ਮਾਮਲਾ ਪ੍ਰੋ: ਦਰਸ਼ਨ ਸਿੰਘ ਦਾ ਕਾਨ੍ਹਪੁਰ ਵਿਖੇ ਹੋਣ ਵਾਲੇ ਕੀਰਤਨ ਸਮਾਗਮ ਦੇ ਵਿਵਾਦ ਦਾ
*ਧਾਰਮਿਕ ਸਮਾਗਮ ਕਰਵਾਉਣਾ ਸਾਡਾ ਸੰਵਿਧਾਨਕ ਹੱਕ
*ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਲਾਰਡ ਵਰਗਾ ਕੋਈ ਵਿਅਕਤੀ ਸਾਡਾ ਇਹ ਹੱਕ ਖੋਹ ਨਹੀਂ ਖੋਹ ਨਹੀਂ ਸਕਦਾ। ਹਾਈ ਕੋਰਟ ਰਾਹੀ ਲਵਾਂਗੇ ਆਪਣਾ ਹੱਕ
*ਅਕਾਲ ਤਖ਼ਤ ਦੇ ਜਥੇਦਾਰ ਵਿੱਚ ਹਿੰਮਤ ਹੈ ਤਾਂ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਸਾਨੂੰ ਪੰਥ ਵਿੱਚੋਂ ਛੇਕ ਕੇ ਵੇਖ ਲਵੇ : ਅਕਾਲੀ ਜਥਾ ਕਾਨ੍ਹਪੁਰ
ਬਠਿੰਡਾ, 14 ਫਰਵਰੀ (ਕਿਰਪਾਲ ਸਿੰਘ): ਕਾਨ੍ਹਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਹਰ ਸਾਲ ਵਾˆਗ ਇਸ ਵਾਰ ਵੀ 22 ਅਤੇ 23 ਫਰਵਰੀ ਨੂੰ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਖਾਲਸਾ ਹਾਲ ਗੋਬਿੰਦ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ
ਅਕਾਲ ਤਖਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਗੁਰਬਾਣੀ ਦਾ ਮਨੋਹਰ ਕੀਰਤਨ ਕਰਨ ਲਈ ਪਹੁੰਚ ਰਹੇ ਹਨ। ਪਰ ਇਸ ਨੂੰ ਸਿੱਖਾਂ ਦੀ ਸੋਚ ਦਾ ਦੀਵਾਲਾ ਨਿਕਲਣਾ ਹੀ ਕਿਹਾ ਜਾ ਸਕਦਾ ਹੈ ਕਿ ਨਿਜੀ ਸੁਆਰਥਾਂ ਦੀ ਪੂਰਤੀ ਕਾਰਣ ਕੁਝ ਜਥੇਬੰਦੀਆਂ ਦੇ ਅਹੁੱਦੇਦਾਰ ਇਸ ਦੇ ਵਿਰੋਧ ਵਿੱਚ ਖੜ੍ਹ ਜਾਣ ਕਾਰਣ ਪਹਿਲਾਂ ਤੋਂ ਹੀ ਉਥੇ ਰਹਿ ਰਹੇ ਘੱਟ ਗਿਣਤੀ ਸਿੱਖਾਂ ਵਿੱਚ ਆਪਸੀ ਟਕਰਾ ਹੋਣ ਕਾਰਣ ਸਿੱਖਾਂ ਦਾ ਸਿਰਫ ਜਲੂਸ ਹੀ ਨਹੀਂ ਨਿਕਲਦਾ ਬਲਕਿ ਆਪਣੀ ਤਾਕਤ ਨੂੰ ਅਜਾਈਂ ਗੁਆ ਕੇ ਕੌਮ ਨੂੰ ਹੋਰ ਕਮਜੋਰ ਕਰਨ ਤੋਂ ਬਾਜ਼ ਨਹੀਂ ਆਉਂਦੇ। ਕਾਨ੍ਹਪੁਰ ਤੋਂ ਛਪੀਆਂ ਪਿਛਲੇ ਕੁਝ ਦਿਨਾਂ ਦੀਆਂ ਖ਼ਬਰਾਂ ਪੜ੍ਹਨ ਉਪ੍ਰੰਤ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਅਕਾਲੀ ਜਥਾ ਦੇ ਪ੍ਰਧਾਨ ਹਰਚਰਨ ਸਿੰਘ ਅਤੇ ਇੰਦਰਜੀਤ ਸਿੰਘ ਤੋਂ ਜਾਣਕਾਰੀ ਹਾਸਲ ਕਰਨ ਲਈ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਾਨ੍ਹਪੁਰ ਦੀਆਂ ਸਿੱਖ ਸੰਗਤਾਂ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਹਰ ਸਾਲ ਪ੍ਰੋ: ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ ਕਰਵਾਉਂਦੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਿੰਘ ਸਭਾ ਲਾਟੂਸ਼ ਰੋਡ ਦਾ ਜਿਹੜਾ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਅੱਜ ਕੀਰਤਨ ਸਮਾਗਮ ਦੇ ਵਿਰੋਧ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਨੂੰ ਦਰਖਾਸਤਾਂ ਦੇ ਰਿਹਾ ਹੈ ਕਿਸੇ ਵਕਤ ਇਹ ਹੀ ਸਖ਼ਸ਼ ਕੀਰਤਨ ਸਮਾਗਮ ਲਈ ਪ੍ਰਫੈਸਰ ਸਾਹਿਬ ਤੋਂ ਸਮਾਂ ਲੈਣ ਲਈ ਤਰਲੋਮੱਛੀ ਹੁੰਦਾ ਸੀ।
ਹਰਵਿੰਦਰ ਸਿੰਘ ਦੇ ਬਦਲੇ ਤੇਵਰਾਂ ਦਾ ਕਾਰਣ ਪੁੱਛੇ ਜਾਣ ’ਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਇਨ੍ਹਾਂ ਲੋਕਾਂ ਨੂੰ ਨਾ ਤਾਂ ਗੁਰਮਤਿ ਦਾ ਕੋਈ ਗਿਆਨ ਹੈ ਤੇ ਨਾ ਹੀ ਅਕਾਲ ਤਖ਼ਤ ਦੇ ਹੁਕਨਾਮਿਆਂ ਦੀ ਕੋਈ ਸਮਝ ਹੈ ਕਿ ਇਹ ਕਿਸ ਵਿਧੀ ਨਾਲ ਜਾਰੀ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਕਿਸ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ। ਅੱਜ ਨਾਂ ਤਾਂ ਹੁਕਮਨਾਮੇ ਜਾਰੀ ਕਰਨ ਵੇਲੇ ਕੋਈ ਵਿਧਾਨ ਲਾਗੂ ਕੀਤਾ ਜਾਂਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਲਾਗੂ ਕਰਵਾਉਣ ਦਾ ਢੰਗ ਹੈ।
ਇਹ ਤੱਥ ਖੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਜਾਰੀ ਕੀਤੇ ਪਹਿਲੇ ਹੁਕਮਨਾਮੇ ਨੰ: 319/ਏ.ਟੀ.00 ਮਿਤੀ 29.3.2000 ਵਿੱਚ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਦੇ ਹੋਏ ਲਿਖੇ ਹਨ ਕਿ “ਅਕਾਲ ਤਖ਼ਤ ਦੇ ਹੁਕਮਨਾਮੇ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਨਾਮਿਆਂ ਦੀ ਮਾਨਤਾ ਤੇ ਪਵਿੱਤਰਤਾ ਕਾਇਮ ਰਵ੍ਹੇ।”
