ- ਸਿਧਾਂਤਾਂ ਦੀ ਰਾਖੀ ਅਤੇ ਸਿਆਸੀ ਅੱਤਿਆਚਾਰਾਂ ਦਾ ਵਿਰੋਧ ਕਰਨ ਕਰਕੇ, ਘੋਰ ਤਸੀਹੇ ਸਹਿਣ ਮਗਰੋਂ ਹੱਸ-ਹੱਸ ਕੇ ਸ਼ਹਾਦਤਾਂ ਦੇ ਦਿੱਤੀਆਂ। ਸਰਕਾਰ ਨੇ ਗੁਰੂ ਹਰਿਗੋਬਿੰਦ ਸਾਹਿਬ ’ਤੇ ਅਕਾਰਣ ਹੀ ਵਾਰ-ਵਾਰ ਫੌਜਾਂ ਚਾੜ੍ਹ ਕੇ ਉਨ੍ਹਾਂ ਨੂੰ ਲੜਾਈ ਲਈ ਮਜਬੂਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਵਿਚ ਗੁਜ਼ਰਿਆ, ਜੋ ਕਿ ਆਮ ਲੋਕਾਂ (ਸਰਬੱਤ) ਦੇ ਭਲੇ ਲਈ ਸਨ।
ਖ਼ਾਲਸਾ ਪੰਥ ਦੀ ਸਿਰਜਨਾ ਕਰ ਕੇ ਤਾਂ ਦਸਮ-ਪਾਤਸ਼ਾਹ ਨੇ ‘ਅਕਾਲ ਪੁਰਖ ਕੀ ਫੌਜ’ ਤਿਆਰ ਕਰ ਦਿੱਤੀ ਅਤੇ ਉਸ ਦੀ ਡਿਊਟੀ ਧਰਮ ਅਤੇ ਧਰਮੀਆਂ ਦੀ ਰੱਖਿਆ ਤੇ ਅੱਤਿਆਚਾਰ ਕਰਨ ਵਾਲਿਆਂ ਦਾ ਵਿਨਾਸ਼ ਕਰਨ ਦੀ ਲਾ ਦਿੱਤੀ। ਗੁਰੂ ਸਾਹਿਬ ਦਾ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ :
ਅਸੁਰ ਸਿੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ,ਸੰਕਟ ਨਿਬਾਰਬੇ ਕੋ, ਖਾਲਸਾ ਬਨਾਯੋ ਹੈ।
(ਸ੍ਰੀ ਗੁਰੂ ਸੋਭਾ, ਅਧਿਆਇ ਪੰਜਵਾਂ)
ਖ਼ਾਲਸਾ ਪੰਥ (ਸਿੱਖ ਲਹਿਰ) ਦੇ ਮਿੱਥੇ ਨਿਸ਼ਾਨੇ ਪ੍ਰਾਪਤ ਕਰਨ ਲਈ ਆਮ ਲੋਕਾਂ ਦਾ ਰਾਜ-ਸ਼ਕਤੀ ਦੇ ਮਾਲਕ ਬਣਨਾ ਜ਼ਰੂਰੀ ਸੀ। ਇਸ ਲਈ ਪਾਤਸ਼ਾਹ ਨੇ ਫੁਰਮਾਇਆ :
ਇਨ ਗਰੀਬ ਸਿੱਖਨ ਕੋ ਦਯੈਂ ਪਾਤਿਸ਼ਾਹੀ॥ਏ ਯਾਦ ਰਖੈਂ ਹਮਰੀ ਗੁਰਿਆਈ॥
(ਪ੍ਰਾਚੀਨ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਭੰਗੂ)
ਰਾਜ ਕਰੇਗਾ ਖਾਲਸਾ ਆਕੀ ਰਹਹਿ ਨ ਕੋਇ।ਖ੍ਵਾਰ ਹੋਇ ਸਭ ਮਿਲੈਂਗੇ, ਬਚਹਿ ਸ਼ਰਨ ਜੋ ਹੋਇ।
(ਤਨਖਾਹਨਾਮਾ ਭਾਈ ਨੰਦ ਲਾਲ ਸਿੰਘ)
ਦਸਮ ਪਾਤਸ਼ਾਹ ਦੇ ਸਮੇਂ ਦੀਆਂ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਤੋਂ ਅਰੰਭ ਹੋ ਕੇ 18ਵੀਂ ਸਦੀ ਦੇ ਅੰਤ ਤੱਕ ਸਿੱਖ ਆਪਣੀ ਹੋਂਦ ਨੂੰ ਬਚਾਉਣ ਅਤੇ ਆਮ ਲੋਕਾਂ ਨੂੰ ਰਾਜ- ਸ਼ਕਤੀ ਦੇ ਮਾਲਕ ਬਣਾਉਣ ਲਈ ਸੰਘਰਸ਼ਸ਼ੀਲ ਰਹੇ। ਭਾਵੇਂ ਕੁਝ ਸਾਲਾਂ ਲਈ ਬਾਬਾ ਬੰਦਾ ਸਿੰਘ ਜੀ ਦੀ ਸਰਦਾਰੀ ਹੇਠ ਖ਼ਾਲਸਈ ਰਾਜ ਵੀ ਹੋਂਦ ਵਿਚ ਆਇਆ, ਪਰ ਸਮੇਂ ਦੀ ਸਰਕਾਰ ਨੇ ਆਪਣੀ ਅਥਾਹ ਸੈਨਿਕ ਸ਼ਕਤੀ ਅਤੇ ਵਧੀਆ ਤੋਂ ਵਧੀਆ ਹਥਿਆਰਾਂ ਦੀ ਸਹਾਇਤਾ ਨਾਲ ਤੇ ਸਿੱਖਾਂ ਵਿਚ ਫੁੱਟ ਪਾ ਕੇ ਉਸ ਰਾਜ ਨੂੰ ਖ਼ਤਮ ਕਰ ਦਿੱਤਾ। ਬਾਕੀ ਪੂਰੀ ਸਦੀ ਸਖ਼ਤ ਸੰਘਰਸ਼ ਵਿਚ ਲੰਘੀ; ਦੋ ਘੱਲੂਘਾਰੇ ਵਰਤੇ, ਅਤੇ ਵੱਖ-ਵੱਖ ਤਰ੍ਹਾਂ ਦੇ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਹਜ਼ਾਰਾਂ ਸਿੱਖ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਇਨ੍ਹਾਂ ਦੀ ਪਾਵਨ ਘਾਲ-ਕਮਾਈ ਨੂੰ ਅਸੀਂ ਰੋਜ਼ ਅਰਦਾਸ ਵਿਚ ਯਾਦ ਕਰਦੇ ਹਾਂ।
ਸੰਸਾਰ ਨੇ ਬੜੀ ਹੈਰਾਨੀ ਨਾਲ ਵੇਖਿਆ ਕਿ ਸਿੱਖ ਇਕ ਪਾਸੇ ਆਪਣੀ ਹੋਂਦ ਨੂੰ ਬਚਾਉਣ ਲਈ ਮੁਗਲਾਂ ਅਤੇ ਅਫ਼ਗਾਨੀਆਂ ਨਾਲ ਲੜ ਰਹੇ ਸਨ, ਦੂਜੇ ਪਾਸੇ ਪੰਜਾਬ ਅਤੇ ਯੂ.