ਜੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੋਕਣ ਸਮੇਂ ਕੁਝ ਸਿੱਖ ਮਾਰੇ ਗਏ ਤਾਂ ਅਕਾਲ ਤਖ਼ਤ ਜਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਸਿੱਖਾਂ ਦੀ ਕੀ ਮੱਦਦ ਕਰੇਗਾ: ਅਕਾਲੀ ਜਥਾ ਕਾਨ੍ਹਪੁਰ
• ਨਿਰੰਕਾਰੀਆਂ, ਆਸ਼ੂਤੋਸ਼, ਸਿਰਸਾ ਵਾਲੇ ਵਿਰੁਧ ਜਾਰੀ ਹੁਕਮਨਾਮੇ ਲਾਗੂ ਕਰਵਾਉਣ ਤੋਂ ਕੰਨੀ ਕਤਰਾਉਣ ਵਾਲੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਨੂੰ ਕਿਉਂ ਬਣਾ ਬੈਠੇ ਹਨ ਮੁੱਛ ਦਾ ਸਵਾਲ?
• ਸ਼੍ਰੋਮਣੀ ਕਮੇਟੀ ਪ੍ਰਧਾਨ ਅਕਾਲੀ ਜਥੇ ਦੇ ਇਸ ਸਵਾਲ ਦਾ ਕੋਈ ਜਵਾਬ ਦੇਣ ਲਈ ਤਿਆਰ ਨਹੀਂ
ਬਠਿੰਡਾ, 16 ਫਰਵਰੀ (ਕਿਰਪਾਲ ਸਿੰਘ): ਜਿਸ ਸ਼੍ਰੋਮਣੀ ਕਮੇਟੀ ਨੇ 1978 ਦੇ ਨਿਰੰਕਾਰੀ ਕਾਂਡ ਵਿੱਚ ਸ਼ਹੀਦ ਹੋਏ 8 ਸਿੱਖਾਂ ਅਤੇ 1984 ਵਿੱਚ ਮਾਰੇ ਗਏ ਸੈਂਕੜੇ ਸਿੱਖਾਂ ਨੂੰ ਇੱਕ ਪੈਸੇ ਦੀ ਮੱਦਦ ਨਹੀਂ ਕੀਤੀ ਉਸ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ (ਕੁ)ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਅਤੇ ਪ੍ਰੋ: ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ ਕਰਵਾਉਣ ਲਈ ਸ਼੍ਰੀ ਗੁਰੂ ਸਿੰਘ ਸਭਾ ਲਾਟੂਸ਼ ਰੋਡ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨੂੰ 25 ਲੱਖ ਰੁਪਏ ਦੇ ਕੇ; ਕੀ ਕਾਨ੍ਹਪੁਰ ਦੇ ਹੋਰ ਸਿੱਖਾਂ ਨੂੰ ਮਰਵਾਉਣਾ ਚਾਹੁੰਦਾ ਹੈ। ਇਹ ਸ਼ਬਦ ਅਕਾਲੀ ਜਥਾ ਦੇ ਪ੍ਰਧਾਨ ਭਾਈ ਹਰਚਰਨ ਸਿੰਘ ਅਤੇ ਜੋਇੰਟ ਸਕੱਤਰ ਭਾਈ ਕੰਵਰਪਾਲ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਹੇ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖ਼ਤ ਦੇ ਲੈੱਟਰਪੈਡ ’ਤੇ ਦਫਤਰ ਇੰਚਾਰਜ ਭੂਪਿੰਦਰ ਸਿੰਘ ਦੇ ਦਸਖਤਾਂ ਹੇਠ ਸ਼੍ਰੀ ਗੁਰੂ ਸਿੰਘ ਸਭਾ ਲਾਟੂਸ਼ ਰੋਡ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨੂੰ 14 ਫਰਵਰੀ ਦੀ ਤਰੀਖ ਵਿੱਚ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਹਦਾਇਤ ਕੀਤੀ ਗਈ ਸੀ ਕਿ 22, 23 ਫਰਵਰੀ ਨੂੰ ਹੋਣ ਵਾਲਾ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਨਾ ਹੋਣ ਦਿੱਤਾ ਜਾਵੇ। ਸ਼੍ਰੀ ਲਾਰਡ ਨੇ ਇਹ ਪੱਤਰ ਬੀਤੇ ਦਿਨ ਏਡੀਐੱਮ ਸਿਟੀ ਕਾਨਪੁਰ ਨੂੰ ਸੌਂਪ ਕੇ ਮੰਗ ਕੀਤੀ ਕਿ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਧਮਕੀ ਵੀ ਦਿੱਤੀ ਕਿ ਜੇ ਇਹ ਕੀਰਤਨ ਸਮਾਗਮ ਹੋਇਆ ਤਾਂ ਉਹ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨਗੇ।
ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਲਾਰਡ ਵੱਲੋਂ ਇਹ ਪੱਤਰ ਸੌਂਪੇ ਜਾਣ ਤੋਂ ਤੁਰੰਤ ਪਿੱਛੋਂ ਏਡੀਐੱਮ ਨੇ ਅਕਾਲੀ ਜਥੇ ਦੇ ਅਹੁੱਦੇਦਾਰਾਂ ਨੂੰ ਬੁਲਾਇਆ ਤੇ ਅਕਾਲ ਤਖ਼ਤ ਵੱਲੋਂ ਆਇਆ ਪੱਤਰ ਵਿਖਾ ਕੇ ਵਿਰੋਧੀ ਧਿਰ ਨਾਲ ਸਮਝੌਤਾ ਕਰਨ ਦੀ ਸਲਾਹ ਦਿੱਤੀ। ਅਕਾਲੀ ਜਥੇ ਵੱਲੋਂ ਏਡੀਐੱਮ ਤੋਂ ਮੰਗ ਕੀਤੀ ਗਈ ਕਿ ਕੀਰਤਨ ਸਮਾਗਮ ਦਾ ਵਿਰੋਧ ਕਰਨ ਵਾਲਿਆਂ ਨਾਲ ਤੁਸੀਂ ਆਪਣੀ ਹਾਜਰੀ ਵਿੱਚ ਸਾਡੀ ਮੀਟਿੰਗ ਕਰਵਾਓ। ਜੇ ਉਹ ਸਾਡੇ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਦੇ ਦੇਣਗੇ ਤਾਂ ਅਸੀਂ ਸਮਝੌਤਾ ਕਰਨ ਨੂੰ ਤਿਆਰ ਹਾਂ। ਪਰ ਕਿਉਂਕਿ ਝੂਠਾ ਆਦਮੀ ਕਦੀ ਵੀ ਸੱਚ ਦੀ ਦਲੀਲ ਦਾ ਸਾਹਮਣਾ ਨਹੀਂ ਕਰ ਸਕਦਾ ਇਸ ਲਈ ਸ਼੍ਰੀ ਲਾਰਡ ਅਕਾਲੀ ਜਥੇ ਦੇ ਵੀਰਾਂ ਨਾਲ ਬੈਠ ਕੇ ਗੱਲ ਕਰਨ ਤੋਂ ਭੱਜ ਗਏ। ਹੁਣ ਏਡੀਐੱਮ ਨੇ ਸੋਮਵਾਰ ਨੂੰ ਦੋਵਾਂ ਧਿਰਾਂ ਦੀ ਸਾਂਝੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਅਕਾਲੀ ਜਥੇ ਦੇ ਪ੍ਰਧਾਨ ਸ: ਹਰਚਰਨ ਸਿੰਘ ਤੇ ਜੋਇੰਟ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਸਾਨੂੰ ਪਤਾ ਹੈ ਕਿ ਲਾਰਡ ਸਾਡੇ ਵੱਲੋਂ ਗੁਰਮਤਿ ਅਨੁਸਾਰੀ ਬੋਲੇ ਗਏ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਹੀ ਕਰਨਗੇ ਇਸ ਲਈ ਮੀਡੀਏ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ਼੍ਰੀ ਗੁਰੂ ਸਿੰਘ ਸਭਾ ਪ੍ਰਧਾਨ ਲਾਟੂਸ਼ ਰੋਡ ਕਾਨ੍ਹਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਤੋਂ 3 ਸਵਾਲ ਪੁੱਛਣਾ ਚਾਹੁੰਦੇ ਹਾਂ
1. 1978 ਵਿੱਚ ਅਕਾਲ ਤਖ਼ਤ ਤੋਂ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਕਾਨ੍ਹਪੁਰ ਦੇ ਸਿੱਖ, ਨਿਰੰਕਾਰੀ ਸਮਾਗਮ ਦਾ ਵਿਰੋਧ ਕਰਨ ਗਏ ਤਾਂ ਉਨ੍ਹਾਂ ਵਿੱਚੋਂ 8 ਸਿੱਖ ਸ਼ਹੀਦ ਹੋ ਗਏ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੇ ਸ਼ਹੀਦ ਹੋਏ ਸਿੱਖਾਂ ਦੀ ਅੱਜ ਤੱਕ ਕੋਈ ਸਾਰ ਨਹੀਂ ਲਈ। ਜੇ ਅੱਜ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੋਕਣ ਸਮੇਂ ਕੁਝ ਸਿੱਖ ਮਾਰੇ ਗਏ ਤਾਂ ਅਕਾਲ ਤਖ਼ਤ ਉਨ੍ਹਾਂ ਸਿੱਖਾਂ ਦੀ ਕੀ ਮੱਦਦ ਕਰੇਗਾ?
2. ਸ਼੍ਰੋਮਣੀ ਕਮੇਟੀ ਨੇ ਅੱਜ ਤੱਕ 1978 ਦੇ ਨਿਰੰਕਾਰੀ ਕਾਂਡ ਵਿੱਚ ਸ਼ਹੀਦ ਹੋਏ 8 ਸਿੱਖਾਂ ਦੀ ਕੋਈ ਮਾਲੀ ਮੱਦਦ ਨਹੀਂ ਕੀਤੀ। 1984 ਵਿੱਚ ਕਾਨ੍ਹਪੁਰ ਵਿੱਚ ਸੈਂਕੜੇ ਸਿੱਖ ਗਲ਼ਾਂ ਵਿੱਚ ਟਾਇਰ ਪਾ ਕੇ ਸਾੜੇ ਗਏ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕੋਈ ਦੀ ਸਾਰ ਨਹੀਂ ਲਈ। ਪਰ ਹੁਣ (ਕੁ)ਸੋਧੇ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਅਤੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੋਕਣ ਲਈ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੂੰ 25 ਲੱਖ ਰੁਪਏ ਗੁਰੂ ਕੀ ਗੋਲਕ ਵਿੱਚੋਂ ਦਿੱਤੇ ਗਏ ਹਨ। ਅਵਤਾਰ ਸਿੰਘ ਮੱਕੜ ਦੱਸੇ ਕਿ ਗੁਰੂ ਕੀ ਗੋਲਕ ਵਿੱਚੋਂ ਦੇਸ਼ ਦੇ ਹੋਰਨਾਂ ਗੁਰਦੁਆਰਿਆਂ ਨੂੰ ਗ੍ਰਾਂਟਾਂ ਦੇਣ ਲਈ ਕੀ ਨਿਯਮ ਬਣਾਏ ਹਨ? ਵਣਜਾਰੇ ਸਿੱਖਾਂ ਅਤੇ ਸਿਕਲੀਗਰ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਤੇ ਹੋਰ ਸੰਸਥਾਵਾਂ ਹਨ ਜਿਥੇ ਗੁਰੂ ਕੀ ਗੋਲਕ ਖੁਲ੍ਹੇ ਦਿੱਲ ਨਾਲ ਖਰਚਣ ਦੀ ਲੋੜ ਹੈ ਪਰ ਉਨ੍ਹਾਂ ਨੂੰ ਸਹਾਇਤਾ ਦੇਣ ਸਮੇਂ ਸ਼੍ਰੋਮਣੀ ਕਮੇਟੀ ਦਾ ਹੱਥ ਹਮੇਸ਼ਾਂ ਤੰਗ ਹੀ ਰਹਿੰਦਾ ਹੈ। ਫਿਰ ਉਹ ਦੱਸੇ ਕਿ ਕੀ ਉਸ ਗੁਰਦੁਆਰੇ ਜਿਸ ਕੋਲ ਪਹਿਲਾਂ ਹੀ ਗੁਰੂ ਕੀ ਗੋਲਕ ਦੀ ਕੋਈ ਘਾਟ ਹੈ; ਉਸ ਨੂੰ 25 ਲੱਖ ਰੁਪਏ ਦੀ ਗ੍ਰਾਂਟ 1978 ਵਾਲਾ ਸਾਕਾ ਮੁੜ ਦੁਹਰਾਉਣ ਲਈ ਦਿੱਤੀ ਗਈ ਹੈ।
3. ਅਕਾਲੀ ਤਖ਼ਤ ਤੋਂ ਸੈਂਕੜੇ ਹੁਕਨਾਮੇ ਐਸੇ ਜਾਰੀ ਹੋਏ ਹਨ ਜਿਨ੍ਹਾਂ ’ਤੇ ਅੱਜ ਤੱਕ ਕੋਈ ਅਮਲ ਨਹੀਂ ਹੋਇਆ। ਦਾਲ ਵਿੱਚੋਂ ਦਾਣਾ ਪਰਖਣ ਵਾਂਗ
(ੳ) 29.3.2000 ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਹੁਕਮਨਾਮਾ ਨੰ: ਅ 319/ਏ.ਟੀ.00 ਰਾਹੀਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ ਕਿ (1) ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ। (2) ਗੁਰਦੁਆਰਾ ਐਕਟ ਨੂੰ ਬਣਿਆਂ ਹੋਇਆਂ ਪੌਣੀ ਸਦੀ ਹੋ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿੱਚ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਤੋਂ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।
(ਅ) ਮਿਤੀ 24.4.2002 ਨੂੰ ਹੁਕਨਾਮਾ ਨੰ: ਅ.ਤ./2/1635 ਆਸ਼ੂਤੋਸ਼ ਨੂਰਮਹਿਲੀਏ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਸੀ। ਬੀਬੀ ਸੁਰਿੰਦਰ ਕੌਰ ਬਾਦਲ ਸਮੇਤ ਅਨੇਕਾਂ ਸੀਨੀਅਰ ਅਕਾਲੀ ਆਗੂ ਆਸ਼ੂਤੋਸ਼ ਦੇ ਸਮਾਗਮਾਂ ਦੀ ਹਾਜਰੀ ਭਰਦੇ ਰਹੇ ਹਨ। ਲੁਧਿਆਣਾ ਵਿੱਖੇ ਆਸ਼ੂਤੋਸ਼ ਦਾ ਸਮਾਗਮ ਰੋਕਣ ਗਏ ਸਿੰਘਾਂ ’ਤੇ ਬਾਦਲ ਸਰਕਾਰ ਨੇ ਗੋਲੀ ਚਲਾਈ ਜਿਸ ਵਿਚ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋਇਆ।
