ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਗੁਰਬਾਣੀ ਫੁਰਮਾਨ ਹੈ ਕਿ , ਜੇ ਬੰਦਾ ਪਹਿਲਾਂ ਹੀ ਸੁਚੇਤ ਹੋ ਕੇ ਚੱਲੇ ਤਾਂ ਉਸ ਨੂੰ ਸਜ਼ਾ ਕਿਉਂ ਮਿਲੇ ? ਗੁਰਬਾਣੀ ਵਿਚ ਕੁਝ ਪਰਾ-ਇਤਿਹਾਸਿਕ ਉਧਾਰਣਾਂ ਵੀ ਦਿੱਤੀਆਂ ਹਨ , ਜਿਵੇਂ ,
ਰਾਜਾ ਰਾਮਚੰਦਰ ਤਦ ਪਛਤਾਇਆ (ਰੋਇਆ) , ਜਦ ਸੀਤਾ ਅਤੇ ਲਛਮਣ ਉਸ ਨਾਲੋਂ ਵਿਛੜ ਗਏ । (ਜੇ ਉਹ ਰਾਵਣ ਦੀ ਭੈਣ ਸਰੂਪ ਨਖਾਂ ਨਾਲ ਜ਼ਿਆਦਤੀ ਨਾ ਕਰਦੇ ਤਾਂ ਉਨ੍ਹਾਂ ਨੂੰ ਇਹ ਦਿਨ ਕਿਉਂ ਵੇਖਣਾ ਪੈਂਦਾ ?) ਇਵੇਂ ਹੀ ਲੰਕਾ ਦਾ ਰਾਜਾ ਰਾਵਣ ਤਦ ਪਛਤਾਇਆ (ਰੋਇਆ) ਜਦੋਂ ਉਸ ਦਾ ਰਾਜ , ਸਭ ਕੁਝ ਸਮੇਤ , ਬਰਬਾਦ ਹੋ ਗਿਆ (ਜੇ ਉਹ ਸੀਤਾ ਨੂੰ ਉਧਾਲ ਕੇ ਨਾ ਲਿਜਾਂਦਾ ਤਾਂ ਉਸ ਨੂੰ ਇਹ ਦਿਨ ਨਾ ਵੇਖਣਾ ਪੈਂਦਾ)
ਇਵੇਂ ਹੀ ਇਤਿਹਾਸ ਵਿਚਲੀਆਂ ਕੁਝ ਘਟਨਾਵਾਂ ,
ਜੇ ਸੋਮਨਾਥ ਮੰਦਰ ਦਾ ਛੋਟਾ ਪੁਜਾਰੀ , ਮਹਮੂਦ ਗਜ਼ਨਵੀ ਨੂੰ , ਸੋਮਨਾਥ ਦਾ ਮੰਦਰ ਲੁੱਟਣ ਲਈ ਨਾ ਪਰੇਰਦਾ ਤਾਂ , ਭਾਰਤ ਦੇ ਗੱਲ 900 ਸਾਲ ਤੋਂ ਵੱਧ ਦੀ ਗੁਲਾਮੀ ਨਾ ਪੈਂਦੀ , (ਜੇ ਬ੍ਰਾਹਮਣ ਵਰਗ , ਭਾਰਤ ਦੀ ਸਾਰੀ ਦੌਲਤ , ਮੰਦਰਾਂ ਵਿਚ ਨਾ ਇਕੱਠੀ ਕਰਦਾ ਤਾਂ , ਮੰਦਰਾਂ ਵਿਚਲੀ ਮਾਇਆ ਕਾਰਣ ਮੰਦਰ ਨਾ ਲੁੱਟ ਹੁੰਦੇ , ਨਾ ਭਾਰਤ ਗੁਲਾਮ ਹੁੰਦਾ , ਨਾ ਭਾਰਤ ਗਰੀਬ ਮੁਲਕਾਂ ਦੀ ਕਤਾਰ ਵਿਚ ਆਉਂਦਾ) ਅੱਜ ਸਿੱਖ ਲੀਡਰ ਵੀ ਉਸ ਦੇ ਨਕਸ਼ੇ-ਕਦਮ ਤੇ ਚਲਦਿਆਂ , ਸਿੱਖਾਂ ਦੀ ਖੂਨ-ਪਸੀਨੇ ਦੀ ਕਮਾਈ , ਗੁਰਦਵਾਰਿਆਂ ਦੀ ਸਜਾਵਟ ਤੇ ਬਰਬਾਦ ਕਰ ਕੇ ਸਿੱਖਾਂ ਜਿਹੀ ਮਿਹਨਤ-ਕਸ਼ ਜਮਾਤ ਨੂੰ ਵੀ ਗਰੀਬ ਬਣਾ ਰਹੇ ਹਨ । ਰਹਿੰਦੀ-ਖੂੰਧੀ ਕਸਰ , ਸਿੱਖਾਂ ਕੋਲ ਬਾਕੀ ਬਚੀ ਕਮਾਈ , ਆਪਣੇ ਡੇਰਿਆਂ ਤੇ ਲਾ ਕੇ , ਸੰਤ-ਮਹਾਂਪੁਰਸ਼ , ਬ੍ਰਹਮਗਿਆਨੀ ਪੂਰੀ ਕਰ ਰਹੇ ਹਨ ।
