"ਸੰਤ ਭਿੰਡਰਾਂਵਾਲਿਆਂ ਦੇ ਜਨਮ ਉਤੇ ਵਿਸ਼ੇਸ਼"
"ਸਿੱਖ ਪ੍ਰਭੂਸੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ-ਡਾ: ਗੁਰਤੇਜ ਸਿੰਘ-ਯੂਨੀਵਰਸਿਟੀ ਆਫ ਕੈਲੇਫੋਰਨੀਆ-ਸੈਕਰਾਮੈਂਟੋ"
ਫਰੀਮਾਂਟ/ਬਲਵਿੰਦਰਪਾਲ ਸਿੰਘ ਖ਼ਾਲਸਾ :---ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ 21ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ੬੭ਵਾਂ ਜਨਮ ਦਿਨ ਬੜੇ ਉਤਸ਼ਾਹ ਤੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਮਨਾਇਆ ਗਿਆ।
ਹਫਤਾਵਾਰੀ ਦੀਵਾਨ ਦੀ ਸ਼ੁਰੂਆਤ ਇਲਾਹੀ ਗੁਰਬਾਣੀ ਦੇ ਅਖੰਡ ਜਾਪ ਦੀ ਸੰਪੂਰਨਤਾ ਨਾਲ ਹੋਈ। ਭਾਈ ਸੁਰਜੀਤ ਸਿੰਘ ਮਜਬੂਰ ਤੇ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀ ਜਥੇ ਨੇ ਰੱਬੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਤੇ ਪੰਥ ਦੇ ਪ੍ਰਸਿੱਧ ਕਥਾਕਾਰ ਗਿਆਨੀ ਸੰਤ ਸਿੰਘ ਮਸਕੀਨ ਹੁਰਾਂ ਦੀ ਬਰਸੀ ਵੀ ਮਨਾਈ ਜਾ ਰਹੀ ਸੀ।ਕਥਾਕਾਰ ਗਿਆਨੀ ਸੁਰਜੀਤ ਸਿੰਘ ਜ਼ਖ਼ਮੀ ਹੁਰਾਂ ਕਥਾ ਕਰਦਿਆਂ ਭਗਤ ਰਵਿਦਾਸ ਜੀ ਦੇ ਜੀਵਨ ਵਿਚੋਂ ਬ੍ਰਾਹਮਣਵਾਦ ਦੇ ਮਨੁਖਤਾ ਵਿਰੋਧੀ ਸਿਧਾਂਤ ਜ਼ਾਤ ਪਾਤ ਵਿਰੁੱਧ ਚਲਾਏ ਵਡੇ ਸੰਘਰਸ਼ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਭਗਤ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹੈ ਜਿਸਨੂੰ ਅਸੀਂ ਗੁਰੂ ਮੰਨ ਕੇ ਨਮਸਕਾਰ ਕਰਦੇ ਹਾਂ ਤੇ ਇਹੋ ਹੀ ਹੁਕਮ ਹੈ। ਗਿਆਨੀ ਮਸਕੀਨ ਜੀ ਨੇ ਗੁਰਮਤਿ ਗਿਆਨ ਫੈਲਾਉਣ, ਪਰਚਾਰਨ ਵਿਚ ਹੀ ਆਪਣਾ ਸਾਰਾ ਜੀਵਨ ਲਾ ਦਿੱਤਾ।
ਯੂਨੀਵਰਸਿਟੀ ਆਫ ਕੈਲੇਫੋਰਨੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ: ਗੁਰਤੇਜ ਸਿੰਘ ਹੁਰਾਂ ਕੰਪਿਊਟਰ ਸਲਾਈਡਾਂ ਦੀ ਸਹਾਇਤਾ ਨਾਲ ਇਕ ਵਿਸ਼ੇਸ਼ ਦਸਤਾਵੇਜ਼ ਪੇਸ਼ ਕੀਤਾ ਜਿਸ ਵਿਚ ਉਨਾਂ ਮੁੱਖ ਤੌਰ ਉਤੇ ਤਿੰਨ ਨੁਕਤੇ ਸਿੱਖ ਸੰਗਤਾਂ ਸਨਮੁੱਖ ਪੇਸ਼ ਕੀਤੇ। ਉਨਾ ਆਪਣੇ ਵੀਚਾਰਾਂ ਦੀ ਸਾਂਝ ਦੌਰਾਨ ਇਹ ਸਪਸ਼ਟ ਕੀਤਾ ਕਿ ਪੰਥਕ ਜਥੇਬੰਦੀਆਂ ਕਿਸੇ ਵੀ ਹਾਲਤ ਵਿਚ ਸਿੱਖ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰ ਸਕਦੀਆਂ, ਕਿਉਂਕਿ ਇਹ ਗੁਰੂ ਸਿਧਾਂਤ ਹੈ। ਦੂਜਾ ਨੁਕਤਾ ਪੇਸ਼ ਕਰਦਿਆਂ ਉਨਾਂ ਸੰਗਤਾਂ ਅਤੇ ਖਾਲਸਾ ਪੰਥ ਅੱਗੇ ਇਕ ਬਹੁਤ ਗੁੱਝਾ ਪਰ ਸੱਚ ਨਾਲ ਲਬਰੇਜ਼ ਨੁਕਤਾ ਰਖਦਿਆਂ ਪੁੱਛਿਆ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਮਹਾਨ ਸ਼ਹੀਦੀ ਨਾਲ ਸਿੱਖ ਅਜ਼ਾਦੀ ਦੇ ਨਿਸ਼ਾਨੇ ਖਾਲਿਸਤਾਨ ਦੀ ਜੋ ਲਕੀਰ ਖਿੱਚੀ ਸੀ, ਅਸੀਂ ਉਸ ਲਕੀਨ ਦੇ ਕਿਸ ਪਾਸੇ ਖਲੋਤੇ ਹਾਂ?
ਤੀਜੇ ਨੁਕਤੇ ਬਾਰੇ ਉਨਾਂ ਕਿਹਾ ਕਿ ਜੇ ਅਸੀਂ ਲਾਈਨ ਦੇ ਠੀਕ ਪਾਸੇ ਖਲੋਤੇ ਹਾਂ ਤਾਂ ਫਿਰ ਪਿਛਲੇ ਲਗਪਗ ਤੀਹਾਂ ਸਾਲਾਂ ਦੌਰਾਨ ਅਜ਼ਾਦੀ ਦਾ ਕਿੰਨਾ ਕੁ ਪੈਂਡਾ ਤਹਿ ਕਰ ਲਿਆ ਹੈ? ਤੀਜੇ ਨੁਕਤੇ ਨਾਲ ਸੰਬਧਿਤ ਅਗਲੇ ਹਿੱਸੇ ਬਾਰੇ ਉਨਾਂ ਕਿਹਾ ਕਿ ਸਾਨੂੰ ਸਿੱਖ ਆਗੂਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਸਾਡੀ ਬਹੁਤੀ ਤਾਕਤ ਵਿਵਾਦਮਈ ਮਸਲਿਆਂ ਵਿਚ ਉਲਝਾ ਕੇ ਸਾਡੇ ਵਿਚ ਵੰਡੀਆਂ ਪਾਕੇ ਸਾਡੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਪੂਰੀ ਵਾਹ ਲਾ ਰਹੇ ਹਨ। ਪੰਥ ਜਾਗਦਾ ਹੈ ਪਰ ਤੁਰਦਿਆਂ ਫਿਰਦਿਆਂ ਜਾਪਦੇ ਵੀ ਆਗੂ ਘੂਕ ਸੁੱਤੇ ਹੋਏ ਨੇ ਤੇ ਆਪਣੀ ਪੰਥਕ ਜ਼ਿਮੇਵਾਰੀ ਤੋਂ ਸਦਾ ਭੱਜਣ ਲਈ ਬਹਾਨੇ ਤਲਾਸ਼ ਕਰਦੇ ਹਨ।