(ੲ) ਸਿਰਸਾ ਸਾਧ ਅਤੇ ਨਕਲੀ ਨਿਰੰਕਾਰੀਆਂ ਵਿਰੁੱਧ ਵੀ ਹੁਕਨਾਮਾ ਜਾਰੀ ਹੋਇਆ ਸੀ। ਪਰ ਇਨ੍ਹਾਂ ਦੇ ਸਮਾਗਮ ਸ਼ਰੇਆਮ ਪੰਜਾਬ ਅਤੇ ਇਸ ਤੋਂ ਬਾਹਰ ਦੇ ਸ਼ਹਿਰਾਂ ਵਿੱਚ ਹੋ ਰਹੇ ਹਨ।
(ਸ) ਮਿਤੀ 6.6.2008 ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਹੁਕਮਨਾਮਾ ਨੰ: ਅ.ਤ./08/3143 ਜਾਰੀ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ ਇਸ ਲਈ ਇਸ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ। ਪਰ ਸਿੱਖ ਪੰਥ ਦੇ ਦੋ ਤਖ਼ਤਾਂ, ਦਮਦਮੀ ਟਕਸਾਲ ਅਤੇ ਨਿਹੰਗਾਂ ਦੇ ਗੁਰਦੁਆਰਿਆਂ ਵਿੱਚ ਇਸ ਹੁਕਮਨਾਮੇ ਦੀ ਸ਼ਰੇਆਮ ਉਲੰਘਣਾਂ ਕਰਕੇ ਦਸਮ ਗ੍ਰੰਥ ਬਰਾਬਰ ਪ੍ਰਕਾਸ਼ ਕੀਤਾ ਜਾ ਰਿਹਾ ਹੈ।
ਅਕਾਲ ਤਖ਼ਤ ਵੱਲੋਂ ਕਦੀ ਉਪ੍ਰੋਕਤ ਹੁਕਮਨਾਮਿਆਂ ’ਤੇ ਅਮਲ ਕਰਨ ਲਈ ਇਸ ਤਰ੍ਹਾਂ ਚਿੱਠੀਆਂ ਨਹੀਂ ਲਿਖੀਆਂ ਜਿਸ ਤਰ੍ਹਾਂ ਪ੍ਰੋ: ਦਰਸਨ ਸਿੰਘ ਦੇ ਸਮਾਗਮ ਰੋਕਣ ਲਈ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਕੀ ਗੋਲਕ ਵਿੱਚੋਂ ਖੁਲ੍ਹੇ ਦਿਲ ਨਾਲ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ; ਇਸ ਪਿੱਛੇ ਕੀ ਕਾਰਣ ਹਨ?
ਅਕਾਲੀ ਜਥੇ ਦੇ ਇਨ੍ਹਾਂ ਗੰਭੀਰ ਸਵਾਲਾਂ ਦਾ ਜਵਾਬ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਫੋਨ ਕੀਤਾ ਤਾਂ ਉਹ ਆਊਟ ਆਫ ਰੇਂਜ ਆ ਰਿਹਾ ਸੀ। ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਨ੍ਹਾਂ ਸਵਾਲਾਂ ਦਾ ਮੈਂ ਕੋਈ ਜਵਾਬ ਨਹੀਂ ਦੇਣਾ। ਅਕਾਲ ਤਖ਼ਤ ਦੇ ਸਕੱਤਰੇਤ ਦਾ ਦਫਤਰ ਇੰਚਾਰਜ ਭੂਪਿੰਦਰ ਸਿੰਘ ਨੂੰ ਪੁੱਛਿਆ ਕਿ ਉਸ ਪੱਤਰ ’ਤੇ ਤੁਹਾਡੇ ਦਸਤਖ਼ਤ ਹਨ। ਜੇ ਪ੍ਰੋਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੋਕਦਿਆਂ 1978 ਵਾਲਾ ਕਾਂਡ ਵਰਤ ਗਿਆ ਤਾਂ ਇਸ ਦਾ ਜਿੰੇਵਾਰ ਕੌਣ ਹੋਵੇਗਾ? ਜਵਾਬ ਵਿੱਚ ਉਨ੍ਹਾਂ ਕਿਹਾ ਮੈਂ ਤਾਂ ਇੱਕ ਮੁਲਾਜਮ ਹੁੰਦਿਆਂ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮ ਨੂੰ ਅੱਗੇ ਫਾਰਵਰਡ ਕੀਤਾ ਹੈ। ਬਾਕੀ ਗੱਲਾਂ ਦੇ ਜਵਾਬ ਜਥੇਦਾਰ ਸਾਹਿਬ ਤੋਂ ਲਵੋ। ਅਕਾਲ ਤਖ਼ਤ ਦੇ ਜਥੇਦਾਰ ਦੇ ਪੁੱਤਰ ਅਤੇ ਪੀਏ ਜਸਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਲ ਵੀ ਕੋਈ ਸਪਸ਼ਟ ਜਵਾਬ ਨਹੀਂ ਸੀ। ਉਨ੍ਹਾਂ ਕਿਹਾ ਨਿਰੰਕਾਰੀਆਂ ਅਤੇ ਸਿਰਸਾ ਸਾਧ ਦੀ ਗੱਲ ਛੱਡੋ ਪ੍ਰੋ: ਦਰਸ਼ਨ ਸਿੰਘ ਦੇ ਸਮਾਗਮ ਨਹੀਂ ਹੋਣ ਦੇਣੇ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹੁਣੇ ਹੀ ਜੰਮੂ, ਬਰੇਲੀ, ਦਿੱਲੀ ਆਦਿਕ ਅਨੇਕਾਂ ਸ਼ਹਿਰਾਂ ਵਿੱਚ ਉਨ੍ਹਾਂ ਦੇ ਸਮਾਗਮ ਬਿਨਾਂ ਕਿਸੇ ਵਿਵਾਦ ਦੇ ਹੋਏ ਹਨ। ਕੀ ਇਸ ਕਰਕੇ ਕਿ ਤੁਹਾਨੂੰ ਉਥੇ ਸ਼੍ਰੋਮਣੀ ਕਮੇਟੀ ਦੇ ਨਾਮਜਦ ਮੈਂਬਰ ਲਈ ਉਮੀਦਵਾਰ ਅਤੇ ਗੁਰੂ ਦੀ ਗੋਲਕ ਵਿੱਚੋਂ ਗ੍ਰਾਂਟ ਲੈਣ ਲਈ ਕਾਨ੍ਹਪੁਰ ਦੇ ਕੁਲਦੀਪ ਸਿੰਘ ਜਾਂ ਹਰਵਿੰਦਰ ਸਿੰਘ ਲਾਰਡ ਵਰਗਾ ਕੋਈ ਵਿਅਕਤੀ ਨਹੀਂ ਮਿਲਿਆ? ਜਸਵਿੰਦਰਪਾਲ ਸਿੰਘ ਇਸ ਸਵਾਲ ਦਾ ਵੀ ਕੋਈ ਜਵਾਬ ਨਹੀਂ ਦੇ ਸਕਿਆ। ਇਸ ਉਪ੍ਰੰਤ ਸ਼੍ਰੀ ਗੁਰੂ ਸਿੰਘ ਸਭਾ ਲਾਟੂਸ਼ ਰੋਡ ਕਾਨ੍ਹਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਹੀ ਨਹੀ ਉਠਾਇਆ।
ਸਿੱਖ ਮਸਲੇ
ਜੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੋਕਣ ਸਮੇਂ ਕੁਝ ਸਿੱਖ ਮਾਰੇ ਗਏ ਤਾਂ ਅਕਾਲ ਤਖ਼ਤ ਜਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਸਿੱਖਾਂ ਦੀ ਕੀ ਮੱਦਦ ਕਰੇਗਾ: ਅਕਾਲੀ ਜਥਾ ਕਾਨ੍ਹਪੁਰ
Page Visitors: 2586