ਆਉ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲੀਏ !
ਕਿੰਨੀ ਸ਼ਾਨਦਾਰ ਤੁਕ ਹੈ ਕਿੰਨਾ ਸ਼ਾਨਦਾਰ ਸਿਧਾਂਤ ਹੈ । ਹਜ਼ੂਰ ਸਾਹਿਬ ਤੋਂ 1999 ਵੇਲੇ ਵੀ ਕੁਝ ਸਿੱਖ , ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲੇ ਸਨ , ਇਕ ਤੁਕ ਘੜ ਲਈ ਸੀ “ ਤਿੰਨ ਸੌ ਸਾਲ ਗੁਰੂ ਦੇ ਨਾਲ ” ਢੋਲਕੀਆਂ ਛੈਣਿਆਂ ਨਾਲ ਇਹ ਤੁਕ ਪੜ੍ਹ-ਪੜ੍ਹ ਕੇ , ਸਿੱਖ ਕਮਲੇ ਕਰ ਦਿੱਤੇ ਸਨ । ਵੈਸੇ ਸਿੱਖਾਂ ਦੇ ਪੱਲੇ 300 ਸਾਲ ਤੋਂ ਭਾਵੁਕਤਾ ਤੋਂ ਇਲਾਵਾ ਹੋਰ ਹੈ ਵੀ ਕੀ ? ਕਿਸੇ ਨੇ ਇਕ ਛੇਕਾਂ ਵਾਲੀ ਗੜਵੀ ਵਿਖਾ ਕੇ ਕਹਿ ਦਿੱਤਾ “ ਇਹ ਗੜਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇਕ ਮੁਸਲਮਾਨ ਸ਼ਰਧਾਲੂ ਨੂੰ ਦਿੱਤੀ ਸੀ , ਤਾਂ ਜੋ ਉਹ , ਉਸ ਵਿਚ ਕਿਸੇ ਔਂਸਰ ਝੋਟੀ (ਜੋ ਅਜੇ ਸੂਈ ਨਾ ਹੋਵੇ) ਦਾ ਦੁੱਧ ਚੋ ਕੇ ਲਿਆਵੇ , (ਜਿਸ ਵਿਚਲੇ ਛੇਕਾਂ ਕਰ ਕੇ ਉਸ ਵਿਚ ਦੁੱਧ ਰੁਕ ਹੀ ਨਹੀਂ ਸਕਦਾ) ਤਾਂ ਜੋ ਗੁਰੂ ਸਾਹਿਬ ਦੁੱਧ ਸ਼ਕਣ । ਉਹ ਸ਼ਰਧਾਲੂ ਦੁੱਧ ਚੋ ਕੇ ਲਿਆਇਆ ਸੀ ਅਤੇ ਗੁਰੂ ਜੀ ਨੇ ਪੀਤਾ ਦੀ । ਬਸ ਫਿਰ ਕੀ ਸੀ ਸਿੱਖਾਂ ਨੇ ਭਾਵੁਕਤਾ ਵੱਸ , ਉਸ ਗੜਵੀ ਨੂੰ ਮੱਥਾ ਟੇਕ-ਟੇਕ ਕੇ ਨੋਟਾਂ ਦਾ ਢੇਰ ਲਗਾ ਦਿੱਤਾ ਸੀ , ਉਹ ਇਵੇਂ ਮੱਥਾ ਟੇਕ ਰਹੇ ਸਨ , ਜਿਵੇਂ ਸਾਕਸ਼ਾਤ ਗੁਰੂ ਜੀ ਨੂੰ ਹੀ ਮੱਥਾਂ ਟੇਕ ਰਹੇ ਹੋਣ ।
ਇਕ ਬੰਦਾ ਇਕ ਘੋੜਾ ਲਿਆਇਆ ਅਤੇ ਕਿਹਾ “ ਇਹ ਘੋੜਾ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਨਸਲ ਵਿਚੋਂ ਹੈ ” ਬਸ ਫਿਰ ਕੀ ਸੀ , ਭਾਵੁਕਤਾ ਵੱਸ ਸਿੱਖਾਂ ਨੇ ਘੋੜੇ ਨੂੰ ਹੀ ਮੱਥਾ ਟੇਕ ਟੇਕ ਕੇ ਨੋਟਾਂ ਦਾ ਢੇਰ ਲਗਾ ਦਿੱਤਾ , ਬੀਬੀਆਂ ਤਾਂ ਅਜਿਹੇ ਕੰਮਾਂ ਵਿਚ ਬੰਦਿਆਂ ਨਾਲੋਂ ਜ਼ਿਆਦਾ ਸ਼ਰਧਾਲੂ ਹੁੰਦੀਆਂ ਹੀ ਹਨ , ਉਹ ਘੋੜੇ ਦੀ ਲਿੱਦ ਹੀ ਆਪਣੇ ਦੁਪੱਟਿਆਂ ਵਿਚ ਭਰ ਕੇ ਲੈ ਗਈਆਂ । (ਉਸ ਦਾ ਕੀ ਕੀਤਾ ਹੋਵੇਗਾ ? ਕਹਿ ਨਹੀਂ ਸਕਦਾ) ਇਵੇਂ ਹੀ ਹਜ਼ੂਰ ਸਾਹਿਬ ਤੋਂ ਚੱਲੇ ਇਸ ਜਲੂਸ ਨੇ , ਭਾਰਤ ਦੇ ਸਾਰੇ ਸਿੱਖ ਇਲਾਕਿਆਂ ਦਾ ਦੌਰਾ ਕੀਤਾ ਅਤੇ ਕ੍ਰੋੜਾਂ ਰੁਪਏ , ਬਚਿੱਤ੍ਰ-ਨਾਟਕ ਦਾ ਪਰਚਾਰ ਕਰ ਕੇ , ਗੁਰੂ ਸਾਹਿਬ ਦੀ ਛਵੀ ਨੂੰ ਮਲੀਨ ਕਰਨ ਲਈ ਲੈ ਗਿਆ , ਯਕੀਨ ਨਾਲ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਉਸ ਟ੍ਰੱਕ ਵਿਚ , ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਜਾਂ ਬਚਿੱਤ੍ਰ ਨਾਟਕ ? ਬੀਬੀਆਂ ਵਿਚਾਰੀਆਂ , ਜਿਸ ਟਰੱਕ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਣ ਦੀ ਸੰਭਾਵਨਾ ਹੈ , ਆਪਣੇ ਦੁਪੱਟਿਆਂ ਨਾਲ ਉਸ ਦੇ ਟਾਇਰ ਸਾਫ ਕਰ ਕੇ ਹੀ ਸਵਰਗ ਦੀਆਂ ਟਿਕਟਾਂ ਲੈ ਕੇ ਘਰ ਪਰਤੀਆਂ ।
ਇਵੇਂ ਹੀ ਹਰ ਸਾਲ , ਦੁਨੀਆ ਦੇ ਬਹੁਤੇ ਗੁਰਦਵਾਰਿਆਂ ਵਿਚੋਂ , ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲਦੇ ਨਗਰਕੀਰਤਨ (ਜਲੂਸ) ਸਿੱਖਾਂ ਦੀਆਂ ਜੇਭਾਂ ਵਿਚੋਂ ਅਰਬਾਂ ਰੁਪਏ ਕਢਾਅ ਲੈਂਦੇ ਹਨ । ਫਿਰ ਇਹ ਰੁਪੲੈ ਜਾਂਦੇ ਕਿੱਥੇ ਹਨ ? ਇਹ ਸਭ ਹੀ ਜਾਣਦੇ ਹਨ ਕਿ ਉਨ੍ਹਾਂ ਵਿਚੋਂ ਬਹੁਤਾ ਹਿੱਸਾ , ਬੇਲੋੜੇ ਵਿਖਾਵਿਆਂ ਤੇ ਖਰਚ ਹੁੰਦਾ ਹੈ , ਕੁਝ ਬੇਲੋੜੀਆਂ ਬਿਲਡਿੰਗਾਂ ਤੇ ਖਰਚ ਹੁੰਦਾ ਹੈ । ਕੁਝ ਕਿੱਟੀ ਪਾਰਟੀ ਰੂਪੀ ਲੰਗਰਾਂ ਤੇ ਖਰਚ ਹੁੰਦਾ ਹੈ , ਕੁਝ ਨਾਲ ਅਦਾਲਤਾਂ ਦੇ ਵਕੀਲਾਂ ਦੀਆਂ ਜੇਭਾਂ ਭਰ ਹੁੰਦੀਆਂ ਹਨ । ਕੁਝ ਰਿਸ਼ਵਤ ਰੂਪ ਵਿਚ ਸਰਕਾਰੀ ਅਧਿਕਾਰੀਆਂ ਅਤੇ ਸਿੰਘ ਸਾਹਿਬਾਂ ਦੀ ਜੇਭ ਦਾ ਸ਼ੰਗਾਰ ਬਣਦਾ ਹੈ , ਇਨ੍ਹਾਂ ਤੋਂ ਜੋ ਬਚ ਜਾਵੇ ਉਹ ਬੈਂਕਾਂ ਵਿਚ ਐਫ. ਡੀਆਂ ਦਾ ਰੂਪ ਲੈ ਲੈਂਦਾ ਹੈ । ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲ ਕੇ ਹੀ ਹੁੰਦਾ ਹੈ ।
