ਗਫਲਤ ਦੀ ਨੀਂਦੇ ਸੌਂ ਰਹੇ ਮੇਰੇ ਕੌਮ ਦੇ ਵਾਰਸੋ
31 ਅਗਸਤ 1995 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ. ਬੇਅੰਤ ਸਿੰਘ ਨੂੰ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਦਿਲਾਵਰ ਸਿੰਘ ਨਾਮ ਦੇ ਮਨੁਖੀ ਬੰਬ ਨੇ ਪੰਜਾਬ ਸਿਵਲ ਸਕਤਰੇਤ ਵਿਚ ਉਡਾ ਦਿੱਤਾ ਸੀ। ਸਰਕਾਰ ਵਾਸਤੇ ਬੇਸ਼ੱਕ ਇਹ ਬਹੁਤ ਬੁਰਾ ਅਤੇ ਸਰਕਾਰੀ ਪ੍ਰਬੰਧ ਨੂੰ ਜੜੋਂ ਹਿਲਾ ਦੇਣ ਵਾਲਾ ਕਾਰਾ ਸੀ। ਪਰ ਸਿੱਖਾਂ ਅੰਦਰ ਇਸ ਦਾ ਰਤਾ ਭਰ ਵੀ ਰੋਸ ਨਹੀ ਸੀ ਕਿਉਂਕਿ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਦੇ ਰਾਜ ਪ੍ਰਬੰਧ ਹੇਠ ਕੇ.ਪੀ.ਐਸ. ਗਿੱਲ ਡੀ.ਜੀ.ਪੀ. ਦੀ ਕਮਾਂਡ ਥੱਲੇ ਪੁਲਿਸ ਹਰ ਰੋਜ਼ ਦਰਜਨਾਂ ਬੇ ਗੁਨਾਹ ਸਿਖ ਬੱਚਿਆਂ ਨੂੰ ਖ਼ਤਰਨਾਕ ਅੱਤਵਾਦੀ ਆਖਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਰਹੀ ਸੀ। ਇਸ ਕਰਕੇ ਹੀ ਮੁੱਖ ਮੰਤਰੀ ਦੇ ਕਾਤਲਾਂ ਨੂੰ ਬੇਸ਼ੱਕ ਸਰਕਾਰ ਤੇ ਮੀਡੀਆ ਨੇ ਬੱਬਰ ਖਾਲਸਾ ਜਥੇਬੰਦੀ ਦੇ ਅੱਤਵਾਦੀ ਆਖ ਆਖ ਕੇ ਭੰਡਿਆ। ਪਰ ਸਿਖਾਂ ਨੇ ਬੇਅੰਤ ਸਿੰਘ ਦੀ ਹੱਤਿਆ ਨੂੰ ਜਾਇਜ ਮੰਨਦਿਆਂ, ਉਸਦੇ ਕਾਤਲਾਂ ਨੂੰ ਪੰਥਕ ਹੀਰਿਆਂ ਦਾ ਖਿਤਾਬ ਦੇਕੇ ਨਿਵਾਜਿਆ। ਸਿਪਾਹੀ ਦਿਲਾਵਰ ਸਿੰਘ ਨੂੰ ” ਅਮਰ ਸ਼ਹੀਦ ਭਾਈ ਦਿਲਾਵਰ ਸਿੰਘ”, ਹੁਣੇ ਕੁਝ ਸਮਾਂ ਪਹਿਲਾਂ ਹੀ ਕੁਝ ਸਿਖਾਂ ਨੇ ਨਹੀ ਸਗੋਂ ਸਿਖਾਂ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ,ਬਾਕੀ ਚਾਰੇ ਤਖਤਾਂ ਦੇ ਮੁਖ ਸੇਵਾਦਾਰਾਂ ਅਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸੰਤ ਸਮਾਜ਼ ਅਤੇ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਨੇ ਬੇਅੰਤ ਸਿੰਘ ਦੇ ਦੂਸਰੇ ਕਾਤਿਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ, ਜੇਲ ਵਿਚ ਜਾਕੇ ਅਮ੍ਰਿਤ ਛਕਾਇਆ, ਖਾਲਸਾਈ ਪੁਸ਼ਾਕ ਪਹਿਨਾਈ, ਭਾਈ ਜਗਤਾਰ ਸਿੰਘ ਹਵਾਰਾ,ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ , ਭਾਈ ਸ਼ਮਸ਼ੇਰ ਸਿੰਘ ਸਮੇਤ ਸਭ ਨੂੰ ਕੌਮੀ ਹੀਰਿਆਂ ਦੇ ਖਿਤਾਬ ਨਾਲ ਨਿਵਾਜਿਆ ਗਿਆ ।
