ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈ ਖ਼ਤੋ-ਕਿਤਾਬਤ ਦਾ ਮਾਮਲਾ ਗਰਮਾਇਆ
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈ ਖ਼ਤੋ-ਕਿਤਾਬਤ ਦਾ ਮਾਮਲਾ ਗਰਮਾਇਆ
Page Visitors: 2671

ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈ ਖ਼ਤੋ-ਕਿਤਾਬਤ ਦਾ ਮਾਮਲਾ ਗਰਮਾਇਆ

ਜਲੰਧਰ, 8 ਫਰਵਰੀ (ਪੰਜਾਬ ਮੇਲ)- ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈ ਖ਼ਤੋ-ਕਿਤਾਬਤ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਰਾਜਨੀਤਕ ਧਿਰਾਂ ਇਸ ਨੂੰ ਜ਼ੋਰ-ਸ਼ੋਰ ਨਾਲ ਉਠਾ ਰਹੀਆਂ ਹਨ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਹਮਲਾਵਰ ਰੁਖ਼ ਅਖਤਿਆਰ ਕੀਤਾ ਹੋਇਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਢਾਈ ਸਫ਼ਿਆਂ ਦਾ ਹੱਥ-ਲਿਖਤ ਪੱਤਰ ਭੇਜਿਆ ਸੀ। ਇਸ ਖ਼ਤ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਵੱਖ-ਵੱਖ ਉਦਾਹਰਣਾਂ ਦੇ ਕੇ ਲਿਖਿਆ ਸੀ ਤੇ ਇਸ ਖ਼ਤ ਦੀ ਸ਼ਬਦਾਵਲੀ ਵੀ ਬੜੀ ਸਖ਼ਤ ਲਹਿਜੇ ਵਾਲੀ ਸੀ। ਇਹ ਖ਼ਤ 19 ਫਰਵਰੀ, 1983 ਨੂੰ ਲਿਖਿਆ ਗਿਆ ਸੀ, ਜਿਸ ਦੇ ਜਵਾਬ ਵਿੱਚ ਇੰਦਰਾ ਗਾਂਧੀ ਨੇ ਵੀ ਸੰਤ ਭਿੰਡਰਾਂਵਾਲੇ ਨੂੰ 21 ਫਰਵਰੀ, 1983 ਨੂੰ ਲਿਖੇ ਪੱਤਰ ਵਿੱਚ ਸਤਿਕਾਰਯੋਗ ਸੰਤ ਕਹਿੰਦਿਆਂ ਸੰਬੋਧਨ ਕੀਤਾ ਸੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣਾ ਖ਼ਤ ਸ਼ੁਰੂ ਕਰਦਿਆਂ ਲਿਖਿਆ ਸੀ ਕਿ, ‘ੴ ਸਤਿਗੁਰ ਪ੍ਰਸਾਦਿਸ਼੍ਰ ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ਸੈਫ ਸਰੋਹੀ ਸੈਥੀ ਯਹੈ ਹਮਾਰੈ ਪੀਰ।ਸ਼੍ਰ3।
ਰਾਜਨੀਤੀ ਪੱਖ ਤੋਂ ਹਿੰਦੁਸਤਾਨ ਦੇ ਪ੍ਰਮੁੱਖ ਸੇਵਾਦਾਰ ਬੀਬੀ ਇੰਦਰਾ ਜੀ, ਤੁਹਾਡੇ ਬੋਲੇ ਕੰਨਾਂ ਤਕ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਤੋਂ, ਸਿੱਖ ਦੁਖੀ ਹਿਰਦਿਆਂ ਦੀ ਆਵਾਜ਼ ਪਹੁੰਚਾਉਣ ਵਾਸਤੇ ਚਿੱਠੀ ਦੁਆਰਾ ਮੈਂ ਆਪਣਾ ਵਿਚਾਰ ਪ੍ਰਗਟ ਕਰ ਰਿਹਾ ਹਾਂ। ਭਾਵੇਂ ਕਿ ’ਬੋਲੇ ਕੰਨਾਂ’ ਦਾ ਅੱਖਰ ਸੁਣ ਕੇ ਤੁਹਾਨੂੰ ਕੁਝ ਮਹਿਸੂਸ ਹੋਵੇਗਾ ਕਿ ਕਿਹੋ ਜਿਹੀ ਭਾਸ਼ਾ ਵਰਤੀ ਹੈ, ਪਰ ਮੈਂ ਬੋਲੇਪਨ ਦੀ ਸਿੱਧਤਾ ਵਾਸਤੇ ਕੁਝ ਵਿਚਾਰ ਦੱਸਣੇ ਜ਼ਰੂਰੀ ਸਮਝਦਾ ਹਾਂ, ਧਿਆਨ ਨਾਲ ਪੜ੍ਹ ਲੈਣਾ।’ ਖ਼ਤ ਵਿੱਚ ਉਨ੍ਹਾਂ ਕੇਂਦਰ ਦੀ ਸਰਕਾਰ ਨੂੰ ਬੋਲੇਪਨ ਦੀ ਸਰਕਾਰ ਦੱਸਿਆ ਹੈ ਤੇ ਨਾਲ ਹੀ ਕਿਹਾ ਕਿ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਟਰਾਂਸਮੀਟਰ ਲਾਉਣ ਵਾਸਤੇ, ਸਿੱਖ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਧਾਰਮਿਕ ਸਥਾਨਾਂ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਅਤੇ ਆਪਣੇ ਧਾਰਮਿਕ ਚਿੰਨ੍ਹ ਨੂੰ ਪ੍ਰਪੱਕਤਾ ਸਹਿਤ ਧਾਰਨ ਕਰਨ ਵਾਸਤੇ, ਆਜ਼ਾਦੀ ਤੋਂ ਪਿੱਛੋਂ ਦੋ ਲੱਖ ਤੋਂ ਵੱਧ ਕੈਦ ਅਤੇ ਭਾਰੀ ਗਿਣਤੀ ਵਿੱਚ ਸ਼ਹੀਦੀਆਂ ਪਾ ਕੇ ਵੀ ਤੁਹਾਡੇ ਬੋਲੇ ਕੰਨਾਂ ਤੱਕ ਆਵਾਜ਼ ਨਹੀਂ ਪੁੱਜੀ। ਉਨ੍ਹਾਂ ਖ਼ਤ ਵਿੱਚ ਇਹ ਵੀ ਲਿਖਿਆ ਕਿ ਸਿੱਖ ਹਮੇਸ਼ਾ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਾ ਹੈ ਤੇ ਸਬਰ ਨਾਲ ਕਰਾਂਗੇ, ਪਰ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਸਬਰ ਦਾ ਪਿਆਲਾ ਭਰ ਜਾਵੇ ਤਦੋਂ ਸਿੱਖਾਂ ਨੂੰ ਮਜਬੂਰ ਹੋ ਕੇ ਆਪਣਾ ਹੱਕ ਲੈਣ ਵਾਸਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ’ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤਸ਼੍ਰ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’ ਦੇ ਅਨੁਸਾਰ ਚੱਲਣਾ ਪੈਂਦਾ ਹੈ। ਪਰ ਇਸ ’ਤੇ ਚੱਲਣ ਵਾਸਤੇ ਅਜੇ ਸਾਡਾ ਕੋਈ ਇਰਾਦਾ ਨਹੀਂ ਹੈ। ਪਰ ਜੇ ਕੁਰਸੀ ਦੇ ਨਸ਼ੇ ਵਿੱਚ ਇਸੇ ਤਰ੍ਹਾਂ ਸਿੱਖਾਂ ਨਾਲ ਅੱਤਿਆਚਾਰ ਹੁੰਦਾ ਰਿਹਾ ਤਾਂ ਇਸ ਨੂੰ ਹੁਣ ਬਹੁਤ ਸਾਲ ਜਾਂ ਮਹੀਨੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣੇ ਖ਼ਤ ਦੇ ਅਖੀਰ ’ਚ ਲਿਖਿਆ ਕਿ ‘ਸਿੱਖ ਵਿਦਿਆਰਥੀ ਨੂੰ ਨਜ਼ਰਬੰਦ ਕਰਨਾ, ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਮੁੱਖ ਮੰਤਰੀ ਪੰਜਾਬ, ਐਸ.