ਹੁਣ ਫਿਰ ਇਕ ਲੇਖ ਸਾਮ੍ਹਣੇ ਆਇਆ “ ਆਉ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲੀਏ ” ਹਾਲਾਂਕਿ ਲੇਖ ਵਿਚੋਂ ਲੇਖਕ ਵੀਰ ਦੀ ਭਾਵਨਾ ਕਾਫੀ ਚੰਗੀ ਜਾਪੀ , ਪਰ ਜਦ ਤਕ ਸੂਝਵਾਨ ਸਿੱਖ ਆਮ ਬੰਦੇ ਨੂੰ ਇਹ ਨਹੀਂ ਸਮਝਾਵੇਗਾ ਕਿ , ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲਣਾ ਕੀ ਹੁੰਦਾ ਹੈ ? ਤਦ ਤਕ ਇਹੀ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲਣਾ ਮੰਨਿਆ ਜਾਂਦਾ ਰਹੇ ਗਾ । ਸਿੱਖ (ਖਾਸ ਕਰ ਬੀਬੀਆਂ) ਭਾਵਕ ਹੋ ਕੇ ਏਦਾਂ ਹੀ ਲੁੱਟ ਹੁੰਦੇ ਰਹਿਣਗੇ । ਆਉ ਵਿਚਾਰੀਏ ਕਿ ਗੁਰੂ ਸਾਹਿਬ ਜੀ ਦੀ ਅਗਵਾਈ ਵਿਚ ਚਲਣਾ ਹੁੰਦਾ ਕੀ ਹੈ ?
ਜਦੋਂ ਅਸੀਂ ਕਿਸੇ ਦੀ ਅਗਵਾਈ ਵਿਚ ਚਲਦੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਉਸ ਦੇ ਕਹੇ ਅਨੁਸਾਰ ਚਲੀਏ , ਇਸ ਨੂੰ ਇਵੇਂ ਵੀ ਕਿਹਾ ਜਾ ਦਕਦਾ ਹੈ ਕਿ , ਜੇ ਅਸੀਂ ਕਿਸੇ ਦੇ ਕਹੇ ਵਿਚ ਚਲੀਏ , ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਉਸ ਦੀ ਅਗਵਾਈ ਵਿਚ ਚੱਲ ਰਹੇ ਹਾਂ । ਏਸੇ ਤਰ੍ਹਾਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਵਿਚ ਚਲਾਂਗੇ , ਤਾਂ ਹੀ ਮੰਨਿਆ ਜਾਵੇਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲ ਰਹੇ ਹਾਂ । ਸੋਚਣ ਵਾਲੀ ਗੱਲ ਹੈ ਕਿ , ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਦੇ ਉਲਟ ਚੱਲਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚਲਣਾ ਹੋ ਸਕਦਾ ਹੈ ? ਜੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਲਾ ਕੇ ਜਲੂਸ ਕੱਢਣਾ ਕਿੱਥੋਂ ਦਾ ਸਿਧਾਂਤ ਹੈ ? ਜਲੂਸ ਤਾਂ ਕੱਢੇ ਜਾਂਦੇ ਹਨ , ਆਪਣੀ ਤਾਕਤ ਦਾ ਵਿਖਾਵਾ ਕਰਨ ਲਈ , ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੈ । ਇਨ੍ਹਾਂ ਵਿਖਾਵਿਆਂ ਨਾਲ ਤਾਂ ਸਿੱਖਾਂ ਵਿਚ ਹਉਮੈ ਉਪਜਦੀ ਹੈ , ਜੋ ਕਰਤਾਰ ਨੂੰ ਮਿਲਣ ਦੇ ਰਾਹ ਵਿਚ , ਸਭ ਤੋਂ ਵੱਡੀ ਅੜਚਣ ਹੈ । ਪਤਾ ਨਹੀਂ ਸਿੱਖਾਂ ਨੂੰ ਕਦੋਂ ਹੋਸ਼ ਆਵੇਗੀ ਕਿ , ਇਹ ਕੰਮ ਜੋ ਅਸੀਂ ਕਰ ਰਹੇ ਹਾਂ , ਇਹ ਗੁਰਮਤਿ ਅਨੁਸਾਰ ਹਨ ਵੀ ਕਿ ਨਹੀਂ ?
ਜੋ ਕੰਮ ਗੁਰਮਤਿ ਅਨੁਸਾਰ ਹੋਣ ਉਨ੍ਹਾਂ ਤੇ ਪਹਿਰਾ ਦੇਣਾ ਚਾਹੀਦਾ ਹੈ , ਜੋ ਨਾ ਹੋਣ ਉਨ੍ਹਾਂ ਨੂੰ ਤਿਆਗ ਦੇਣਾ ਬਣਦਾ ਹੈ ।
ਸਿੱਖੀ ਦੇ ਕੇਂਦਰ , ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੰਭਾਲਣ ਵਾਲੀ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈ ਕਿ , ਦਰਬਾਰ ਸਾਹਿਬ ਵਿਚ ਉਹੀ ਕੰਮ ਹੋਣੇ ਚਾਹੀਦੇ ਹਨ , ਜੋ ਗੁਰਮਤਿ ਅਨੁਸਾਰੀ ਹੋਣ , ਪਰ ਸ਼੍ਰੋਮਣੀ ਕਮੇਟੀ ਅਤੇ ਉਸ ਥਾਂ ਤੇ ਧਾਰਮਿਕ ਵਿਦਿਆ ਦੇਣ ਲਈ ਜ਼ਿਮੇਵਾਰ ਲੋਕ , ਪਰੰਪਰਾਵਾਂ ਦਾ ਰੌਲਾ ਪਾ ਕੇ , ਸਿੱਖਾਂ ਨੂੰ ਵਰਗਲਾ ਕੇ , ਸਿੱਖੀ ਤੋਂ ਦੂਰ ਕਰ ਰਹੇ ਹਨ , ਜਿਸ ਦੇ ਪ੍ਰਭਾਵ ਅਧੀਨ ਆਮ ਗੁਰਦਵਾਰਿਆਂ ਵਿਚਲੇ ਗ੍ਰੰਥੀ , ਕੁਝ ਦਰਬਾਰ ਸਾਹਿਬ ਵਾਲੇ ਕਰਮ ਲੈ ਕੇ , ਬਾਜ਼ਾਰ ਵਿਚਲੀਆਂ ਕਿਤਾਬਾਂ ਵਿਚੋਂ , ਉਸ ਵਿਚ ਕੁਝ ਹੋਰ ਮਨਮਤਿ ਰਲਾਅ ਕੇ , ਮਿਲ-ਗੋਭਾ ਕਰ ਕੇ ਸੰਗਤਾਂ ਦੇ ਸਾਮ੍ਹਣੇ ਪਰੋਸਦੇ ਰਹੰਦੇ ਹਨ , ਜਿਸ ਦਾ ਸਿੱਖੀ ਨਾਲ , ਗੁਰੂ ਗ੍ਰੰਥ ਸਾਹਿਬ ਜੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ । ਇਵੇਂ ਗੁਰਦਵਾਰਿਆਂ ਵਿਚਲੀ ਸਿਖਿਆ ਆਸਰੇ ਹੀ , ਸਿੱਖ ਗੁਰਮਤਿ ਤੋਂ ਦੂਰ ਹੋ ਰਹੇ ਹਨ । (ਇਹ ਸਾਰਾ ਕੁਝ ਪਰੰਪਰਾ ਦੇ ਨਾਮ ਥੱਲੇ ਹੋ ਰਿਹਾ ਹੈ)
ਦੂਸਰੇ ਪਾਸੇ ਗਿਆਨ ਹੀਣ , ਅਗਿਆਨੀ ਪਰਚਾਰਕ , ਗੁਰਮਤਿ ਨੂੰ ਮੌਜੂਦਾ ਯੁਗ ਦਾ ਹਾਣੀ ਬਨਾਉਣ ਦੀ ਗੱਲ ਕਰਦੇ , ਗੁਰਮਤਿ ਨੂੰ ਸੁਧਾਰਨ ਦੇ ਨਾਂ ਤੇ , ਹੋਰ ਰੱਦ ਤਾਂ ਕਰਦੇ ਹੀ ਹਨ , ਅਪਣੀ ਮਨਮਤਿ ਦਾ ਵੀ ਖੁਲ੍ਹ ਕੇ ਪਰਚਾਰ ਕਰਦੇ ਹਨ । (ਇਹ ਸਾਰਾ ਕੁਝ ਆਧੁਨਕਤਾ ਦੇ ਨਾਂ ਥੱਲੇ ਹੁੰਦਾ ਹੈ) ਇਵੇਂ ਸਿੱਖ ਵਿਚਾਰੇ ਪਰੰਪਰਾ ਦੇ ਨਾਂ ਤੇ ਵੀ ਕੁਰਾਹੇ ਪਾ ਕੇ ਲੱਟੇ ਜਾ ਰਹੇ ਹਨ ਅਤੇ ਜਾਗਰੂਕਤਾ ਦੇ ਨਾਂ ਤੇ ਵੀ ਕੁਰਾਹੇ ਪਾ ਕੇ ਲੁੱਟੇ ਜਾ ਰਹੇ ਹਨ ।
