ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਨਹੀਂ ਪੈ ਸਕਦਾ
ਕੁਝ ਸ਼ਰਾਰਤੀ ਲੋਕ ਇਹ ਅਫ਼ਵਾਹ ਬਾਰ-ਬਾਰ ਉਡਾਉਂਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਪੈ ਚੁਕਾ ਹੈ ।
ਕੀ ਰਲਾ ਪੈ ਸਕਦਾ ਹੈ ?
ਇਸ ਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ।
ਸਮਰੱਥ ਗੁਰੂ ਅਰਜਨ ਜੀ ਜਾਣਦੇ ਸਨ ਕਿ ਸਿੱਖ ਧਰਮ ਤੇ ਭਿਆਨਕ ਸਮਾਂ ਆਉਣ ਵਾਲਾ ਹੈ। ਧਰਮ ਨੂੰ ਬਚਾਉਣ ਵਾਸਤੇ ਯੁੱਧ ਲੜਨੇ ਪੈਣੇ ਹਨ। ਇਹੋ ਜਿਹੇ ਸਮੇਂ ਵਿੱਚ ਗੁਰਬਾਣੀ, ਭਗਤ ਬਾਣੀ ਇਤਿਆਦ ਜਿਹੜੀ ਪੋਥੀਆਂ ਦੀ ਸ਼ਕਲ ਵਿੱਚ ਹੈ, ਦੀ ਸੰਭਾਲ ਮੁਸ਼ਕਲ ਹੋ ਸਕਦੀ ਹੈ। ਬਾਣੀ ਮਹਫ਼ੂਜ਼ ਰਹਿ ਸਕੇ ਇਸ ਲਈ ਪੰਚਮ ਪਾਤਿਸ਼ਾਹ ਨੇ ਸਾਰੀ ਬਾਣੀ ਇੱਕ ਜਗ੍ਹਾ ਇਕੱਤਰ ਕਰਕੇ ਪੋਥੀ ਸਾਹਿਬ, ਜਿਸ ਨੂੰ ਆਦਿ ਬੀੜ ਵੀ ਆਖਿਆ ਜਾਂਦਾ ਹੈ, ਤਿਆਰ ਕੀਤੀ। ਪ੍ਰਚਾਰ ਕਰਨ ਲਈ ਇਸ ਪੋਥੀ ਸਾਹਿਬ ਦੇ ਉਤਾਰੇ ਕਰਵਾ ਕੇ ਦੂਰ ਦਰਾਡੇ ਭੇਜੇ ਗਏ।
ਇਸੇ ਪੋਥੀ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਿਯੁਕਤ ਕੀਤਾ ਗਿਆ। ਪੋਥੀ ਸਾਹਿਬ ਦੀ ਅੰਦਰ ਦੀ ਬਣਤਰ ਦਾ ਖ਼ਾਸ ਧਿਆਨ ਰੱਖਿਆ ਗਿਆ। ਸਭ ਤੋਂ ਪਹਿਲਾਂ ਮੂਲ ਮੰਤ੍ਰ ਲਿਖਿਆ। ਇਸ ਤੋਂ ਬਾਅਦ ਜਪੁ ਜੀ ਸਾਹਿਬ, ਸੋਦਰੁ ਸੋਪੁਰਖੁ ਦੇ ਸ਼ਬਦ ਅਤੇ ਸੋਹਿਲਾ ਸਾਹਿਬ। ਇਸ ਤੋ ਬਾਅਦ ਰਾਗਾਂ ਵਿੱਚ ਉਚਾਰੀ ਬਾਣੀ ਲਿਖੀ। ੩0 ਰਾਗਾਂ ਵਿੱਚ ਉਚਾਰੀ ਬਾਣੀ ਚੜ੍ਹਾਉਣ ਤੋਂ ਬਾਅਦ ਹੋਰ ਸਿਰਲੇਖਾਂ ਦੀ ਬਾਣੀ ਚੜ੍ਹਾਈ ਗਈ। ਪੋਥੀ ਸਾਹਿਬ ਵਿੱਚ ਬਾਣੀ ਲਿਖਣ ਨੂੰ ਇੱਕ ਖਾਸ ਤਰਤੀਬ ਦਿੱਤੀ ਗਈ । ਰਾਗਾਂ ਵਿੱਚ ਬਾਣੀ ਚੜਾਉਂਣ ਦੀ ਤਰਤੀਬ ਇਸ ਪ੍ਰਕਾਰ ਹੈ :