ਦੁਨੀਆਂ ਦਾ ਹਰ ਸੂਝਵਾਨ ਮਨੁੱਖ ਭਲੀਭਾਂਤ ਜਾਣਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਹੁਕਮਨਾਮੇ ’ਤੇ ਅੱਜ ਤੱਕ ਅਮਲ ਨਹੀਂ ਕੀਤਾ ਅਤੇ ਮਨਮਾਨੇ ਢੰਗ ਨਾਲ ਆਪਣੇ ਵਿਰੋਧੀ ਵੀਚਾਰ ਵਾਲਿਆਂ ਦੀ ਅਵਾਜ਼ ਬੰਦ ਕਰਵਾਉਣ ਲਈ ਬਾਦਲ ਫੁਰਮਾਨ; ਅਕਾਲ ਤਖ਼ਤ ਦੇ ਨਾਮ ਹੇਠ ਉਸ ਦੇ ਤਨਖਾਹਦਾਰ ਪੰਜ ਗ੍ਰੰਥੀਆਂ ਤੋਂ ਜਾਰੀ ਕਰਵਾ ਦਿੱਤੇ ਜਾਂਦੇ ਹਨ। ਪ੍ਰੋ: ਦਰਸ਼ਨ ਸਿੰਘ ਦੇ ਕੇਸ ਵਿੱਚ ਵੀ ਇਹੀ ਕੁਝ ਹੋਇਆ ਹੈ। ਪ੍ਰੋ: ਦਰਸ਼ਨ ਸਿੰਘ ਜੀ ਦੇ ਕਹੇ ਗਏ ਜਿਨ੍ਹਾਂ ਸ਼ਬਦਾਂ ਨੂੰ ਤਰੋੜ ਮਰੋੜ ਕੇ ਉਸ ਨੂੰ ਦੋਸ਼ੀ ਦੱਸ ਕੇ ਛੇਕਣ ਦਾ ਬਹਾਨਾ ਬਣਾਇਆ ਗਿਆ ਹੈ ਉਸ ਤੋਂ ਕਈ ਗੁਣਾਂ ਵੱਧ ਇਤਰਾਜਯੋਗ ਸ਼ਬਦ ਪ੍ਰੋ: ਹਰਿਭਜਨ ਸਿੰਘ ਨੇ ਆਪਣੀ ਪੁਸਤਕ ਵਿੱਚ ਲਿਖੇ ਹਨ ਜਿਸ ਦੀ ਸਿਫਤ ਵਿੱਚ ਇਨ੍ਹਾਂ ਸਾਰੇ ਹੀ ਜਥੇਦਾਰਾਂ ਨੇ ਤਰੀਫ ਦੇ ਸ਼ਬਦ ਲਿਖੇ ਹਨ। ਇਸ ਤੋਂ ਸਾਫ ਜ਼ਾਹਰ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਕੁਝ ਵੀ ਗਲਤ ਨਹੀਂ ਕਿਹਾ ਪਰ ਕਿਉਂਕਿ ਕੀਰਤਨ ਦੌਰਾਨ ਇਨ੍ਹਾਂ ਵੱਲੋਂ ਕੀਤੀ ਜਾਂਦੀ ਗੁਰਮਤਿ ਅਨੁਸਾਰੀ ਵਿਆਖਿਆ ਬਾਦਲ ਦਲ ਦੇ ਫਿੱਟ ਨਹੀਂ ਬੈਠਦੀ ਇਸ ਲਈ ਉਨ੍ਹਾਂ ਦੀ ਜ਼ਬਾਨ ਬੰਦ ਕਰਵਾਉਣ ਲਈ ਪੰਜ ਗ੍ਰੰਥੀਆਂ ਤੋਂ ਆਕਲ ਤਖ਼ਤ ਦੇ ਨਾਮ ਹੇਠ ਹੁਕਮਨਾਮਾ ਜਾਰੀ ਕਰਵਾ ਦਿੱਤਾ। ਇਸ ਅਖੌਤੀ ਹੁਕਮਨਾਮੇ ਪਿੱਛੋਂ ਵੀ ਪ੍ਰੋ: ਦਰਸ਼ਨ ਸਿੰਘ ਜੀ ਦਾ ਕੀਰਤਨ ਦੇਸ਼ ਵਿਦੇਸ਼ ਦੇ ਬਾਕੀ ਸ਼ਹਿਰਾਂ ਵਾਂਗ ਕਾਨ੍ਹਪੁਰ ਦੀਆਂ ਸੰਗਤਾਂ ਹਰ ਸਾਲ ਕਰਵਾਉਂਦੀਆਂ ਆ ਰਹੀਆਂ ਹਨ ਪਰ ਹਰਵਿੰਦਰ ਸਿੰਘ ਲਾਰਡ ਆਪਣੇ ਗੁਰਦੁਆਰੇ ਵਿੱਚ ਕਰਵਾਉਣ ਤੋਂ ਡਰਨ ਕਾਰਣ ਅਕਾਲੀ ਜਥਾ ਕਾਨ੍ਹਪੁਰ ਖਾਲਸਾ ਹਾਲ ਗੋਬਿੰਦ ਨਗਰ ਵਿਖੇ ਪਿਛਲੇ ਪੰਜ ਸਾਲਾਂ ਤੋਂ ਕਰਵਾਉਂਦਾ ਆ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਹਰਵਿੰਦਰ ਸਿੰਘ ਲਾਰਡ ਵੱਲੋਂ ਪ੍ਰੋਫੈਸਰ ਸਾਹਿਬ ਦਾ ਕੀਰਤਨ ਸੁਣਦਿਆਂ ਦੀਆਂ ਵੀਡੀਓ ਵੀ ਉਨ੍ਹਾਂ ਪਾਸ ਮੌਜੂਦ ਹਨ।
ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਸ: ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਉਸ ਸਮੇਂ ਹਰਵਿੰਦਰ ਸਿੰਘ ਲਾਰਡ ਸਰਨਾ ਤੋਂ ਫਾਇਦਾ ਲੈਂਦਾ ਰਿਹਾ ਹੈ ਤੇ ਮਿਤੀ 14 ਜਨਵਰੀ 2010 ਨੂੰ ਸਰਨਾ ਵੱਲੋਂ ਦਿੱਲੀ ਵਿਖੇ ਸੱਦੀ ਗਈ ਮੀਟਿੰਗ ਵਿੱਚ ਇਸ ਨੇ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਅਲੱਗ ਪਹਿਚਾਨ ਅਤੇ ਸਵੈਮਾਨ ਦਾ ਪ੍ਰਤੀਕ ਹੈ ਜਿਹੜਾ ਕਿ ਪੰਥਕ ਵਿਦਵਾਨਾਂ ਦੀ ਲਗਪਗ ਇੱਕ ਸਦੀ ਦੀ ਸਖਤ ਮਿਹਨਤ ਪਿੱਛੋਂ ਹੋਂਦ ਵਿੱਚ ਆਇਆ ਹੈ। ਕਿਸੇ ਵੀ ਰਾਜਨੀਤਕ ਸੁਆਰਥਾਂ ਦੀ ਪੂਰਤੀ ਲਈ ਇਸ ਵਿੱਚ ਤਬਦੀਲੀਆਂ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਜੋ ਸ਼ਬਦ ਲਾਰਡ ਨੇ ਮੀਟਿੰਗ ਵਿੱਚ ਕਹੇ ਸਨ ਉਨ੍ਹਾਂ ਨੂੰ ਆਪਣੇ ਦਸਖਤਾਂ ਹੇਠ ਲਿਖਤੀ ਪ੍ਰੈੱਸ ਨੋਟ ਸਪੋਕਸਮੈਨ ਅਖ਼ਬਾਰ ਨੂੰ ਭੇਜ ਕੇ ਇਸ ਨੇ ਖ਼ਬਰ ਵੀ ਲਵਾਈ ਸੀ।
ਅਵਤਾਰ ਸਿੰਘ ਮੱਕੜ ਨੇ ਲਾਰਡ ਨੂੰ ਆਪਣੇ ਪੱਖ ਵਿੱਚ ਕਰਨ ਲਈ ਗੁਰੂ ਕੀ ਗੋਲਕ ਵਿੱਚੋਂ 25 ਲੱਖ ਰੁਪਏ ਦੀ ਗ੍ਰਾਂਟ ਇਸ ਲਈ ਜਾਰੀ ਕੀਤੀ ਕਿ ਉਹ ਨਾਨਕਸ਼ਾਹੀ ਕੈਲੰਡਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ (ਕੁ)ਸੋਧਾਂ ਨਾਲ ਸਹਿਮਤ ਹੋ ਜਾਵੇ ਅਤੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਕਾਨ੍ਹਪੁਰ ਵਿੱਚ ਹੋਣ ਤੋਂ ਰੋਕ ਲਵੇ। ਪਿਛਲੇ ਸਾਲ ਇਸ ਨੂੰ ਉਸ ਗਰਾਂਟ ਵਿੱਚੋਂ ਪਹਿਲੀ ਕਿਸ਼ਤ 10 ਲੱਖ ਰੁਪਏ ਮਿਲੇ ਸਨ। ਇਸ ਲਈ ਲਾਰਡ ਨੇ ਨਾ ਹੀ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕੀਤਾ ਅਤੇ ਨਾ ਹੀ ਸਮਰਥਨ। ਕਾਨ੍ਹਪੁਰ ਤੋਂ ਬਾਹਰ ਹੋਣ ਦਾ ਬਹਾਨਾ ਬਣਾ ਕੇ ਇਹ ਉਸ ਦਿਨ ਜਦੋਂ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਹੋਇਆ ਇਹ ਸੰਗਤ ਦੇ ਸਾਹਮਣੇ ਹੀ ਨਹੀਂ ਆਇਆ ਜਦੋਂ ਕਿ ਸ਼੍ਰੀ ਗੁਰੂ ਸਿੰਘ ਸਭਾ ਮਹਾਂਨਗਰ ਦਾ ਪ੍ਰਧਾਨ ਕੁਲਦੀਪ ਸਿੰਘ ਜਿਸ ਨੂੰ ਗਿਆਨੀ ਗੁਰਬਚਨ ਸਿੰਘ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਜੇ ਕਰ ਉਹ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਹੋਣ ਤੋਂ ਰੋਕ ਦੇਵੇ ਤਾਂ ਯੂਪੀ ਵਿੱਚੋਂ ਸ਼੍ਰੋਮਣੀ ਕਮੇਟੀ ਲਈ ਨਾਮਜ਼ਦ ਕੀਤੇ ਜਾਣ ਵਾਲਾ ਮੈਂਬਰ ਨਿਯੁਕਤ ਕਰਵਾ ਦੇਵੇਗਾ। ਮੈਂਬਰੀ ਦੇ ਲਾਲਚ ਹੇਠ ਕੁਲਦੀਪ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਦੋਵਾਂ ਨੇ ਹੀ ਆਪਣਾ ਟਿੱਲ ਦਾ ਜੋਰ ਲਾ ਦਿੱਤਾ ਪਰ ਉਹ ਸਮਾਗਮ ਨਾ ਰੋਕ ਸਕੇ।
ਇਸ ਲਈ ਇਸ ਵਾਰ ਕੁਲਦੀਪ ਸਿੰਘ ਨੂੰ ਕੰਡਮ ਕਰਕੇ ਅਵਤਾਰ ਸਿੰਘ ਮੱਕੜ ਨੇ ਹਰਵਿੰਦਰ ਸਿੰਘ ਲਾਰਡ ਨੂੰ ਅੱਗੇ ਲਾਉਣ ਲਈ ਪਹਿਲਾਂ ਐਲਾਨੀ ਗਈ ਗ੍ਰਾਂਟ ਦੀ ਰਹਿੰਦੀ 15 ਲੱਖ ਦੀ ਕਿਸ਼ਤ ਜਾਰੀ ਕਰ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਦਾ ਨਾਮਜ਼ਦ ਮੈਂਬਰ ਨਿਯੁਕਤ ਕਰਨ ਦਾ ਭਰੋਸਾ ਦੇ ਦਿੱਤਾ। ਸੋ ਲਾਰਡ ਦਾ ਵਿਰੋਧ ਕਿਸੇ ਗੁਰਮਤਿ ਸਿਧਾਂਤ ਜਾਂ ਹੁਕਨਾਮੇ ਨੂੰ ਲਾਗੂ ਕਰਵਾਉਣਾ ਲਈ ਨਹੀਂ ਬਲਕਿ ਗੁਰੂ ਕੀ ਗੋਲਕ ਵਿੱਚੋਂ ਲਏ 25 ਲੱਖ ਰੁਪਏ ਹਜ਼ਮ ਕਰਨ ਅਤੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਹਾਸਲ ਕਰਨ ਲਈ ਹੈ।
