ਜੇ ਬਾਦਲ , ਦੋਸ਼ ਸਾਬਤ ਕਰ ਦੇਣ ਤਾਂ , ਵਕਾਲਤ ਛੱਡ ਦੇਵਾਂਗਾ
ਐਚ. ਐਸ. ਫੂਲਕਾ
18 ਫਰਵਰੀ : ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ ਨੇ ਅੱਜ ਇਥੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿਰੇ ਦਾ ਝੂਠਾ ਵਿਅਕਤੀ ਹੈ। ਸ੍ਰੀ ਫੂਲਕਾ ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਸ੍ਰੀ ਫੂਲਕਾ ਨੂੰ ਪੁੱਛਿਆ ਕਿ ਸੁਖਬੀਰ ਬਾਦਲ ਨੇ ਉਨ੍ਹਾਂ ’ਤੇ ਦੰਗਾ ਪੀੜਤਾਂ ਦੇ ਕੇਸ ਲੜਨ ਬਦਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੈਸੇ ਲੈਣ ਦੇ ਦੋਸ਼ ਲਾਏ ਗਏ ਹਨ।
ਸ੍ਰੀ ਫੂਲਕਾ ਨੇ ਕਿਹਾ ਕਿ ਸ੍ਰੀ ਬਾਦਲ ਸ਼੍ਰੋਮਣੀ ਕਮੇਟੀ ਤੋਂ ਪੈਸੇ ਲੈਣ ਬਾਰੇ ਸੱਤ ਦਿਨਾਂ ਦੇ ਅੰਦਰ-ਅੰਦਰ ਸਬੂਤ ਪੇਸ਼ ਕਰਨ ਜੇ ਉਹ ਅਜਿਹਾ ਸਿੱਧ ਕਰਦੇ ਹਨ ਤਾਂ ਉਹ ਸਦਾ ਲਈ ਰਾਜਨੀਤੀ ਅਤੇ ਵਕਾਲਤ ਤੋਂ ਆਪਣੇ-ਆਪ ਨੂੰ ਲਾਂਭੇ ਕਰ ਲੈਣਗੇ ਤੇ ਜੇ ਸ੍ਰੀ ਬਾਦਲ ਇਹ ਸਬੂਤ ਨਾ ਪੇਸ਼ ਕਰ ਸਕਣ ਤਾਂ ਉਨ੍ਹਾਂ ਨੂੰ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਕਿਉਂਕਿ ਇਨ੍ਹਾਂ ਮਾਣਯੋਗ ਅਹੁਦਿਆਂ ’ਤੇ ਟਿਕੇ ਰਹਿਣ ਦਾ ਝੂਠੇ ਬੰਦੇ ਨੂੰ ਕੋਈ ਹੱਕ ਨਹੀਂ।
ਉਨ੍ਹਾਂ ਕਿਹਾ ਕਿ ਉਹ ਅੱਜ ਤੱਕ ਮੀਡੀਆ ਸਾਹਮਣੇ ਕਹਿੰਦੇ ਆਏ ਹਨ ਕਿ ਉਹ ਦੰਗਾ ਪੀੜਤਾਂ ਦੇ ਕੇਸ ਮੁਫਤ ਲੜ ਰਹੇ ਹਨ। ਕੀ ਸੁਖਬੀਰ ਬਾਦਲ ਅਨੁਸਾਰ ਉਹ (ਫੁਲਕਾ) ਝੂਠ ਬੋਲਦੇ ਰਹੇ ਹਨ? ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੇਸ ਲੜਨ ਬਦਲੇ ਦੰਗਾ ਪੀੜ੍ਹਤਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਫੁੱਟੀ ਕੌਡੀ ਵੀ ਨਹੀਂ ਲਈ ਅਤੇ ਜਿੰਨੀ ਦੇਰ ਉਹ ਅਜਿਹੇ ਕੇਸ ਲੜਦੇ ਰਹਿਣਗੇ ਕਦੇ ਵੀ ਕੋਈ ਪੈਸਾ ਨਹੀਂ ਲੈਣਗੇ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਫੂਲਕਾ ਭਾਵੁਕ ਹੋ ਉਠੇ ਅਤੇ ਪੱਤਰਕਾਰ ਮਿਲਣੀ ਵਿੱਚ ਰੋਂਦੇ ਹੋਏ ਵਾਪਸ ਆਪਣੇ ਕਮਰੇ ਵਿੱਚ ਹੀ ਚਲੇ ਗਏ। ਕੁਝ ਚਿਰ ਮਗਰੋਂ ਉਨ੍ਹਾਂ ਆ ਕੇ ਅਕਾਲੀ ਦਲ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਉਹ ਪੈਸੇ ਲੈਣ ਦੇ ਦੋਸ਼ ਨੂੰ ਸਾਬਤ ਕਰਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਤਾਂ ਉਪ ਮੁੱਖ ਮੰਤਰੀ ਬਾਦਲ ’ਤੇ ਮਾਣਹਾਨੀ ਕੇਸ ਵੀ ਕਰ ਸਕਦੇ ਸਨ, ਪਰ ਕੋਰਟ ਵਿੱਚ ਬਹੁਤ ਸਮੇਂ ਲੱਗਦਾ ਹੈ। ਇਸ ਕਰਕੇ ਉਹ ਇਹ ਸਾਰਾ ਮਾਮਲਾ ਜਨਤਾ ਅਤੇ ਮੀਡੀਆ ਦੇ ਦਰਬਾਰ ਵਿੱਚ ਲਿਆ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਮੀਡੀਆ ਨੂੰ ਵੀ ਅਪੀਲ ਕਰਦੇ ਹਨ ਕਿ ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਗੁੰਮਰਾਹ ਕਰਕੇ ਕਿਵੇਂ ਝੂਠ ਬੋਲਦੇ ਹਨ।