“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24
ਅਜੋਕੇ ਸਮੇਂ ਇੱਕ ਵੱਖਰੀ ਕਿਸਮ ਦੀ ਸੋਚ ਆਧਾਰਿਤ ਗੁਰਬਾਣੀ ਦੇ ਅਰਥ ਘੜਕੇ, ਗੁਰਮਤਿ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ।ਓਪਰੀ ਨਜ਼ਰੇ ਤਾਂ ਬੇਸ਼ੱਕ ਇਨ੍ਹਾਂ ਲੋਕਾਂ ਦੀਆਂ ਗੱਲਾਂ ਬਹੁਤ ਵਧੀਆ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੱਚ ਦੇ ਨੇੜੇ ਲੱਗਦੀਆਂ ਹਨ।ਪਰ ਅਸਲ ਵਿੱਚ ਨਾ ਤਾਂ ਇਹ ਗੁਰਮਤਿ ਦੇ ਸੱਚ ਦੇ ਨੇੜੇ ਹਨ ਅਤੇ ਨਾ ਹੀ ਵਿਗਿਆਨਕ ਸੱਚ ਦੇ ।
ਇਹੀ ਕਾਰਣ ਹੈ ਕਿ ਨਾਂ ਤਾਂ ਇਹ ਲੋਕ ਸਾਧੂ ਬੀਨਿੰਗ ਵਰਗੇ ਨਾਸਤਿਕਾਂ ਦੀ ਤਸੱਲੀ ਕਰ ਪਾਉਂਦੇ ਹਨ ਅਤੇ ਨਾ ਹੀ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਕੇ ਗੁਰਮਤਿ ਦੇ ਅਧਿਆਤਮਕ ਪੱਖੋਂ ਸਹੀ ਜਵਾਬ ਦੇ ਪਾਉਂਦੇ ਹਨ।ਇਸ ਤਰ੍ਹਾਂ ਆਸਤਿਕ ਅਤੇ ਨਾਸਤਿਕ ਸੋਚ ਦੇ ਵਿਚਾਲੇ ਲਟਕਦੇ ਹੋਏ, ਇਹ ਲੋਕ ਗੁਮਰਾਹ ਕਰਕੇ ਸਿੱਖ ਜਗਤ ਨੂੰ ਸਹੀ ਸੇਧ ਦੇਣ ਦੇ ਬਜਾਏ ਉਲਟਾ ਨੁਕਸਾਨ ਹੀ ਪਹੁੰਚਾ ਰਹੇ ਹਨ ।
ਚਾਹੀਦਾ ਤਾਂ ਇਹ ਹੈ ਕਿ, ਪਹਿਲਾਂ ਇਹ ਲੋਕ ਗੁਰਬਾਣੀ ਦੇ ਅਧਿਆਤਮਕ ਪੱਖ ਨੂੰ ਡੁੰਘਾਈ ਅਤੇ ਇਮਾਨਦਾਰੀ ਨਾਲ ਸਟਡੀ ਕਰਨ ਤਾਂ ਆਪਣੇ ਆਪ ਇਨ੍ਹਾਂਨੂੰ ਪਤਾ ਲੱਗ ਜਾਏਗਾ ਕਿ ਸੰਸਾਰ ਤੇ ਵਰਤਦਾ ਦਿਸਦਾ ਸਿਰਫ ਭੌਤਿਕ ਵਰਤਾਰਾ ਹੀ ਨਹੀਂ ਇਸ ਭੌਤਿਕ ਵਰਤਾਰੇ ਦੇ ਪਿੱਛੇ ਬਹੁਤ ਕੁਝ ਪਰਾ-ਭੌਤਿਕ ਵੀ ਚੱਲ ਰਿਹਾ ਹੈ । ਪਰ ਇਸ ਸਭ ਦੇ ਲਈ ਬੜੀ ਸੂਖਮ ਦ੍ਰਿਸ਼ਟੀ ਅਤੇ ਗਹਿਰੀ ਸੋਚ ਦੀ ਲੋੜ ਹੈ । ਓਪਰੀ ਨਜ਼ਰੇ ਤਾਂ ਸੰਸਾਰ ਤੇ ਵਰਤਦਾ ਭੌਤਿਕ ਵਰਤਾਰਾ ਵਰਦਾ ਹੀ ਨਜ਼ਰ ਆਉਂਦਾ ਹੈ ਅਤੇ ਅਧੂਰੇ ਗਿਆਨ ਦੇ ਜਰੀਏ ਪ੍ਰਚਾਰੀ ਜਾ ਰਹੀ ਗੁਰਮਤਿ ਨਾਲ ਗੁਰਮਤਿ ਦਾ ਘਾਣ ਹੀ ਹੋ ਰਿਹਾ ਹੈ।