1. ਗੁਰੂ ਸਾਹਿਬਾਨ ਦੇ ਸ਼ਬਦ, ਅਸ਼ਟਪਦੀਆਂ, ਛੰਤ ਅਤੇ ਵਾਰਾਂ ।
2. ਭਗਤਾਂ ਦੇ ਸ਼ਬਦ।
ਇਹ ਸ਼ਬਦ, ਅਸ਼ਟਪਦੀਆਂ, ਛੰਤ ਆਦਿਕ ਵੀ ਇੱਕ ਖ਼ਾਸ ਕ੍ਰਮ ਵਿੱਚ ਦਰਜ ਹਨ। ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਫਿਰ ਗੁਰੂ ਅਰਮਦਾਸ ਜੀ ਦੀ, ਫਿਰ ਗੁਰੂ ਰਾਮਦਾਸ ਜੀ ਦੀ, ਫਿਰ ਪੰਜਵੇਂ ਪਾਤਿਸ਼ਾਹ ਦੀ। ਗੁਰੂ ਅੰਗਦ ਦੇਵ ਜੀ ਦੇ ਸਿਰਫ ਸਲੋਕ ਹੀ ਹਨ, ਜੋ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਹਨ। ਸ਼ਬਦ, ਅਸ਼ਟਪਦੀ ਆਦਿਕ ਪੂਰੀ ਹੋ ਜਾਣ ਤੋਂ ਬਾਅਦ ਅੰਕ (ਹਿੰਦਸੇ) ਲਿਖੇ ਹਨ। ਅੰਕਾਂ ਦਾ ਮਤਲਬ ਸਮਝਣ ਵਾਸਤੇ ੧੪੩0 ਪੰਨੇ ਵਾਲੀ ਬੀੜ ਦਾ ਪੰਨਾ ਨੰ: ੪੧੧ ਵੇਖੋ । ਆਸਾਵਰੀ ਮਹਲਾ ਪ ਇਕਤੁਕਾ ਸ਼ਬਦ ਦੇ ਅੰਤ ਤੇ, ਅੰਕ ਇਸ ਤਰ੍ਹਾਂ ਲਿਖੇ ਹੋਏ ਹਨ:
।। ੨।।੭।। ੧੬੩।। ੨੩੨।।
ਇਨ੍ਹਾਂ ਦਾ ਭਾਵ ਹੈ:- ਇਕਤੁਕਾ ਸ਼ਬਦ ਦੇ ਪਦੇ ੨ ਹਨ। ਘਰੁ ੧੭ ਦੇ ਸ਼ਬਦ ੭ ਹਨ। ਮਹਲੇ ੧ ਦੇ ਸ਼ਬਦ ੩੯ ਹਨ ਅਤੇ ੧ ਸੋ ਦਰੁ ਦਾ ਸ਼ਬਦ ਹੈ।
ਮਹਲੇ ੩ ਦੇ ਸ਼ਬਦ ੧੩ ਹਨ। ਮਹਲੇ ੪ ਦੇ ਸ਼ਬਦ ੧ਪ ਹਨ ਅਤੇ ੧ ਸੋ ਪੁਰਖੁ ਦਾ ਸ਼ਬਦ ਹੈ। ਮਹਲੇ ਪ ਦੇ ਸ਼ਬਦ ੧੬੩ ਹਨ।
ਸਾਰੇ ਸ਼ਬਦਾ ਦਾ ਜੋੜ ਹੈ ੨੩0+੨ (੧ ਸੋਦਰੁ ਅਤੇ ੧ ਸੋਪੁਰਖੁ ਦਾ ਸ਼ਬਦ) =੨੩੨
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੋਥੀ ਸਾਹਿਬ ( ਆਦਿ ਬੀੜ ) ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਨ ਲਈ ਭਾਈ ਮਨੀ ਸਿੰਘ ਜੀ ਕੋਲੋਂ ਬੀੜ ਸਾਹਿਬ ਸ਼ੁਰੂ ਤੋਂ ਲਿਖਵਾਉਣੀ ਅਰੰਭ ਕੀਤੀ ਅਤੇ ਮਹਲੇ ੯ ਦੇ ਸ਼ਬਦ ਉਸੇ ਤਰਤੀਬ ਨਾਲ ਚੜ੍ਹਾਏ ਜਿਹੜੀ ਤਰਤੀਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਾਰੀ ਕੀਤੀ ਸੀ। ਭਾਵ, ਮਹਲੇ ਪ ਦੇ ਸ਼ਬਦਾਂ ਤੋਂ ਬਾਅਦ ਮਹਲੇ ੯ ਦੇ ਸ਼ਬਦ ਚੜ੍ਹਾਏ ਗਏ। ਆਸਾ ਰਾਗ ਵਿੱਚ ਮਹਲੇ ੯ ਦੇ ਸ਼ਬਦਾਂ ਦੇ ਅੰਤ ਤੇ ਅੰਕ ਇਸ ਤਰ੍ਹਾਂ ਦਿੱਤਾ ਹੈ:-
।। ੨।। ੧।। ੨੩੩।।
ਇਸ ਦਾ ਭਾਵ ਹੈ ਕਿ ਮਹਲੇ ੯ ਦਾ ੧ ਸ਼ਬਦ ਹੈ, ਜਿਸਦੇ ਪਦੇ ੨ ਹਨ। ਗੁਰੂ ਸਾਹਿਬਾਨ ਦੇ ਆਸਾ ਰਾਗ ਦੇ ਕੁਲ ਸ਼ਬਦਾਂ ਦਾ ਜੋੜ ੨੩੨+੧=੨੩੩ ਹੈ। ਇਹ ਅੰਕ ਗੁਰੂ ਸਾਹਿਬ ਨੇ ਇਸ ਕਰਕੇ ਦਿੱਤੇ ਹਨ ਤਾਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵਾਧਾ ਘਾਟਾ ਨਾਂ ਹੋ ਸਕੇ। ਜੇ ਕੋਈ ਆਪਣੇ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸ਼ਬਦ ਦਰਜ ਕਰਣਾ ਚਾਹੇ ਜਾਂ ਕੱਢਣਾ ਚਾਹੇ ਤਾਂ ਸਾਰੇ ਸ਼ਬਦਾਂ ਦੇ ਅੰਤ ਤੇ ਲਿਖੇ ਹਿੰਦਸੇ ਬਦਲਣੇ ਪੈਣਗੇ ਜਿਸ ਨਾਲ ਸ਼ਬਦਾਂ ਦਾ ਜੋੜ ਘਟ-ਵਧ ਹੋ ਜਾਏਗਾ ਅਤੇ ਰਲਾ ਪਿਆ ਤੁਰੰਤ ਫੜਿਆ ਜਾਏਗਾ। ਇਹ ਹੀ ਕਾਰਣ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਨਹੀਂ ਪੈ ਸਕਦਾ। ਸ਼ਬਦ ਲੱਭਣ ਵਿੱਚ ਵੀ ਇਹ ਅੰਕ ਸਹਾਇਤਾ ਕਰਦੇ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਰਾਗਾਂ ਤੋਂ ਬਾਅਦ, ਹੋਰ ਸਿਰਲੇਖਾਂ ਵਾਲੀ ਬਾਣੀ ਹੇਠ ਲਿਖੇ ਕ੍ਰਮ ਵਿੱਚ ਦਰਜ ਹੈ:-
