ਚੂੰ-ਕਾਰ ਹਮਾ ਹੀਲਤੇ ਦਰ-ਗੁਜ਼ਸ਼ਤ……?
ਗੁਰੂ ਸਾਹਿਬ ਦਾ ਹੁਕਮ ਹੈ ਕਿ , ਜਦੋਂ ਸਾਰੇ ਹੀਲੇ-ਹਵਾਲੇ ਮੁੱਕ ਜਾਣ ਤਾਂ ….।
ਇਹ ਗੱਲ ਵੀ ਸਾਮ੍ਹਣੇ ਹੈ ਕਿ , ਜੇ ਮੈਂ ਪੰਥ ਦੀ ਹਾਲਤ ਨੂੰ ਅੱਖੋਂ ਪ੍ਰੋਖੇ ਕਰ ਦੇਵਾਂ ਤਾਂ , ਅਜਿਹੀ ਵੀ ਕੋਈ ਭੀੜ ਨਹੀਂ ਬਣੀ ਪਈ , ਜਿਸ ਵਿਚ ਸਾਰੇ ਹੀਲੇ-ਹਵਾਲੇ ਮੁੱਕ ਗਏ ਹੋਣ । ਇਸ ਲਈ , ਇਸ ਤੋਂ ਅਗਲੀ ਗੱਲ ਸੋਚਣ ਦਾ ਅਜੇ ਵੇਲਾ ਨਹੀਂ ਕਿਹਾ ਜਾ ਸਕਦਾ । ਜੇ ਅਜਿਹੀ ਗੱਲ ਹੁੰਦੀ ਤਾਂ ਦੁਨੀਆ ਦੇ ਬਾਕੀ ਸਾਰੇ ਸਿੱਖ ਵੀ , ਮੇਰੇ ਵਾਙ ਹੀ ਨਾ ਸੋਚ ਰਹੇ ਹੁੰਦੇ ?
ਹੁਣ ਉਹੀ ਮੁੱਦਾ ਰਹਿ ਜਾਂਦਾ ਹੈ ਕਿ , ਸਿੱਖੀ ਨੂੰ ਕਿਵੇਂ ਬਚਾਇਆ ਜਾਵੇ ? ਮੈਂ ਇਕੱਲਾ ਤਾਂ ਇਸ ਲਾਇਕ ਹਾਂ ਨਹੀਂ , (ਮੈਂ ਕੀ , ਦੁਨੀਆ ਵਿਚ ਕੋਈ ਵੀ ਇਕੱਲਾ ਬੰਦਾ , ਇਸ ਲਾਇਕ ਹੋ ਹੀ ਨਹੀਂ ਸਕਦਾ) ਪੂਰੇ ਪੰਥ ਦਾ ਕੰਮ ਹੈ ।
ਜੇ ਮੈਂ ਇਹ ਲਿਖਾਂ ਕਿ ਪੂਰੇ ਪੰਥ ਨੂੰ ਮਿਲ ਕੇ ਇਹ ਕੰਮ ਕਰਨਾ ਚਾਹੀਦਾ ਹੈ , ਫਿਰ ਸਵਾਲ ਖੜਾ ਹੁੰਦਾ ਹੈ ਕਿ , ਪੰਥ ਦੀਆਂ ਕਾਲੀਆਂ ਭੇਡਾਂ (ਜੋ ਕਿ ਪੂਰੇ ਪੰਥ ਤੇ ਹਾਵੀ ਹਨ) ਜੋ ਘੱਟੋ-ਘੱਟ 25 % ਤਾਂ ਹਨ ਹੀ , ਉਹ ਤਾਂ ਕਦੇ ਵੀ ਇਸ ਕੰਮ ਵਿਚ ਸਹਿਯੋਗ ਨਹੀਂ ਦੇਣਗੀਆਂ । ਅਜਿਹੀ ਹਾਤ ਵਿਚ ਪੂਰੇ ਪੰਥ ਦਾ ਮਸਲ੍ਹਾ ਤਾਂ ਖਤਮ ਹੋ ਜਾਂਦਾ ਹੈ । ਜਦ ਪੂਰੇ ਪੰਥ ਦਾ ਮਸਲ੍ਹਾ ਹੀ ਖਤਮ ਹੋ ਜਾਂਦਾ ਹੈ , ਫਿਰ ਪੰਥ ਦਾ 75 % ਇਹ ਮਸਲ੍ਹਾ ਹੱਲ ਕਰਦਾ ਹੈ ? ਜਾਂ 50 % ਜਾਂ 5 % ਜਾਂ ਇਕੱਲਾ ਬੰਦਾ , ਇਸ ਨਾਲ ਕੋਈ ਫਰਕ ਨਹੀਂ ਪੈਂਦਾ , ਕੰਮ ਹੋਣਾ ਚਾਹੀਦਾ ਹੈ । ਦੁਨੀਆ ਵਿਚ ਕੋਈ ਅਜਿਹਾ ਨਹੀਂ ਹੈ , ਜੋ ਸਾਡੇ ਕੋਲੋਂ ਲੇਖਾ-ਜੋਖਾ ਮੰਗੇ , ਗੁਰੂ ਸਾਹਿਬ ਨੇ , ਸਿੱਖ ਅਤੇ ਗੁਰੂ ਦੇ ਵਿਚਾਲੇ , ਕੋਈ ਖੜਾ ਹੀ ਨਹੀਂ ਕੀਤਾ , ਪੁੱਛਣ ਵਾਲਾ । ਇਸ ਲਈ ਸੁਹਿਰਦ ਵੀਰਾਂ ਦੇ ਹੁੰਗਾਰੇ ਦੀ ਹੋਰ ਉਡੀਕ ਕਰਨੀ ਬਣਦੀ ਹੈ ।
ਵੀਰੋ , ਤੁਹਾਡੇ ਮਨ ਵਿਚ ਕੀ ਹੈ ? (ਇਹ ਤਾਂ ਮੈਂ ਜਾਣਦਾ ਨਹੀਂ , ਅਤੇ ਨਾ ਹੀ ਮੈਨੂੰ ਅੱਜ ਕਲ ਦੇ ਪਾਖੰਡੀ ਬ੍ਰਹਮ-ਗਿਆਨੀਆਂ ਤੇ ਕੋਈ ਭਰੋਸਾ ਹੀ ਹੈ , ਜਿਨ੍ਹਾਂ ਤੋਂ ਪੁੱਛ ਲਵਾਂ) ਮੇਰੇ ਮਨ ਵਿਚ ਇਕੋ ਹੀ ਗੱਲ ਹੈ ਕਿ ,
“ ਪੰਥ ਨੂੰ ਜਿਊਂਦਾ ਹੀ ਨਹੀਂ ਰੱਖਣਾ , ਸਾਰੀ ਦੁਨੀਆ ਤੇ ਪੰਥ ਦਾ ਰਾਜ ਸਥਾਪਤ ਕਰਨਾ ਹੈ , ਜਿਸ ਦਾ ਰਾਹ ਗੁਰਬਾਣੀ ਦੱਸਦੀ ਹੈ ” ਉਸ ਮੁਤਾਬਕ ਮੈਨੂੰ ਪੂਰਾ ਪਤਾ ਹੈ ਕਿ , ਇਹ ਮੇਰੀ ਜ਼ਿੰਦਗੀ ਵਿਚ ਕੀ , ਅਗਲੀਆਂ ਦੋ ਤਿੰਨ ਪੀੜ੍ਹੀਆਂ ਵਿਚ ਵੀ ਨਹੀਂ ਹੋਣ ਵਾਲਾ । ਲੋਚਾ ਹੈ ਕਿ ਇਸ ਪਾਸੇ ਵੱਲ , ਇਕ ਕਦਮ ਜ਼ਰੂਰ ਪੁੱਟ ਲਿਆ ਜਾਵੇ , ਤਾਂ ਜੋ ਕੰਮ ਚਲਦਾ ਕੀਤਾ ਜਾ ਸਕੇ , ਫਿਰ ਗੱਡੀ ਆਪੇ ਰਿੜ੍ਹਦੀ ਰਹੇਗੀ । ਹੁਣ ਮਸਲ੍ਹਾ ਇਹ ਹੈ ਕਿ ਇਹ ਕਦਮ ਕਿਵੇਂ ਪੁਟਿਆ ਜਾਵੇ ?
ਕਿਉਂਕਿ ਮਸਲ੍ਹਾ ਬੜਾ ਅਹਮ ਹੈ , ਇਸ ਲਈ ਕੁਝ ਵੀਰਾਂ-ਭੈਣਾਂ ਨੂੰ , ਮਿਲ-ਬੈਠ ਕੇ ਹੀ ਇਸ ਬਾਰੇ ਡੂੰਘੇ ਵਿਚਾਰਾਂ ਦੁਆਰਾ , ਫੈਸਲਾ ਲੈਣਾ ਬਣਦਾ ਹੈ , ਤਾਂ ਜੋ ਨੀਂਹ , ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ , ਵੱਧ ਤੋਂ ਵੱਧ ਮਜ਼ਬੂਤ ਰੱਖੀ ਜਾਵੇ । ਨੌਜਵਾਨ ਬਹੁਤ ਕਾਹਲੇ ਹਨ , ਉਹ ਇੰਸਾਫ ਦੀ ਉਡੀਕ ਵਿਚ ਹੀ ਜਵਾਨ ਹੋਏ ਹਨ , ਇਹ ਨਾ ਹੋਵੇ ਕਿ ਕੋਈ ਦੋਖੀ ਉਨ੍ਹਾਂ ਨੂੰ ਕੁਰਾਹੇ ਪਾ ਕੇ , ਪੰਥ ਦਾ ਪਿੜ ਨੌਜਵਾਨਾਂ ਤੋਂ ਫਿਰ ਵੇਹਲਾ ਕਰ ਦੇਵੇ ।
ਵੀਰੋ ਕੁਝ ਗੱਲਾਂ ਬੜੀਆਂ ਸਾਫ ਹਨ ,
1. ਪੰਥਿਕ ਜੀਵਨ ਜਾਂਚ ਵਿਚ , ਗੁਰਮਤਿ ਸਿਧਾਂਤਾਂ ਵਿਚ , ਜਾਂ ਸਿੱਖ ਇਤਿਹਾਸ ਵਿਚ , ਰੋਲ-ਘਚੋਲਾ ਪਾਉਣ ਲਈ ਇਕ ਹੀ ਬੰਦਾ ਕਾਫੀ ਹੈ । ਚਾਰ ਕਿਤਾਬਾਂ ਲਿਖ ਕੇ ਕਿਸੇ ਖੂੰਜੇ ਲਾ ਦੇਵੇ , ਵਿਚ-ਵਿਚ ਇਕ ਅੱਧੀ ਹੋਰ ਉਨ੍ਹਾਂ ਦੀ ਪ੍ਰੌੜ੍ਹਤਾ ਵਿਚ ਲਿਖਦਾ ਰਹੇ , ਚਾਲੀ ਪੰਜਾਹ ਸਾਲ ਅੰਦਰ , ਉਨ੍ਹਾਂ ਵਿਚ ਲਿਖੇ ਕੁ-ਤੱਥ ਪਰੰਪਰਾ ਬਣ ਜਾਣਗੇ । ਪਰ ਉਨ੍ਹਾਂ ਹੀ ਕੁ-ਤੱਥਾਂ ਨੂੰ ਦੂਰ ਕਰਨ ਲਈ , ਪੂਰੇ ਪੰਥ ਦੇ ਸੰਯੁਕਤ ਫੈਸਲੇ ਦੀ ਦੁਹਾਈ ਪਾਈ ਜਾਂਦੀ ਹੈ , ਜੋ ਕਿ ਸੰਭਵ ਹੀ ਨਹੀਂ ਹੈ ।