ਵਿਗਿਆਨ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਜੇ ਇਨ੍ਹਾਂ ਲੋਕਾਂ ਨੂੰ ਗੁਰਮਤਿ ਦੇ ਕੁੱਝ ਸਿਧਾਂਤ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ, ਤਾਂ ਗੁਰਬਾਣੀ ਦੇ ਅਰਥ ਆਪਣੀ ਸੋਚ ਮੁਤਾਬਕ ਘੜਨ ਦਾ ਇਨ੍ਹਾਂਨੂੰ ਕੋਈ ਹੱਕ ਨਹੀਂ ।
ਇਨ੍ਹਾਂ ਦੇ ਪਰਚਾਰ ਵਿੱਚੋਂ ਨਾਸਤਿਕਤਾ ਸਾਫ ਝਲਕਾਂ ਮਾਰਦੀ ਨਜ਼ਰ ਆ ਜਾਂਦੀ ਹੈ।ਅਤੇ ਇਨ੍ਹਾਂ ਦੀਆਂ ਵਿਆਖਿਆਵਾਂ ਤੋਂ ਉਪਜੇ ਸਵਾਲਾਂ ਦੇ ਜਵਾਬ ਪੁੱਛੇ ਜਾਣ ਤੇ ਇਨ੍ਹਾਂ ਕੋਲ ਜਵਾਬ ਕੋਈ ਨਹੀਂ ਹੁੰਦੇ ਪਰ ਵਿਸ਼ੇ ਤੋਂ ਖੁੰਝਾ ਕੇ ਹੋਰ ਹੋਰ ਗੱਲਾਂ ਘੜਨ’ਚ ਇਹ ਲੋਕ ਮਾਹਰ ਹਨ।ਗੁਰਮਤਿ ਪ੍ਰੇਮੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਅਤੇ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਡੇਰਿਆਂ ਦੀ ਭੇਟ ਚੜ੍ਹੇ ਸਿੱਖਾਂ ਤੋਂ ਬਚਿਆ ਬਾਕੀ ਹਿੱਸਾ ਇਨ੍ਹਾਂ ਨਾਸਤਿਕ ਬਾਬਿਆਂ ਦੀ ਭੇਟ ਚੜ੍ਹ ਜਾਏਗਾ ।
ਗੁਰਮਤਿ ਅਨੁਸਾਰ ਆਤਮਾ, ਆਵਾਗਵਣ, ਕਰਮ ਸਿਧਾਂਤ ਕੀ ਹੈ ਇਸ ਸੰਬੰਧੀ ਯੂ ਟਿਊਬ ਤੇ ਇਕ ਗਿਆਨੀ ਜੀ ਦਾ ਇੰਟਰਵਿਊ ਕਿਸ਼ਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਕਿਸੇ ਕਾਰਣ ਯੂ ਟਿਊਬ ਦੇ ਉਸ ਇੰਟਰਵਿਊ ਦਾ ਲਿੰਕ ਇੱਥੇ ਨਹੀਂ ਪਾਇਆ ਜਾ ਸਕਦਾ, ਪਰ ‘ਲਾਇਫ ਐਡ ਡੈਥ ਬਾਇ ….’ ਭਰ ਕੇ ਥੋੜ੍ਹੀ ਸਰਚ ਕਰਨ ਤੇ ਲਿੰਕ ਲੱਭਿਆ ਜਾ ਸਕਦਾ ਹੈ । ਇੰਟਰਵਿਊ ਵਿੱਚ ਗਿਆਨੀ ਜੀ ਵੱਲੋਂ ਦਿੱਤੇ ਜਾ ਰਹੇ ਵਿਚਾਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਗਿਆਨੀ ਜੀ ਅਨੁਸਾਰ ਰੱਬ ਕੋਈ ਨਹੀਂ, ਜੋ ਕੁਝ ਸੰਸਾਰ ਤੇ ਹੋ ਰਿਹਾ ਹੈ ਸਭ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ, ਚੰਗੀ ਮਾੜੀ ਸੋਚ ਅਧੀਨ ਕੀਤੇ ਚੰਗੇ ਮਾੜੇ ਕਰਮਾਂ ਸੰਬੰਧੀ ਰੱਬ ਦਾ ਕੋਈ ਦਖਲ ਨਹੀਂ । ਦੂਸਰੇ ਸ਼ਬਦਾਂ ਵਿੱਚ ਇਨ੍ਹਾਂ ਮੁਤਾਬਕ ਰੱਬ ਦੀ ਕੋਈ ਹੋਂਦ ਨਹੀਂ ।
