ਕਹਿ ਰਵਿਦਾਸੁ ਚਮਾਰਾ
ਸਿਰ ਝੁਕ ਜਾਂਦਾ ਇਸ ਮਹਾਂਪੁਰਖ ਦਾ ਨਾਂ ਲਿਆਂ। ਤੇ ਗੁਰੂ ਸਾਹਿਬ ਨੇ ਕਿਥੇ ਜਾ ਕੇ ਬਾਬਾ ਜੀ ਦੀ ਬਾਣੀ ਲੱਭੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹਾਈ ਅਤੇ ਜਿਸ ਨੂੰ ਪੜ੍ਹ ਕੇ ਤੁਸੀਂ ਧੰਨ ਹੋਣੋਂ ਨਹੀਂ ਰਹਿ ਸਕਦੇ ਪਰ ਦੁਖਾਂਤ ਦੇਖੋ ਕੀ ਹੈ ਕਿ ਭਗਤ ਰਵਿਦਾਸ ਜੀ ਦੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰ ਖੜੇ ਕਿਥੇ ਹਨ। ਇੱਕ ਜੱਟ ਬਣਿਆ ਖੜ੍ਹਾ ਹੈ ਤੇ ਦੂਜਾ ਚਮਾਰ। ਤੇ ਇਨ੍ਹਾਂ ਨੂੰ ਬਾਂਹਾਂ ਟੰਗ ਕੇ ਖੜਿਆਂ ਕਰਨ ਵਾਲਾ ਪੰਡੀਆ ਤਮਾਸ਼ਾ ਦੇਖ ਹੱਸ ਰਿਹਾ ਹੈ? ਜੱਟ, ਆਖੇ ਜਾਂਦੇ ਚਮਾਰ ਨੂੰ ਸ੍ਰੀ ਗੁਰੂ ਜੀ ਵਿਚ ਮੱਥਾ ਵੀ ਟੇਕੀ ਜਾਂਦਾ ਪਰ ਪੰਡੀਏ ਮਗਰ ਲੱਗ ਉਸ ਨੂੰ ਅਛੂਤ ਵੀ ਸਮਝੀ ਜਾਂਦਾ। ਇੱਕ ਪੰਡੀਆ ਜੱਟ ਮਗਰ ਖੜੋਤਾ ਹੈ ਤੇ ਦੂਜਾ ਪੰਡੀਆ ਚਮਾਰ ਮਗਰ। ਜੱਟ ਦਾ ਡੇਰੇਦਾਰ ਚਮਾਰ ਨੂੰ ਬੂਹੇ ਨਹੀਂ ਚੜ੍ਹਨ ਦਿੰਦਾ ਤੇ ਉੱਧਰ ਚਮਾਰ ਦਾ ਡੇਰੇਦਾਰ ਉਸ ਦੀ ਚੂੜੀ ਕੱਸੀ ਤੁਰਿਆ ਆਉਂਦਾ। ਹੈ ਦੋਨਾਂ ਮਗਰ ਪੰਡੀਆ। ਇੱਕ ਮਗਰ ਗੋਲ ਪੱਗ ਵਾਲਾ ਤੇ ਦੂਜੇ ਮਗਰ ਭਗਵੇਂ ਵਾਲਾ।
ਮੇਰਾ ਇੱਕ ਬੜਾ ਪਿਆਰਾ ਮਿੱਤਰ ਹੈ 'ਚਮਾਰ'?? ਗੁਰਸਿੱਖ, ਬੜੀ ਪਿਆਰੀ ਸ਼ਖ਼ਸੀਅਤ। ਇੱਥੇ ਟਰੰਟੋ ਵਿਖੇ ਹੀ। ਹਫ਼ਤੇ ਵਿਚ ਇੱਕ-ਦੋ ਵਾਰ ਅਸੀਂ ਫ਼ੋਨ ਨਾ ਕਰ ਲਈਏ ਤਾਂ ਕੁੱਝ ਖੁੱਸਿਆ ਖੁੱਸਿਆ ਜਿਹਾ ਜਾਪਦਾ। ਵਿਆਨਾ ਵਾਲੇ ਕਾਂਡ ਤੇ ਮੈਨੂੰ ਪੱਤਾ ਲੱਗਾ ਕਿ ਉਹ ਚਮਾਰ ਹੈ ਨਹੀਂ ਤਾਂ ਉਸ ਦੀ ਦਿਸਦੀ ਗੁਰਸਿੱਖਾਂ ਵਾਲੀ ਸ਼ਖ਼ਸੀਅਤ ਦੇਖ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਪੁੱਛੋ ਕਿ ਉਹ ਜੱਟ ਹੈ ਜਾਂ ਚਮਾਰ। ਉਸ ਨੇ ਮੈਨੂੰ ਵਿਆਨਾ ਵਾਲੇ ਕਾਂਡ ਵੇਲੇ ਗੱਲ ਸੁਣਾਈ ਕਿ ਮੈਂ ਲਾਗਲੇ ਪਿੰਡੋਂ ਆ ਰਿਹਾ ਸੀ ਬਾਹਰ ਖੇਤਾਂ ਨੂੰ ਇੱਕ ਮਾਈ ਰੋਟੀਆਂ ਲਈ ਜਾਂਦੀ ਸੀ। ਦੁਪਹਿਰਾ ਹੋਇਆ ਵਿਆ ਸੀ। ਉਸ ਨੇ ਸਿਰ ਉੱਪਰ ਰੋਟੀਆਂ, ਇੱਕ ਹੱਥ ਚਾਹ ਵਾਲਾ ਡੋਲ, ਇੱਕ ਲੱਸੀ ਵਾਲਾ ਤੇ ਕਈ ਕੁੱਝ ਜਿਹਾ ਚੁੱਕਿਆ ਹੋਇਆ ਸੀ। ਉਸ ਦਮ ਕੱਢਣ ਲਈ ਸਾਰਾ ਕੁੱਝ ਖਾਲ ਦੇ ਬੰਨੇ ਰੱਖ ਲਿਆ ਪਰ ਦੁਬਾਰਾ ਚੁੱਕਣ ਲੱਗੀ ਉਹ ਬੜੀ ਔਖੀ ਹੋ ਰਹੀ ਸੀ। ਮੈਂ ਉਸ ਦੀ ਹਾਲਤ ਦੇਖ ਰੋਟੀਆਂ ਚੁੱਕ ਕੇ ਉਸ ਦੇ ਸਿਰ ਰੱਖ ਦਿੱਤੀਆਂ ਤੇ ਨਾਲ ਨਾਲ ਗੱਲੀਂ ਲੱਗਾ ਤੁਰ ਪਿਆ। ਮਾਈਆਂ ਵਾਲੀ ਆਦਤ ਅਨੁਸਾਰ ਉਸ ਮੇਰਾ ਅਤਾ-ਪਤਾ ਕੀਤਾ। ਕਿਹੜਾ ਪਿੰਡ? ਕਿਹੜਾ ਘਰ? ਕਿੰਨਾ ਚੋਂ? ਉਹ ਪੈੜ ਕੱਢਦੀ ਕੱਢਦੀ ਸਾਡੇ ਘਰ ਤੱਕ ਜਦ ਪਹੁੰਚੀ ਤਾਂ ਉਸ ਰੋਟੀਆਂ ਸਿਰ ਤੋਂ ਚਲਾ ਕੇ ਮਾਰੀਆਂ ਤੇ ਮੈਨੂੰ ਗਾਲ੍ਹੀਂ ਡਹਿ ਪਈ ਕਿ ਤੇਰਾ ਰਹੇ ਕੱਖ ਨਾ ਚਮਾਰਾ ਮੇਰਾ ਸਭ ਕੁੱਝ ਭਿੱਟ ਦਿੱਤਾ ਹੁਣ ਤੇਰੇ 'ਪਿਉਆਂ' ਤੇਰਾ ਸਿਰ ਖਵਾਂਵਾਗੀ? ਤੇ ਉਹ ਉਨ੍ਹੀਂ ਪੈਰੀਂ ਵਾਪਸ ਪਿੰਡ ਨੂੰ ਮੁੜ ਪਈ!!ਮੈਂ ਜਦ ਉਸ ਦੀ ਕਹਾਣੀ ਸੁਣੀ ਤਾਂ ਮੇਰਾ ਮਨ ਭਰ ਆਇਆ ਕਿ ਭਰਾ ਧੰਨ ਹੈ ਤੂੰ ਜਿਸ ਇੰਨਾ ਬੇਇੱਜ਼ਤ ਹੋ ਕੇ ਵੀ ਸਿੱਖੀ ਨਹੀਂ ਛੱਡੀ।
ਅੱਜ ਪੰਜਾਬ ਦੇ ਪਿੰਡ ਪਿੰਡ ਗਿਰਜੇ ਕਿਉਂ ਉੱਸਰ ਰਹੇ ਨੇ। ਮੁਸਲਮਾਨਾ ਜਦ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਤਾਂ ਹਿੰਦੂ ਵਾ-ਵਰੋਲੇ ਵਾਂਗ ਮੁਸਲਮਾਨ ਬਣਨੇ ਸ਼ੁਰੂ ਹੋ ਗਏ! ਪਤਾ ਕਿਉਂ? ਆਪਣੀ ਜ਼ਲੀਲ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ। ਤੇ ਅੱਜ ਪੂਰਾ ਪਾਕਿਸਤਾਨ ਤੇ ਤੀਜਾ ਹਿੱਸਾ ਹਿੰਦੁਸਤਾਨ ਵਿਚ ਕੁੱਝ ਨੂੰ ਛੱਡ ਸਾਰਾ ਮੁਸਲਮਾਨ ਉਹ ਮੁਸਲਮਾਨ ਹੈ ਜਿਹੜਾ ਹਿੰਦੂ ਤੋਂ ਬਣਿਆ ਸੀ। ਹਿੰਦੂ ਅੱਜ ਇਸ ਗੱਲੇ ਤਾਂ ਪ੍ਰੇਸ਼ਾਨ ਹੈ ਕਿ ਹੁਣ ਹਿੰਦੂ ਈਸਾਈ ਬਣ ਰਹੇ ਨੇ ਤੇ ਉਸ ਗਿਰਜੇ ਫੂਕਣੇ ਸ਼ੁਰੂ ਕੀਤੇ ਤੇ ਈਸਾਈਆਂ ਦਾ ਕਤਲ ਕਰ ਰਿਹਾ ਹੈ ਪਰ ਉਹ ਈਸਾਈ ਬਣ ਰਹੇ ਲੋਕਾਂ ਨੂੰ ਆਪਣੇ ਬਰਾਬਰ ਬਿਠਾਉਣ ਲਈ ਤਾਂ ਕਦਾਚਿਤ ਤਿਆਰ ਨਹੀਂ।