ਜਦੋਂ ਕੋਈ ਕੌਮ ਆਪਣੀ ਕੌਮ ਦੀ ਸੇਵਾ ਕਰਨ ਵਾਲਿਆਂ ਨੂੰ ਅਜਿਹਾ ਸਨਮਾਨ ਦੇ ਦੇਵੇ ਜਾਂ ਜਦੋਂ ਕੋਈ ਯੋਧਾ ਕੌਮੀ ਹਿੱਤ ਵਿਚ ਜਾਨ ਦੀ ਬਾਜ਼ੀ ਲਾ ਜਾਵੇ ਫਿਰ ਓਹ ਪਰਿਵਾਰ,ਕਿਸੇ ਇਲਾਕੇ ਜਾਂ ਭਾਈਚਾਰੇ ਦੀ ਚਾਰ ਦੀਵਾਰੀ ਵਿਚ ਕੈਦ ਨਹੀ ਰਹਿੰਦਾ ਸਗੋਂ ਕੌਮੀ ਜਾਇਦਾਦ ਬਣ ਜਾਂਦਾ ਹੈ ਕਿਉਂਕਿ ਉਸਦੇ ਕਾਰਜ਼ ਵਿਚ ਕੋਈ ਨਿੱਜ ਸਵਾਰਥ ਨਹੀ ਹੁੰਦਾ। ਸਗੋਂ ਕੌਮ ਪ੍ਰਸਤੀ ਦੀ ਖੁਸ਼ਬੂ ਹੁੰਦੀ ਹੈ। ਫਿਰ ਅਜਿਹੇ ਜਾਂਬਾਜ਼ ਯੋਧਿਆਂ ਦੀ ਪਿੱਠ ਪੂਰਤੀ ਦੀ ਜਿੰਮੇਂਵਾਰੀ ਕੌਮ ਦੇ ਸਿਰ ਆ ਜਾਂਦੀ ਹੈ। ਜਾਗਦੀਆਂ ਕੌਮਾਂ ਅਜਿਹੇ ਸੂਰਬੀਰਾਂ ਦੇ ਨਾਲ ਚਟਾਨ ਬਣਕੇ ਖਲੋਂਦੀਆਂ ਹਨ। ਪਰ ਜਿਹੜੀ ਕੌਮ ਸੌਂ ਜਾਵੇ ਜਾਂ ਅਵੇਸਲੀ ਹੋ ਜਾਵੇ ਜਾਂ ਫਿਰ ਜਿਸ ਕੌਮ ਦੇ ਆਗੂ ਬੇਈਮਾਨ ਤੇ ਮਕਾਰ ਹੋ ਜਾਣ, ਉਥੇ ਅਜਿਹੇ ਸ਼ੇਰ ਦੁਸ਼ਮਨ ਦੇ ਪਿੰਜਰਿਆਂ ਵਿਚ ਹੀ ਆਖਰੀ ਸਵਾਸ ਲੈਂਦੇ ਹਨ। ਕੁਝ ਅਜਿਹੀ ਹਾਲਤ ਹੈ ਅੱਜ ਸਾਡੇ ਕੌਮੀ ਹੀਰਿਆਂ ਦੀ ਜਿਹਨਾਂ ਦੀ ਪਹਿਲੀ ਗੱਲ ਤਾਂ ਕਿਸੇ ਨੇ ਸਾਰ ਹੀ ਨਹੀ ਲਈ, ਜੇਲ ਦੀ ਕਰੜੀ ਨਜ਼ਰਬੰਦੀ ਦੇ ਨਾਲ ਨਾਲ ਘਰਾਂ ਦੀ ਬਦਤਰੀ ਵਾਲੀ ਹਾਲਤ, ਆਰਥਿਕ ਤੰਗੀਆਂ ਕੌਮ ਨੂੰ ਦੋ ਦਹਾਕਿਆਂ ਤੋਂ ਮੂੰਹ ਚਿੜਾ ਰਹੀਆਂ ਹਨ। ਪਰ ਕੌਮ ਦੇ ਕੰਨ ਤੇ ਜੂੰ ਨਹੀ ਸਰਕੀ। ਬੇਸ਼ੱਕ ਅਦਾਲਤਾਂ ਵੱਲੋਂ ਮਿਲੀ ਕਨੂੰਨ ਅਧੀਨ ਸਜ਼ਾ ਵੀ ਪੂਰੀ ਕਰ ਚੁਕੇ ਹਨ। ਫਿਰ ਵੀ ਦਸ ਸਾਲਾਂ ਤੋਂ ਰਿਹਾਈ ਦਾ ਕੋਈ ਸਬੱਬ ਇਸ ਕਰਕੇ ਨਾ ਬਣਿਆਂ ਕਿ ਦੇਸ਼ ਦੀ ਰਾਜਨੀਤੀ ਦੀ ਕਰੋਪੀ ਤਾਂ ਹੈ ਹੀ ਸੀ, ਅਖੌਤੀ ਪੰਥਕ ਰਾਜਨੀਤੀ ਵੀ ਮਚਲੀ ਹੋ ਹੋਕੇ ਛਾਪਲੀ ਰਹੀ ਤੇ ਕੌਮ ਅਵੇਸਲੀ ਹੋ ਗਈ ।
ਸਾਡੇ ਸਾਹਮਣੇ ਹੈ ਨਵੰਬਰ 1984 ਵਿਚ 19 ਸਿਖਾਂ ਨੂੰ ਕਤਲ ਕਰਨ ਵਾਲਾ ਕਸਾਈ ਕਿਸ਼ੋਰੀ ਲਾਲ, ਉਸਦੀ ਜਾਗਦੀ ਕੌਮ ਨੇ 7 ਫਾਂਸੀਆਂ ਰਾਸ਼ਟਰਪਤੀ ਤੋਂ ਮਾਫ਼ ਕਰਵਾਕੇ ਅਤੇ ਜੇਲ• ਅਧਿਕਾਰੀਆਂ ਤੋਂ ਉਸਦੇ ਜੇਲ ਵਿਚਲੇ ਵਰਤਾਓ ਦੀਆਂ ਚੰਗੀਆਂ ਰਿਪੋਰਟਾਂ ਲਿਖਵਾਕੇ ਰਿਹਾ ਕਰਵਾ ਲਿਆ ਹੈ। ਇਵੇਂ ਹੀ ਦਾਰਾ ਸਿਹੁੰ ਨਾਮ ਦੇ ਇਕ ਜ਼ਬਰ ਜਿਨਾਹੀ ਕਾਤਲ ਜਿਸਨੇ ਉੜੀਸਾ ਵਿਚ ਇੱਕ ਇਸਾਈ ਪਾਦਰੀ ਸਟਾਲਿਨ ਦੀ ਪਤਨੀ ਨਾਲ ਬਲਾਤਕਾਰ ਕਰਕੇ ਉਸਨੂੰ ਮਾਰਕੇ ਪਤੀ ਤੇ ਤਿੰਨ ਬਚਿਆਂ ਨੂੰ ਜਿਉਂਦੇ ਕਾਰ ਵਿਚ ਸੁੱਟਕੇ ਅੱਗ ਲਾਕੇ ਮਾਰ ਦਿੱਤਾ ਸੀ, ਇਸ ਦਰਿੰਦੇ ਦੀ ਜਾਗਦੀ ਕੌਮ ਨੇ ਫਾਂਸੀ ਦੇ ਤਖਤੇ ਤੋਂ ਰਿਹਾਈ ਕਰਵਾ ਲਈ ਹੈ। ਪਰ ਇਥੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਵਰਗੇ (ਮਾਨਸਿਕ ਹਾਲਤ ਮੰਦੀ ਹੋਣ ਦੇ ਬਾਵਜੂਦ) ਭਾਈ ਜਗਤਾਰ ਸਿੰਘ ਹਵਾਰਾ , ਭਾਈ ਬਲਵੰਤ ਸਿੰਘ ਰਾਜੋਆਣਾ , ਭਾਈ ਪਰਮਜੀਤ ਸਿੰਘ ਭਿਓਰਾ , ਭਾਈ ਬਲਜੀਤ ਸਿੰਘ ਭਾਉ , ਭਾਈ ਦਿਆ ਸਿੰਘ ਲਹੌਰੀਆ ,ਭਾਈ ਗਜਿੰਦਰ ਸਿੰਘ ਦੀ ਜਲਾਵਤਨੀ,ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਸਮੇਤ ਸੌ ਤੋਂ ਵਧੇਰੇ ਸਿੰਘ ਰਿਹਾਈ ਵਾਸਤੇ ਕੌਮ ਦੇ ਉਦਮ ਵੱਲ ਤੱਕ ਰਹੇ ਹਨ।
14ਨਵੰਬਰ2013 ਨੂੰ ਹਰਿਆਣਾ ਦੇ ਵਸਨੀਕ ਗੁਰਬਖਸ਼ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਇਹਨਾਂ ਕੌਮੀ ਹੀਰਿਆਂ ਦੀ ਰਿਹਾਈ ਵਾਸਤੇ ਮਰਨ ਵਰਤ ਆਰੰਭ ਕੀਤਾ ਸੀ ਕਿ ”ਜਾਂ ਤਾਂ ਹੁਣ ਸਿੰਘ ਰਿਹਾ ਹੋਣਗੇ ਜਾਂ ਫਿਰ ਭਾਣਾ ਵਰਤੇਗਾ”। ਪਰ ਇਹ ਕਿਸੇ ਨੂੰ ਇਲਮ ਨਹੀ ਸੀ ਕਿ ਕੀਹ ਭਾਣਾ ਵਰਤਣ ਵਾਲਾ ਹੈ। ਸਿਖ ਸੰਗਤਾਂ ਨੇ ਦੇਸ਼ ਵਿਦੇਸ਼ ਵਿਚੋਂ ਭਰਪੂਰ ਸਮਰਥਨ ਦਿੱਤਾ। ਇੱਕ ਵਾਰ ਕੌਮੀ ਜਜਬਾ ਠਾਠਾਂ ਮਾਰਦਾ ਵਿਖਾਈ ਦੇਣ ਲੱਗ ਪਿਆ ਸੀ। ਸਰਕਾਰ ਕੁਝ ਪੋਲੀ ਪੈਂਦੀ ਨਜਰ ਆਉਂਦੀ ਸੀ। ਪਰ ਮਰਨ ਵਰਤ ਤੇ ਬੈਠੇ ਗੁਰਬਖਸ਼ ਸਿੰਘ ਅਤੇ ਪ੍ਰਬੰਧ ਕਰਦੀ ਸੰਘਰਸ਼ ਕਮੇਟੀ ਦੇ ਪਤਲੇਪਣ ਨੇ ਸਰਕਾਰ ਨੂੰ ਘੁਸਪੈਠ ਕਰਨ ਦਾ ਮੌਕਾ ਦੇ ਦਿੱਤਾ। ਜਿਸ ਦਿਨ ਅਖੌਤੀ ਸੰਤ ਸਮਾਜ਼ ਨੇ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਰਾਹੀ ਘੁਸਪੈਠ ਕਰ ਲਈ ਸੀ ਤਾਂ ਦਾਸ ਲੇਖਿਕ ਦਾ ਮੱਥਾ ਉਸ ਦਿਨ ਹੀ ਠਣਕ ਗਿਆ ਸੀ ਕਿ ਆਉਣ ਵਾਲੇ ਦਿਨ ਚੰਗੇ ਨਹੀ ਜਾਪਦੇ। ਦਾਸ ਨੇ ਅਖਬਾਰ ਰਹੀ ਕੁਝ ਲਿਖਕੇ ਸਿਖ ਸੰਗਤਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ। ਪਰ ਸਰਕਾਰੀ ਟੱਟੂਆਂ ਨੇ ਮੇਰੀਆਂ ਲਿਖਤਾਂ ਨੂੰ ਪੰਥ ਵਿਰੋਧੀ ਪ੍ਰਚਾਰਕੇ ਸਿਖ ਸੰਗਤ ਨੂੰ ਗੁਮਰਾਹ ਕਰ ਲਿਆ ਤਾਂ ਕਿ ਅਸਲੀਅਤ ਦਾ ਪਤਾ ਨਾ ਲੱਗੇ।
ਇੱਕ ਦਿਨ ਸਟੇਜ ਤੋਂ ਵੀ ਦਾਸ ਨੇ ਖਰੀਆਂ ਖਰੀਆਂ ਆਖ ਸੁਣਾਈਆਂ ਤਾਂ ਸੰਘਰਸ਼ ਕਮੇਟੀ ਦੇ ਕੁਝ ਚੌਧਰੀਆਂ ਨੇ ਏਜੰਸੀ ਦਾ ਬੰਦਾ ਹੋਣ ਦੇ ਚਿੱਕੜ ਸੁੱਟਕੇ ਖੁਦ ਨੂੰ ਪੰਥ ਦਰਦੀ ਦਸਿਆਂ, ਲੇਕਿਨ ਅੰਦਰੇ ਅੰਦਰ ਸੰਘਰਸ਼ ਕਮੇਟੀ ਤੇ ਗੁਰਬਖਸ਼ ਸਿੰਘ ਜੀ ਸਰਕਾਰ ਨਾਲ ਜੋ ਖਿਚੜੀ ਪਕਾ ਰਹੇ ਸਨ, ਉਸਦਾ ਕਿਸੇ ਨੂੰ ਅੰਦਾਜ਼ਾ ਵੀ ਨਹੀ ਸੀ। ਸਰਕਾਰਾਂ ਕਦੇ ਵੀ ਸ਼ਾਂਤਮਈ ਸੰਘਰਸ਼ ਸਿਰੇ ਨਹੀ ਚੜਣ ਦਿੰਦੀਆਂ ਹਨ। ਜਦੋਂ ਦਾਸ ਨੇ ਕੁਝ ਲਿਖਿਆ ਤਾਂ ਕੁਝ ਵੀਰਾਂ ਨੇ ਇਹ ਵੀ ਦੋਸ਼ ਲਾਏ ਕਿ ਮੈਂ ਗੁਰਬਖਸ਼ ਸਿੰਘ ਦੀ ਸ਼ਹੀਦੀ ਲੋੜਦਾ ਹਾਂ। ਗੁਰਬਖਸ਼ ਸਿੰਘ ਦੀ ਕੋਈ ਮਜਬੂਰੀ ਨਹੀ ਸੀ ਕਿ ਓਹ ਮਰਨ ਵਰਤ ਰੱਖੇ। ਪਰ ਅਰਦਾਸ ਕਰਕੇ ਕਾਰਜ਼ ਨੂੰ ਬੰਨੇ ਲਾਉਣਾ ਜਰੂਰ ਮਜਬੂਰੀ ਬਣ ਜਾਂਦਾ ਹੈ ਜਿਥੇ ਮਸਲਾ ਕੌਮੀ ਹੋਵੇ। ਮਰਨ ਵਰਤ ਦੇ ਦਸਵੇਂ ਦਿਨ ਹੀ ਦਾਸ ਨੇ ਭਾਈ ਗੁਰਬਖਸ਼ ਸਿੰਘ ਨੂੰ ਪੁਛਿਆ ਸੀ ਕਿ ਕੀਹ ਸਲਾਹ ਇਹ ਸੌਦਾ ਸਿਰਾਂ ਦਾ ਹੈ। ਜੇ ਜਾਨ ਦੀ ਬਾਜ਼ੀ ਲੱਗ ਗਈ ਤਾਂ ਵੀ ਜੀਵਨ ਸਫਲ ਜੇ ਰਿਹਾਈ ਹੋ ਗਈ ਤਾਂ ਕੌਮੀ ਆਗੂ ਦਾ ਰੁਤਬਾ ਮਿਲੇਗਾ। ਗੁਰਬਖਸ਼ ਸਿੰਘ ਨੇ ਬੜੀ ਦਿਰੜਤਾ ਨਾਲ ਜਵਾਬ ਦਿੱਤਾ। ਜਾਂ ਸਿੰਘ ਰਿਹਾ ਹੋਣਗੇ ਜਾਂ ਭਾਣਾ ਵਰਤੇਗਾ। ਫਿਰ ਨਾਲ ਹੀ ਦਾਸ ਨੇ ਇਹ ਵੀ ਕਿਹਾ ਕਿ ਲਾਓ ਫਿਰ ਭਾਈ ਸਾਹਿਬ ਸੁਣੋ ਤੁਹਾਨੂੰ ਸਰਕਾਰ ਨੇ ਕਦੇ ਵੀ ਸ਼ਾਂਤਮਈ ਸ਼ਹੀਦ ਨਹੀ ਬਨਣ ਦੇਣਾ। ਪਰ ਚੁੱਕੇਗੀ ਓਸ ਦਿਨ ਜਦੋਂ ਅੱਖਾਂ ਪੁੱਠੀਆਂ ਹੋਣ ਲੱਗੀਆਂ। ਸਰਕਾਰ ਨੇ ਹਰ ਹਾਲਤ ਤੁਹਾਨੂੰ ਬਚਾਉਣਾ ਹੈ। ਇਸ ਵਾਸਤੇ ਜ਼ਿੰਦਗਾਨੀ ਦਾ ਫਿਕਰ ਨਾ ਕਰੋ। ਸਿੰਘ ਰਿਹਾ ਕਰਵਾਉਣੇ ਬਾਦਲ ਸਰਕਾਰ ਦੀ ਮਜਬੂਰੀ ਬਣ ਜਾਵੇਗੀ ਕਿਉਂਕਿ ਲੋਕ ਸਭਾ ਚੋਣ ਸਿਰ ਤੇ ਹੈ। ਪਰ ਸਰਕਾਰ ਨੂੰ ਨੀਂਦ ਕਿਥੇ ਆਉਂਦੀ ਸੀ ਗੁਰਪ੍ਰੀਤ ਰੰਧਾਵੇ ਰਾਹੀ ਘੁਸਪੈਠ ਕਰਕੇ ਸੰਨ ਲਾ ਹੀ ਲਈ, ਜਿਹੜੇ ਲੋਕ ਗੁਰਬਖਸ਼ ਸਿੰਘ ਦੀ ਜਿੰਦਗੀ ਦਾ ਵਾਸਤਾ ਪਾਕੇ ਮਰਨ ਵਰਤ ਖੁਲਵਾਉਣ ਨੂੰ ਕਾਹਲੇ ਸਨ ਤੇ ਦਾਸ ਦੀਆਂ ਲਿਖਤਾਂ ਤੇ ਊਲ ਜਲੂਲ ਬੋਲਦੇ ਸਨ।
ਦਰਅਸਲ ਓਹ ਸਾਰੇ ਬਾਦਲੀ ਬੋਲੀ ਬੋਲ ਰਹੇ ਸਨ ਤੇ ਬਾਦਲ ਸਰਕਾਰ ਦੀ ਟੇਢੇ ਤਰੀਕੇ ਹਮਾਇਤ ਕਰ ਰਹੇ ਸਨ ਕਿਉਂਕਿ ਸਰਕਾਰ ਨੂੰ ਡਾਕਟਰਾਂ ਨੇ ਡਰਾ ਦਿੱਤਾ ਸੀ ਕਿ ਗੁਰਬਖਸ਼ ਸਿੰਘ ਨੂੰ ਨਮੂਨੀਆਂ ਹੋ ਰਿਹਾ ਤੇ ਇਸਦੀ ਕਿਸੇ ਸਮੇਂ ਵੀ ਮੌਤ ਹੋ ਸਕਦੀ ਹੈ। ਸਰਕਾਰ ਸੋਚਦੀ ਸੀ ਕਿ ਕਿਤੇ ਮੁਫਤ ਦਾ ਸ਼ਹੀਦ ਹੀ ਗਲ ਨਾ ਪੈ ਜਾਵੇ। ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀ ਸੰਘਰਸ਼ ਕਮੇਟੀ ਨੂੰ ਵੀ ਇਹ ਆਖਕੇ ਪੈਰੋਂ ਕੱਢ ਲਿਆ ਸੀ ਕਿ ਜੇ ਗੁਰਬਖਸ਼ ਸਿੰਘ ਨੂੰ ਕੁਝ ਹੋ ਗਿਆਂ ਤਾਂ ਤੁਹਾਡੇ ਤੇ ਇਸਨੂੰ ਮਰਨ ਵਾਸਤੇ ਮਜਬੂਰ ਕਰਨ ਦਾ ਪਰਚਾ ਵੀ ਹੋ ਸਕਦਾ ਹੈ। ਇਹ ਸੱਚ ਉਸ ਵੇਲੇ ਸਾਹਮਣੇ ਆਉਣਾ ਸ਼ੁਰੂ ਹੋਇਆ ਜਦੋਂ ਸੰਘਰਸ਼ ਕਮੇਟੀ ਵਾਲੇ ਵੀ ਕੁਝ ਮਾਹਿਰ ਲੋਕਾਂ ਤੋ ਅਜਿਹੀਆਂ ਵਸੀਹਤਾਂ ਤਿਆਰ ਕਰਵਾਉਂਦੇ ਫਿਰਦੇ ਵੇਖੇ ਗਏ ਕਿ ਜਿਸ ਵਿਚ ਮਰਨ ਵਰਤ ਦੀ ਜਿੰਮੇਵਾਰੀ ਗੁਰਬਖਸ਼ ਸਿੰਘ ਦੇ ਸਿਰ ਹੀ ਆਵੇ। ਕਿਤੇ ਅਸੀਂ ਉਲਝ ਨਾ ਜਾਈਏ। ਸੋ ਇਮਾਨਦਾਰੀ ਕਿਤੇ ਵੀ ਨਹੀ ਸੀ। ਸਾਰੇ ਸੰਘਰਸ਼ ਨੂੰ ਗਲੋਂ ਲਾਹੁਣ ਲੱਗੇ ਹੋਏ ਸਨ। ਪਹਿਲੇ ਪੰਜ ਮੈਂਬਰਾਂ ਦੀ ਕਾਰਗੁਜਾਰੀ ਤਾਂ ਜਿਵੇਂ ਦੀ ਹੈ ਸਾਹਮਣੇ ਦਿਸ ਹੀ ਰਹੀ ਸੀ। ਪਰ ਲੋਕਾਂ ਦੀ ਤੱਸਲੀ ਵਾਸਤੇ ਦੋ ਮੈਂਬਰ ਅਮਰੀਕ ਸਿੰਘ ਅਜਨਾਲਾ ਤੇ ਬੀਬੀ ਕਸ਼ਮੀਰ ਕੌਰ ( ਸਾਡਾ ਹੱਕ ਫਿਲਮ ) ਨੂੰ ਵੀ ਨਾਲ ਜੋੜਿਆ ਗਿਆ। ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਅਨਾੜੀ ਖਿਲਾੜੀ ਫਾਉਲ ਹੀ ਖੇਡ ਖੇਡਦੇ ਰਹੇ। ਅਖੀਰ ਜਦੋਂ ਅਖੌਤੀ ਸੰਤ ਸਮਾਜ ਦੇ ਆਗੂ ਹਰੀ ਸਿੰਘ ਰੰਧਾਵਾ, ਇਕਬਾਲ ਸਿੰਘ ਰਤਵਾੜਾ ਦੇ ਹਥ ਚਾਬੀ ਆ ਗਈ ਤਾਂ ਦਿੱਸਣ ਲੱਗ ਪਿਆ ਸੀ ਕਿ ਹੁਣ ਕੀਹ ਹੋਵੇਗਾ। ਅੰਤ ਵਿਚ ਜਦੋਂ ਸੰਘਰਸ਼ਾਂ ਨੂੰ ਨਿਬੇੜਨ ਦੇ ਮਾਹਿਰ ਭਾਈ ਮੋਹਕਮ ਸਿੰਘ ਤੇ ਕਰਨੈਲ ਸਿੰਘ ਪੀਰਮੁਹੰਮਦ ਦਾ ਪਹਿਰਾ ਵੀ ਲੱਗ ਗਿਆ ਤਾਂ ਫਿਰ ਜਥੇਦਾਰਾਂ ਵਾਸਤੇ ਮੈਦਾਨ ਸਾਫ਼ ਹੋ ਗਿਆ ਸੀ ਤੇ ਸਰਕਾਰ ਦਾ ਕੰਮ ਸੌਖਾ ਹੋ ਗਿਆ ਸੀ। ਸਭ ਨੂੰ ਅੰਦਰੂਨੀ ਖੁਸ਼ੀ ਸੀ ਕਿ ਚੱਲੋ ਨਾਲੇ ਸਰਕਾਰ ਖ਼ੁਸ਼ ਨਾਲੇ ਜਥੇਦਾਰ ਖੁਸ਼ ਸੰਗਤ ਦਾ ਕੀਹ ਹੈ ਜਦੋਂ ਮਰਜ਼ੀ ਬੁੱਧੂ ਬਣਾ ਲਵੋ।
ਇਸ ਵਾਸਤੇ ਹੀ ਪੈਰੋਲ (ਪਰ ਓਹ ਵੀ ਚਾਰ ਸਿੰਘਾਂ ਦੀ) ਤੇ ਸਬਰ ਕਰਕੇ ਸਭ ਨੇ ਜਾਣ ਛੁਡਵਾਈ। ਅਖੀਰਲੇ ਦਿਨਾਂ ਵਿਚ ਤਾਂ ਗੁਰਬਖਸ਼ ਸਿੰਘ ਨੂੰ ਵੀ ਜੀਵਨ ਦਾ ਮੋਹ ਜਾਗ ਪਿਆ ਸੀ ਤੇ ਛੁਡਾ ਛੁਡਾ ਕੇ ਭੱਜ ਰਿਹਾ ਸੀ ਓਧਰ ਸਰਕਾਰ ਦੀ ਪੈਰਵੀ ਕਰ ਰਹੇ ਸੰਤ ਸਮਾਜ ਤੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਕੇਸਗੜ ਸਾਹਿਬ ਨੇ ਮੌਕਾ ਸੰਭਾਲ ਕੇ ਬਾਦਲਾਂ ਦੇ ਬਾਗ ਦੇ ਕਿੰਨੂੰਆਂ ਦੇ ਜੂਸ ਵਿਚ, ਸਿਖ ਭਾਵਨਾਵਾਂ ਨੂੰ ਨਮਕ ਵਾਂਗੂੰ ਘੋਲਕੇ, ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਦੀ ਬਰਫ਼ ਵਿਚ ਪਾਕੇ ਗੁਰਬਖਸ਼ ਸਿੰਘ ਨੂੰ ਪਿਆ ਦਿੱਤਾ। ਸਿੱਖ ਜਜਬਾਤਾਂ ਦਾ ਅਛੋਪਲੇ ਜਿਹੇ ਹੀ ਕਤਲ ਕਰ ਦਿਤਾ ਗਿਆ। ਪੈਰੋਲ ਨੂੰ ਰਿਹਾਈ ਓਹ ਵੀ ਚਾਰ ਸਿੰਘਾਂ ਦੀ ਦੂਜਿਆਂ ਦਾ ਜ਼ਿਕਰ ਹੀ ਨਹੀ ,ਫਿਰ ਪੰਥ ਦਰਦੀਆਂ ਦੇ ਮੁੰਹ ਬੰਦ ਕਰਨ ਵਾਸਤੇ ਅਤੇ ਬੇਬਾਕ ਕਲਮਾਂ ਦੀ ਸਿਆਹੀ ਤੇ ਰਿਹਾਈਆਂ ਹੋਣ ਜਾਣ ਦੀ ਆਸ ਦਾ ਸਿਆਹੀ ਚੂਸ ਫੇਰ ਦਿੱਤਾ ਤਾਂ ਕਿ ਮਾਮਲਾ ਠੰਡੇ ਬਸਤੇ ਪੈ ਜਾਵੇ। ਅੱਜ ਬਾਦਲ ਦੇ ਬਿਆਨਾਂ ਨੇ ਸਭ ਦੀ ਫੂਕ ਕੱਢ ਦਿੱਤੀ ਹੈ। ਜੇ ਮੇਰੇ ਵਰਗੇ ਨੇ ਇਹ ਕਿਹਾ ਕਿ ਸੰਤ ਸਮਾਜ਼ ਤੇ ਤਖ਼ਤਾਂ ਦੇ ਜਥੇਦਾਰ ਬਾਦਲ ਨੂੰ ਵਿਧਾਨਸਭਾ ਵਿਚ ਰਿਹਾਈ ਦਾ ਮਤਾ ਪਾਉਣ ਵਾਸਤੇ ਕਹਿਣ ਤਾਂ ਏਜੰਸੀ ਦਾ ਬੰਦਾ ਹੋਣ ਦੇ ਦੋਸ਼ ਲਾਕੇ ਆਵਾਜ ਨੂੰ ਦਬਾਉਣ ਦਾ ਯਤਨ ਕੀਤਾ ਗਿਆ।
ਲੇਕਿਨ ਅੱਜ ਤੱਕ ਦੋ ਸਿੰਘਾਂ ਦੀ ਤਾਂ ਕੀਹ ਹੋਣੀ ਸੀ ਜਿਹੜੇ ਚਾਰ ਪੈਰੋਲ ਤੇ ਬਾਹਰ ਆਏ, ਓਹ ਆਪਣੇ ਘਰਾਂ ਵਿਚ ਨਜ਼ਰਬੰਦ ਰਹੇ ਜੇਲ ਵਿਚ ਤਾਂ ਓਹ ਇੱਕ ਦੂਸਰੇ ਨੂੰ ਮਿਲਦੇ ਸਨ ਬਾਹਰ ਆਕੇ ਸਰਕਾਰ ਨੇ ਇਹਨਾਂ ਨੂੰ ਇਕਠੇ ਹੀ ਨਾ ਹੋਣ ਦਿੱਤਾ। ਦਰਬਾਰ ਸਾਹਿਬ ਦੇ ਦਰਸ਼ਨਾਂ ਜਾ ਕਿਤੇ ਰਿਸ਼ਤੇਦਾਰੀ ਵਿਚ ਜਾਣ ਵਾਸਤੇ ਸਾਰਾ ਸਾਰਾ ਦਿਨ ਅਫਸਰਾਂ ਦੇ ਬੂਹੇ ਤੇ ਅੱਡੀਆਂ ਰਗੜਦੇ ਰਹੇ ਪਰ ਇਜਾਜਤ ਹੀ ਨਹੀ ਮਿਲਦੀ ਸੀ । ਨਿਰਾਸਤਾ ਹੀ ਪੱਲੇ ਪੈਦੀ ਰਹੀ। ਓਹਨਾਂ ਵਿਚੋਂ ਪਹਿਲਾ ਸਿੰਘ ਭਾਈ ਗੁਰਮੀਤ ਸਿੰਘ ਅੱਜ ਵਾਪਿਸ ਜੇਲ ਜਾ ਰਿਹਾ ਹੈ। ਸਾਰੀ ਕੌਮ ਨਮੋਸ਼ੀ ਦੀ ਚਾਦਰ ਥੱਲੇ ਸਿਰ ਲਕੋਈ ਵੇਖਦੀ ਰਹੇਗੀ। ਵਾਰੋ ਵਾਰੀ ਚਾਰ ਸਿੰਘ ਫਿਰ ਜੇਲ ਦੀ ਕਾਲ ਕੋਠੜੀ ਵਿਚ ਚਲੇ ਜਾਣਗੇ। ਕੁਝ ਲੋਕ ਬੇਸ਼ਰਮੀ ਢਕਣ ਵਾਸਤੇ ਇਹ ਆਖਣਗੇ ਕਿ ਚਲੋ ਜੀ ਗੁਰਬਖਸ਼ ਸਿੰਘ ਨੇ ਇੱਕ ਵਾਰ ਸਿੰਘਾਂ ਨੂੰ ਘਰਦਿਆਂ ਨੂੰ ਤਾਂ ਮਿਲਾ ਦਿੱਤਾ। ਪਰ ਜੇ ਗੁਰਬਖਸ਼ ਸਿੰਘ ਤੇ ਸੰਘਰਸ਼ ਕਮੇਟੀ ਥੋੜਾ ਜਿਹਾ ਹੋਰ ਸਬਰ ਕਰ ਲੈਂਦੇ ਤੇ ਸੰਤ ਸਮਾਜ ਅਤੇ ਜਥੇਦਾਰਾਂ ਦੀਆਂ ਚਾਲਾਂ ਤੋਂ ਬਚ ਜਾਂਦੇ ਤਾਂ ਬਾਦਲਾਂ ਨੂੰ ਗੋਡੇ ਟੇਕਣੇ ਪੈਣੇ ਸਨ ਤੇ ਗੱਲ ਕਿਸੇ ਬੰਨੇ ਲੱਗਣੀ ਸੀ। ਲੇਕਿਨ ਇਥੇ ਤਾਂ ਚੋਰਾਂ ਨਾਲੋਂ ਪੰਡ ਕਾਹਲੀ ਹੋਈ ਪਈ ਸੀ। ਹੁਣ ਸਿਰਫ ਚਾਰ ਜਾਂ ਛੇ ਸਿੰਘਾਂ ਦੀ ਰਿਹਾਈ ਦੀ ਗੱਲ ਨਹੀ ਮੁੱਕੀ। ਸਗੋਂ ਕੌਮ ਦੇ ਅੱਗੇ ਦਾ ਜਲੂਸ ਨਿਕਲ ਗਿਆ ਹੈ। ਸਿਖਾਂ ਦਾ ਭਰੋਸਾ ਟੁੱਟ ਗਿਆ ਹੈ।