ਪੀ. ਡੀ.ਆਰ. ਭੱਟੀ, ਡੀ.ਆਈ.ਜੀ. ਮਾਂਗਟ ਪਟਿਆਲਾ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਡੀ.ਸੀ. ਹੁਕਮ ਰੂਪੀ ਖੰਭਾਂ ਹੇਠ ਲੁਕਾਉਣਾ, ਬੋਲੇ ਤੇ ਗੂੰਗੇਪਨ ਦੀ ਪ੍ਰਤੱਖ ਮਿਸਾਲ ਹੈ। ਇਹ ਸੰਖੇਪ ਵਿੱਚ ਦੱਸਿਆ ਹੈ। ਸਮਾਂ ਆਉਣ ’ਤੇ ਵਿਸਥਾਰ ਨਾਲ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਬਾਰੇ ਦੱਸਾਂਗਾ।’- ਜਰਨੈਲ ਸਿੰਘ ਖਾਲਸਾ (19-2-83)
ਇਸ ਖ਼ਤ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਪਹੁੰਚਾਉਣ ਦੀ ਪੁਸ਼ਟੀ ਕਰਦਿਆਂ ਭਰਪੂਰ ਸਿੰਘ ਬਲਬੀਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖ਼ਤ ਲਿਖਿਆ ਸੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਸ਼ੁਰੂ ਵਿੱਚ ਇਸ ਗੱਲ ਦੀ ਧਾਰਨੀ ਸੀ ਕਿ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇ। ਉਨ੍ਹਾਂ ਸਿੱਖ ਆਗੂਆਂ ’ਤੇ ਵੀ ਉਂਗਲੀ ਕੀਤੀ ਕਿ ਜਿੱਥੇ ਪ੍ਰਧਾਨ ਮੰਤਰੀ ਦੇ ਸਲਾਹਕਾਰਾਂ ਵਿੱਚ ਉਹ ਲੋਕ ਸ਼ਾਮਲ ਸਨ ਜਿਹੜੇ ਮਸਲੇ ਨੂੰ ਉਲਝਾਉਣ ਵਿੱਚ ਲੱਗੇ ਰਹੇ, ਇਸੇ ਤਰ੍ਹਾਂ ਹੀ ਸਮਝੌਤੇ ਲਈ ਜਾਣ ਵਾਲੇ ਸਿੱਖ ਆਗੂ ਵੀ ਹਰ ਵਾਰ ਆਪਣੀਆਂ ਮੰਗਾਂ ਬਾਰੇ ਥਿੜਕਦੇ ਰਹੇ। ਭਰਪੂਰ ਸਿੰਘ ਬਲਬੀਰ ਨੇ ਕਿਹਾ ਕਿ ਪੰਜਾਬ ਦੀਆਂ ਮੰਗਾਂ ਲੈ ਕੇ ਜਾਣ ਵਾਲੀ ਅਕਾਲੀ ਲੀਡਰਸ਼ਿਪ ਨੂੰ ਬਹੁਤੀ ਸਮਝ ਨਹੀਂ ਸੀ ਕਿ ਉਹ ਮਾਮਲੇ ਨੂੰ ਕਿਸ ਢੰਗ ਨਾਲ ਹੱਲ ਕਰਵਾਉਣ ਲਈ ਅੱਗੇ ਤੋਰਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਸ ਲੀਡਰਸ਼ਿਪ ਵਿੱਚ ਵੀ ਉਹ ਜਥੇਦਾਰ ਸ਼ਾਮਲ ਸਨ ਜਿਹੜੇ ਮਸਲੇ ਨੂੰ ਹੱਲ ਹੀ ਨਹੀਂ ਸੀ ਕਰਾਉਣਾ ਚਾਹੁੰਦੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.