ਇੰਟਰਵਿਊ ਪ੍ਰਸਤੁਤ ਕਰਤਾ ਹੋਸਟ ਜੀ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਦਰਸ਼ਕਾਂ ਦੇ ਵੀ ਜੇ ਕੋਈ ਸਵਾਲ ਹੋਣ ਤਾਂ ਪੁੱਛ ਸਕਦੇ ਹੋ । ਸੋ ਇੰਟਰਵਿਊ ਦੀ ਪਹਿਲੀ ਕਿਸ਼ਤ ਦੇ ਆਧਾਰ ਤੇ ਮੈਂ ਹੋਸਟ ਜੀ ਨੂੰ ਪੱਤਰ ਲਿਖਕੇ ਕੁਝ ਸਵਾਲ ਪੁੱਛੇ ਸਨ । ਪਰ ਮੇਰੇ ਸਵਾਲਾਂ ਦੇ ਜਵਾਬ ਨਾ ਮਿਲਣ ਤੇ ਮੈਂ ਹੋਰ ਵੀ ਪੱਤਰ ਲਿਖੇ ਸਨ । ਗਿਆਨੀ ਜੀ ਦੇ ਵਿਚਾਰਾਂ ਅਤੇ ਮੇਰੇ ਪੱਤਰਾਂ ਦੇ ਜਰੀਏ ਜੋ ਵਿਚਾਰ ਵਟਾਂਦਰਾ ਹੋਇਆ (ਅਤੇ ਯੂ ਟਿਊਬ ਤੇ ਹਾਲੇ ਵਿਚਾਰ ਜਾਰੀ ਹਨ) ਉਸ ਆਧਾਰ ਤੇ ਮੈਂ ਆਪਣੇ ਵਿਚਾਰ ਦੇ ਰਿਹਾ ਹਾਂ:-
ਹੋਸਟ ਸ: … ਸਿੰਘ ਜੀ! ਪੱਤਰ-1
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵਿਸ਼ਾ- ਜੰਮਣ-ਮਰਨ, ਆਵਾਗਵਣ ਵਿਸ਼ੇ ਤੇ ਗਿਆਨੀ ਜ: ਸਿੰਘ ਜੀ ਵੈਨਕੂਵਰ ਨਾਲ ਹੋਏ ਇੰਟਰਵਿਊ ਬਾਰੇ ।
ਵੀਰ ਜੀ! ਗੁਰਬਾਣੀ ਕਹਿੰਦੀ ਹੈ ਕਿ ਜੀਅ ਜੰਤ ਸਭ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ-
“ਜੀਅ ਜੰਤ ਸਭਿ ਤੁਧੁ ਉਪਾਏ॥ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ॥ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ॥” (ਪੰਨਾ-103)
“ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਇਐ॥” (ਪੰਨਾ-748)
“ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ॥” (ਪੰਨਾ-918)
ਜੇ ‘ਆਵਾਗਵਣ’ (ਇਸ ਜਨਮ ਤੋਂ ਅਗਲਾ ਪਿਛਲਾ ਕੋਈ ਜਨਮ) ਨਹੀਂ ਹੈ ਅਤੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ, ਅਤੇ ਇਹ ਸਰੀਰ ਖਤਮ ਹੋਣ ਨਾਲ ਇਸ ਸਰੀਰ ਨਾਲ ਸੰਬੰਧਤ ਸਭ ਕੁਝ ਖ਼ਤਮ ਹੋ ਜਾਂਦਾ ਹੈ ਤਾਂ-
