ਕੀ ਸਿੱਖ-ਕਤਲੇਆਮ ਵਿੱਚ ਸਰਕਾਰ ਦੀ ਭੂਮਿਕਾ ਨਹੀਂ ਸੀ?
ਸਰਬ ਹਿੰਦ ਕਾਂਗ੍ਰਸ ਦੇ ਕੌਮੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿ, ਨਵੰਬਰ-84 ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਹਰਿਆਂ ਕਰ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ, ਕਿ ਨਵੰਬਰ-84 ਦੌਰਾਨ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਹੋਏ ‘ਦੰਗਿਆਂ’ ਅਤੇ ਸੰਨ-2002 ਦੌਰਾਨ ਗੁਜਰਾਤ ਵਿੱਚ ਹੋਏ ‘ਦੰਗਿਆਂ’ ਵਿੱਚ ਬਹੁਤ ਅੰਤਰ ਹੈ, ਕਿਉਂਕਿ ਨਵੰਬਰ-84 ਦੇ ‘ਦੰਗਿਆਂ’ ਦੌਰਾਨ ਸਮੇਂ ਦੀ ਕਾਂਗ੍ਰਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਜਦਕਿ ਸੰਨ-2002 ਦੌਰਾਨ ਗੁਜਰਾਤ ਵਿੱਚ ਹੋਏ ਦੰਗਿਆਂ ਵਿੱਚ ਸਮੇਂ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਸਿੱਧਾ ਹੱਥ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗ੍ਰਸ ਸਰਕਾਰ ਨੇ ਨਵੰਬਰ-84 ਦੇ ‘ਦੰਗਿਆਂ’ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਸੰਨ-2002 ਦੇ ‘ਦੰਗਿਆਂ’ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ।
ਰਾਜਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਵੰਬਰ-84 ਵਿੱਚ ਹੋਇਆ ਸਿੱਖ-ਕਤਲੇਆਮ ਪੂਰੀ ਤਰ੍ਹਾਂ ਸਮੇਂ ਦੀ ਕਾਂਗ੍ਰਸ ਸਰਕਾਰ ਵਲੋਂ ਪ੍ਰਾਯੋਜਤ ਸੀ। ਦੇਸ਼ ਭਰ ਵਿੱਚ, ਦਿੱਲੀ ਸਹਿਤ ਕਾਂਗ੍ਰਸੀ ਸੱਤਾ ਵਾਲੇ ਰਾਜਾਂ ਵਿੱਚ ਜਿਸਤਰ੍ਹਾਂ ਇੱਕ ਹੀ ਤਰੀਕੇ ਨਾਲ ਹੱਥ ਵਿੱਚ ਲਿਸਟਾਂ ਫੜੀ ਸਿੱਖਾਂ ਨੂੰ ਚੁਣ-ਚੁਣ ਕੇ ਗਲ ਵਿੱਚ ਟਾਇਰ ਪਾ ਤੇ ਜਵਲਣਸ਼ੀਲ ਪਦਾਰਥ ਛਿੜਕ ਅੱਗ ਲਾ ਕੇ ਸਾੜਿਆ ਗਿਆ, ਉਸਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਹ ਕਤਲੇਆਮ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਸੱਤਾਧਾਰੀ ਧਿਰ ਵਲੋਂ ਪ੍ਰਾਯੋਜਤ ਸੀ। ਇਨ੍ਹਾਂ ਰਾਜਸੀ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਭਾਵੇਂ ਨਵੰਬਰ-84 ਅਤੇ ਸੰਨ-2002 ਦੇ ਕਤਲੇਆਮਾਂ ਵਿੱਚ ਬਹੁਤ ਅੰਤਰ ਹੋਵੇ ਪ੍ਰੰਤੂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਹਾਂ ਦਾ ਉਦੇਸ਼, ਰਾਜਸੀ ਸਵਾਰਥ ਦੀ ਪੂਰਤੀ, ਇੱਕ ਹੀ ਸੀ ਅਤੇ ਉਹ ਪੂਰਾ ਵੀ ਹੋਇਆ।
