ਆਉ ਘੋਲ ਕਰੀਏ ! (ਭਾਗ 1)
ਇਸ ਵੇਲੇ ਦੇ ਹਾਲਾਤ ਮੁਤਾਬਕ ਅੱਧੇ ਸਿੱਖ ਤਾਂ , ਪੰਥ ਦਾ ਬੇੜਾ ਗਰਕ ਕਰਨ ਵਿਚ ਲੱਗੇ ਹੋਏ ਹਨ , (ਕੁਝ ਅਗਿਆਨਤਾ ਵੱਸ , ਕੁਝ ਭੁਲੇਖੇ ਵੱਸ ਅਤੇ ਬਹੁਤੇ ਵਿਉਂਤ ਬੰਦੀ ਨਾਲ) ਸ਼ਾਇਦ ਏਸੇ ਲਈ ਹੀ ਉਨ੍ਹਾਂ ਨੈ ਰੌਲਾ ਪਾਇਆ ਹੋਇਆ ਹੈ ਕਿ ਇਹ ਮਸਲ੍ਹਾਂ ਸਾਰੇ ਪੰਥ ਨੂੰ ਇਕੱਠੇ ਹੋ ਕੇ ਹੱਲ ਕਰਨਾ ਚਾਹੀਦਾ ਹੈ , ਤਾਂ ਜੋ ਨਾ ਸਾਰਾ ਪੰਥ ਇਕੱਠਾ ਹੋਵੇ , ਨਾਂ ਹੀ ਪੰਥ ਬਚੇ ।
ਫਿਰ ਦਿਮਾਗ ਵਿਚ ਆਇਆ ਕਿ ਸਾਰੇ ਨਾ ਸਹੀ , ਕੁਝ ਸੁਹਿਰਦ ਵੀਰ-ਭੈਣਾਂ ਨੂੰ ਤਾਂ ਮਿਲ ਬੈਠ ਕੇ ਇਸ ਬਾਰੇ ਵਿਚਾਰ ਕਰਨਾ ਹੀ ਚਾਹੀਦਾ ਹੈ , ਸੱਦਾ ਦਿੱਤਾ ਅਤੇ ਕੁਝ ਸਮਾ ਇੰਤਜ਼ਾਰ ਵੀ ਕੀਤਾ , ਪਰ ਕੁਝ ਉੰਗਲੀਆਂ ਤੇ ਗਿਣੇ ਜਾਣ ਵਾਲਿਆ ਨੇ ਹੁੰਗਾਰਾ ਤਾਂ ਦਿੱਤਾ ਪਰ ਉਹ ਸਾਰੀ ਦੁਨੀਆਂ ਵਿਚ ਫੈਲੇ ਹੋਏ ਸਨ , ਅਤੇ ਇਹ ਮਸਲ੍ਹਾ ਮਿਲ ਬੈਠ ਕੇ ਵਿਚਾਰਨ ਵਾਲਾ ਹੈ , ਇਵੇਂ ਇਹ ਵਿਚਾਰ ਕਰਨੇ ਵੀ ਅਸੰਭਵ ਹੀ ਜਾਪੇ , ਕਿਉਂਕਿ ਦੂਜੇ-ਚੌਥੇ ਮਿਲ ਬੈਠਣਾ ਹੈ ਅਤੇ ਵਿਉਂਤ ਬੰਦੀ ਲਈ ਸਾਲਾਂ ਵੀ ਲੱਗ ਸਕਦੇ ਹਨ ।
ਹੁਣ ਮਸਲ੍ਹਾ ਏਥੇ ਪੁੱਜ ਗਿਆ ਹੈ ਕਿ , ਜੇ ਮਜਬੂਰੀਆਂ ਹਨ ਤਾਂ ਇਸ ਮਸਲ੍ਹੇ ਨੂੰ ਇਕੱਲੇ ਕਿਉਂ ਨਹੀਂ ਵਿਚਾਰਿਆ ਜਾ ਸਕਦਾ ? ਜੇ ਪੰਥ ਦੇ ਵੇਹੜੇ ਵਿਚ ਇਕੱਲਾ-ਇਕੱਲਾ ਬੰਦਾ ਗੰਦ ਪਾ ਸਕਦਾ ਹੈ , ਤਾਂ ਉਸ ਗੰਦ ਦੀ ਸਫਾਈ ਲਈ ਇਕੱਲਾ ਬੰਦਾ ਕਿਉਂ ਸ਼ੁਰੂਆਤ ਨਹੀਂ ਕਰ ਸਕਦਾ ? ਅਤੇ ਇਕੱਲਾ ਬੰਦਾ ਉਸ ਵਿਚਾਰੇ ਨੂੰ ਲਾਗੂ ਕਿਉਂ ਨਹੀਂ ਕਰ ਸਕਦਾ ?