ਸਵਾਲ ਪੈਦਾ ਹੁੰਦਾ ਹੈ ਕਿ ਜੀਅ ਜੰਤ ਪੈਦਾ ਕਰਨ ਵਾਲੇ ਕਰਤਾਰ ਨੇ ਹੋਰ ਦੂਸਰੇ ਜੀਵ ਜੰਤਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ ਹੈ ? ਹੋਰ ਜੀਵਾਂ ਨਾਲ ਵਿਤਕਰਾ ਕਿਉਂ ਕੀਤਾ ਹੈ ? ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾ ਦਿੱਤਾ । ਮਨੁੱਖ ਦੀ ਏਨੀ ਤਰਫਦਾਰੀ ਕਿਉਂ ? ਕਿਸੇ ਜੀਵ ਨੂੰ ਵਿਸ਼ਟਾ ਦਾ ਕੀੜਾ ਬਣਾ ਦਿੱਤਾ । ਕਿਸੇ ਨੂੰ ਮਨੁੱਖਾ ਜਨਮ ਵਾਲੀ ਉੱਚਤਮ ਜੂਨ ਬਖਸ਼ ਦਿੱਤੀ । ਇਹ ਭੇਦ-ਭਾਵ ਕਿਉਂ ? ਕੀ ਉਸ ਦਾ ਨਿਆਉਂ ਸੱਚਾ ਨਹੀਂ ਹੈ ?
- ਕੋਈ ਵਹਿਸ਼ੀ ਦਰਿੰਦਾ ਕਿਸੇ ਛੋਟੀ ਜਿਹੀ ਮਾਸੂਮ ਬੱਚੀ ਨਾਲ ਕੁਕਰਮ ਕਰ ਦਿੰਦਾ ਹੈ । ਇਸ ਬਾਰੇ ਆਵਾਗਮਨ ਨੂੰ ਨਾ ਮੰਨਣ ਵਾਲੇ ਕਹਿ ਦਿੰਦੇ ਹਨ ਕਿ ਐਸੇ ਦਰਿੰਦੇ ਨੂੰ ਆਪੇ ਕਾਨੂੰਨ ਸਜ਼ਾ ਦੇਵੇਗਾ । ਪਰ ਜੇ ਐਸਾ ਦਰਿੰਦਾ ਕਾਨੂੰਨ ਦੀ ਪਕੜ’ਚ ਆਣੋਂ ਬਚ ਜਾਂਦਾ ਹੈ, ਜਾਂ ਕਿਸੇ ਤਰੀਕੇ ਨਾਲ ਕਾਨੂੰਨ ਦੀ ਸਜ਼ਾ ਪਾਣੋਂ ਬਚ ਜਾਂਦਾ ਹੈ, ਤਾਂ ਫੇਰ ਕੀ ? ਕੀ ਐਸੇ ਕੰਮ ਵਿੱਚ ਪ੍ਰਭੂ ਦਾ ਕੋਈ ਦਖ਼ਲ ਹੈ ਜਾਂ ਨਹੀਂ ? ਕੀ ਐਸੇ ਦਰਿੰਦੇ ਨੂੰ ਦੇਸ਼ ਜਮਾਜ ਵੱਲੋਂ ਜਾਂ ਪ੍ਰਭੂ ਵੱਲੋਂ ਇਸੇ ਜਨਮ ਵਿੱਚ ਕਦੇ ਕਿਸੇ ਰੂਪ ਵਿੱਚ ਸਜ਼ਾ ਮਿਲੇਗੀ ਜਾਂ ਨਹੀਂ ? ਸਨ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕਿਸੇ ਸਰਕਾਰੀ ਕਾਨੂੰਨ ਨੇ ਸਜ਼ਾ ਨਹੀਂ ਦਿੱਤੀ । ਗਿਆਨੀ ਜੀ ਮੁਤਾਬਕ ਇਸ ਬਾਰੇ ਗੁਰਬਾਣੀ ਕੀ ਕਹਿੰਦੀ ਹੈ ? ਬੱਚੀ ਨਾਲ ਬਲਾਤਕਾਰ ਦੇ ਵਿਸ਼ੇ ਤੇ, ਕਈ ਅਜੋਕੇ ਵਿਦਵਾਨ ਕਹਿ ਦਿੰਦੇ ਹਨ ਕਿ ਐਸੇ ਦਰਿੰਦੇ ਨੂੰ ਗੁਰਬਾਣੀ ਵਿੱਚ ਪਸ਼ੂ ਦੀ ਸੰਗਿਆ ਦਿੱਤੀ ਗਈ ਹੈ । ਪਰ ਸਵਾਲ ਫੇਰ ਵੀ ਓਥੇ ਦਾ ਓਥੇ ਹੀ ਹੈ ਕਿ ਜੇ ਐਸਾ ਵਿਅਕਤੀ ਗੁਰਬਾਣੀ ਦੇ ਫੁਰਮਾਨ ਦੀ ਕੋਈ ਪਰਵਾਹ ਹੀ ਨਹੀਂ ਕਰਦਾ ਤਾਂ ਫੇਰ ਕੀ ?
