ਸਿੱਖ ਮਸਲੇ
ਸਾਬਕਾ ਆਈਏਐੱਸ ਗੁਰਤੇਜ ਸਿੰਘ ਹੋ ਸਕਦੇ ਹਨ ਬਠਿੰਡੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ
Page Visitors: 2508
ਸਾਬਕਾ ਆਈਏਐੱਸ ਗੁਰਤੇਜ ਸਿੰਘ ਹੋ ਸਕਦੇ ਹਨ ਬਠਿੰਡੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ
ਬਠੰਡਾ, 18 ਫਰਵਰੀ (ਕਿਰਪਾਲ ਸਿੰਘ): ਪੰਜਾਬ ਦੀ ਹੋਣੀ ਸਬੰਧੀ ਚਿੰਤਤ ਕੁਝ ਲੋਕਾਂ ਦੀ ਅਵਾਜ਼ ਨੂੰ ਜੇ ਕਰ ਸੱਚ ਮੰਨ ਲਿਆ ਜਾਵੇ ਤਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਰੁਧ ਸਾਬਕਾ ਆਈਏਐੱਸ ਗੁਰਤੇਜ ਸਿੰਘ ਬਠਿੰਡੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਦਰਿਆਈ ਪਾਣੀ ਪੰਜਾਬ ਦੀ ਜਿੰਦ ਜਾਨ ਹਨ। ਕਾਂਗਰਸ ਦੀ ਕੇਂਦਰੀ ਸਰਕਾਰ ਵੱਲੋਂ ਅੰਤਰ-ਰਾਜੀ ਰੀਪੇਰੀਅਨ ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਕੇ ਪੰਜਾਬ ਦਾ ਪਾਣੀ ਧੱਕੇ ਨਾਲ ਹੀ ਹਰਿਆਣਾ ਨੂੰ ਦੇਣ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਤਲੁਜ-ਯਮੁਨਾ ਲਿੰਕ ਨਹਿਰ ਪੁੱਟਣ ਲਈ 1982 ਵਿੱਚ ਕਪੂਰੀ ਪਿੰਡ ਵਿਖੇ ਟੱਕ ਲਾਇਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਜਾਬ ਅਤੇ ਖਾਸ ਕਰਕੇ ਕਿਸਾਨ ਹਿੱਤਾਂ ਦੀ ਹਾਮੀ ਭਰਨ ਦਾ ਦਮ ਭਰਦਾ ਹੈ; ਅਤੇ ਉਸ ਸਮੇਂ ਇਹ ਵਿਰੋਧੀ ਧਿਰ ਵਿੱਚ ਸੀ; ਨੇ ਇਸ ਨਹਿਰ ਨੂੰ ਰੋਕਣ ਲਈ ਨਹਿਰ ਰੋਕੋ ਕਪੂਰੀ ਮੋਰਚਾ ਲਾ ਦਿੱਤਾ ਸੀ। ਹੌਲੀ ਹੌਲੀ ਇਹ ਮੋਰਚਾ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ ਜਿਸ ਦਾ ਅੰਤ ਬਲਿਯੂ ਸਟਾਰ ਅਪਰੇਸ਼ਨ ਅਤੇ ਦਿੱਲੀ ਵਿੱਚ ਸਿੱਖਾਂ ਦੇ ਵੱਡੇ ਪੱਧਰ 'ਤੇ ਕਤਲੇਆਮ ਵਿੱਚ ਨਿਕਲਿਆ। ਇਸ ਉਪ੍ਰੰਤ ਰੋਸ ਵਜੋਂ ਪੰਜਾਬ ਵਿੱਚ ਇੱਕ ਦਹਾਕੇ ਤੱਕ ਖੂਨੀ ਦੌਰ ਚਲਦਾ ਰਿਹਾ ਜਿਸ ਦੇ ਦਬਾਅ ਹੇਠ ਬੇਸ਼ੱਕ ਐੱਸਵਾਈਐੱਲ ਨਹਿਰ ਤਾਂ ਰੁਕ ਗਈ ਪਰ ਹਿੰਦੂ ਭਾਈਚਾਰੇ ਸਮੇਤ ਸਮੁੱਚੇ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨੂੰ ਪੂਰੇ ਹੀ ਦੇਸ਼ ਵਿੱਚ ਇਸ ਦੀ ਭਾਰੀ ਕੀਮਤ ਚੁਕਵਾਉਣੀ ਪਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਤਨਾ ਵੱਡਾ ਜਾਨੀ, ਮਾਲੀ ਅਤੇ ਕੌਮ ਦੀ ਆਣ-ਸ਼ਾਨ ਦਾ ਨੁਕਸਾਨ ਕਰਵਾਉਣ ਬਾਅਦ ਭਾਜਪਾ ਨਾਲ ਗਠਜੋੜ ਕਰਕੇ ਸਤਾ ਦੀ ਕੁਰਸੀ 'ਤੇ ਬੈਠਦਿਆਂ ਸਾਰ ਹੀ ਸ: ਪ੍ਰਕਾਸ਼ ਸਿੰਘ ਬਾਦਲ ਪਾਣੀਆਂ ਦੇ ਮੁੱਦੇ ਨੂੰ ਬਿਲਕੁਲ ਵਿਸਾਰ ਹੀ ਨਹੀਂ ਬੈਠਾ ਸਗੋਂ ਜਿਹੜਾ ਕੰਮ ਇੰਦਰਾ ਗਾਂਧੀ ਵੱਲੋਂ ਕਰਨ 'ਤੇ ਉਸ ਦੇ ਵਿਰੋਧ ਵਿੱਚ ਮੋਰਚੇ ਲਾਏ ਸੀ ਉਹ ਕੰਮ ਚੁੱਪ ਚੁਪੀਤੇ ਹੀ ਹੁਣ ਨਰਿੰਦਰ ਮੋਦੀ ਤੋਂ ਕਰਵਾਉਣ ਜਾ ਰਿਹਾ ਹੈ। ਇਸ ਦਾ ਸਪਸ਼ਟ ਸੰਕੇਤ ਦਿੰਦਿਆਂ 2009 ਦੀਆਂ ਲੋਕ ਸਭਾ ਦੀਆਂ ਚੋਣਾਂ ਮੌਕੇ ਲੁਧਿਆਣਾ ਵਿਖੇ ਐੱਨਡੀਏ ਦੀ ਹੋਈ ਮਹਾਂ ਚੋਣ ਰੈਲੀ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਹੀ ਇੱਥੋਂ ਸ਼ੁਰੂ ਕੀਤਾ ਸੀ ਕਿ ਜਿਸ ਸਮੇਂ ਕੇਂਦਰ ਵਿੱਚ ਵਾਜਪਾਈ ਦੀ ਸਰਕਾਰ ਸੀ ਤਾਂ ਦੇਸ਼ ਦੇ ਸਾਰੇ ਦਰਿਆਵਾਂ ਨੂੰ ਜੋੜਨ ਦੀ ਪਲੈਨ ਬਣਾਈ ਗਈ ਸੀ ਜਿਸ 'ਤੇ ਕਾਫੀ ਕੰਮ ਵੀ ਹੋ ਚੁੱਕਾ ਸੀ। ਮੋਦੀ ਨੇ ਇੰਕਸ਼ਾਫ ਕੀਤਾ ਸੀ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਪਲੈਨ ਨੂੰ ਸਿਰੇ ਚਾੜ੍ਹਨ ਲਈ ਹਾਮੀ ਭਰ ਦਿੱਤੀ ਸੀ; ਪਰ ਬਦਕਿਸਮਤੀ ਨਾਲ 2004 ਦੀਆਂ ਚੋਣਾਂ ਵਿੱਚ ਸਾਡਾ ਗਠਜੋੜ ਹਾਰ ਜਾਣ ਕਾਰਣ ਸਰਕਾਰ ਟੁੱਟ ਗਈ ਤੇ ਸਾਰੇ ਦਰਿਆਵਾਂ ਨੂੰ ਜੋੜਨ ਦਾ ਕੰਮ ਅਧੂਰਾ ਰਹਿ ਗਿਆ। ਉਨ੍ਹਾਂ ਕਿਹਾ ਜੇ ਹੁਣ ਸਾਡੀ ਸਰਕਾਰ ਬਣ ਗਈ ਤਾਂ ਇਸ ਕੰਮ ਨੂੰ ਪਹਿਲ ਦੇ ਅਧਾਰ 'ਤੇ ਕਰਾਂਗੇ। ਪੰਜਾਬ ਦੇ ਚੰਗੇ ਭਾਗ ਹੀ ਸਮਝੋ ਕਿ 2009 ਵਿੱਚ ਤਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨਾ ਬਣ ਸਕੀ ਪਰ ਭਾਜਪਾ ਅਤੇ ਇਸ ਦੀਆਂ ਸਾਥੀ ਪਾਰਟੀਆਂ ਦੀ ਸੋਚ ਵਿੱਚ ਹਾਲੀ ਵੀ ਕੋਈ ਤਬਦੀਲੀ ਨਹੀਂ ਆਈ। ਖੇਤੀਬਾੜੀ ਵਿਕਾਸ ਦੇ ਨਾਮ 'ਤੇ ਚਪੜਚਿੜੀ ਵਿਖੇ ਚੱਲ ਰਹੇ ਚਾਰ ਰੋਜ਼ਾ ਕਿਸਾਨ ਸੰਮੇਲਨ ਦੇ ਪਹਿਲੇ ਦਿਨ ਸ: ਬਾਦਲ ਦੇ ਸੱਦੇ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ (ਮੱਧ ਪ੍ਰਦੇਸ਼), ਰਮਨ ਸਿੰਘ (ਛਤੀਸਗੜ੍ਹ) ਅਤੇ ਤੇਲਗੂਦੇਸਮ ਦੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਪ੍ਰਕਾਸ਼ ਸਿੰਘ ਦੀ ਹਾਜਰੀ 'ਚ ਦੇਸ਼ ਦੇ ਦਰਿਆਵਾਂ ਨੂੰ ਜੋੜਨ ਦੀ ਵਕਾਲਤ ਕੀਤੀ। ਸ਼ਿਵਰਾਜ ਚੌਹਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਸਾਡੀ ਸਰਕਾਰ ਕੇਂਦਰ ਵਿੱਚ ਆਈ ਤਾਂ ਪਹਿਲਾ ਕੰਮ ਦਰਿਆਵਾਂ ਨੂੰ ਜੋੜਨ ਦਾ ਕੀਤਾ ਜਾਵੇਗਾ। ਸਤਲੁਜ ਨੂੰ ਯਮੁਨਾ ਨਾਲ ਜੋੜਨ ਤੋਂ ਰੋਕਣ ਲਈ ਮੋਰਚੇ ਲਾਉਣ ਵਾਲਾ ਸ: ਬਾਦਲ ਪਹਿਲਾਂ ਲੁਧਿਆਣਾ ਅਤੇ ਹੁਣ ਚਪੜਚਿੜੀ ਵਿਖੇ ਇਸ ਪੰਜਾਬ ਵਿਰੋਧੀ ਸਕੀਮ ਨੂੰ ਖਾਮੋਸ਼ ਹੋ ਕਿ ਸੁਣਦਾ ਰਿਹਾ ਜਿਸ ਦਾ ਭਾਵ ਹੈ ਕਿ ਉਹ ਭਾਜਪਾਈਆਂ ਨਾਲ ਪਤੀ ਪਤਨੀ ਦਾ ਰਿਸ਼ਤਾ ਕਾਇਮ ਕਰਨ ਪਿੱਛੋਂ ਕੁਰਸੀ'ਤੇ ਸਦਾ ਲਈ ਬੈਠੇ ਰਹਿਣ ਲਈ ਪੰਜਾਬ ਦੀ ਮੌਤ ਦੇ ਵਰੰਟ 'ਤੇ ਖੁਦ ਹੀ ਦਸਤਖਤ ਕਰਨ ਲਈ ਤਿਆਰ ਬੈਠਾ ਹੈ। ਪਹਿਰੇਦਾਰ ਦੇ ਮੁੱਖ ਸੰਪਾਦਕ ਸ: ਜਸਪਾਲ ਸਿੰਘ ਹੇਰਾਂ ਨੇ ਅੱਜ ਦੇ ਅੰਕ ਦੇ ਮੁੱਖ ਪੰਨੇ 'ਤੇ ਲਿਖੀ ਸੰਪਾਦਕੀ ਵਿੱਚ ਵੀ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਜੇ ਪੰਜਾਬ ਦੇ ਰਹਿੰਦੇ ਢਾਈ ਕੁ ਦਰਿਆਵਾਂ ਨੂੰ ਵੀ ਦੇਸ਼ ਦੇ ਬਾਕੀ ਦਰਿਆਵਾਂ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੀ ਤਬਾਹੀ ਪੱਕੀ ਹੈ। ਕੱਲ ਦੇ ਅਖਬਾਰਾਂ ਦੀਆਂ ਖ਼ਬਰਾਂ ਅਤੇ ਸ: ਹੇਰਾਂ ਦੀ ਅੱਜ ਦੀ ਸੰਪਾਦਕੀ ਪੜ੍ਹਨ ਉਪ੍ਰੰਤ ਪੰਜਾਬ ਦੇ ਖੇਤੀ ਕਿੱਤੇ ਨਾਲ ਜੁੜੇ ਮਾਹਰ ਅਤੇ ਕਿਸਾਨ ਭਾਰੀ ਚਿੰਤਾ ਵਿੱਚ ਹਨ। ਉਨ੍ਹਾਂ ਸੁਝਾਉ ਦਿੱਤਾ ਹੈ ਕਿ ਅਕਾਲੀ ਭਾਜਪਾ ਦੇ ਇਹ ਮਨਸੂਬੇ ਫੇਲ੍ਹ ਕਰਨ ਲਈ ਪੰਜਾਬ ਦੇ ਸਮੁੱਚੇ ਅਕਾਲੀ-ਭਾਜਪਾ ਉਮੀਦਵਾਰਾਂ ਅਤੇ ਖਾਸ ਕਰਕੇ ਸ: ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਪੰਜਾਬ ਦੀ ਮੁੱਖ ਲੋੜ ਹੈ। ਰਾਜਨੀਤੀ ਵਿੱਚ ਸਮਝ ਰੱਖਣ ਵਾਲਿਆਂ ਦਾ ਸੁਝਾਉ ਹੈ ਕਿ ਜੇ ਸਾਬਕਾ ਆਈਏਐੱਸ ਗੁਰਤੇਜ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਸੰਭਵ ਹੋ ਸਕਦਾ ਹੈ ਕਿਉਂਕਿ ਗੁਰਤੇਜ ਸਿੰਘ ਇੱਕ ਵਿਦਵਾਨ ਹੋਣ ਦੇ ਨਾਤੇ ਪੰਜਾਬ ਲਈ ਪਾਣੀ ਦੀ ਲੋੜ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਦਾ ਹੈ। ਬੀਤੇ ਸਮੇਂ ਵਿੱਚ ਉਨ੍ਹਾਂ ਨੇ ਇਸ ਸਬੰਧ ਵਿੱਚ ਕਈ ਸੈਮੀਨਾਰ ਵੀ ਕਰਵਾਏ ਸਨ ਇਸ ਲਈ ਉਹ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਾ ਸਕਦੇ ਹਨ ਕਿ ਪੰਜਾਬ ਦੇ ਦਰਿਆਵਾਂ ਨੂੰ ਦੇਸ਼ ਦੇ ਦਰਿਆਵਾਂ ਨਾਲ ਜੋੜਨ ਨਾਲ ਸਮੁਚੇ ਪੰਜਾਬ ਅਤੇ ਖਾਸ ਕਰਕੇ ਮਾਲਵਾ ਅਤੇ ਮਾਲਵਾ ਵਿੱਚੋਂ ਵੀ ਵਿਸ਼ੇਸ਼ ਤੌਰ 'ਤੇ ਬਠਿੰਡਾ ਹਲਕਾ ਅਧੀਨ ਪੈਂਦੇ ਜਿਲ੍ਹਾ ਬਠਿੰਡਾ, ਮਾਨਸਾ ਅਤੇ ਲੰਬੀ ਹਲਕੇ ਦੀ ਖੇਤੀ ਉਪਰ ਇਸ ਦੇ ਕੀ ਮਾੜੇ ਪ੍ਰਭਾਵ ਪੈ ਸਕਦੇ। ਇਸ ਨਾਲ ਸਿਰਫ ਕਿਸਾਨ ਹੀ ਤਬਾਹ ਹੀ ਨਹੀਂ ਹੋਣਗੇ ਸਗੋਂ ਖੇਤੀ ਮਜਦੂਰ ਤੇ ਵਪਾਰ ਨਾਲ ਜੁੜਿਆ ਭਾਈਚਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਰੁਜ਼ਗਾਰ ਅਤੇ ਵਾਪਾਰ ਤਾਂ ਹੀ ਚੱਲੇਗਾ ਜੇ ਕਰ ਇੱਥੋਂ ਦੇ ਕਿਸਾਨਾਂ ਕੋਲ ਖ੍ਰੀਦਣ ਦੀ ਸ਼ਕਤੀ ਬਚੇਗੀ। ਜਿਸ ਤਰ੍ਹਾਂ ਅਕਾਲੀ-ਭਾਜਪਾਈਆਂ ਦੀ ਬਦਨੀਤੀ ਸਬੰਧੀ ਸੁਚੇਤ ਪੰਜਾਬੀਆਂ ਨੇ ਸੋਚਣਾਂ ਸ਼ੁਰੂ ਕੀਤਾ ਹੈ ਅਤੇ ਕਈਆਂ ਨੇ ਸ: ਗੁਰਤੇਜ ਸਿੰਘ ਨੂੰ ਇਸ ਸਬੰਧੀ ਸਪੰਰਕ ਕਰਨਾ ਵੀ ਸ਼ੁਰੂ ਕੀਤਾ ਹੈ ਉਸ ਨੂੰ ਵੇਖ ਕੇ ਲਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਗੁਰਤੇਜ ਸਿੰਘ ਨੂੰ ਟਿਕਟ ਦੇ ਦਿੱਤੀ ਤਾਂ ਉਹ ਇੱਥੋਂ ਮਜਬੂਤ ਉਮੀਦਵਾਰ ਵਜੋਂ ਉੱਭਰ ਸਕਦੇ ਹਨ।