ਇਸ ਸੋਚ ਅਧੀਨ ਘੋਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਮਜਬੂਰੀ ਹੈ , ਕਿਸੇ ਵੇਲੇ ਇਹ ਮਜਬੂਰੀ ਕਬੀਰ ਜੀ ਅੱਗੇ ਵੀ ਆਈ ਜਾਪਦੀ ਹੈ ਤਾਂ ਹੀ ਤੇ ਉਨ੍ਹਾਂ ਲਿਖਿਆ ,
ਕਬੀਰ ਜਿਨਹੁ ਕਿਛੂ ਜਾਨਿਆ ਨਹੀਂ ਤਿਨ ਸੁਖ ਨੀਦ ਬਿਹਾਇ ॥
ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥ 181 ॥ (1374)
ਜਦੋਂ ਬੰਦੇ ਨੂੰ ਕਿਸੇ ਚੀਜ਼ ਦੀ ਸਮਝ ਆ ਜਾਵੇ , ਪਰ ਬੰਦਾ ਉਸ ਬਾਰੇ ਕੁਝ ਕਰਨ ਤੋਂ ਮਜਬੂਰ ਹੋਵੇ ਤਾਂ ਵਾਕਿਆ ਹੀ ਨੀਂਦ ਨਹੀਂ ਆਉਂਦੀ , ਜਦ ਬੰਦੇ ਨੂੰ ਨੀਂਦ ਨਾ ਆਵੇ ਤਾਂ ਜਾਗਦੇ ਨੇ ਕੁਝ-ਨਾ-ਕੁਝ ਤੇ ਵਿਚਾਰਨਾ ਹੀ ਹੋਇਆ । ਉਸ ਵਿਚਾਰੇ ਦਾ ਹੀ ਸਿੱਟਾ ਹੈ , ਘੋਲ ਕਰਨ ਦਾ ਫੈਸਲਾ ।
ਘੋਲ ਕਰਨ ਦੀ ਹੀ ਗੱਲ ਕਿਉਂ ? ਲੜਾਈ ਲੜਨ ਦੀ ਕਿਉਂ ਨਹੀਂ ?