ਸਿੱਖਾਂ ਨੂੰ ਉਸ ਵੇਲੇ ਵੀ ਪਛਤਾਉਣਾ ਪਿਆ , ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਖਾਲਸਾ ਰਾਜ ਸਥਾਪਤ ਹੋਣ ਮਗਰੋਂ , ਸਿੱਖ ਬੁਧੀਜੀਵੀਆਂ (ਜਿਨ੍ਹਾਂ ਵਿਚੋਂ ਬਹੁਤੇ ਜਗੀਰਦਾਰੀਆਂ ਦੇ ਚਾਹਵਾਨ ਸਨ) ਨੇ ਬਾਬਾ ਜੀ ਨਾਲ ਖੜੇ ਹੋ ਕੇ ਬ੍ਰਾਹਮਣ-ਮੌਲਾਣਿਆਂ ਨਾਲ ਭਿੜ ਜਾਣ ਦੀ ਥਾਂ , ਉਸ ਵਲੋਂ ਪਾਸਾ ਵੱਟ ਕੇ , ਆਪਣੀ ਗਰਜ਼ ਪਿੱਛੇ ਸਿੱਖ ਰਾਜ ਨੂੰ ਖਤਮ ਕਰਨ ਦਾ ਹੀ ਉਪਰਾਲਾ ਕੀਤਾ , ਜਦ ਕਿ ਹੋਰ ਵਰਗਾਂ (ਮੁਸਲਮਾਨ ਅਤੇ ਹਿੰਦੂ) ਦੇ ਗਰੀਬ ਬੰਦਿਆਂ ਨੇ , ਬਾਬਾ ਜੀ ਦਾ ਪੂਰਾ ਸਾਥ ਦਿੱਤਾ ਸੀ ।
ਇਵੇਂ ਹੀ ਸਿੱਖ ਤਦ ਪਛਤਾਏ ਜਦ ਮਹਾਰਾਜਾ ਰਣਜੀਤ ਸਿੰਘ ਨੇ ਮਿਸਰਾਂ , ਡੋਗਰਿਆਂ ਨੂੰ ਸਿਰੇ ਚੜ੍ਹਾ ਕੇ , ਸਿੱਖਾਂ ਨੂੰ ਪਿੱਛੇ ਧਕੇਲ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਤਦ ਪਛਤਾਏ , ਜਦ ਮਿਸਰਾਂ –ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ , ਅੰਗ੍ਰੇਜ਼ਾਂ ਹੱਥ ਵੇਚ ਦਿੱਤਾ , ਖਜ਼ਾਨਾ ਲੁੱਟ ਕੇ ਲੈ ਗਏ ਅਤ ਪੂਰਾ ਖਾਨਦਾਨ ਤਬਾਹ ਕਰ ਦਿੱਤਾ ।
ਇਵੇਂ ਹੀ ਸਿੱਖਾਂ ਨੂੰ , 1947 ਵੇਲੇ ਦੇ ਸਿੱਖ ਲੀਡਰਾਂ ਦੇ ਗਲਤ ਫੈਸਲੇ ਕਾਰਨ , ਗੁਲਾਮ ਬਣ ਕੇ ਪਛਤਾਉਣਾ ਪੈ ਰਿਹਾ ਹੈ । ਇਸ ਗੁਲਾਮੀ ‘ਚੋਂ ਨਿਕਲਣ ਦੀ ਕੋਸ਼ਿਸ਼ ਵਿਚ , ਦੋ ਲੱਖ ਤੋਂ ਉੱਤੇ ਨੌਜਵਾਨ ਮਰਵਾ ਕੇ , ਹਜ਼ਾਰਾਂ ਨੂੰ ਜੇਲ੍ਹਾਂ ਵਿਚ ਭੇਜ ਕੇ , ਪੰਜਾਬ ਦਾ ਪਾਣੀ , ਬਿਜਲੀ , ਡੈਮ ਅਤੇ ਰਾਜਧਾਨੀ ਵੀ ਹੱਥੋਂ ਗਵਾਉਣੇ ਪਏ । ਗੁਲਾਮੀ ਤਾਂ ਕੀ ਦੂਰ ਹੋਣੀ ਸੀ , ਬਾਦਲ ਪਰਿਵਾਰ ਅਤੇ ਉਸ ਦੀ ਜੁੰਡਲੀ , ਸੰਤ ਲੌਂਗੋਵਾਲ , ਟੌਹੜਾ , ਬਰਨਾਲਾ ਆਦਿ ਦੇ ਚੱਕਰ ਵਿਚ ਪੈ ਕੇ , ਗੁਰਦਵਾਰਿਆਂ ਤੋਂ , ਆਪਣੇ ਵਿਰਸੇ ਤੋਂ ਹੱਥ ਧੋ ਕੇ , ਸਾਰੇ ਭਾਰਤ ਵਿਚ ਕਤਲੇ-ਆਮ ਦਾ ਸ਼ਿਕਾਰ ਹੋਣਾ ਪਿਆ । ਹੁਣ ਇਹ ਬਾਦਲ ਜੁੰਡਲੀ ਸਿੱਖਾਂ ਨੂੰ ਵੀ ਲੰਮੀ ਗੁਲਾਮੀ ਵਿਚ ਜਕੜਨ ਦੇ ਆਹਰ ਵਿਚ ਲੱਗੀ ਹੋਈ ਹੈ ।
ਵਿਚਾਰਾ ਪਰਤਾਪ ਸਿੰਘ ਕੈਰੋਂ ਤਦ ਪਛਤਾਇਆ , ਜਦ ਸਾਰੀ ਉਮਰ ਨੈਹਰੂ ਦੀਆਂ ਜੁੱਤੀਆਂ ਚੱਟਦਾ , ਸਿੱਖਾਂ ਦਾ ਘਾਣ ਕਰਦਾ ਰਿਹਾ , ਆਖਰੀ ਉਮਰੇ ਜਦ ਉਹ ਨੈਹਰੂ ਨੂੰ ਮਿਲਣ ਦਿੱਲੀ ਗਿਆ ਤਾਂ , ਇਕ ਹਫਤਾ ਦਿੱਲ਼ੀ ਵਿਚ ਬੈਠਾ ਲੇਲੜ੍ਹੀਆਂ ਕਢਦਾ ਰਿਹਾ , ਪਰ ਨੈਹਰੂ ਨੇ ਉਸ ਨੂੰ ਮਿਲਣ ਲਈ ਸਮਾ ਵੀ ਨਾ ਦਿੱਤਾ । ਬਾਦਲ ਨੇ ਵੀ ਉਸ ਦਿਨ ਪਛਤਾਉਣਾ ਹੈ , ਜਿਸ ਦਿਨ ਪੰਜਾਬ ਵਿਧਾਨ-ਸਭਾ ਵਿਚ ਬੀ. ਜੇ. ਪੀ. ਦੀਆਂ ਸੀਟਾਂ ਬਾਦਲ ਨਾਲੋਂ ਵੱਧ ਗਈਆਂ ।
ਇਹ ਸਾਰਾ ਕੁਝ ਇਸ ਲਈ ਲਿਖਣਾ ਪੈ ਰਿਹਾ ਹੈ ਕਿਉਂ ਜੋ ਅੱਜ ਫਿਰ ਸਿੱਖ ਅਜਿਹੇ ਮੋੜ ਤੇ ਖੜੇ ਹਨ , ਜਿਥੋਂ ਦਾ ਕੀਤਾ ਇਕ ਗਲਤ ਫੈਸਲਾ , ਉਨ੍ਹਾਂ ਨੂੰ ਸਦੀਆਂ ਪਿੱਛੇ ਪਾ ਦੇਵੇਗਾ ।
ਅੱਜ ਸਿੱਖਾਂ ਨੂੰ ਬਹੁਤ ਸੁਚੇਤ ਹੋ ਕੇ , ਬਹੁਤ ਛੇਤੀ ਫੈਸਲੇ ਲੈਣ ਦੀ ਲੋੜ ਹੈ , ਜਿਸ ਵਿਚ ਮੀਡੀਏ ਦਾ ਬਹੁਤ ਵੱਡਾ ਰੋਲ ਹੈ । ਜੇ ਮੀਡੀਆ ( ਜੋ ਵੀ ਛੌਟਾ-ਵੱਡਾ , ਸਿੱਖੀ ਦਾ ਭਲਾ ਚਾਹੁਣ ਵਾਲਾ ਹੈ) ਆਪਣਾ ਪੂਰਾ ਟਿੱਲ ਲਾ ਕੇ , ਇਕ ਮਹੀਨੇ ਵਿਚ ਸਿੱਖਾਂ ਨੂੰ ਜਾਗਰੂਕ ਕਰ ਦੇਵੇ , ਅਤੇ ਸਿੱਖ ਇਕੱਠੇ ਹੋ ਕੇ , “ ਆਮ ਆਦਮੀ ਪਾਰਟੀ ” (ਆਪ) ਨਾਲ ਰਲ ਕੇ , ਕੇਂਦਰ ਵਿਚ ਕਾਂਗਰਸ , ਬੀ. ਜੇ. ਪੀ. ਅਤੇ ਬਾਦਲ ਜੁੰਡਲੀ ਨੂੰ ਆਉਣੋਂ ਰੋਕ ਲੈਣ ਤਾਂ , ਸ਼ਾਇਦ ਸਿੱਖਾਂ ਦੇ ਮਸਲ੍ਹੇ ਹੱਲ ਹੋ ਸਕਦੇ ਹਨ ਅਤੇ ਭਾਰਤ ਵੀ ਬਰਬਾਦ ਹੋਣੋਂ ਬਚ ਸਕਦਾ ਹੈ ।
ਅੱਜ ਦੀ ਹਾਲਤ ਵਿਚ ਜੋ ਕੋਈ ਵੀ ਸਿੱਖਾਂ ਨੂੰ , ਕਾਂਗਰਸ , ਬੀ. ਜੇ. ਪੀ ਅਤੇ ਬਾਦਲ ਦੀ ਗੁਲਾਮੀ ਨੂੰ ਹੋਰ ਵਧਾਉਣ ਲਈ ਉਨ੍ਹਾਂ ਨੂੰ ਵੋਟਾਂ ਪਾਉਣ ਦੀ ਗੱਲ ਕਰਦਾ ਹੈ , ਉਹ ਨਾ ਭਾਰਤ ਹਿਤੈਸ਼ੀ ਹੋ ਸਕਦਾ ਹੈ , ਨਾ ਹੀ ਸਿੱਖ ਹਿਤੈਸ਼ੀ । ਜਿਨ੍ਹਾਂ ਦੀ ਗੁਲਾਮੀ ਨੂੰ ਹੰਢਾਉਂਦਿਆਂ , ਜਿਨ੍ਹਾਂ ਤੋਂ ਲੁੱਟ ਹੁੰਦਿਆਂ , ਸਿੱਖਾਂ ਨੇ 67 ਸਾਲ ਬਿਤਾਏ ਹਨ , ਜੋ ਅਜੇ ਵੀ ਉਨ੍ਹਾਂ ਦੀ ਲੁੱਟ ਤੋਂ , ਉਨ੍ਹਾਂ ਦੀ ਗੁਲਾਮੀ ਤੋਂ ਨਹੀਂ ਬਚਣਾ ਚਾਹੁੰਦਾ ? ਤਾਂ ਸਮਝ ਲਵੋ ਉਸ ਦੀ ਇਨ੍ਹਾਂ ਪਾਰਟੀਆਂ ਨਾਲ ਅੰਦਰ-ਖਾਤੇ ਕੋਈ ਖਿਚੜੀ ਪੱਕ ਰਹੀ ਹੈ , ਉਸ ਨੂੰ ਗੁਰੂ ਨਾਨਕ ਦਾ ਸਿੱਖ ਕਿਵੇਂ ਕਿਹਾ ਜਾ ਸਕਦਾ ਹੈ ?
ਸਿੱਖੋ ਬਚੋ , ਸੰਭਲੋ , ਜੇ ਮੀਡੀਆ ਬਿਲਕੁਲ ਵੀ ਸਾਥ ਨਹੀਂ ਦੇਂਦਾ ਤਾਂ , ਇਸ ਲੇਖ ਨੂੰ ਛਪਵਾ ਕੇ ਘਰ-ਘਰ ਵੰਡ ਦੇਵੋ , ਗੁਰੂ ਭਲੀ ਕਰੇਗਾ , ਸਿੱਖਾਂ ਦੀ ਸੁੱਤੀ ਜ਼ਮੀਰ ਜਾਗ ਪਵੇਗੀ , ਅਤੇ ਉਹ ਇਸ ਗੁਲਾਮੀ ਦੇ ਜੂਲੇ ਨੂੰ ਗਲੌਂ ਲਾਹ ਮਾਰਨਗੇ । ਜੇ ਅਜੇ ਵੀ ਸੁਚੇਤ ਹੋ ਕੇ ਨਾ ਵਿਚਰੇ ਤਾਂ ਸਦੀਆਂ ਤਕ ਇਹੀ ਰਟਦੇ ਰਹੋਗੇ ,
ਅਬ ਪਛਤਾਏ ਕਿਆ ਹੋਵਤ ਜਬ ਚਿੜੀਆਂ ਚੁਗ ਗਈਂ ਖੇਤ । ਅਤੇ
ਲਮਹੋਂ ਨੇ ਖਤਾ ਕੀ ਥੀ , ਸਦੀਉਂ ਨੇ ਸਜ਼ਾ ਪਾਈ ।
ਅਮਰ ਜੀਤ ਸਿੰਘ ਚੰਦੀ