ਵੀਰ ਜੀ ! ਇੱਥੇ ਬਲਾਤਕਾਰ ਵਿਸ਼ੇ ਤੇ ਮੈਂ ਆਪਣੀ ਸਮਝ ਅਨੁਸਾਰ ਆਪਣਾ ਪੱਖ ਰੱਖਣਾ ਚਾਹੁੰਦਾ ਹਾਂ-
ਗੁਰਬਾਣੀ ਸਾਨੂੰ ਮਨ ਦੇ ਤਲ ਤੇ ਸਚਿਆਰਾ ਜੀਵਨ ਜਿਉਣ ਲਈ ਪ੍ਰੇਰਣਾ ਕਰਦੀ ਹੈ । ਬਲਾਤਕਾਰ ਵਾਲੇ ਵਿਸ਼ੇ ਤੇ ਬਲਾਤਕਾਰੀ ਨੇ ਜੋ ਕੁਕਰਮ ਕੀਤਾ, ਉਸ ਦੀ ਸਜ਼ਾ ਉਸ ਨੂੰ ਦੇਸ਼ ਸਮਾਜ ਦੇ ਬਣੇ ਕਾਨੂੰਨਾਂ ਅਨੁਸਾਰ ਮਿਲਣੀ ਚਾਹੀਦੀ ਹੈ, ਅਤੇ ਇਸ ਦੇ ਲਈ ਕਾਨੂੰਨ ਤੱਕ ਪਹੁੰਚ ਕਰਨੀ ਬਣਦੀ ਹੈ । ਰਹੀ ਅਗਲੇ ਪਿਛਲੇ ਜਨਮ ਦੇ ਕਰਮਾਂ ਦੀ ਸਜਾ:- ਉਸਦਾ ਨਿਆਉਂ ਦੇਸ਼ ਸਮਾਜ ਦੇ ਬਣੇ ਕਾਨੂੰਨਾਂ ਦਾ ਬੱਝਾ ਹੋਇਆ ਵੀ ਨਹੀਂ । ਉਸਦਾ ਹੁਕਮ ਉਸ ਦੀ ਆਪਣੀ ਮਰਜ਼ੀ ਅਤੇ ਭਾਣੇ ਅਨੁਸਾਰ ਚੱਲਦਾ ਹੈ । ਗੁਰਬਾਣੀ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਮਨਮੁਖ ਬੰਦੇ ਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ, ਇਸ ਬਾਰੇ ਗੁਰਬਾਣੀ ਵਿੱਚੋਂ ਅਨੇਕਾਂ ਹੀ ਪ੍ਰਮਾਣ ਦੇਖੇ ਜਾ ਸਕਦੇ ਹਨ । ਗੁਰਮਤਿ ਫਲੌਸਫੀ ਇਹ ਹੈ ਕਿ
“ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥” (ਪੰਨਾ-1414) ਅਤੇ
“ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥” (ਪੰਨਾ- 949)
ਅਰਥਾਤ (1) ਹਰ ਇੱਕ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਉਸ ਦੀ ਦਰਗਾਹ ਵਿੱਚ ਹੋ ਜਾਣਾ ਹੈ ।
(2) ਉਹ (ਪ੍ਰਭੂ) ਆਪ ਸੱਚਾ ਹੈ ਅਤੇ ਉਸਦਾ ਨਿਆਉਂ ਵੀ ਸੱਚਾ ਹੈ ਅਤੇ ਸੱਚੇ ਤਖਤ ਤੇ ਬੈਠ ਕੇ ਉਹ ਆਪ ਸਭ ਦਾ ਨਿਆਉਂ ਕਰਦਾ ਹੈ । ਸੋ ਬਲਾਤਕਾਰ ਦੇ ਵਿਸ਼ੇ ਤੇ ਦੇਸ਼ ਸਮਾਜ ਦਾ ਕਾਨੂੰਨ ਆਪਣੀ ਜਗ੍ਹਾ ਤੇ ਹੈ ਅਤੇ ਪ੍ਰਭੂ ਦਾ ਨਿਆਉਂ ਆਪਣੀ ਜਗ੍ਹਾ ਤੇ । ਦੋਨਾਂ ਨੂੰ ਰਲ-ਗੱਡ ਨਹੀਂ ਕੀਤਾ ਜਾ ਸਕਦਾ । ਦੇਸ਼ ਸਮਾਜ ਦਾ ਕਾਨੂੰਨ ਦੋਸ਼ੀ ਨੂੰ ਸਜ਼ਾ ਦੇਵੇ ਜਾਂ ਨਾ ਦੇਵੇ । ਜਾਂ ਕੀ ਸਜ਼ਾ ਦਿੰਦਾ ਹੈ ਇਸ ਨਾਲ ਪ੍ਰਭੂ ਦੇ ਨਿਆਂ ਦਾ ਕੋਈ ਸੰਬੰਧ ਨਹੀਂ, ਉਸ ਦਾ ਨਿਆਂ ਉਸ ਦੇ ਆਪਣੇ ਭਾਣੇ ਅਨੁਸਾਰ ਹੁੰਦਾ ਹੈ । ਇਸ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਦੇਸ਼ ਸਮਾਜ ਦਾ ਕਾਨੂੰਨ ਅਤੇ ਨਿਯਮ ਆਪਣੀ ਥਾਂ ਤੇ ਹੈ, ਪ੍ਰਭੂ ਦੀ ਦਰਗਾਹ ਦਾ ਨਿਆਂ ਆਪਣੀ ਥਾਂ ਹੈ । ਜਦਕਿ ਇਸ ਜਨਮ ਤੋਂ ਅਗਲਾ ਪਿਛਲਾ ਜਨਮ ਨਾ ਮੰਨਣ ਤੇ ਇਹ ਪ੍ਰੇਰਣਾ ਮਿਲਦੀ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਕੇ ਜਾਂ ਕਾਨੂੰਨ ਦੀਆਂ ਅੱਖਾਂ’ਚ ਘੱਟਾ ਪਾ ਕੇ ਜੋ ਮਰਜੀ ਕੁਕਰਮ ਕਰੀ ਜਾਵੋ ।
ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕੀਤੀ ਜਾ ਸਕਦੀ ਕਿ ਸਭ ਦੇ ਕੀਤੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ । ਜੇ ਪੇਸ਼ ਕੀਤੀ ਜਾ ਸਕਦੀ ਹੈ ਤਾਂ ਗਿਆਨੀ ਜੀ ਗੁਰਬਾਣੀ ਉਦਾਹਰਣਾਂ ਸਮੇਤ ਆਪਣੇ ਵਿਚਾਰ ਦੇਣ ਦੀ ਕਿਪਾਲਤਾ ਕਰਨ ।
ਗੁਰਬਾਣੀ ਵਿੱਚ ‘ਅਗੈ ਜਾਂ ਆਗੈ’ ਦਾ ਜ਼ਿਕਰ ਬਹੁਤ ਥਾਵਾਂ ਤੇ ਆਇਆ ਹੈ । ਫੁਰਮਾਨ ਹੈ-
“ਅਗੈ ਜਾਤ ਰੂਪ ਨ ਜਾਇ ਤੇਹਾ ਹੋਵੈ ਜੇਹੇ ਕਰਮ ਕਮਾਇ ॥” (ਪੰਨਾ-363) ।
“ਦੇਹੀ ਜਾਤਿ ਨ ਆਗੈ ਜਾਏ॥ਜਿਥੈ ਲੁਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥” (ਪੰਨਾ-112)
ਸਵਾਲ ਪੈਦਾ ਹੁੰਦਾ ਹੈ ਕਿ ਉਹ “ਅਗੈ ਜਾਂ ਆਗੈ” ਕਿੱਥੇ ਹੈ ਜਿੱਥੇ ਦੇਹੀ, ਜਾਤ, ਰੂਪ ਨਹੀਂ ਜਾਂਦੇ ?