ਇੱਕ ਬਦਯਕੀਨੀ ਨੇ ਜਨਮ ਲੈ ਲਿਆ ਹੈ। ਹੁਣ ਜੇ ਕੋਈ ਸੰਘਰਸ਼ ਵਾਸਤੇ ਆਵਾਜ ਮਾਰੇਗਾ ਤਾਂ ਸ਼ੇਰ ਆਇਆ ਸ਼ੇਰ ਆਇਆ ਦੀ ਆਜੜੀ ਦੀ ਕਹਾਣੀ ਵਾਂਗੂੰ ਕਿਸੇ ਨੇ ਯਕੀਨ ਹੀ ਨਹੀ ਕਰਨਾ। ਸ਼ਹੀਦੀ ਤਾਂ ਗੁਰਬਖਸ਼ ਸਿੰਘ ਦੀ ਕਿਸੇ ਕੀਮਤ ਤੇ ਵੀ ਹੋਣੀ ਹੀ ਨਹੀ ਸੀ ਕਿਉਂਕਿ ਸਰਕਾਰ ਨੇ ਅਜਿਹਾ ਕਿਸੇ ਵੀ ਸੂਰਤ ਵਿੱਚ ਨਹੀ ਹੋਣ ਦੇਣਾ ਸੀ। ਪਰ ਹੁਣ ਇਹ ਭਰੋਸਾ ਬਹਾਲ ਕਰਨ ਵਾਸਤੇ ਇੱਕ ਨਹੀ ਕਈ ਸ਼ਹੀਦੀਆਂ ਵੀ ਹੋ ਸਕਦੀਆਂ ਹਨ। ਕੌਮ ਜਬਰ ਨਾਲ ਕਦੇ ਨਹੀ ਦਬਦੀ। ਪਰ ਜਦੋਂ ਕੁਝ ਆਪਣੇ ਹੀ ਕੌਮ ਦੇ ਪਾਕ ਦਾਮਨ ਤੇ ਕਾਲੇ ਦਾਗ ਲਾ ਦੇਣ ਤਾਂ ਫਿਰ ਕੁਝ ਕੌਮੀ ਪ੍ਰਵਾਨਿਆਂ ਨੂੰ ਆਪਣੇ ਖੂਨ ਨਾਲ ਧੋਣੇ ਪੈਂਦੇ ਹਨ। ਅੱਜ ਅਦਾਰਾ ਪਹਿਰੇਦਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੇ ਜਿਥੇ ਬੰਦੀ ਸਿੰਘਾਂ ਦੀ ਮੁੜ ਜੇਲ• ਵਾਪਸੀ ਸਬੰਧੀ ਕੌਮ ਨੂੰ ਜਗਾਉਣ ਦਾ ਇੱਕ ਉਪਰਾਲਾ ਕੀਤਾ ਹੈ, ਉਥੇ ਸੰਗਤਾਂ ਨੂੰ ਗੁਰਬਖਸ਼ ਸਿੰਘ ਦੇ ਅਧੂਰੇ ਕਾਰਜ਼ ,ਅਖੌਤੀ ਸੰਤ ਸਮਾਜ਼ ,ਤਖਤਾਂ ਦੇ ਜਥੇਦਾਰਾਂ , ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਓਹਨਾਂ ਅਖੌਤੀ ਪੰਥ ਦਰਦੀਆਂ ਦੀ ਜਿਹੜੇ ਅੰਦਰੋਂ ਬਾਦਲ ਤੇ ਸਰਕਾਰ ਸਰਪ੍ਰਸਤ ਹਨ ,ਦੀ ਜਵਾਬਦੇਹੀ ਕਰਨ ਵਾਸਤੇ ਸਿਰਫ ਵੰਗਾਰਿਆ ਹੀ ਨਹੀ ਸਗੋਂ ਸਰਕਾਰ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਤੁਸੀਂ ਚੰਦ ਲੋਕਾਂ ਨੂੰ ਖਰੀਦਕੇ ਕੌਮੀ ਜਜਬਾਤਾਂ ਦਾ ਸੌਦਾ ਨਹੀ ਕਰ ਸਕਦੇ। ਹਾਲੇ ਬਹੁਤ ਸਾਰੇ ਸਿੱਖ ਜਾਗਦੇ ਹਨ। ਜੋ ਸਮੇਂ ਦੀਆਂ ਹਕੂਮਤਾਂ ਨਾਲ ਦੋ ਦੋ ਹੱਥ ਕਰਨੇ ਜਾਣਦੇ ਹਨ।
ਅੱਜ ਕੌਮ ਜਵਾਬ ਮੰਗਦੀ ਹੈ ਭਾਈ ਗੁਰਬਖਸ਼ ਸਿੰਘ ਤੋਂ ਪਤਾ ਨਹੀ ਅੱਜ ਕਿਸ ਗੱਲ ਦੇ ਸ਼ੁਕਰਾਨਾ ਸਮਾਗਮ ਹੋ ਰਹੇ ਹਨ, ਕਿਸ ਪ੍ਰਾਪਤੀ ਵਾਸਤੇ ਘੋੜੇ ਭੇਂਟ ਕੀਤੇ ਜਾ ਰਹੇ ਹਨ, ਕਿਹੜੀ ਜੰਗ ਦੀ ਜਿੱਤ ਦੀ ਖੁਸ਼ੀ ਵਿਚ ਸੋਨੇ ਦੇ ਤਮਗੇ ਦਿੱਤੇ ਜਾ ਰਹੇ ਹਨ, ਬੜੀ ਹੈਰਾਨੀ ਦੀ ਗੱਲ ਹੈ ਸਿੰਘ ਜੇਲ ਜਾ ਰਹੇ ਹਨ ਅਸੀਂ ਸ਼ੁਕਰਾਨੇ ਕਰ ਰਹੇ ਹਾਂ। ਬਸ ਇਸ ਗੱਲ ਦਾ ਸ਼ੁਕਰਾਨਾਂ ਕਿ ਗੁਰਬਖਸ਼ ਸਿੰਘ ਦੀ ਜਾਨ ਬਚ ਗਈ ਜਾਂ ਸੰਘਰਸ਼ ਤੋਂ ਖਹਿੜਾ ਛੁੱਟ ਗਿਆ ? ਸਿੰਘ ਤਾਂ ਫਿਰ ਜੇਲ ਜਾ ਰਹੇ ਹਨ ,ਸੰਘਰਸ਼ ਕਮੇਟੀ ਦੱਸੇ ਕੀ ਬਾਦਲਾਂ ਨਾਲ ਕੀਹ ਸੌਦੇਬਾਜ਼ੀ ਹੋਈ ਸੀ ਕਿ ਕੁੱਝ ਦਿਨਾਂ ਦੀ ਪੈਰੋਲ ਦੇਕੇ ਸੰਘਰਸ਼ ਦਾ ਬੇੜਾ ਗਰਕ ਕਰ ਦਿੱਤਾ ਜਾਵੇ। ਅਕਾਲ ਤਖਤ ਸਾਹਿਬ ਅਤੇ ਕੇਸਗੜ ਸਾਹਿਬ ਦੇ ਜਥੇਦਾਰ ਜਵਾਬ ਦੇਣ ਕਿ ਬਾਦਲਾਂ ਦੇ ਝੂਠ ਨੂੰ ਅਕਾਲ ਤਖਤ ਦੇ ਸਪੀਕਰ ਰਾਹੀਂ ਬੋਲਕੇ ਸੱਚ ਸਾਬਤ ਕਰਕੇ ਸਿਖਾਂ ਨੂੰ ਗੁੰਮਰਾਹ ਕਰਨਾ , ਸਿਰਫ ਅਰਦਾਸ ਤੁੜਵਾਉਣ ਤੇ ਸੰਘਰਸ਼ ਨੂੰ ਡੋਬਣਾ ਹੀ ਉਹਨਾਂ ਦੀ ਜਿੰਮੇਵਾਰੀ ਸੀ? ਸੰਤ ਸਮਾਜ ਨੂੰ ਸਿਰਫ ਬਾਦਲ ਦੀ ਰਾਜ ਗੱਦੀ ਦਾ ਹੀ ਫਿਕਰ ਹੈ ਕਿ ਕਿਤੇ ਆਰ.ਐਸ.ਐਸ. ਨਾਲੋ ਸਾਂਝ ਨਾ ਟੁੱਟ ਜਾਵੇ।
