ਸਿਰਦਰ ਕਪੂਰ ਸਿੰਘ ਜੀ ਦੀ ਜੀਵਨੀ
IN GURMUKHI
Sirdar Kapur Singh Ji with Sant Jarnail Singh Ji Khalsa Bhindranwale
ਸਿਰਦਾਰ ਕਪੂਰ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਇੱਕ ਮਹਾਨ ਅਲੰਬਰਦਾਰ ਸੀ ਜਿਸ ਨੇ ਆਪਣੀਆਂ ਲਿਖਤਾਂ, ਭਾਸ਼ਣਾਂ ਅਤੇ ਕੰਮਾਂ ਦੁਆਰਾ ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕੀਤੀ। ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਮਾਹਰ ਹੋਣ ਦੇ ਬਾਵਜੂਦ ਉਨ੍ਹਾਂ ਆਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਅਤੇ ਚਿੰਤਨ ਨੂੰ ਅਮੀਰ ਕੀਤਾ। ਪੰਜਾਬੀ ਮਾਂ ਦੇ ਇਸ ਸਪੂਤ ਦਾ ਜਨਮ 2 ਮਾਰਚ, 1909 ਨੂੰ ਲੁਧਿਆਣੇ ਦੇ ਪਿੰਡ ਚੱਕ ਵਿਖੇ ਪਿਤਾ ਦੀਦਾਰ ਸਿੰਘ ਦੇ ਘਰ ਵਿੱਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਪੜ੍ਹਾਈ, ਸਾਹਿਤ ਅਤੇ ਕੌਮੀ-ਕੌਮਾਂਤਰੀ ਪੱਧਰ ਦੀਆਂ ਘਟਨਾਵਾਂ ਵਿੱਚ ਦਿਲਚਸਪੀ ਸੀ। ਦਸਵੀਂ ਕਰਨ ਉਪਰੰਤ ਉਨ੍ਹਾਂ ਗਰੈਜੂਏਸ਼ਨ ਵਿੱਚ ਦਾਖ਼ਲਾ ਲਿਆ। ਫਿਰ ਸਰਕਾਰੀ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐਮ.ਏ. ਪਾਸ ਕੀਤੀ ਤੇ ਇਸ ਤੋਂ ਬਾਅਦ ਨੈਤਿਕ ਵਿਗਿਆਨ/ਸਿੱਖਿਆ ਵਿੱਚ ਅਗਲੇਰੀ ਪੜ੍ਹਾਈ ‘ਟ੍ਰਾਈਪੋਸ’ ਲਈ ਉਹ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ।
ਪੜ੍ਹਾਈ ਪੂਰੀ ਕਰਨ ਉਪਰੰਤ ਸਿਰਦਾਰ ਕਪੂਰ ਸਿੰਘ ਭਾਰਤ ਵਾਪਸ ਆ ਗਏ। ਉਨ੍ਹਾਂ ਇੱਥੇ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਅਤੇ ਇੱਕ ਅਫ਼ਸਰ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਆਹਲਾ ਦਰਜੇ ਦੇ ਪ੍ਰਸ਼ਾਸਨਿਕ ਅਹੁਦਿਆਂ ‘ਤੇ ਕੰਮ ਕੀਤਾ। ਉੱਚ ਸਰਕਾਰੀ ਸੇਵਾ ਵਿੱਚ ਹੁੰਦਿਆਂ ਉਨ੍ਹਾਂ ਕੌਮੀ ਸਰਕਾਰ ਦੀ ਸਿੱਖਾਂ ਪ੍ਰਤੀ ਪੱਖਪਾਤੀ ਨੀਤੀ ਦਾ ਨਜ਼ਦੀਕੀ ਅਧਿਐਨ ਅਤੇ ਅਨੁਭਵ ਹਾਸਲ ਕੀਤਾ। ਉਨ੍ਹਾਂ ਨੂੰ ਸਿੱਖਾਂ ਪ੍ਰਤੀ ਭਾਰਤ ਸਰਕਾਰ ਦੀ ਸੌੜੀ ਮਾਨਸਿਕਤਾ ਦਾ ਪਤਾ ਰਾਜਪਾਲ ਦੇ 10 ਅਕਤੂਬਰ, 1947 ਦੇ ਸਰਕੂਲਰ ਪੱਤਰ ਤੋਂ ਹੋ ਗਿਆ। ਰਾਜਪਾਲ ਚੰਦੂ ਲਾਲ ਤ੍ਰਿਵੇਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਿੱਖ ਲੋਕਾਂ ਦੇ ਜਰਾਇਮ ਰੁਝਾਨ ਪ੍ਰਤੀ ਖ਼ਬਰਦਾਰ ਕੀਤਾ ਸੀ। ਸਿਰਦਾਰ ਕਪੂਰ ਸਿੰਘ ਨੇ ਤ੍ਰਿਵੇਦੀ ਦੇ ਘ੍ਰਿਣਾਪੂਰਕ ਦੋਸ਼ ਵਿਰੁੱਧ ਸਖ਼ਤ ਰੋਸ ਜ਼ਾਹਰ ਕੀਤਾ। ਰਾਜਪਾਲ ਨੇ ਸਿਰਦਾਰ ਕਪੂਰ ਸਿੰਘ ਦੇ ਰੋਸ ਨੂੰ ਨਿੱਜੀ ਹਮਲਾ ਸਮਝ ਕੇ ਉਨ੍ਹਾਂ ਵਿਰੁੱਧ ਕਈ ਦੋਸ਼ ਲਗਾ ਦਿੱਤੇ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਪਰ ਸਿਰਦਾਰ ਕਪੂਰ ਸਿੰਘ ਨੇ ਇਸ ਖ਼ਿਲਾਫ਼ ਲੰਮੀ ਸਿਧਾਂਤਕ ਅਤੇ ਕਾਨੂੰਨੀ ਲੜਾਈ ਲੜੀ। ਸਿੱਖ ਕੌਮ ਪ੍ਰਤੀ ਹੋਣ ਵਾਲੇ ਵਿਤਕਰੇ ਤੋਂ ਦੁਖੀ ਹੋ ਕੇ ਸਿੱਖ ਬੁੱਧੀਜੀਵੀ ਸਿਰਦਾਰ ਕਪੂਰ ਸਿੰਘ ਨੇ ਸਰਗਰਮ ਰਾਜਨੀਤੀ ਵਿੱਚ ਆਉਣ ਦਾ ਮਨ ਬਣਾ ਲਿਆ। ਪੰਜਾਬੀ ਬੋਲਣ ਵਾਲੇ ਇਲਾਕੇ ਦੀ ਅਕਾਲੀ ਮੰਗ ਦੇ ਕੱਟੜ ਸਮਰਥਕ ਵਜੋਂ ਜਾਣੇ ਜਾਂਦੇ ਸਿਰਦਾਰ ਕਪੂਰ ਸਿੰਘ ਨੇ ਅਕਾਲ ਤਖ਼ਤ ਦੇ ਅਧਿਕਾਰ ਖ਼ੇਤਰ ਅਧੀਨ ਪ੍ਰੋਫੈਸਰ ਆਫ਼ ਸਿੱਖਇਜ਼ਮ ਵਜੋਂ ਸੇਵਾ ਨਿਭਾਉਣ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 1962 ਵਿੱਚ ਉਹ ਲੋਕ ਸਭਾ ਦੇ ਮੈਂਬਰ ਬਣੇ। ਸੰਨ 1969 ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। 6 ਸਤੰਬਰ, 1966 ਨੂੰ ਉਨ੍ਹਾਂ ਵੱਲੋਂ ਭਾਰਤੀ ਸੰਸਦ ਵਿੱਚ ਦਿੱਤਾ ਭਾਸ਼ਣ ‘ਸਿੱਖਾਂ ਨਾਲ ਧੋਖਾ’ ਇੱਕ ਯਾਦਗਾਰੀ ਭਾਸ਼ਣ ਸੀ। ਉਨ੍ਹਾਂ ਸਾਚੀ ਸਾਖੀ, ਸਪਤ ਸ੍ਰਿੰਗ, ਪੁੰਦੀ੍ਰਕ, ਹਸ਼ੀਸ਼ ‘ਕਾਵਿ-ਸੰਗ੍ਰਹਿ’, ਬਾਕੂ ਵਿਸਲਾਰ (ਪੰਜਾਬੀ ਲੇਖ) ਅਤੇ ਮਨਸੂਰ ਅਲ-ਹਲਾਜ਼ ਪੁਸਤਕਾਂ ਦੀ ਰਚਨਾ ਕਰਨ ਦੇ ਨਾਲ ਯੂਨੈਸਕੋ ਲਈ ‘ਸਿੱਖਾਂ ਦੀਆਂ ਪਵਿੱਤਰ ਲਿਖਤਾਂ’ (ਅੰਗਰੇਜ਼ੀ ਵਿੱਚ) ਦੀ ਰਚਨਾ ਕੀਤੀ। ਸਿਰਦਾਰ ਕਪੂਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਸਿਰਦਾਰ ਕਪੂਰ ਸਿੰਘ ਦੀ ਮੁੱਖ ਪਛਾਣ ਆਨੰਦਪੁਰ ਸਾਹਿਬ ਮਤੇ ਕਰਕੇ ਹੈ। ਸੰਨ 1973 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਆਨੰਦਪੁਰ ਸਾਹਿਬ ਦੇ ਮਤੇ ਨੂੰ ਅਪਣਾਇਆ ਸੀ, ਉਸ ਵਿੱਚ ਸਿਰਦਾਰ ਕਪੂਰ ਸਿੰਘ ਦੀ ਸੋਚ ਦਾ ਮੁੱਖ ਯੋਗਦਾਨ ਸੀ। ਇਸ ਮਤੇ ਦੀਆਂ ਤਜਵੀਜ਼ਾਂ ਮੌਜੂਦਾ ਸਿੱਖ ਰਾਜਨੀਤਕ ਸਿਧਾਂਤ ਅਤੇ ਨੀਤੀ ਦਾ ਪ੍ਰੇਰਨਾ ਸਰੋਤ ਬਣੀਆਂ।
13 ਅਗਸਤ, 1986 ਨੂੰ ਸਿਰਦਾਰ ਕਪੂਰ ਸਿੰਘ ਲੰਮੀ ਬੀਮਾਰੀ ਤੋਂ ਬਾਅਦ, 77 ਸਾਲ ਦੀ ਉਮਰ ਵਿੱਚ ਜਗਰਾਉਂ ਵਿੱਚ ਆਪਣੇ ਗ੍ਰਹਿ ਵਿਖੇ ਅਕਾਲ ਚਲਾਣਾ ਕਰ ਗਏ ਪਰ ਆਪਣੇ ਪਿੱਛੇ ਅਥਾਹ ਯਾਦਾਂ, ਲਿਖਤਾਂ ਅਤੇ ਸੁਨੇਹੇ ਛੱਡ ਗਏ।
- ਪ੍ਰੋ. ਐਚ. ਐਸ. ਡਿੰਪਲ