2, ਇਹੀ ਕਾਰਨ ਹੈ ਕਿ ਸਿੱਖੀ ਵਿਚ ਬੇਅੰਤ ਮਸਲ੍ਹੇ ਖੜੇ ਤਾਂ ਕਰ ਦਿੱਤੇ ਗਏ ਹਨ , ਪਰ ਉਨ੍ਹਾਂ ਵਿਚੋਂ ਕਿਸੇ ਇਕ ਦਾ ਵੀ ਨਿਪਟਾਰਾ ਅੱਜ ਤਕ ਨਹੀਂ ਹੋ ਸਕਿਆ । ਜੇ ਇਵੇਂ ਹੀ ਚਲਦਾ ਰਿਹਾ ਤਾਂ ਸਿੱਖੀ ਦਾ ਰੱਬ ਹੀ ਰਾਖਾ ਹੈ ।
3, ਇਸ ਲਈ ਇਹੀ ਜ਼ਰੂਰੀ ਹੈ ਕਿ , ਸਾਰਿਆਂ ਨੂੰ ਬਚਾਉਣ ਦੇ ਚੱਕਰ ਵਿਚ , ਖੱਜਲ-ਖੁਆਰ ਹੋਣ ਨਾਲੌਂ , ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ , ਬ੍ਰਾਹਮਣ-ਵਾਦ ਅਤੇ ਕਰਮ-ਕਾਂਡਾਂ ਤੋਂ ਬਚਣਾ ਚਾਹੁੰਦਾ ਹੈ , ਉਸ ਨੂੰ ਬਚਾਉਣ ਦਾ ਉਪਰਾਲਾ ਕਰ ਲਿਆ ਜਾਵੇ ।
4, ਇਹ ਸਾਰਾ ਕੰਮ , ਜੋ ਬਚਣਾ ਚਾਹੁੰਦੇ ਹਨ , ਉਨ੍ਹਾਂ ਨੂੰ ਹੀ ਕਰਨਾ ਪੈਣਾ ਹੈ । ਉਨ੍ਹਾਂ ਨੂੰ ਹੀ ਮਿਲ ਬੈਠ ਕੇ ਵਿਉਂਤ ਬੰਦੀ ਕਰਨੀ ਚਾਹੀਦੀ ਹੈ , ਇਹ ਨਾ ਹੋਵੇ ਕਿ ਮੇਰੇ ਵਰਗੇ ਕਿਸੇ ਇਕੱਲੇ ਨੂੰ ਇਹ ਵਿਉਂਤ-ਬੰਦੀ ਕਰਨੀ ਪਵੇ , ਜਿਸ ਨਾਲ ਪੰਥ ਦਾ ਕੋਈ ਨੁਕਸਾਨ ਹੋ ਜਾਵੇ ? ਕਿਉਂ ਕਿ ਇਕੱਲਾ ਬੰਦਾ ਇਕੱਲਾ ਹੀ ਹੁੰਦਾ ਹੈ , ਉਸ ਤੋਂ ਬਹੁਤੀਆਂ ਗਲਤੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ ।
ਉਮੀਦ ਹੈ ਸੁਹਿਰਦ ਵੀਰ , ਛੇਤੀ ਹੀ ਹੁੰਗਾਰਾ ਭਰਨਗੇ , ਨਹੀਂ ਤਾਂ ਫਿਰ ਉਨ੍ਹਾਂ ਨੂੰ ਕਿਸੇ ਨੂੰ ਦੋਸ਼ ਦੇਣ ਦਾ ਕੋਈ ਹੱਕ ਨਹੀਂ ਹੋਵੇਗਾ । ਅਮਰ ਜੀਤ ਸਿੰਘ ਚੰਦੀ