ਜਾਗੋ ਖਾਲਸਾ ਜੀ ਜਿਹੜੇ ਸਿੰਘ ਨਜ਼ਰਬੰਦ ਹਨ ਤੇ ਅਦਾਲਤੀ ਸਜਾ ਦੇ ਹੁਕਮ ਦੀ ਤਮੀਲ ਵੀ ਕਰ ਚੁਕੇ ਹਨ। ਪਰ ਫਿਰ ਵੀ ਤਸੀਹੇ ਭੋਗ ਰਹੇ ਹਨ ਉਹਨਾਂ ਨੇ ਕਿਸੇ ਜਮੀਨ , ਪਲਾਟ ਜਾ ਵੋਟਾਂ ਦੇ ਵਾਸਤੇ ਕੋਈ ਕਤਲ ਨਹੀ ਕੀਤਾ। ਸਗੋਂ ਕੌਮੀ ਹਿੱਤ ਵਿਚ ਫਰਜ਼ ਨਿਭਾਏ ਹਨ। ਅੱਜ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਫ਼ਰਾਖ ਦਿਲੀ ਵਿਖਾਉਂਦਿਆਂ ਇਹਨਾਂ ਦੀ ਰਿਹਾਈ ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਰ ਦਿੱਤੀ ਹੈ। ਫਿਰ ਨੁਕਸ ਕਿੱਥੇ ਹੈ ? ਸਾਡੀ ਕੌਮ ਦੇ ਉਹਨਾਂ ਗਦਾਰਾਂ ਵਿਚ ਹੈ ਜਿਹੜੇ ਆਰ ਐਸ ਐਸ ਦੇ ਵਰਕਰ ਬਣਕੇ ਕੰਮ ਕਰ ਰਹੇ ਹਨ। ਨੁਕਸ ਜਥੇਦਾਰਾਂ ,ਸੰਤ ਸਮਾਜ , ਸੰਘਰਸ਼ ਕਮੇਟੀ ਤੇ ਗੁਰਬਖਸ਼ ਸਿੰਘ ਵਿਚ ਸਾਂਝੇ ਤੌਰ ਤੇ ਹੈ ਜਿਹਨਾਂ ਨੇ ਕੌਮੀ ਹਿੱਤਾਂ ਦੀ ਪ੍ਰਵਾਹ ਨਹੀ ਕੀਤੀ। ਸਿਰਫ ਬਾਦਲ ਦੀ ਕੁਰਸੀ ਹੀ ਵੇਖੀ ਹੈ। ਸੋ ਆਓ ਅੱਜ ਸਾਰੇ ਜਿਲਾ ਹੈਡਕਵਾਟਰਾਂ ਤੇ ਡਿਪਟੀ ਕਮਿਸ਼ਨਰਾਂ ਰਾਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਕੇਤਕ ਮਾਤਰ ਇੱਕ ਵੰਗਾਰ ਪੱਤਰ ਦੇਈਏ ਅਤੇ ਸਰਕਾਰ ਨੂੰ ਸਿੰਘਾਂ ਦੀ ਰਿਹਾਈ ਨਾ ਕਰਨ ਬਦਲੇ ਇੱਕ ਅਮੁੱਕ ਸੰਘਰਸ਼ ਦਾ ਬਿਗਲ ਵਜਾਉਣ ਤੋਂ ਪਹਿਲਾਂ ਖਬਰਦਾਰ ਕਰ ਦੇਈਏ ਕਿ ਜੇ ਸਰਕਾਰ ਕੁਝ ਨਹੀ ਕਰਦੀ ਤਾਂ ਫਿਰ ਪੰਥਕ ਜੁਗਤ ਰਹੀ ਜੰਡ ਨਾਲ ਬੰਨ ਕੇ ਸੜਣ ਵਾਲੇ ਦਿਨ 21 ਫਰਵਰੀ ਨੂੰ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਬਿਗਲ ਵਜਾ ਦੇਈਏ।
ਜਲ ਜਾਏਂਗੇ ਹਮ ਤੋ ਯੂੰ ਹੀ ਮਹਿਤਾਬੀ ਕੀ ਤਰਹਿ ਰੰਗ ਬਿਖ਼ੇਰਤੇ ਹੂਏ, ਮਗਰ ਛੋਡ ਜਾਏਂਗੇ ਥੋਡੀ ਕਾਲਖ਼ ਬਾਕੀ ਤੇਰੇ ਚਿਹਰੇ ਪੇ ਕਾਲਾ ਨਿਸ਼ਾਂ ਲਗਾਨੇ ਕੇ ਲੀਏ , ਰਬ ਰਾਖਾ !
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
93161 76519
Gurinderpal Singh Dhanoula
ਗਫਲਤ ਦੀ ਨੀਂਦੇ ਸੌਂ ਰਹੇ ਮੇਰੇ ਕੌਮ ਦੇ ਵਾਰਸੋ
Page Visitors: 2876