ਨਵੰਬਰ-84 ਦੇ ਸਿੱਖ ਕਤਲੇਆਮ ਦਾ ਸੱਚ: ਨਵੰਬਰ-84 ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਜਿਹਾ ਕਾਲਾ ਕਾਂਡ ਜੋੜਿਆ ਗਿਆ, ਜਿਸਨੂੰ ਪੜ੍ਹ-ਸੁਣ ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਤੇ ਘ੍ਰਿਣਾ ਦੇ ਨਾਲ ਆਪਣਾ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ। ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰਖਿਆ ਗਾਰਡਾਂ ਨੇ ਉਨ੍ਹਾਂ ਦੀ ਹਤਿਆ ਕਰ ਦਿਤੀ ਸੀ, ਉਸ ਤੋਂ ਬਾਅਦ ਸਾਰੇ ਦੇਸ਼ ਵਿਚ, ਵਿਸ਼ੇਸ਼ ਕਰਕੇ ਕੇਂਦਰ ਦੀ ਸੱਤਾ ਪੁਰ ਆਸੀਨ ਰਾਜਸੀ ਪਾਰਟੀ (ਕਾਂਗ੍ਰਸ) ਦੀ ਸੱਤਾ ਵਾਲੇ ਰਾਜਾਂ ਵਿੱਚ ਬੇਗੁਨਾਹ ਸਿੱਖਾਂ ਨੂੰ ਕਤਲਾਂ ਕਰਨ ਅਤੇ ਉਨ੍ਹਾਂ ਦੀਆਂ ਚਲ-ਅਚਲ ਜਾਇਦਾਦਾਂ ਨੂੰ ਲੁਟਣ ਤੇ ਸਾੜਨ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਇਉਂ ਜਾਪਣ ਲਗਾ ਜਿਵੇਂ ਦੇਸ਼ ਵਿੱਚ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਕੋਈ ਸਰਕਾਰ ਜੇ ਕੁੱਝ ਹੈ ਤਾਂ ਉਹ ਬਸ ਜੰਗਲ-ਰਾਜ ਹੀ ਹੈ।
ਹਜ਼ਾਰਾਂ ਸਿੱਖ ਦਿਨ ਦੀਵੀਂ ਕਤਲ ਕਰ ਦਿਤੇ ਗਏ। ਉਨ੍ਹਾਂ ਦੀ ਖੂਨ-ਪਸੀਨੇ ਨਾਲ ਬਣਾਈ ਅਰਬਾਂ-ਖਰਬਾਂ ਰੁਪਏ ਦੀ ਚਲ-ਅਚਲ ਜਾਇਦਾਦ ਲੁਟ ਲਈ ਗਈ ਜਾਂ ਸਾੜ ਦਿਤੀ ਗਈ। ਉਹ ਆਪਣੀਆਂ ਅੱਖਾਂ ਸਾਹਮਣੇ ਆਪਣਾ ਸਭ-ਕੁਝ ਲੁਟਦਾ, ਬਰਬਾਦ ਤੇ ਤਬਾਹ ਹੁੰਦਾ ਵੇਖਦੇ ਅਤੇ ਖ਼ੂਨ ਦੇ ਅਥਰੂ ਵਹਾਂਦੇ ਰਹਿ ਗਏ। ਇਉਂ ਜਾਪਦਾ ਸੀ ਜਿਵੇਂ ਦੇਸ਼ ਵਿੱਚ ਲਗਭਗ ਇੱਕ ਹਫਤੇ ਲਈ ਜੰਗਲ-ਰਾਜ ਕਾਇਮ ਕਰ ਦਿਤਾ ਗਿਆ ਹੋਵੇ। ਲੁਟੇਰੇ ਤੇ ਕਾਤਲ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਕੋਈ ਕੇਸਾਧਾਰੀ ਪਗੜੀ ਬੰਨ੍ਹੀ ਮਿਲਦਾ, ਉਸਦੇ ਗਲ ਵਿੱਚ ਟਾਇਰ ਪਾ ਅਤੇ ਪਟਰੋਲ ਛਿੜਕ ਕੇ ਅੱਗ ਲਾ ਦਿਤੀ ਜਾਂਦੀ। ਤੜਪ ਰਹੇ ਤੇ ਚੀਖਾਂ ਮਾਰ ਰਹੇ ਸਿੱਖ ਦੇ ਦੁਆਲੇ ਭੰਗੜੇ ਪਾਣ ਤੇ ਕਿਲਕਾਰੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਜਦੋਂ ਤਕ ਉਸਦੀਆਂ ਚੀਕਾਂ ਸੁਣਾਈ ਦਿੰਦੀਆਂ ਇਹ ਸਿਲਸਿਲਾ ਚਲਦਾ ਰਹਿੰਦਾ।
ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਉਨ੍ਹਾਂ ਦੇ ਪੁਤਰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼-ਵਾਸੀਆਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਣ ਵਿੱਚ ਅਸਫਲ ਰਹਿਣ ਪੁਰ ਅਫਸੋਸ ਪ੍ਰਗਟ ਕਰਨ ਦੀ ਬਜਾਏ, ਇਹ ਆਖ ਇਸ ਜੰਗਲ ਰਾਜ ਨੂੰ ਜਇਜ਼ ਕਰਾਰ ਦੇ ਦਿਤਾ ਕਿ ‘ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ’।
ਪਰ ਕਿਸੇ ਨੇ ਉਨ੍ਹਾਂ ਪਾਸੋਂ ਇਹ ਨਹੀਂ ਪੁਛਿਆ ਕਿ ਜਦੋਂ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ ਤਾਂ ਕੀ ਉਸ ਸਮੇਂ ਇੰਦਰਾ ਗਾਂਧੀ ਨਾਲੋਂ ਵੀ ਵੱਡਾ ਤੇ ਭਾਰਾ ਦਰਖ਼ਤ ਨਹੀਂ ਸੀ ਡਿੱਗਾ, ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਸੀ ਹਿਲੀ?
ਇਕ ਸੁਆਲ: ਜਿਸਤਰ੍ਹਾਂ ਸਮੁਚੇ ਦੇਸ਼ ਵਿੱਚ ਸਿੱਖਾਂ ਦੇ ਕਤਲ ਲਈ ਇਕੋ ਤਕਨੀਕ ਅਪਨਾਈ ਗਈ। ਇੱਕ ਪਾਸੇ ਸਿੱਖਾਂ ਦੇ ਗਲ ਵਿੱਚ ਟਾਇਰ ਪਾ ਕੇ ਅਤੇ ਜਵਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਅਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿੱਚ ਹਿੰਸਕ ਭੀੜ ‘ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸੂਚੀਆਂ’ ਲੈ ਕੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਨੂੰ ਲੁਟਦੀ ਅਤੇ ਸਾੜਦੀ ਰਹੀ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਪੁਲਿਸ ਤਮਾਸ਼ਬੀਨ ਬਣੀ, ਇਸ ਸਾਰੇ ਲੁਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਵੇਖਦੀ ਰਹੀ ਸੀ, ਉਸਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਇੰਦਰਾ ਗਾਂਧੀ ਦੇ ਕਤਲ ਦੇ ਤੁਰੰਤ ਬਾਅਦ, ਇਕੋ ਸਮੇਂ ਸਮੁਚੇ ਦੇਸ਼ ਵਿੱਚ ਕਿਵੇਂ ਸਿੱਖਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪਟਰੋਲ ਤੇ ਦੂਜੇ ਜਵਲਣਸ਼ੀਲ ਪਦਾਰਥ, ਟਾਇਰ ਅਤੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬਧ ਕਰਵਾ ਦਿਤੀਆਂ ਗਈਆਂ? ਕੀ ਅਜਿਹਾ ਕਤਲੇਆਮ ‘ਕਿਸੇ ਵਿਸ਼ੇਸ਼’ ਸਮੇਂ ਤੇ ਵਰਤਾਉਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਦਾ ਹੀ ਇੱਕ ਹਿਸਾ ਤਾਂ ਨਹੀਂ ਸੀ? ਕਿਧਰੇ ਇਹ ਤਾਂ ਨਹੀਂ ਕਿ ਕੁੱਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਤੇ ਵੱਖ-ਵੱਖ ਥਾਂਵਾਂ ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿੱਚ ਕੋਈ ਭਿਆਨਕ ਸਾਕਾ ਵਰਤਾਉਣ ਲਈ, ਇਹ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਤਾਂ ਨਹੀਂ ਸੀ? ਜਿਸ ਨੂੰ ਇੰਦਰਾ ਗਾਂਧੀ ਦੀ ਹਤਿਆ ਹੋ ਜਾਣ ਕਾਰਣ ਸਮੇਂ ਤੋਂ ਪਹਿਲਾਂ ਹੀ ਵਰਤਾਉਣਾ ਪੈ ਗਿਆ?
ਇਸ ਸੁਆਲ ਦਾ ਜੁਆਬ ਲਭਣ ਦੀ ਕੌਸ਼ਿਸ਼ ਸਾਇਦ ਕਿਸੇ ਵਲੋਂ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵਲੋਂ ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਕਿਸੇ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਲੋੜ ਹੀ ਸਮਝੀ ਗਈ।
…ਅਤੇ ਅੰਤ ਵਿੱਚ: ਇਹ ਸਾਕਾ ਜਿਨ੍ਹਾਂ ਹਾਲਾਤ ਵਿੱਚ ਵਾਪਰਿਆ, ਜਿਵੇਂ ਜੰਗਲ-ਰਾਜ ਦਾ ਪ੍ਰਦਰਸ਼ਨ ਹੋਇਆ ਅਤੇ ਇਸ ਦੌਰਾਨ ਜਿਵੇਂ ਪੁਲਿਸ ਮੂਕ-ਦਰਸ਼ਕ ਤੇ ਤਮਾਸ਼ਬੀਨ ਬਣੀ ਸਭ ਕੁੱਝ ਵੇਖਦੀ ਰਹੀ ਜਾਂ ਫਿਰ ਹਿੰਸਕ ਭੀੜ ਦਾ ਸਾਥ ਦਿੰਦੀ ਤੇ ਉਸਦਾ ਮਾਰਗ-ਦਰਸ਼ਨ ਕਰਦੀ ਰਹੀ, ਫਿਰ ਜਿਸਤਰ੍ਹਾਂ ਮੁਖ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ, ਗੁਨਾਹਗਾਰਾਂ ਨੂੰ ਬਚਾਣ ਲਈ ਸਬੂਤ ਮਿਟਾਏ ਜਾਂਦੇ ਰਹੇ, ਉਸ ਸਾਰੀ ਸਥਿਤੀ ਨੂੰ ਘੋਖਣ ਤੋਂ ਬਾਅਦ ਇਸ ਗਲ ਵਿੱਚ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਸਾਕੇ ਨੂੰ ਵਰਤਾਣ ਵਿੱਚ ਗੁਨਹਗਾਰਾਂ ਦੇ ਨਾਲ ਸਮੇਂ ਦੀ ਸਰਕਾਰ ਪੂਰੀ ਤਰ੍ਹਾਂ ਭਾਈਵਾਲ ਸੀ।
ਜਸਵੰਤ ਸਿੰਘ ਅਜੀਤ