ਫੁਰਮਾਨ ਹੈ-
“ਧਰਮ ਰਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥” (ਪੰਨਾ-1104)
ਜੇ ਲੇਖਾ ਇੱਥੇ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਫੇਰ ਬਾਕੀ ਭਾਰੀ ਕਿਉਂ ਨਿਕਲੀ ?
“ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥” (ਪੰਨਾ-751) ।
ਜੇ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਫੇਰ ਕਿਹੜੀ ਬਾਕੀ ਰਹਿ ਗਈ ਜਿਸ ਦੇ ਲਈ ਉਸ ਨੂੰ ਤਲਬ ਕੀਤਾ ਜਾਣਾ ਹੈ ?
“ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥ ” ( ਪੰਨਾ-464) ।
ਜੇ ਲੇਖਾ ਨਾਲ ਦੀ ਨਾਲ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ ਤਾਂ ਫੇਰ ਉਹ ਕਿਹੜਾ ਲੇਖਾ ਹੈ ਜਿਹੜਾ ਸਮਝਾਣ ਦੀ ਗੱਲ ਕਹੀ ਗਈ ਹੈ ਅਤੇ ਉਹ ਲੇਖਾ ਕਦੋਂ ਸਮਝਾਇਆ ਗਿਆ/ ਸਮਝਾਇਆ ਜਾਣਾ ਹੈ ?
- ਕੋਈ ਵਿਅਕਤੀ ਗਰੀਬ-ਮਾਰ ਕਰਕੇ ਪਰਾਇਆ ਹੱਕ ਮਾਰ ਮਾਰ ਕੇ ਤਜੋਰੀਆਂ ਭਰ ਲੈਂਦਾ ਹੈ ਅਤੇ ਆਪਣੀ ਮਨ ਮਰਜੀ ਦੀ ਐਸ਼ ਦੀ ਜਿੰਦਗੀ ਬਸਰ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਕੀ ਐਸੇ ਵਿਅਕਤੀ ਲਈ ਪ੍ਰਭੂ ਦੇ ਦਰ ਤੇ ਕੋਈ ਫੈਸਲਾ ਹੈ ਕਿ ਨਹੀਂ ?ਇਹ ਸਾਰਾ ਜੀਵਨ ਤਾਂ ਉਸ ਨੇ ਆਪਣੀ ਮਨ ਮਰਜੀ ਦਾ ਬਸਰ ਕਰ ਲਿਆ ਤਾਂ ਫੇਰ ਇਸੇ ਜਨਮ ਵਿੱਚ ਉਸ ਦਾ ਫੈਸਲਾ ਕਦੋਂ ਹੋਣਾ ਹੈ ?
ਮੌਤ ਆਣ ਤੇ ਅਤੇ ਇਹ ਸਰੀਰ ਖ਼ਤਮ ਹੋ ਜਾਣ ਤੇ, ਜੀਵਆਤਮਾ ਅੱਗੇ ਜਾਂਦੀ ਹੈ, ਇਸ ਬਾਰੇ ਬਹੁਤ ਸਾਰੇ ਗੁਰਬਾਣੀ ਫੁਰਮਾਨ ਮਿਲਦੇ ਹਨ-
ਆਸਾ ਕਬੀਰ ਜੀ:
“ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ ਘਟ ਫੁਟੈ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥2॥
ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥3॥” (ਪੰਨਾ 478) ।
ਸਵਾਲ- ਹੰਸ ਕਿਸਨੂੰ ਕਿਹਾ ਗਿਆ ਹੈ ਅਤੇ ਇਕੇਲਾ ਕਿੱਥੇ ਜਾਈ ?