ਪੀ. ਦੇ ਕੁਝ ਇਲਾਕਿਆਂ ਵਿਚ ਆਪਣਾ ਦਬਦਬਾ ਕਾਇਮ ਕਰਨ ਵਿਚ ਵੀ ਸਫਲ ਹੋ ਰਹੇ ਸਨ। ਇਸ ਸਮੇਂ ਵੀ ਉਨ੍ਹਾਂ ਨੇ ਆਮ ਲੋਕਾਂ ਦੀ ਮੁਗਲ ਅਤੇ ਅਫ਼ਗਾਨੀ ਸਿਪਾਹੀਆਂ ਤੋਂ ਰੱਖਿਆ ਕਰਨ ਲਈ ‘ਰਾਖੀ’ ਸਿਸਟਮ ਸ਼ੁਰੂ ਕੀਤਾ। ਇਸ ਸਿਸਟਮ ਅਧੀਨ ਲੋਕਾਂ ਨੂੰ ਆਪਣੀ ਰੱਖਿਆ ਲਈ ਹਾੜੀ ਸਾਉਣੀ ਦੀਆਂ ਫਸਲਾਂ ਦੀ ਕਟਾਈ ਸਮੇਂ ਸਿੱਖਾਂ ਨੂੰ ਕੁਝ ਟੈਕਸ ਦੇਣਾ ਪੈਂਦਾ ਸੀ, ਜੋ ਲੋਕਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਇਸ ਤਰ੍ਹਾਂ ਮਿਸਲਾਂ ਦਾ ਰਾਜ ਸਥਾਪਿਤ ਹੋ ਗਿਆ, ਪਰ ਸਮਾਂ ਪਾ ਕੇ ਮਿਸਲਦਾਰ ਗੁਰਮਤਿ ਦੀ ਭਾਵਨਾ ਤੋਂ ਦੂਰ ਹੁੰਦੇ ਗਏ ਅਤੇ ਸਿੱਖੀ ਆਚਰਨ ਵੀ ਤਿਆਗਣ ਲੱਗੇ। ਕੌਮੀ ਹਿਤਾਂ ਨੂੰ ਵਿਸਾਰ ਕੇ, ਨਿਜੀ ਹਿਤਾਂ ਦੀ ਖਾਤਰ ਜੰਗ- ਯੁੱਧ, ਲੁੱਟ-ਮਾਰ ਕਰਨ ਲੱਗੇ ਅਤੇ ਆਪਸੀ ਲੜਾਈਆਂ ਵਿਚ ਵੀ ਉਲਝ ਗਏ। ਧਨ ਦੀ ਬਹੁਲਤਾ ਨੇ ਉਨ੍ਹਾਂ ਨੂੰ ਐਸ਼ਪ੍ਰਸਤ ਬਣਾ ਦਿੱਤਾ। ਐਸੀ ਦਸ਼ਾ ਬਣ ਗਈ ਕਿ ਸਿੱਖਾਂ ਦਾ ਇਕ ਵੱਡੀ ਰਾਜ-ਸ਼ਕਤੀ ਬਣਨ ਦਾ ਸੁਪਨਾ ਚਕਨਾਚੂਰ ਹੁੰਦਾ ਨਜ਼ਰ ਆਉਣ ਲੱਗਾ।
ਸ਼ੁਕਰਚੱਕੀਆ ਮਿਸਲ ਦੇ ਆਗੂ ਸਰਦਾਰ ਰਣਜੀਤ ਸਿੰਘ ਨੇ ਹਾਲਾਤ ਨੂੰ ਸੰਭਾਲਿਆ ਅਤੇ ਮਿਸਲਾਂ ਨੂੰ ਆਪਣੇ ਅਧੀਨ ਕਰਨ ਵਿਚ ਸਫ਼ਲ ਹੋ ਗਿਆ। ਸੰਨ 1799 ਦੇ ਅੱਧ ਵਿਚ ਉਸ ਨੇ ਲਾਹੌਰ ’ਤੇ ਕਬਜ਼ਾ ਕਰ ਲਿਆ ਅਤੇ ਕੁਝ ਹੀ ਸਾਲਾਂ ਵਿਚ ਉਸ ਨੇ ਇਕ ਵਿਸ਼ਾਲ ਸਲਤਨਤ ਖੜ੍ਹੀ ਕਰ ਲਈ। ਸਿੱਖ ਸਚਮੁੱਚ ਹੀ ਇਕ ਵੱਡੀ ਸਿਆਸੀ ਸ਼ਕਤੀ ਬਣਨ ਵਿਚ ਸਫਲ ਹੋ ਗਏ। ਪਰ ਮਹਾਰਾਜੇ ਨੇ ਇਸ ਸ਼ਕਤੀ ਨੂੰ ਖ਼ਾਲਸਈ ਨਿਸ਼ਾਨੇ ‘ਕੌਮੀ ਰਾਜ ਦੀ ਸਥਾਪਤੀ’ ਤੋਂ ਭਟਕਾ ਕੇ ਨਿਜੀ ਰਾਜ ਦੀ ਸਥਾਪਤੀ ਲਈ ਵਰਤਿਆ। ਇਹ ਉਸ ਦੀ ਇਕ ਵੱਡੀ ਗ਼ਲਤੀ ਸੀ। ਜਿਹੜਾ ਰਾਜ ਸਰਬੱਤ ਖ਼ਾਲਸੇ ਦੇ ਸਾਂਝੇ ਯਤਨਾਂ ਨਾਲ ਸਥਾਪਿਤ ਹੋਇਆ ਸੀ, ਉਸ ਨੂੰ ਸਰਬੱਤ ਖ਼ਾਲਸਾ ਦੀ ਭਾਵਨਾ ਅਨੁਸਾਰ ਹੀ ਚਲਾਇਆ ਜਾਣਾ ਚਾਹੀਦਾ ਸੀ। ਪਰ ਉਸ ਦੇ ਰਾਜ ਸਮੇਂ ‘ਸਰਬੱਤ ਖ਼ਾਲਸਾ’ ਦੀ ਪ੍ਰਥਾ ਅਤੇ ਗੁਰਮਤੇ ਦੀ ਪ੍ਰਥਾ ਉ`ਕੀ ਹੀ ਖਤਮ ਹੋ ਗਈ। ਉਸ ਦੀ ਦੂਜੀ ਵੱਡੀ ਗ਼ਲਤੀ ਸੀ-ਸਿੱਖ ਵਿਚਾਰਧਾਰਾ ਦੇ ਕੱਟੜ ਵਿਰੋਧੀਆਂ ਯੂ.ਪੀ. ਦੇ ਮਿਸਰਾਂ (ਬ੍ਰਾਹਮਣਾਂ) ਅਤੇ ਜੰਮੂ ਦੇ ਡੋਗਰਿਆਂ ਨੂੰ ਪ੍ਰਬੰਧਕੀ ਮਾਮਲਿਆਂ ਵਿਚ ਸ਼ਾਮਿਲ ਕਰਨਾ। ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਨਿੱਜੀ ਕਮਜ਼ੋਰੀਆਂ ਦਾ ਲਾਭ ਉਠਾਉਂਦੇ ਹੋਏ ਰਾਜ ਵਿਚ ਸਿਖਰ ਦੀਆਂ ਪਦਵੀਆਂ ’ਤੇ ਪੁੱਜ ਗਏ ਅਤੇ ਉਨ੍ਹਾਂ ਨੇ ਸਿੱਖ ਰਾਜ ਦੇ ਪਰਮ- ਹਿਤੈਸ਼ੀਆਂ-ਸ. ਹਰੀ ਸਿੰਘ ਨਲਵਾ ਅਤੇ ਬਾਬਾ ਫੂਲਾ ਸਿਘ ਅਕਾਲੀ ਵਰਗਿਆਂ ਨੂੰ ਰਾਜ ਪ੍ਰਬੰਧ ਤੋਂ ਦੂਰ ਹੀ ਰੱਖਿਆ। ਸਿੱਟਾ ਇਹ ਨਿਕਲਿਆ ਕਿ ਹਜ਼ਾਰਾਂ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਮਗਰੋਂ ਪ੍ਰਾਪਤ ਕੀਤਾ ਰਾਜ ਕੇਵਲ ਦਸ ਸਾਲਾਂ (1839-49) ਦੇ ਸਮੇਂ ਵਿਚ ਗੱਦਾਰਾਂ ਦੀਆਂ ਚਾਲਾਂ/ਸ਼ੜਯੰਤਰਾਂ ਮਗਰੋਂ ਢਹਿ-ਢੇਰੀ ਹੋ ਗਿਆ। ਪਰਾਇਆਂ ਦੀਆਂ ਕਠਪੁਤਲੀਆਂ ਬਣ ਕੇ ਸਿੱਖਾਂ ਨੇ ਆਪਣੇ ਹੀ ਖ਼ੂਨ ਦੀ ਹੋਲੀ ਖੇਡੀ।