ਸਲੋਕ ਸਹਸਕ੍ਰਿਤੀ ਮਹਲਾ ੧
ਸਲੋਕ ਸਹਸਕ੍ਰਿਤੀ ਮਹਲਾ ਪ
ਮਹਲਾ ਪ ਗਾਥਾ
ਫੁਨਹੇ ਮਹਲਾ ਪ
ਚਉਬੋਲੇ ਮਹਲਾ ਪ
ਸਲੋਕ ਭਗਤ ਕਬੀਰ ਜੀਉ ਕੇ
ਸਲੋਕ ਸ਼ੇਖ਼ ਫ਼ਰੀਦ ਕੇ
ਸਵਯੇ ਸ਼੍ਰੀ ਮੁਖਬਾਕ੍ਹ ਮਹਲਾ ਪ
ਭੱਟਾਂ ਦੇ ਸਵਈਏ
ਸਲੋਕ ਵਾਰਾਂ ਤੇ ਵਧੀਕ
ਸਲੋਕ ਮਹਲਾ ੯
ਮੁੰਦਾਵਣੀ ਮਹਲਾ ਪ
ਸਲੋਕ ਮਹਲਾ ਪ
ਇਨ੍ਹਾਂ ਨਾਲ ਵੀ ਅੰਕ (ਹਿੰਦਸੇ) ਉਸੇ ਤਰਤੀਬ ਨਾਲ ਲਿਖੇ ਗਏ ਹਨ ਜਿਸ ਤਰ੍ਹਾਂ ਰਾਗਾਂ ਦੀਆਂ ਬਾਣੀਆਂ ਨਾਲ ਲਿਖੇ ਗਏ ਹਨ।
ਆਉ ਹੁਣ ਇਨ੍ਹਾਂ ਅਫ਼ਵਾਹਾਂ ਬਾਰੇ, ਕਿ ਸ਼ਰਾਰਤੀ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਪਾ ਦਿੱਤਾ ਹੈ, ਵਿਚਾਰ ਕਰਈਏ।
ਆਖਿਆ ਜਾਂਦਾ ਹੈ ਕਿ ਪੰਚਮ ਪਾਤਿਸ਼ਾਹ ਦੀ ਸ਼ਾਹਾਦਤ ਤੋਂ ਬਾਅਦ ਬਾਬਾ ਪ੍ਰਿਥੀ ਚੰਦ ਜੀ ਨੇ ਬਾਦਸ਼ਾਹ ਜਹਾਂਗੀਰ ਨਾਲ ਮਿਲ ਕੇ ਆਦਿ ਬੀੜ ਵਿੱਚ ਹਿੰਦੂ ਮਤ ਅਤੇ ਇਸਲਾਮੀ ਮਤ ਨੂੰ ਪੁਖ਼ਤਾ ਕਰਨ ਵਾਲੀਆਂ ਰਚਨਾਵਾਂ ਚੜ੍ਹਾ ਦਿੱਤੀਆਂ ਸਨ ਪਰ ਅਫ਼ਵਾਹਾਂ ਫੈਲਾਉਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਬਾਬਾ ਪ੍ਰਿਥੀ ਚੰਦ ਜੀ ਪੰਚਮ ਪਾਤਿਸ਼ਾਹ ਦੀ ਸ਼ਹਾਦਤ ਤੋ ਇੱਕ ਸਾਲ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ। ਮੰਨ ਲਿਆ ਜਾਵੇ ਕਿ ਬਾਬਾ ਪ੍ਰਿਥੀ ਚੰਦ ਜੀ ਜਿਉਂਦੇ ਸਨ ਪਰ ਉਹਨਾਂ ਨੇ ਬੀੜ ਸਾਹਿਬ ਵਿੱਚ ਅਨਮਤੀ ਰਚਨਾਵਾਂ ਚੜ੍ਹਾਈਆਂ ਕਿਸ ਜਗ੍ਹਾ? ਮੂਲ ਮੰਤ੍ਰ ਤੋਂ ਲੈ ਕੇ ਮੁੰਦਾਵਣੀ ਮਹਲਾ ਪ, ਸਲੋਕ ਮਹਲਾ ਪ ਤੱਕ ਬੀੜ ਸਾਹਿਬ ਵਿੱਚ ਕੋਈ ਕੋਰੇ ਪੰਨੇ ਨਹੀਂ ਸਨ। ਹੋ ਸਕਦਾ ਹੈ ਕਿ ਬਾਬਾ ਜੀ ਨੇ ਸਾਰੀਆਂ ਬੀੜਾਂ ਇੱਕਠੀਆਂ ਕਰਕੇ ਨਸ਼ਟ ਕਰ ਦਿੱਤੀਆਂ ਅਤੇ ਨਵੇਂ ਸਿਰੇ ਤੋਂ ਨਵੀਆਂ ਬੀੜਾਂ ਲਿਖਵਾਕੇ ਫਿਰ ਥਾਉਂ- ਥਾਈਂ ਪਹੁੰਚਾ ਦਿੱਤੀਆਂ ਪਰ ਇਹ ਕੰਮ ਕਰਨਾ ਨਾਮੁਮਕਿਨ ਸੀ। ਜੇ ਕਿਸੇ ਤਰ੍ਹਾਂ ਬਾਬਾ ਪ੍ਰਿਥੀ ਚੰਦ ਜੀ ਨੇ ਇਹ ਕੰਮ ਕਰ ਲਿਆ ਹੋਵੇ, ਤਾਂ ਵੀ ਬਾਬਾ ਜੀ ਦਾ ਇਹ ਕਾਰਨਾਮਾ ਸਿੱਖ ਸੰਗਤਾਂ ਤੋਂ ਕਿਸ ਤਰ੍ਹਾਂ ਲੁਕਿਆ ਰਹਿ ਸਕਦਾ ਸੀ? ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਅਜੇ ਮੌਜੂਦ ਸਨ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਖ਼ੁਦ ਅਤੇ ਭਾਈ ਗੁਰਦਾਸ ਜੀ ਆਦਿ ਬੀੜ ਦੀ ਕਥਾ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਕਰਿਆ ਕਰਦੇ ਸਨ। ਕੀ ਕਿਸੇ ਨੂੰ ਪਤਾ ਹੀ ਨਾ ਚੱਲਿਆ ਕਿ ਬੀੜ ਸਾਹਿਬ ਵਿੱਚ ਰਲਾ ਪੈ ਗਿਆ ਹੈ?
ਇਥੋਂ ਸਿੱਧ ਹੁੰਦਾ ਹੈ ਕਿ ਆਦਿ ਬੀੜ ਸਾਹਿਬ ਵਿੱਚ ਕੋਈ ਰਲਾ ਨਹੀਂ ਪਿਆ।
ਪੰਚਮ ਪਾਤਿਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਨੂੰ ਬੜੇ ਭਿਆਨਕ ਸਮੇਂ ਅਤੇ ਜੰਗਾਂ ਯੁਧਾਂ ਵਿੱਚੋਂ ਲੰਘਣਾ ਪਿਆ। ਕਈਆਂ ਦੇ ਕਿਆਫੇ ਹਨ ਕਿ ਇਨ੍ਹੀਂ ਦਿਨੀਂ ‘ਬੀੜ ਸਾਹਿਬ’ ਵਿੱਚ ਰਲਾ ਪਾਇਆ ਗਿਆ। ਪਰ ਸੱਚ ਦੀ ਕਸਵੱਟੀ ਤੇ ਪਰਖਣ ਨਾਲ ਇਹ ਕਿਆਫੇ ਵੀ ਗਲਤ ਸਾਬਤ ਹੁੰਦੇ ਹਨ। ਵੈਰੀਆਂ ਨੂੰ ਭੰਨਦੇ ਹੋਏ ਸ਼੍ਰੀ ਕਲਗੀਧਰ ਜੀ ਸਾਬੋ ਕੀ ਤਲਵੰਡੀ ਪਹੁੰਚੇ। ਇਸ ਜਗ੍ਹਾ ਜੋ ਅੱਜਕੱਲ੍ਹ ਦਮਦਮਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ, ਦਸ਼ਮੇਸ਼ ਜੀ ਨੇ ਕੁਝ ਮਹੀਨੇ ਟਿਕਾਣਾ ਕੀਤਾ। ਇੱਥੇ ਹੀ ਗੁਰੂ ਜੀ ਨੇ ਨੌਵੇਂ ਪਾਤਿਸ਼ਾਹ (ਮਹਲੇ ੯ ਦੀ ਬਾਣੀ) ‘ਆਦਿ ਬੀੜ’ ਵਿੱਚ ਚੜ੍ਹਾਈ। ਕਿਉਂਕਿ ਮਹਲੇ ੯ ਦੀ ਰਾਗਾਂ ਵਿੱਚ ਉਚਾਰੀ ਬਾਣੀ ਰਾਗਾਂ ਵਿੱਚ ਦਰਜ ਮਹਲੇ ਪ (ਪੰਜਵੇਂ ਪਾਤਿਸ਼ਾਹ) ਦੀ ਬਾਣੀ ਤੋਂ ਬਾਅਦ ਦਰਜ ਕਰਨੀ ਸੀ, ਇਸ ਲਈ ਭਾਈ ਮਨੀ ਸਿੰਘ ਜੀ ਕੋਲੋਂ ਬੀੜ ਨਵੇਂ ਸਿਰੇ ਤੋ ਲਿਖਾਉਂਣੀ ਸ਼ੁਰੂ ਕੀਤੀ। ੩0 ਰਾਗਾਂ ਦੇ ਅੰਤ ਤੇ ਰਾਗ ਜੈਜਾਵੰਤੀ ਚੜ੍ਹਾਇਆ ਗਿਆ। ਇਸ ਰਾਗ ਵਿੱਚ ਸਿਰਫ ਮਹਲੇ ੯ ਦੇ ਹੀ ੪ ਸ਼ਬਦ ਹਨ। ਇਸ ਤਰ੍ਹਾਂ ਰਾਗਾਂ ਦੀ ਕੁੱਲ ਗਿਣਤੀ ੩੧ ਹੋ ਗਈ ਹੈ। ਸਲੋਕ ਵਾਰਾਂ ਤੇ ਵਧੀਕ ਤੋਂ ਬਾਅਦ ਮਹਲਾ ੯ ਦੇ ਸਲੋਕ ਚੜ੍ਹਾਏ ਗਏ। ਬਾਣੀ ਚੜ੍ਹਾਉਣ ਲੱਗਿਆਂ ਕਲਗੀਧਰ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਚੜ੍ਹਾਉਣ ਵਾਲੀ ਤਰਤੀਬ ਜਾਰੀ ਰੱਖੀ, ਇਸ ਦਾ ਵੇਰਵਾ ਮੈਂ ਉੱਪਰ ਦੇ ਚੁੱਕਿਆ ਹਾਂ। ਇਹ ਬੀੜ ਦਮਦਮਾ ਸਾਹਿਬ ਦੇ ਸਥਾਨ ਤੇ ਲਿਖੀ ਗਈ ਸੀ, ਇਸ ਲਈ ਇਸ ਬੀੜ ਦਾ ਨਾਮ ‘ਦਮਦਮੀ ਬੀੜ’ ਪੈ ਗਿਆ। ਇਸ ਦਮਦਮੀ ਬੀੜ ਦੇ ਕਈ ਉਤਾਰੇ ਕੀਤੇ ਗਏ ਅਤੇ ਦੂਰ ਦੁਰਾਡੇ ਸਿੰਘਾਂ ਕੋਲ ਪਹੁੰਚਾਏ ਗਏ। ਇਹੋ ਹੀ ਬੀੜ ਸ਼੍ਰੀ ਕਲਗੀਧਰ ਜੀ ਦੇ ਨਾਲ ਨਾਂਦੇੜ, ਹਜ਼ੂਰ ਸਾਹਿਬ ਪਹੁੰਚੀ। ਜੋਤੀ ਜੋਤਿ ਸਮਾਉਂਣ ਤੋਂ ਪਹਿਲਾਂ ਸ਼੍ਰੀ ਕਲਗੀਧਰ ਜੀ ਨੇ ਇਸੇ ਬੀੜ ਦੇ ਸਾਹਮਣੇ ਮੱਥਾ ਟੇਕ ਕੇ ਇਸ ਨੂੰ ਗੁਰੂਗੱਦੀ ਉੱਤੇ ਬਿਰਾਜਮਾਨ ਕੀਤਾ।