ਇਹੀ ਹਾਲ ਸਿੱਖਾਂ ਦਾ ਹੈ। ਉਹ ਅੱਜ ਧੜਾ-ਧੜ ਈਸਾਈ ਬਣ ਰਹੇ ਆਖੇ ਜਾਂਦੇ ਚੂਹੜੇ ਚਮਾਰਾਂ ਨੂੰ ਦੇਖ ਫ਼ਿਕਰਮੰਦ ਤਾਂ ਹੈ ਪਰ ਉਨ੍ਹਾਂ ਡੇਰਿਆਂ ਅੱਗੇ ਉਂਜ ਹੀ ਸਿਰ ਰਗੜੀ ਜਾ ਰਿਹੈ ਜਿੱਥੋਂ ਇਹ ਬਿਮਾਰੀ ਪੈਦਾ ਹੁੰਦੀ ਹੈ। ਜਿੰਨਾ ਚਿਰ ਸਿੱਖ ਇਨ੍ਹਾਂ ਡੇਰਿਆਂ ਦੀ ਹੋਲੀ ਨਹੀਂ ਬਾਲਦਾ ਤੇ ਉਨ੍ਹਾਂ ਜਥੇਦਾਰਾਂ ਉੱਪਰ ਮਿੱਟੀ ਦਾ ਤੇਲ ਨਹੀਂ ਪਾਉਂਦਾ ਜਿਹੜੇ ਇਸ ਬਿਮਾਰੀ ਨੂੰ ਫੈਲਾਉਣ ਵਾਲਿਆਂ ਤੋਂ ਲਿਫ਼ਾਫ਼ੇ ਲੈਂਦੇ ਤੇ ਉਨ੍ਹਾਂ ਦਾ ਡੇਰਿਆਂ ਵਿਚ ਜਾ ਕੇ ਭੰਡ-ਪੁਣਾ ਕਰਦੇ ਉਨ੍ਹਾਂ ਚਿਰ ਜਾਤੀ ਕੋਹੜ ਸਿੱਖ ਕੌਮ ਵਿਚੋਂ ਨਹੀਂ ਨਿਕਲ ਸਕਦਾ ਤੇ ਤੁਸੀਂ ਉਨਾ ਚਿਰ ਆਪਣੇ ਭਰਾਵਾਂ ਨੂੰ ਈਸਾਈ ਬਣਨੋ ਰੋਕ ਨਹੀਂ ਸਕਦੇ।
ਇਤਿਹਾਸ ਪੜ੍ਹੋ। ਗੁਰਬਾਣੀ ਵਿਚ ਦੇਖੋ ਕਿਥੇ ਹੈ ਜੱਟ? ਕਿਥੇ ਹੈ ਚੂਹੜਾ ਤੇ ਕਿਥੇ ਹੈ ਚਮਾਰ? ਸ੍ਰੀ ਗੁਰੂ ਜੀ ਉੱਪਰ ਰਜਾਈਆਂ ਦੇਣ ਵਾਲੇ ਅਤੇ ਏਅਰਕੰਡੀਸ਼ਨਾਂ ਵਿਚ ਰੱਖਣ ਵਾਲੇ ਇਨ੍ਹਾਂ ਸਾਧੜਿਆਂ ਨੂੰ ਪੁੱਛੋ ਕਿ ਜੇ ਚਮਾਰ ਮਾੜਾ ਹੈ ਤੇ ਉਸ ਦੀ ਪੰਗਤ ਤੇ ਬਾਟਾ ਤੁਸੀਂ ਅੱਡ ਲਾਉਂਦੇ ਤਾਂ ਸ੍ਰੀ ਗੁਰੂ ਜੀ ਵਿਚ ਉਸ ਨੂੰ ਮੱਥਾ ਕਿਉਂ ਟੇਕਦੇ ਹੋਂ। ਕਿਸੇ ਸਾਧ ਵਿਚ ਜੁਰਅਤ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇਸ ਮਹਾਂਪੁਰਖ ਨੂੰ ਅੱਡ ਕਰੇ? ਜੇ ਭਗਤ ਰਵੀਦਾਸ ਜੀ ਅੱਡ ਨਹੀਂ ਹੋ ਸਕਦੇ ਤਾਂ ਉਨ੍ਹਾਂ ਦੀ ਉਮਤ ਅੱਡ ਪੰਗਤ ਬੈਠ ਕਿਉਂ ਖਾਵੇ ਉਨ੍ਹਾਂ ਲਈ ਬਾਟੇ ਅੱਡ ਕਿਉਂ?