ਮਹਾਰਾਜੇ ਦੇ ਖ਼ਾਤਮੇ ਦਾ ਠੀਕਰਾ ਅਸੀਂ ਕੇਵਲ ਪੂਰਬੀਆਂ ਅਤੇ ਡੋਗਰਿਆਂ ਦੇ ਸਿਰ ਹੀ ਭੰਨਦੇ ਆ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋਣ ਦੀ ਗ਼ਲਤੀ ਹੀ ਕਰਦੇ ਹਾਂ। ਕੀ ਇਹ ਸਾਡੀ (ਮਹਾਰਾਜੇ ਦੀ) ਨਲਾਇਕੀ ਨਹੀਂ ਸੀ ਜਿਸ ਕਰਕੇ ਸਿੱਖ ਸੋਚ ਦੇ ਵਿਰੋਧੀ ਛੋਟੀਆਂ-ਛੋਟੀਆਂ ਨੌਕਰੀਆਂ ਦੁਆਰਾ ਸਿੱਖ ਰਾਜ ਵਿਚ ਘੁਸਪੈਠ ਕਰਨ ਵਿਚ ਸਫ਼ਲ ਹੋਏ, ਸਾਡੀਆਂ ਅੱਖਾਂ ਵਿਚ ਘੱਟਾ ਪਾ ਕੇ ਸਾਡੀ ਬੁੱਕਲ ਵਿਚ ਦੇ ਸੱਪ ਬਣੇ ਰਹੇ ਅਤੇ ਸਮਾਂ ਪਾ ਕੇ ਐਸਾ ਡੰਗ ਮਾਰਿਆ ਕਿ ਸਭ ਕੁਝ ਤਬਾਹ ਕਰ ਕੇ ਰੱਖ ਦਿੱਤਾ।
ਇਹ ਉਨ੍ਹਾਂ ਦੀ ਹੀ ‘ਕਿਰਪਾ’ ਸੀ ਕਿ ਜਿਹੜਾ ਰਾਜ ਗੁਰਮਤਿ ਦੀਆਂ ਲੋਰੀਆਂ ਵਿਚ ਪਲੇ ਸਿੱਖਾਂ ਨੇ ਜਾਨਾਂ ਵਾਰ ਕੇ ਸਥਾਪਿਤ ਕੀਤਾ ਸੀ, ਉਸ ਰਾਜ ਵਿਚੋਂ ਗੁਰਮਤਿ ਉ`ਡ-ਪੁਡ ਗਈ ਅਤੇ ਬ੍ਰਾਹਮਣੀ ਰੀਤਾਂ-ਰਸਮਾਂ ਤੇ ਮਰਯਾਦਾਵਾਂ ਕਾਇਮ ਹੋ ਗਈਆਂ।…..ਜਦ ਲੁੱਟੇ-ਪੁੱਟੇ ਗਏ ਤਾਂ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ-ਅਸੀਂ ‘ਅਗੋਂ ਦੇ ਜੇ ਚੇਤੀਐ, ਤਾਂ ਕਾਇਤੁ ਮਿਲੈ ਸਜਾਇ॥’ ਵਾਲਾ ਗੁਰ-ਉਪਦੇਸ਼ ਕਿਉਂ ਭੁੱਲ ਗਏ?….ਜਦੋਂ ਸੱਪ ਲੰਘ ਜਾਂਦਾ ਹੈ ਤਾਂ ਅਸੀਂ ਲਕੀਰ ’ਤੇ ਡਾਂਗਾਂ ਮਾਰਨ ਲੱਗ ਪੈਂਦੇ ਹਾਂ; ਖੂਬ-ਹਾਲ-ਦੁਹਾਈ ਪਾਉਂਦੇ ਹਾਂ….