ਅਠਾਰਵੀਂ ਸਦੀ ਸਿੱਖਾਂ ਲਈ ਅਤਿ ਦੀ ਜੋਖਮ ਭਰੀ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਘੱਲੂਘਾਰਿਆਂ ਵਿੱਚ ਕੌਮ ਦਾ ਵੱਡਾ ਨੁਕਸਾਨ ਹੋਇਆ। ਜੰਗਲਾਂ ਵਿੱਚ ਰਹਿੰਦਿਆਂ ਹੋਇਆਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਨੇ ਆਪਣੇ ਨਾਲ ਸਾਂਭ ਕੇ ਰੱਖਿਆ। ਜਿੱਥੇ ਵੀ ਸਿੱਖ ਡੇਰਾ ਕਰਦੇ , ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ। ਗੁਰਬਾਣੀ ਦਾ ਕੀਰਤਨ ਵੀ ਹੁੰਦਾ ਸੀ। ਜਿੱਥੇ ਤਿੰਨ ਕੁ ਦਿਨ ਠਹਿਰਣ ਦੀ ਸੰਭਾਵਨਾ ਹੁੰਦੀ , ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਣ ਪਾਠ ਕੀਤਾ ਜਾਂਦਾ। ਪੰਜਾਬ ਤੋਂ ਬਾਹਰ ਵੀ ਦਮਦਮੀ ਬੀੜ ਦੇ ਕਾਫੀ ਉਲਥੇ ਮੌਜੂਦ ਸਨ, ਪੰਜਾਬ ਵਿੱਚ ਵੀ ਪਿੰਡਾਂ, ਕਸਬਿਆਂ ਵਿੱਚ ਕਈ ਘਰਾਂ ਕੋਲ ਦਮਦਮੀ ਬੀੜ ਸੀ। ਸਭ ਬੀੜਾਂ ਨੂੰ ਇਕੱਠਿਆਂ ਕਰਕੇ ਨਸ਼ਟ ਕਰਨਾ ਅਤੇ ਨਵੀਆਂ ਲਿਖ ਕੇ ਥਾਉਂ-ਥਾਈਂ ਪਹੁੰਚਾਉਣੀਆਂ ਅਸੰਭਵ ਹੈ। ਬੀੜ ਦੀ ਅੰਦਰਲੀ ਬਣਤਰ ਵੀ ਇਸ ਤਰ੍ਹਾਂ ਦੀ ਹੈ ਕਿ ਬੀੜ ਵਿੱਚ ਮੂਲ ਮੰਤ੍ਰ ਤੋਂ ਲੈ ਕੇ ਮੁੰਦਾਵਣੀ ਮਹਲਾ ਪ, ਸਲੋਕ ਮਹਲਾ ਪ ਤ
ਸੁਰਜਨ ਸਿੰਘ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਨਹੀਂ ਪੈ ਸਕਦਾ
Page Visitors: 2734