ਪੰਜਾਬ ਦੀ ਰਾਜਨੀਤੀ ਬਾਰੇ ਉਨਾਂ ਕਿਹਾ ਕਿ ਪੰਥ ਨੇ ਅਕਾਲੀ ਤੇ ਕਾਂਗਰਸੀ ਕਬੱਡੀ ਦੇ ਦੋਸਤਾਨਾ ਮੈਚ ਬਹੁਤ ਵੇਖ ਲਏ ਨੇ। ਪ੍ਰਕਾਸ਼ ਬਾਦਲ ਹੁਣ ਸਿੱਖ ਕੌਮ ਦੇ ਕੰਮ ਦਾ ਨਹੀ ਰਿਹਾ ਬਲਕਿ ਸਿੱਖਾਂ ਦੇ ਵੈਰੀਆਂ ਨਾਲ ਦੋਸਤੀਆਂ ਪਾ ਚੁੱਕਾ ਹੈ ਤੇ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਲਈ ਬਹੁਤ ਕਾਹਲਾ ਹੈ। ਵੀਚਾਰਾਂ ਦੇ ਅੰਤ ਤੇ ਉਨਾਂ ਕਿਹਾ ਕਿ ਹੁਣ ਦਾ ਕੀਮਤੀ ਸਮਾਂ ਸਿੱਖ ਨਿਸ਼ਾਨੇ ਵੱਲ ਵਧਣ ਲਈ ਬਹੁਤ ਅਨੁਕੂਲ ਹੈ। ਸਾਨੂੰ
ਸਿੱਖ ਹੋਣ ਦਾ ਭਰਮ ਪਾਲਣਾ ਬੰਦ ਕਰਕੇ ਖਾਲਸਾ-ਮੂਲ ਵੱਲ ਵਧਣ ਦਾ ਹੁਣ ਬਹੁਤ ਹੀ ਸ਼ਾਨਦਾਰ ਮੌਕਾ ਹੈ, ਕਿਉਂਕਿ ਅਸਾਂ ਇਹ ਵੀ ਤਾਂ ਵੇਖਣਾ ਹੈ ਕਿ ਅੱਜ ਦੇ ਇਸ ਤਕਨਾਲੋਜੀ ਦੀ ਤੱਰਕੀ ਭਰੇ ਸੰਸਾਰ ਦੀ ਸਟੇਜ ਉਤੇ ਸਿੱਖ ਕੌਮ ਕਿੱਥੇ ਖਲੋਤੀ ਹੈ, ਖਲੋਤੀ ਵੀ ਹੈ ਜਾਂ ਗਾਇਬ ਹੈ। ਸੰਤਾਂ ਦੇ ਜਨਮ ਦਿਨ ਮਨਾਉਣ ਦਾ ਭਾਵ ਹੀ ਇਹ ਹੈ ਕਿ ਅਸੀਂ ਸੰਤਾਂ ਦੀ ੰਿਕੰਨੀ ਕੁ ਗੱਲ ਮੰਨੀ ਹੈ। ਕਿੰਨਾ ਕੁ ਉਨਾਂ ਦੀ ਵਿਰਾਸਤ ਨਾਲ ਪਿਆਰ ਕੀਤਾ ਹੈ। ਸੰਤਾਂ ਦੀ ਵਿਰਾਸਤ ਗੁਲਾਮੀ ਤੋਂ ਅਜ਼ਾਦੀ ਵੱਲ ਜਾਂਦਾ ਸਦੀਵੀ ਮੁਕਤੀ ਦਾ ਰਾਹ ਹੈ। ਆਪਣੇ ਇਕ ਘੰਟੇ ਦੇ ਵਿਸ਼ੇਸ ਪ੍ਰੋਗਰਾਮ ਵਿਚ ਡਾ: ਸਾਹਿਬ ਦੇ ਵੀਚਾਰਾਂ ਨੂੰ ਭਰੇ ਹੋਏ ਦੀਵਾਨ ਦੀਆਂ ਸੰਗਤਾਂ ਨੇ ਬੜੇ ਧਿਆਨ ਨਾਲ ਸੁਣਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਗੁਰਤੇਜ ਸਿੰਘ ਹੁਰਾਂ ਨੂੰ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।
ਇਤਹਾਸਕ ਝਰੋਖਾ
ਸੰਤ ਭਿੰਡਰਾਂਵਾਲਿਆਂ ਦੇ ਜਨਮ ਉਤੇ ਵਿਸ਼ੇਸ਼
Page Visitors: 2609