ਇਹ ਸਾਰਾ ਕੁਝ ਤਾਂ ਉਹ ਹੈ ਜੋ ਅੱਜ ਤਕ ਸਾਨੂੰ ਸਿਖਾਇਆ ਗਿਆ ਹੈ , ਜਿਸ ਤੇ ਚੱਲ ਕੇ ਅਸੀਂ ਸੋਚਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਬ ਜੀ ਦੀ ਅਗਵਾਈ ਵਿਚ ਚਲ ਰਹੇ ਹਾਂ , ਆਉ ਜ਼ਰਾ ਗੁਰੂ ਸਾਹਿਬ ਕੋਲੋਂ ਵੀ ਪੁੱਛ ਵੇਖੀਏ ਕਿ ਉਹ , ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲਣ ਲਈ ਕੀ ਸੇਧ ਦਿੰਦੇ ਹਨ । ਗੁਰੂ ਸਾਹਿਬ ਜੀ ਮਨ ਨੂੰ ਸਮਝਾਉਂਦੇ , ਕੁਝ ਇਵੇਂ ਉਪਦੇਸ਼ ਦਿੰਦੇ ਹਨ ,
ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥
ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥1॥ਰਹਾਉ ॥ (22)
ਹੇ ਮਨ ਗੁਰਮੁਖਿ , ਗੁਰੂ ਅਨੁਸਾਰੀ ਹੋ ਕੇ , ਤ੍ਰਿਸ਼ਨਾ ਰੂਪੀ ਅੱਗ ਖਤਮ ਕਰ ਸਕੀਦੀ ਹੈ । ਜਦੋਂ ਗੁਰੂ ਵਲੋਂ ਦਿੱਤਾ ਉਪਦੇਸ਼ , ਮਨ ਵਿਚ ਵੱਸ ਜਾਂਦਾ ਹੈ , ਤਦੋਂ ਇਹ ਤ੍ਰਿਸ਼ਨਾ ਮੁੱਕ ਜਾਂਦੀ ਹੈ ਕਿ , ਮੈਂ ਵੱਡਾ ਹੋ ਜਾਵਾਂ , ਹੋਰ ਵੱਡਾ ਹੋ ਜਾਵਾਂ । (ਜ਼ਰਾ ਸਵੈ ਪੜਚੋਲ ਕਰੋ , ਕੀ ਤੁਹਾਡੀ ਇਹ ਲਾਲਸਾ ਮੁੱਕ ਗਈ ਹੈ ? ਜੇ ਨਹੀਂ ਮੁੱਕੀ ਤਾਂ , ਫਿਰ ਤੁਸੀਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲ ਰਹੇ ਹੋ ?) ਗੁਰੂ ਸਾਹਿਬ ਜੀ ਹੋਰ ਸੇਧ ਦਿੰਦੇ ਹਨ ,
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥3॥ (99)
ਗੁਰੂ ਨੇ ਮੈਨੂੰ ਸਮਝਾਅ ਦਿੱਤਾ ਹੈ ਕਿ , ਹਰ ਥਾਂ ਉਹ ਇਕੋ ਪ੍ਰਭੂ ਹੀ ਹੈ , ਉਸ ਵਰਗਾ ਸੰਸਾਰ ਵਿਚ , ਨਾ ਕੋਈ ਹੋਇਆ ਹੀ ਹੈ ਅਤੇ ਨਾ ਕੋਈ ਹੋਵੇਗਾ ਹੀ ।