ਭਾਈ ਇੰਦਰਜੀਤ ਸਿੰਘ ਨੇ ਹੁਕਨਾਮੇ ਨੂੰ ਲਾਗੂ ਕਰਵਾਉਣ ਪਿੱਛੇ ਚੱਲ ਰਹੀ ਗੰਦੀ ਸਿਅਸਤ ਦੇ ਦਿਲਚਸਪ ਪਹਿਲੂ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਿਛਲੇ ਸਾਲ ਮੈਂਬਰੀ ਦਾ ਭਰੋਸਾ ਕੁਲਦੀਪ ਸਿੰਘ ਨੂੰ ਦਿੱਤੇ ਜਾਣ ਕਰਕੇ ਉਸ ਨੇ ਕੀਰਤਨ ਸਮਾਗਮ ਰੁਕਵਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਪਰ ਲਾਰਡ ਸਮਝ ਚੁੱਕਾ ਸੀ ਕਿ ਜੇ ਇਹ ਕੀਰਤਨ ਸਮਾਗਮ ਰੋਕਣ ਵਿੱਚ ਸਫਲ ਹੋ ਗਿਆ ਤਾਂ ਮੈਂਬਰੀ ਕੁਲਦੀਪ ਸਿੰਘ ਦੀ ਪੱਕੀ ਹੋ ਜਾਵੇਗੀ ਉਸ (ਲਾਰਡ) ਦਾ ਨੰਬਰ ਕੱਟਿਆ ਜਾਵੇਗਾ। ਇਸ ਲਈ ਉਸ ਨੂੰ ਠਿੱਬੀ ਲਾਉਣ ਲਈ ਲਾਰਡ ਅੰਦਰੋਂ ਅੰਦਰ ਚਾਹੁੰਦਾ ਸੀ ਕਿ ਕੀਰਤਨ ਸਮਾਗਮ ਪਹਿਲਾਂ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਹੋਵੇ।
ਪਰ ਇਸ ਵਾਰ ਕੁਲਦੀਪ ਸਿੰਘ ਨੂੰ ਕੰਡਮ ਕਰਕੇ ਹਰਵਿੰਦਰ ਸਿੰਘ ਲਾਰਡ ਨੂੰ ਮੈਂਬਰੀ ਦਾ ਭਰੋਸਾ ਮਿਲ ਜਾਣ ਕਰਕੇ ਇਹ ਸਰਗਰਮ ਹੋ ਗਿਆ ਹੈ ਜਦੋਂ ਕਿ ਕੁਲਦੀਪ ਸਿੰਘ ਅਖ਼ਬਾਰੀ ਬਿਆਨਾਂ ਰਾਹੀਂ ਅਕਾਲੀ ਜਥੇ ਦੇ ਵੀਰਾਂ ਨੂੰ ਆਪਣੇ ਭਰਾ ਦੱਸਣ ਲੱਗ ਪਿਆ ਹੈ। ਕੁਲਦੀਪ ਸਿੰਘ ਵੱਲੋਂ ਕੀਤਾ ਗਿਆ ਇਹ ਇੰਕਸ਼ਾਫ ਕਿ ਪਿਛਲੇ ਸਾਲ ਉਸ ਨੇ ਸਿਰਫ ਇਸ ਲਈ ਵਿਰੋਧ ਕੀਤਾ ਸੀ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਉਸ ਨੂੰ ਹਕਨਾਮਾ ਲਾਗੂ ਕਰਵਾਉਣ ਲਈ ਕਿਹਾ ਸੀ।
ਇਸ ਵਾਰ ਉਨ੍ਹਾਂ ਮੈਨੂੰ ਕੋਈ ਆਦੇਸ਼ ਨਹੀਂ ਦਿੱਤਾ ਇਸ ਲਈ ਉਨ੍ਹਾਂ ਦੀ ਸਭਾ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦੇ ਬਿਆਨ ਅਤੇ ਹਰਵਿੰਦਰ ਸਿੰਘ ਦੇ ਬਦਲੇ ਹੋਏ ਤੇਵਰਾਂ ਤੋਂ ਸਪਸ਼ਟ ਹੈ ਕਿ ਜਿੱਥੇ ਇੱਥੋਂ ਦੇ ਸਿੱਖਾਂ ਨੂੰ ਲੜਾਉਣ ਲਈ ਮੁੱਖ ਜਿੰਮੇਵਾਰ ਅਕਾਲ ਤਖ਼ਤ ਦਾ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਹਨ ਉਥੇ ਇਹ ਹਰਵਿੰਦਰ ਸਿੰਘ ਲਾਰਡ ਵਰਗੇ ਲੋਕ ਇੱਕ ਮੈਂਬਰੀ ਅਤੇ ਗੁਰੂ ਕੀ ਗੋਲਕ ਵਿੱਚੋਂ ਲਈ ਗ੍ਰਾਂਟ ਪਿੱਛੇ ਆਪਣੀ ਜ਼ਮੀਰ ਵੇਚਣ ਵਾਲੇ ਲੋਕ ਹਨ ਜਿਨ੍ਹਾਂ ਨੂੰ ਅਕਾਲ ਤਖ਼ਤ ਦੇ ਹੁਕਨਾਮੇ ਨਾਲ ਕੋਈ ਸਰੋਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਨਪੁਰ ਦੇ ਸਿੱਖ ਇਨ੍ਹਾਂ ਦੀ ਕੁਚਾਲਾਂ ਨੂੰ ਭਲੀਭਾਂਤ ਸਮਝ ਚੁੱਕੇ ਹਨ ਇਸ ਲਈ ਸਿੱਖ ਸੰਗਤਾਂ ਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਅਕਾਲੀ ਜਥੇ ਦੇ ਵੀਰ ਹਰ ਤਰ੍ਹਾਂ ਵਾਂਗ ਇਸ ਵਾਰ ਵੀ ਪੂਰੀ ਚੜ੍ਹਦੀ ਕਲਾ ਨਾਲ ਪ੍ਰੋਗਰਾਮ ਕਰਵਾਉਣਗੇ। ਉਨ੍ਹਾਂ ਕਿਹਾ ਕੀਰਤਨ ਕਰਵਾਉਣ ਲਈ ਸਾਨੂੰ ਪ੍ਰਸ਼ਾਸ਼ਨ ਦੀ ਕਿਸੇ ਵੀ ਮਨਜੂਰੀ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਧਾਰਮਿਕ ਸਮਾਗਮ ਕਰਵਾਉਣਾ ਹਰ ਵਿਅਕਤੀ ਦਾ ਮੁਢਲਾ ਸੰਵਿਧਾਨਕ ਹੱਕ ਹੈ ਜਿਹੜਾ ਕਿ ਅਸੀਂ ਹਾਈ ਕੋਰਟ ਰਾਹੀਂ ਹਾਸਲ ਕਰਾਂਗੇ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਲਾਈ ਜਾਣ ਵਾਲੀ ਦਫਾ 144 ਦਾ ਵੀ ਸਾਡੇ’ਤੇ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਅਸੀਂ ਸਮਾਗਮ ਕਿਸੇ ਖੁਲ੍ਹੇ ਮੈਦਾਨ ਵਿੱਚ ਨਹੀਂ ਬਲਕਿ ਬੰਦ ਹਾਲ ਵਿੱਚ ਕਰਵਾ ਰਹੇ ਹਾਂ ਜਿੱਥੇ ਕਿ ਦਫਾ 144 ਲਾਗੂ ਨਹੀਂ ਹੋਵੇਗੀ। ਜੇ ਗਿਆਨੀ ਗੁਰਬਚਨ ਸਿੰਘ ਵਿੱਚ ਹਿੰਮਤ ਹੈ ਤਾਂ ਉਹ ਸਾਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾਂ ਦੇ ਦੋਸ਼ ਹੇਠ ਪੰਥ ਵਿੱਚੋਂ ਛੇਕ ਕੇ ਵੇਖ ਲਵੇ।
ਹਰਵਿੰਦਰ ਸਿੰਘ ਲਾਰਡ ਦਾ ਪੱਖ ਜਾਨਣ ਲਈ ਉਸ ਦੇ ਮੋਬ: ਫੋਨ ਨੰ: 9984855555’ਤੇ ਸ਼ਾਮੀ 7.12 ਵਜੇ ਸੰਪਰਕ ਕੀਤਾ ਤਾਂ ਉਸ ਨੇ ਸਾਰੀ ਗੱਲ ਸਮਝਣ ਪਿੱਛੋਂ ਕਿਹਾ ਕਿ ਉਹ ਇਸ ਸਮੇਂ ਮੀਟਿੰਗ ਵਿੱਚ ਬੈਠੇ ਹੋਣ ਕਰਕੇ ਅੱਧ ਘੰਟਾ ਪਿੱਛੋਂ ਗੱਲ ਕਰਨਗੇ। ਪਰ ਉਸ ਉਪ੍ਰੰਤ ਲਗਾਤਾਰ ਉਸ ਦੇ ਇਸ ਫੋਨ ਤੋਂ ਇਲਾਵਾ ਦੂਸਰੇ ਫੋਨ ਨੰ: 9336115248 ’ਤੇ ਰਾਤੀ 10.20 ਵਜੇ ਤੱਕ ਫੋਨ ਕਰਦਾ ਰਿਹਾ ਪਰ ਉਸ ਨੇ ਫੋਨ ਹੀ ਨਹੀਂ ਚੁੱਕਿਆ।