“ਸਲੋਕ ਮ: 3॥
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥
ਕਾਇਆ ਮਿਟੀ ਅੰਧੁ ਹੈ ਪਵਣੈ ਪੁਛਹੁ ਜਾਇ ॥
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥
ਨਾਨਕ ਹੁਕਮੁ ਨਾ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥1॥” (ਪੰਨਾ 510)।
ਸਵਾਲ- ਕਾਇਆਂ ਅਤੇ ਹੰਸ ਦੋ ਵੱਖ ਵੱਖ ਚੀਜਾਂ ਦਾ ਜਿਕਰ ਕੀਤਾ ਗਿਆ ਹੈ, ਸਰੀਰ ਤੋਂ ਇਲਾਵਾ ਇਹ ਹੰਸ ਕੀ ਚੀਜ ਹੈ, ਜਿਹੜੀ ਸਰੀਰ ਨੂੰ ਪਇਆਂ ਹੀ ਛੱਡ ਜਾਂਦੀ ਹੈ ?
“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥2॥
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ **ਆਗੈ ਹੰਸੁ ਅਕੇਲਾ**॥3॥” (ਪੰਨਾ 654)।(ਸਠੋਰਿ= ਮੂਰਖ ਨੇ)।
ਇਹ ਹੰਸ ਕੀ ਹੈ ਜਿਹੜਾ ਮੌਤ ਆਈ ਤੋਂ ਇਕੱਲਾ ਹੀ ਕਿਤੇ ਜਾਂਦਾ ਹੈ ?
“ਕਾਚੈ ਕਰਵੈ ਰਹੇ ਨ ਪਾਨੀ॥*ਹੰਸੁ ਚਲਿਆ ਕਾਇਆ ਕੁਮਲਾਨੀ*॥2॥” (ਪੰਨਾ 792) ।
ਇਹ ਹੰਸ ਕੀ ਹੈ ਜਿਸ ਦੇ ਚਲੇ ਜਾਣ ਤੇ ਕਾਇਆਂ ਕੁਮਲਾ ਜਾਂਦੀ ਹੈ ?
“ਕਹੈ ਫਰੀਦੁ ਸਹੇਲੀਹੋ ਸਹੁ ਅਲਾਇਸੀ ॥ *ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ*॥” (ਪੰਨਾ 794) ॥
(ਅਲਾਇਸੀ= ਬੁਲਾਏਗਾ, ਸੱਦੇਗਾ, ਸੱਦਾ ਭੇਜੇਗਾ)।
ਸਵਾਲ- ਇਹ ਹੰਸ ਕੀ ਹੈ ਜਿਸਦੇ ਚਲੇ ਜਾਣ ਤੇ ਤਨ ਢੇਰੀ ਹੋ ਜਾਏਗਾ ?
“ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥ **ਹੰਸੁ ਚਲੈ ਉਠਿ ਡੁਮਣੋ** ਮਾਇਆ ਭੁਲੀ ਆਥਿ ॥
ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥ ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥
ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥ ਗੜ ਮੰਦਰ ਮਹਲਾ ਕਹਾਂ ਜਿਉ ਬਾਜੀ ਦੀਬਾਣੁ ॥
ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥ ਆਪੇ ਚਤੁਰੁ ਸਰੂਪ ਹੈ ਆਪੇ ਜਾਣੁ ਸੁਜਾਣ॥” (ਪੰਨਾ-935)।
ਇਸ ਸ਼ਬਦ ਵਿੱਚ ਕਿਸ ਸਥਾਨ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਮਾਇਆ ਨਾਲ ਨਹੀਂ ਜਾਂਦੀ, ਅਵਗੁਣ ਨਾਲ ਚਲੇ ਜਾਂਦੇ ਹਨ?
ਵੀਰ … ਜੀ! ਬੇਨਤੀ ਹੈ ਕਿ ਮੇਰੀ ਇਸ ਵਿਚਾਰ ਵਿੱਚ ਉਠਾਏ ਗਏ ਸਵਾਲਾਂ ਦੇ ਜਵਾਬ ਜੇ ਗੁਰਮਤਿ ਦੇ ਚਾਨਣ ਵਿੱਚ ਗੁਰਬਾਣੀ ਉਦਾਹਰਣਾਂ ਸਮੇਤ ਗਿਆਨੀ ਜੀ ਪਾਸੋਂ ਮਿਲ ਸਕਣ ਤਾਂ ਮਿਹਰਬਾਨੀ ਹੋਵੇਗੀ ।ਧੰਨਵਾਦ ।
ਭੁੱਲ ਚੁੱਕ ਲਈ ਖਿਮਾ ਦਾ ਜਾਚਕ
ਜਸਬੀਰ ਸਿੰਘ ਵਿਰਦੀ। 18-02-2014