ਪਰ ਵੇਲੇ ਸਿਰ ਨਹੀਂ ਜਾਗਦੇ। ਸਿਤਮ ਦੀ ਗੱਲ ਇਹ ਹੈ ਕਿ ਫਿਰ ਸੌਂ ਜਾਂਦੇ ਹਾਂ। ਸਾਡੀ ਹਾਲਤ ਦੇਸ਼ ਦੀ ਸਰਕਾਰ ਵਰਗੀ ਹੈ, ਜਿਹੜੀ ਕਿਸੇ ਵੱਡੀ ਦੁਰਘਟਨਾ ਦੇ ਮਗਰੋਂ ‘ਰੈ`ਡ ਅਲਰਟ’ ਜਾਰੀ ਕਰ ਦਿੰਦੀ ਹੈ। ਕੁਝ ਦਿਨ ਟੀ.ਵੀ. ਚੈਨਲਾਂ ’ਤੇ ਖੂਬ ਸ਼ੋਰ ਪੈਂਦਾ ਹੈ, ਨੇਤਾਵਾਂ ਦੇ ਬਿਆਨ ਸੁਣਾਏ ਜਾਂਦੇ ਹਨ, ਜਾਂਚ-ਕਮੇਟੀਆਂ ਗਠਿਤ ਕੀਤੀਆਂ ਜਾਂਦੀਆਂ ਤੇ ਬੱਸ…..ਫਿਰ ਕਿਸੇ ਨਵੀਂ ਵੱਡੀ ਦੁਰਘਟਨਾ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ਦੁਰਘਟਨਾ ਘਟ ਜਾਂਦੀ ਹੈ…..ਪਹਿਲਾਂ ਵਾਲਾ ਅਮਲ ਦੁਹਰਾਇਆ ਜਾਂਦਾ ਹੈ। ਵਾਰ-ਵਾਰ ਇਹੀ ਕੁਝ ਹੁੰਦਾ ਰਹਿੰਦਾ ਹੈ। ਅਸੀਂ ਵੀ (ਸਾਡੇ ਆਗੂ) ਇਹੀ ਕੁਝ ਕਰਦੇ ਆ ਰਹੇ ਹਾਂ; ਪੁਰਾਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਨਵੀਆਂ ਸਾਹਮਣੇ ਆ ਖਲੋਂਦੀਆਂ ਹਨ।
ਜੇ ਮਹਾਰਾਜਾ ਰਣਜੀਤ ਸਿੰਘ ਦਾ ਇਕ- ਪੁਰਖੀ ਰਾਜ ਸਹੀ ਅਰਥਾਂ ਵਿਚ ‘ਖ਼ਾਲਸਾ ਰਾਜ’ ਹੁੰਦਾ ਤਾਂ ਉਸ ਦਾ ਪ੍ਰਬੰਧ ਪੰਚ-ਪ੍ਰਧਾਨੀ ਸਿਸਟਮ (ਖ਼ਾਲਸਾ ਕੌਂਸਲ) ਮੁਤਾਬਿਕ ਹੁੰਦਾ। ਉਸ ਹਾਲਤ ਵਿਚ :
1. ਸਤਲੁਜ ਪਾਰ ਦੀਆਂ ਰਿਆਸਤਾਂ ਅੰਗ੍ਰੇਜ਼ਾਂ ਦੀ ਅਧੀਨਗੀ ਨਾ ਸਵੀਕਾਰਦੀਆਂ।
2. ਰਾਜ ਵਿਚ ਪੂਰਬੀਆਂ ਅਤੇ ਡੋਗਰਿਆਂ ਦੀ ਥਾਂ ’ਤੇ ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸ. ਸ਼ਾਮ ਸਿੰਘ ਅਟਾਰੀ ਅਤੇ ਹੋਰ ਪੰਥ-ਦਰਦੀ ਸ਼ਖਸੀਅਤਾਂ ਦਾ ਦਬਦਬਾ ਹੁੰਦਾ।
3. ਉਹੋ ਜਿਹਾ ਖ਼ੂਨ-ਖਰਾਬਾ ਨਾ ਹੁੰਦਾ, ਜੋ ਮਹਾਰਾਜੇ ਦੀ ਮੌਤ ਮਗਰੋਂ ਹੋਇਆ।
4. ਬਹਾਦਰ ਸਿੱਖ-ਫੌਜਾਂ ਨੂੰ ਅੰਗਰੇਜ਼ ਫੌਜਾਂ ਹੱਥੋਂ ਜ਼ਲਾਲਤ ਭਰੀਆਂ ਹਾਰਾਂ ਦਾ ਮੂੰਹ ਨਾ ਵੇਖਣਾ ਪੈਂਦਾ ਅਤੇ ਪੰਜਾਬ ਨੂੰ 100 ਸਾਲ ਅੰਗ੍ਰੇਜ਼ਾਂ ਦੀ ਗ਼ੁਲਾਮੀ ਨਾ ਸਹਿਣੀ ਪੈਂਦੀ।
ਦੇਸ਼ ਦਾ ਬਟਵਾਰਾ ਹੋਇਆ; ਉਦੋਂ ਤੱਕ ਆਜ਼ਾਦੀ ਦਾ ਸਭ ਤੋਂ ਵੱਧ ਮੁੱਲ ਤਾਰਨ ਵਾਲੇ (ਸਿੱਖ), ਡੁਗਡੁਗੀ ਹੀ ਵਜਾਉਂਦੇ ਰਹੇ-ਸਿਆਸੀ ਲਾਹਾ ਹਿੰਦੂ ਅਤੇ ਮੁਸਲਮਾਨ ਖੱਟ ਗਏ। ਅਸੀਂ ਅੰਗ੍ਰੇਜ਼ਾਂ ਸਾਹਮਣੇ ਆਪਣਾ ਕੇਸ ਵੀ ਠੀਕ ਤਰ੍ਹਾਂ ਪੇਸ਼ ਨਾ ਕੀਤਾ। ਸ. ਬਲਦੇਵ ਸਿੰਘ ਵਰਗੇ ਸਾਡੇ ਨੁਮਾਇੰਦੇ ਜਵਾਹਰ ਲਾਲ ਨਹਿਰੂ ਦੇ ਫ਼ਰਮਾ-ਬਰਦਾਰ ਬਣੇ ਰਹੇ; ਅੰਗ੍ਰੇਜ਼ਾਂ ਦੇ ਕਹਿਣ ’ਤੇ ਵੀ ਉਨ੍ਹਾਂ ਨਾਲ ਗੱਲ ਨਾ ਕੀਤੀ। ਨਹਿਰੂ ਅਤੇ ਗਾਂਧੀ ਦੇ ਮੋਮੋਠੱਗਣੇ ਬਿਆਨ ਸੁਣ ਕੇ ਹੀ ਸਾਡੇ ਆਗੂ ਕੱਛਾਂ ਵਜਾਉਂਦੇ ਰਹੇ।
ਕਿਹਾ ਜਾਂਦਾ ਹੈ ਕਿ ਉਦੋਂ ਦੇ ਪੰਜਾਬ ਵਿਚ ਕੇਵਲ ਦੋ ਤਹਿਸੀਲਾਂ ਨੂੰ ਛੱਡ ਕੇ, ਸਿੱਖ ਕਿਸੇ ਥਾਂ ਵੀ ਬਹੁ-ਗਿਣਤੀ ਵਿਚ ਨਹੀਂ ਸਨ। ਇਸ ਲਈ ਉਨ੍ਹਾਂ ਲਈ ਕੋਈ ਵੱਖਰਾ ਦੇਸ਼ ਸਿਰਜਿਆ ਨਹੀਂ ਜਾ ਸਕਦਾ ਸੀ। ਪਰ ਉਦੋਂ ਜਿੱਥੇ ਕਾਂਗਰਸ ਨਿਰੇ ਫੋਕੇ ਬਿਆਨਾਂ ਅਤੇ ਮਤਿਆਂ ਨਾਲ ਸਿੱਖਾਂ ਨੂੰ ਵਰਗਲਾ ਰਹੀ ਸੀ, ਉ`ਥੇ ਮਿਸਟਰ ਜਿਨਾਹ ਵੀ ਤਾਂ ਸਿੱਖਾਂ ਨਾਲ ਗੱਲਬਾਤ ਚਲਾ ਰਿਹਾ ਸੀ; ਕਿਸੇ ਸਮਝੌਤੇ ਲਈ ਪ੍ਰੇਰ ਰਿਹਾ ਸੀ। ਇਨ੍ਹਾਂ ਹਾਲਾਤ ਵਿਚ ਸਿੱਖ ਆਗੂਆਂ ਨੂੰ ਸਿਆਸੀ ਸੌਦੇਬਾਜ਼ੀ ਕਰਨੀ ਚਾਹੀਦੀ ਸੀ, ਤੇ ਅੰਗ੍ਰੇਜ਼ਾਂ ਨੂੰ ਵਿਚ ਪਾ ਕੇ ਕੋਈ ਲਿਖਤੀ ਸਮਝੌਤਾ ਕਰਨਾ ਚਾਹੀਦਾ ਸੀ। ਜੇ ਮੁਸਲਮਾਨਾਂ ਨਾਲ ਰਹਿਣ ਤੋਂ ‘ਡਰ’ ਲਗਦਾ ਸੀ ਤਾਂ ਭਾਰਤੀ/ਕਾਂਗਰਸੀ ਲੀਡਰਾਂ ਨਾਲ ਸਿਆਸੀ ਸਮਝੌਤਾ ਹੋ ਸਕਦਾ ਸੀ, ਪਰ ਅਸੀਂ ਤਾਂ ਬੀਬੇ ਰਾਣੇ ਬਣ ਕੇ ‘ਆਸ਼ਵਾਸਨਾ’ (ਭਰੋਸਿਆਂ) ਨਾਲ ਹੀ ਸੰਤੁਸ਼ਟ ਹੋ ਗਏ।……ਜਦ ਚਿੜੀਆਂ ਖੇਤ ਚੁਗ ਗਈਆਂ ਤਾਂ ਅਸੀਂ ਹਾਲ-ਪਾਹਰਿਆ ਕਰਨੀ ਸ਼ੁਰੂ ਕਰ ਦਿੱਤੀ : ਸਾਡੇ ਨਾਲ ਧੋਖਾ ਹੋਇਆ ਹੈ; ਅਸੀਂ ਲੁੱਟੇ-ਪੁੱਟੇ ਗਏ……ਪਰ ਫਿਰ ਤਾਂ ਹਾਲਤ ਇਹ ਬਣ ਗਈ,
‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ?’
ਵੈਰੀਆਂ ਨੇ ਤਾਂ ਜੋ ਕਰਨਾ ਸੀ, ਉਹ ਕਰਨਾ ਹੀ ਸੀ, ਆਪਣਿਆਂ ਨੇ ਹੀ ਕਮਾਲ ਕਰ ਦਿੱਤੀ। ‘ਪੰਥ ਦਾ ਦਿਮਾਗ’ ਕਹਾਉਣ ਵਾਲੇ ਅਤੇ ‘ਬੇਤਾਜ ਬਾਦਸ਼ਾਹ’ ਕਹਾਉਣ ਵਾਲੇ ਵਿਰੋਧੀਆਂ ਨਾਲ ਸਾਂਝ ਪਾਉਣ ਲੱਗੇ। ਜਿਹੜੇ ਸਿੱਖ ਲੀਡਰ ਕੱਲ੍ਹ ਤੱਕ ਕੁਰਬਾਨੀਆਂ ਦੇ ਰਹੇ ਸਨ, ਜੇਲ੍ਹਾਂ ਵਿਚ ਦੁੱਖ-ਕਸ਼ਟ ਝੱਲ ਰਹੇ ਸਨ; ਉਹ ਕੁਰਸੀ ਦੀ ਬੁਰਕੀ ਵੇਖ ਕੇ, ਸਿੱਖ ਹਿਤਾਂ ਨੂੰ ਭੁੱਲ-ਭੁਲਾ ਕੇ, ਵਿਰੋਧੀਆਂ ਦੀ ਝੋਲੀ ਵਿਚ ਜਾ ਬੈਠੇ।
ਕਿਰਪਾਲ ਸਿੰਘ ਚੰਦਨ
1947 ’ਚ ਠੱਗੀ ਗਈ ਸਿੱਖ ਕੌਮ ਹਾਲ ਦੁਹਾਈ ਪਾਉਣ ਦੀ ਥਾਂ ਕੁਝ ਕਰੇ
Page Visitors: 3190