ਵਿਚਾਰਨ ਵਾਲੀ ਗੱਲ ਹੈ ਕਿ , ਕੀ ਅਸੀਂ ਗੁਰੂ ਦੀ ਅਗਵਾਈ ਵਿਚ ਚਲਦਿਆਂ , ਇਹ ਗੱਲ ਮੰਨਦੇ ਹਾਂ ? ਜੇ ਮੰਨਦੇ ਹਾਂ ਤਾਂ ਫਿਰ , ਗੜਵੀਆਂ ਦੀ ਪੂਜਾ ਕਿਸ ਅਧਾਰ ਤੇ ਕਰ ਰਹੇ ਹਾਂ ? ਘੋੜਿਆਂ ਦੀ ਲਿੱਦ ਕਿਉਂ ਚੁੱਕੀ ਫਿਰਦੇ ਹਾਂ ? ਟ੍ਰੱਕਾਂ ਦੇ ਟਾਇਰ ਕਿਸ ਆਸ਼ੇ ਨਾਲ ਸਾਫ ਕਰ ਰਹੇ ਹਾਂ ? ਬੇਰੀਆਂ ਦੀ ਪੂਜਾ ਕਿਸ ਆਧਾਰ ਤੇ ਕਰ ਰਹੇ ਹਾਂ ? ਕੱਬਰਾਂ ਵਿਚੋਂ ਕੀ ਲੱਭਦੇ ਹਾਂ ? ਜੋ ਆਪ ਹੀ ਗੁਰੂ ਦੀ ਸਿਖਿਆ ਤੋਂ ਖੁੰਝੇ ਹੋਏ , ਬਦਕਾਰ ਹਨ , ਉਨ੍ਹਾਂ ਨੂੰ ਕਿਸ ਆਧਾਰ ਤੇ , ਸੰਤ -ਮਹਾਂਪੁਰਖ , ਬ੍ਰਹਮਗਿਆਨੀ ਸਥਾਪਤ ਕਰਦੇ ਹਾਂ ? ਉਨ੍ਹਾਂ ਦੇ ਡੇਰਿਆਂ ਤੋਂ ਕੀ ਲੈਣ ਜਾਂਦੇ ਹਾਂ ?
ਇਵੇਂ ਹੀ ਗੁਰੂ ਸਾਹਿਬ ਜੀ ਨੇ ਹੋਰ ਸਮਝਾਇਆ ਹੈ ,
ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥7॥ (224)
ਮੈਨੂੰ ਗੁਰੂ ਨੇ ਸਮਝਾਅ ਦਿੱਤਾ ਹੈ ਕਿ , ਪ੍ਰਭੂ ਤੋਂ ਬਿਨਾ , ਉਸ ਵਰਗਾ ਹੋਰ ਕੋਈ ਨਹੀਂ ਹੈ । ਫਿਰ ਮੈਂ ਕਿਵੇਂ , ਉਸ ਵਰਗਾ , ਕਿਸੇ ਹੋਰ ਨੂੰ ਵੇਖ ਕੇ , ਉਸ ਦੀ ਪੂਜਾ ਕਰ ਸਕਦਾ ਹਾਂ ?
ਵਿਚਾਰਨ ਵਾਲੀ ਗੱਲ ਹੈ ਕਿ , ਕੀ ਤੁਸੀਂ ਗੁਰੂ ਦੀ ਇਸ ਸਿਖਿਆ ਤੇ ਅਮਲ ਕਰਦੇ ਹੋ ? ਉਸ ਇਕ ਤੋਂ ਇਲਾਵਾ , ਕਿਸੇ ਹੋਰ ਦੀ ਪੂਜਾ ਤਾਂ ਨਹੀਂ ਕਰਦੇ ? ਜੇ ਨਹੀਂ ਕਰਦੇ , ਫਿਰ ਤਾਂ ਤੁਸੀਂ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲ ਰਹੇ ਹੋ , ਧੰਨਤਾ ਦੇ ਪਾਤ੍ਰ ਹੋ , ਜੇ ਨਹੀਂ ਤਾਂ ਐਵੇਂ ਵਿਅਰਥ ਹੀ ਦੁਰਲੱਭ ਮਨੁੱਖਾ ਜਨਮ ਬਰਬਾਦ ਕਰ ਰਹੇ ਹੋ । ਜੋ ਫਿਰ ਪਤਾ ਨਹੀਂ ਕਦੋਂ ਮਿਲਣਾ ਹੈ ? ਆਉ ਇਸ ਦਾ ਸਦਉਪਯੋਗ ਕਰੀਏ ।
ਅਮਰ ਜੀਤ ਸਿੰਘ ਚੰਦੀ