ਪੰਡੀਏ ਤਾਂ ਇਸ ਮਹਾਂਪੁਰਖ ਨਾਲ ਧੱਕਾ ਕੀਤਾ ਹੀ ਕੀਤਾ ਤੇ ਪਤਾ ਨਹੀਂ ਪਿਛਲੇ ਜਨਮਾ ਵਿਚ ਲਿਜਾ ਕੇ ਧੱਕੇ ਨਾਲ ਉਨ੍ਹਾਂ ਨੂੰ ਬ੍ਰਾਹਮਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਗਾਂਹ ਆਪਣੇ ਪੰਡੀਆਂ ਵੀ ਉਨ੍ਹਾਂ ਨਾਲ ਘੱਟ ਨਹੀਂ ਕੀਤੀ ਕਿ ਉਹੀ ਭਗਤ ਜੀ ਦੀ ਨਿੰਦਿਆਂ ਕਰਨ ਵਾਲੀਆਂ ਕਹਾਣੀਆਂ ਸ੍ਰੀ ਗੁਰੂ ਜੀ ਦੀ ਹਜ਼ੂਰੀ ਵਿਚ ਸੁਣਾ ਕੇ ਸਿੱਖ ਮਾਨਸਿਕਤਾ ਨੂੰ ਗੰਦਲਿਆਂ ਅਤੇ ਬਿਮਾਰ ਕੀਤੀ ਅਤੇ ਜਾਤੀ ਪਾੜਾ ਵਧਾਇਆ। ਇੱਕ ਪਲ ਵੀ ਨਾ ਸੋਚਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਥੇ ਚਲ ਕੇ ਗਏ ਇਸ ਮਹਾਂਪੁਰਖ ਕੋਲੇ ਤੇ ਕਿਵੇਂ ਸੀਨੇ ਨਾਲ ਲਾਈ ਇਨ੍ਹਾਂ ਦੀ ਬਾਣੀ ਨੂੰ ਗੁਰੂ ਜੀ ਲੰਮੇ ਸਫ਼ਰਾਂ ਵਿਚ ਸਾਂਭ-ਸਾਂਭ ਲੈ ਕੇ ਆਏ ਪਰ ਉਸੇ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ?
ਯਾਦ ਰਹੇ ਕਿ ਪੰਡੀਆ ਕਿਸੇ ਦਾ ਸਕਾ ਨਹੀਂ ਨਾ ਜੱਟ ਦਾ ਨਾ ਚਮਾਰ ਦਾ। ਉਸ ਤਾਂ ਇਹ ਜਾਤੀ ਖਲਾਰਾ ਪਾ ਕੇ ਖ਼ਾਲਸਾ ਜੀ ਦੀ ਸਾਂਝੀ ਜਥੇਬੰਦਕ ਤਾਕਤ ਨੂੰ ਖੋਰਾ ਲਾਉਣਾ ਸੀ ਸੋ ਉਸ ਲਾ ਦਿੱਤਾ। ਧੱਕਾ ਜੱਟ ਨੇ ਕੀਤਾ, ਜ਼ਲੀਲ ਜੱਟ ਨੇ ਕੀਤਾ ਚਮਾਰ ਨੂੰ ਤੇ ਅੱਜ ਫ਼ਰਜ਼ ਵੀ ਉਸੇ ਦਾ ਬਣਦਾ ਕਿ ਉਹ ਰੁੱਸੇ ਭਰਾ ਨੂੰ ਗਲ ਨਾਲ ਲਾਏ ਅਤੇ ਖ਼ਾਲਸੇ ਦੀ ਸਾਂਝੀ ਜਥੇਬੰਦਕ ਤਾਕਤ ਵਿਚ ਲੈ ਕੇ ਆਏ ਨਹੀਂ ਤਾਂ ਪੰਡੀਏ ਨੇ ਨਾ ਜੱਟ ਛੱਡਣਾ ਨਾ ਚਮਾਰ।
14 ਫਰਵਰੀ ਨੂੰ ਭਗਤ ਰਵੀਦਾਸ ਜੀ ਦੇ ਆਗਮਨ ਪੁਰਬ ਤੇ ਕੋਟਾਨ-ਕੋਟਾਨ ਸਿੱਜਦਾ ਹੈ।-ਗੁਰਦੇਵ ਸਿੰਘ ਸੱਧੇਵਾਲੀਆ