ਲੜਾਈ , ਦੁਸ਼ਮਣੀ ਦੇ ਭਾਵ ਤੋਂ ਸ਼ੁਰੂ ਹੁੰਦੀ ਹੈ , ਅਤੇ ਗੁਰੂ ਸਾਹਿਬ ਨੇ , ਜ਼ਿੰਦਗੀ ਵਿਚ ਕੋਈ ਲੜਾਈ ਨਾ ਛੇੜ ਕੇ ਸਮਝਾਇਆ ਹੈ ਕਿ ਲੜਾਈ ਨਹੀਂ ਕਰਨੀ ਚਾਹੀਦੀ (ਜੇ ਕੋਈ ਲੜਾਈ ਗੱਲ ਹੀ ਪੈ ਜਾਵੇ ਤਾਂ ਫਿਰ ਉਸ ਦਾ ਯੋਗ ਜਵਾਬ ਦੇਣਾ ਹੀ ਬਣਦਾ ਹੈ) ਸਿੱਖੀ ਦਾ ਤਾਂ ਇਹ ਸਿਧਾਂਤ ਹੈ ,
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ 1 ॥ (1349)
ਜਦ ਸਾਰੇ , ਉਸ ਇਕ ਨੂਰ ਤੋਂ ਹੀ ਪੈਦਾ ਹੋਏ ਹਨ , ਜਿਸ ਦੀ ਸਿੱਖ ਅਰਾਧਨਾ ਕਰਦਾ ਹੈ , ਫਿਰ ਦੁਸ਼ਮਣੀ ਦਾ ਭਾਵ ਕਿਸ ਨਾਲ ? ਪਰ ਜਿਹੜੇ ਲੋਕ ਸਿੱਖੀ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ , ਉਨ੍ਹਾਂ ਨਾਲ ਭਰੱਪਾ ਵੀ ਤਾਂ ਨਹੀਂ ਹੋ ਸਕਦਾ ? ਜਿਵੇਂ ਪੰਜ ਵਿਕਾਰ , ਇਕ ਹੱਦ ਵਿਚ ਰਹਿ ਕੇ ਬੰਦੇ ਦੇ ਭਲੇ ਵਿਚ ਹਨ , ਪਰ ਜਦੋਂ ਹੱਦੋਂ ਬਾਹਰ ਹੋ ਜਾਂਦੇ ਹਨ ਤਾਂ , ਉਹ ਵਿਕਾਰ ਬਣ ਜਾਂਦੇ ਹਨ ਅਤੇ ਗੁਰੂ ਸਾਹਿਬ ਉਨ੍ਹਾਂ ਨਾਲ ਘੋਲ ਕਰਨ ਲਈ ਆਪ ਸਿੱਖ ਦੀ ਕੰਡ ਤੇ ਥਾਪੜਾ ਦਿੰਦੇ ਹਨ । ਇਸ ਲਈ ਸਿੱਖ ਨੂੰ ਗੁਰਮਤਿ ਦਾ ਰਾਹ ਹੀ ਢੜਨਾ ਚਾਹੀਦਾ ਹੈ । ਘੋਲ ਵਿਚ ਕਿਸੇ ਨਾਲ ਦੁਸ਼ਮਣੀ ਦਾ ਅੰਸ਼ ਨਹੀਂ ਹੁੰਦਾ ।
ਇਸ ਲਈ ਘੋਲ ਕਰਨਾ ਹੀ ਯੋਗ ਹੈ ।
ਹੁਣ ਗੱਲ ਕਰਦੇ ਹਾਂ ਟੀਚੇ ਦੀ , ਘੋਲ ਨਾਲ ਅਸੀਂ ਕੀ ਪਰਾਪਤ ਕਰਨਾ ਹੈ ?
ਹਰ ਸਿੱਖ ਦਾ (ਸਿੱਖੀ ਦਾ) ਇਕੋ ਹੀ ਟੀਚਾ ਹੈ , ਜੋ ਗੁਰੂ ਸਾਹਿਬ ਨੇ ਆਪ ਮਿਥਿਆ ਹੈ ,
ਇਸ ਪੱਖ ਤੇ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਨੂੰ ਪਰਮਾਤਮਾ , ਗੁਰੂ ਅਤੇ ਸਿੱਖ ਦੇ ਆਪਸੀ ਰਿਸ਼ਤੇ ਬਾਰੇ ਵਿਚਾਰ ਕਰ ਲੈਣੀ ਜ਼ਰੂਰੀ ਹੈ । ਸਿੱਖ ਦਾ ਮਤਲਬ ਹੈ ਸਿੱਖਣ ਵਾਲਾ , ਸਿੱਖਣ ਦਾ ਚਾਹਵਾਨ । ਗੁਰੂ , ਸਿੱਖ ਨੂੰ ਆਤਮਕ ਸੋਝੀ ਦੇਣ ਵਾਲੀ ਹਸਤੀ ਹੈ । ਪਰਮਾਤਮਾ , ਉਹ ਹਸਤੀ ਹੈ , ਜਿਸ ਨੇ ਸੰਸਾਰ ਦੀ ਇਹ ਖੇਡ ਪੈਦਾ ਕੀਤੀ ਹੈ (ਬਣਾਈ ਇਸ ਕਰ ਕੇ ਨਹੀਂ ਕਿਹਾ ਜਾ ਸਕਾ , ਕਿਉਂਕਿ ਬਣਾਈ ਦਾ ਮਤਲਬ ਬਣਦਾ ਹੈ , ਜਿਸ ਨੂੰ ਬਨਾਉਣ ਲਈ ਲੋੜੀਂਦਾ ਸਮਾਨ ਪਹਿਲਾਂ ਹੀ ਮੌਜੂਦ ਸੀ , ਜੇ ਉਹ ਸਮਾਨ ਪਹਿਲਾਂ ਮੌਜੂਦ ਸੀ ਤਾ ਸਵਾਲ ਪੈਦਾ ਹੁੰਦਾ ਹੈ ਕਿ ਉਹ ਸਾਮਾਨ ਕਿਸ ਨੇ ਪੈਦਾ ਕੀਤਾ ? ਉਹ ਜਿਸ ਨੇ ਵੀ ਪੈਦਾ ਕੀਤਾ ਹੋਵੇਗਾ , ਉਹ ਪਰਮਾਤਮਾ ਨਾਲੋਂ ਵੱਡੀ ਹਸਤੀ ਨਹੀਂ ਤਾਂ ਬਰਾਬਰ ਦੀ ਤਾਂ ਜ਼ਰੂਰ ਹੋਵੇਗੀ , ਅਤੇ ਇਹ ਗੁਰਮਤਿ ਅਨੁਸਾਰ ਠੀਕ ਨਹੀਂ ਹੈ । ਗੁਰਮਤਿ ਅਨੁਸਾਰ ਬ੍ਰਹਮੰਡ ਨੂੰ ਪੈਦਾ ਕਰਨ ਵਾਲੀ , ਉਸ ਦੀ ਪਾਲਣਾ ਕਰਨ ਵਾਲੀ ਅਤੇ ਉਸ ਨੂੰ ਖਤਮ ਕਰਨ ਦੇ ਸਮਰੱਥ ਇਕ ਹੀ ਹਸਤੀ ਹੈ , ਜਿਸ ਨੂੰ ਪਰਮਾਤਮਾ ਜਾਂ ਹੋਰ ਕੁਝ ਵੀ ਕਿਹਾ ਜਾ ਸਕਦਾ ਹੈ , ਪਰ ਉਸ ਦਾ ਕੋਈ ਅਸਲੀ ਨਾਮ ਨਹੀਂ ਲਿਆ ਜਾ ਸਕਦਾ , ਕਿਰਤਮ ਨਾਮ ਜਿੰਨੇ ਮਰਜ਼ੀ ਘੜੇ ਜਾ ਸਕਦੇ ਹਨ । ਇਹ ਇਕ ਐਸੀ ਗੰਢ ਹੈ , ਜਿਸ ਨੂੰ ਖੋਲਣ ਦੀ ਸਮਰਥਾ ਸਿਰਫ ਤੇ ਸਿਰਫ ਗੁਰੂ , ਸ਼ਬਦ ਗੁਰੂ , ਗੁਰਬਾਣੀ ਵਿਚ ਹੈ ।
ਸਿੱਖ ਦੇ ਦੋ ਪੱਖ ਹਨ , ਇਕ ਸੰਸਾਰਕ , ਜੋ ਸਰੀਰ ਨਾਲ ਸਬੰਧਿਤ ਹੈ , ਕਿਉਂਕਿ ਸਰੀਰ ਹੀ ਇਸ ਖੇਡ ਦਾ ਮਾਧਿਅਮ ਹੈ , ਸਰੀਰ ਵਿਚ ਹੀ ਇਹ ਸਾਰੀ ਖੇਡ ,ਖੇਡੀ ਜਾਣੀ ਹੈ । ਇਸ ਲਈ ਸਰੀਰ ਨੂੰ ਚਲਦਾ ਰੱਖਣ ਲਈ , ਨਰੋਇਆ ਰਿਸ਼ਟ-ਪੁਸ਼ਟ ਰੱਖਣ ਲਈ , ਦੁਨਿਆਵੀ ਵਿਦਿਆ ਨੂੰ ਸਿਖਣਾ ਬਹੁਤ ਜ਼ਰੂਰੀ ਹੈ , ਜਿਸ ਨੂੰ ਬੰਦਾ ਸਕੂਲਾਂ-ਕਾਲਜਾਂ , ਯੂਨੀਵਰਸਟੀਆਂ ਆਦਿ ਵਿਚੋਂ ਸਿਖਦਾ ਹੈ । ਇਹ ਸਾਰੀ ਖੇਡ ਮਾਦੀ ਹੈ , ਸਾਮ੍ਹਣੇ ਨਜ਼ਰ ਆਉਂਦੀ ਹੈ , ਇਸ ਲਈ , ਇਸ ਨਾਲ ਸਬੰਧਿਤ ਚੀਜ਼ਾਂ ਦੇ ਸਹੀ ਗਲਤ ਹੋਣ ਦਾ ਨਿਰਣਾ ਪ੍ਰਤੱਖ ਤੌਰ ਤੇ ਵੇਖ ਕੇ ਕੀਤਾ ਜਾ ਸਕਦਾ ਹੈ ।
ਦੂਸਰਾ ਹੈ ਆਤਮਕ ਪੱਖ , ਇਹ ਪੱਖ ਅਦ੍ਰਿਸ਼ਟ ਹੈ , ਦੇਖਿਆ ਨਹੀਂ ਜਾ ਸਕਦਾ , ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਕਿਉਂੀਖ ਇਸ ਦਾ ਕੋਈ ਪ੍ਰਤੱਖ ਪਰਮਾਣ ਨਹੀਂ ਹੁੰਦਾ , ਇਸ ਕਰ ਕੇ ਬੰਦੇ ਨੇ , ਦੂਸਰੇ ਬੰਦਿਆਂ ਨੂੰ ਆਪਣਾ ਗੁਲਾਮ ਬਨਾਉਣ , ਉਸ ਦੀ ਲੁੱਟ ਕਰਨ ਲਈ , ਇਸ ਪੱਖ ਦੀ ਵੱਧ ਤੋਂ ਵੱਧ ਕੁਵਰਤੋਂ ਕੀਤੀ ਹੈ । ਅੱਜ ਵਾਙ ਗੁਰੂ ਨਾਨਕ ਜੀ ਵੇਲੇ ਵੀ ਇਹ ਲੁੱਟ ਸਿਖਰ ਤੇ ਸੀ । ਇਸ ਲੁੱਟ ਬਾਰੇ ਸੁਚੇਤ ਕਰਨ ਦੀ ਸਮਰਥਾ , ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ । ਇਹ ਸਿਰਫ ਇਸ ਕਰ ਕੇ ਨਹੀਂ ਕਿਹਾ ਜਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੈ ਗੁਰੂ ਹਨ ? ਬਲਕਿ ਅੱਗੇ ਚਲ ਕੇ , ਇਹ ਵੀ ਵਿਚਾਰਿਆ ਜਾਵੇਗਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਦੂਸਰੇ ਧਰਮਾਂ ਦੇ ਗ੍ਰੰਥਾਂ ਅਤੇ ਪੁਸਤਕਾਂ ਵਿਚ ਕੀ ਫਰਕ ਹੈ ? ਫਿਹਾਲ ਸਿਰਫ ਵਾਹਿਗੁਰੂ , ਗੁਰੂ ਅਤੇ ਸਿੱਖ ਦੇ ਆਪਸੀ ਸਬੰਧਾਂ ਤੇ ਵਿਚਾਰ ਕਰ ਰਹੇ ਹਾਂ ।
ਅਮਰ ਜੀਤ ਸਿੰਘ ਚੰਦੀ