ਬਲਵਿੰਦਰ ਸਿੰਘ ਬਾਈਸਨ
ਭਵਿੱਖ ਨਾਲ ਪੰਗੇ ! (ਨਿੱਕੀ ਕਹਾਣੀ)
Page Visitors: 2617
ਭਵਿੱਖ ਨਾਲ ਪੰਗੇ ! (ਨਿੱਕੀ ਕਹਾਣੀ) ਇਸ ਬੰਦੇ ਨੂੰ ਕੌਮ ਤੋ ਛੇਕਿਆ ਜਾ ਚੁੱਕਾ ਹੈ ਇਸ ਕਰਕੇ ਇਹ ਕਿਸੀ ਵੀ ਗੁਰੁਦੁਆਰੇ ਵਿੱਚ ਕੀਰਤਨ-ਕਥਾ ਨਹੀ ਕਰ ਸਕਦਾ ! (ਵੱਡੀ ਗਿਣਤੀ ਵਿੱਚ ਪਤਿਤ ਮੁੰਡੇਆਂ ਦੇ ਹਜੂਮ ਨਾਲ ਪਹੁੰਚੇ ਆਗੂ ਨੇ ਕਿਹਾ) ਅਸੀਂ ਇਸ ਨੂੰ ਰੋਕਣ ਲਈ ਕਿਸੀ ਵੀ ਹੱਦ ਤੱਕ ਜਾ ਸਕਦੇ ਹਾਂ ! (ਡੋਲੇ ਵਿਖਾਉਂਦੇ ਹੋਏ ਇੱਕ ਮੁੰਡੇ ਨੇ ਅੱਖਾਂ ਲਾਲ ਕਰ ਕੇ ਕਿਹਾ) ਸੰਗਤ ਸਿੰਘ (ਪਿਆਰ ਨਾਲ) : ਇੱਕ ਗੱਲ ਦੱਸੋ ਕੀ ਆਪ ਜੀ ਨੂੰ ਧਮਕੀਆਂ ਅੱਤੇ ਮਾਰਕੁਟਾਈ ਕਰਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ ? ਜੇਕਰ ਆਪ ਜੀ ਨੂੰ ਇਸ ਕੀਰਤਨ ਹੋਣ ਤੋਂ ਕੋਈ ਦਿੱਕਤ ਹੈ ਤਾਂ ਆਪ ਜੀ ਸਾਡੀ ਵੀ ਸ਼ਿਕਾਇਤ ਕਰ ਸਕਦੇ ਹੋ ਪਰ ਸਿਆਸੀ ਫਾਇਦਾ ਚੁੱਕਣ ਲਈ ਗੁੰਡਾ ਗਰਦੀ ਕਰ ਕੇ ਸਾਨੂੰ ਰੋਕ ਨਹੀ ਸਕਦੇ ! ਜਿਤਨਾ ਪੰਥ ਵਿੱਚ ਆਪ ਜੀ ਦਾ ਹੱਕ ਹੈ ਓਹੀ ਹੱਕ ਗੁਰੂ ਸਾਹਿਬ ਸਾਨੂੰ ਵੀ ਦੇ ਗਏ ਹਨ ! ਆਗੂ : ਸਾਨੂੰ ਉਪਰੋਂ ਹੁਕਮ ਹੈ ਕੀ ਇਹ ਨਹੀ ਹੋਣ ਦੇਣਾ ! ਸੰਗਤ ਸਿੰਘ : ਇੱਕ ਗੱਲ ਦੱਸੋ, ਸਾਡਾ ਗੁਰੂ ਕੌਣ ਹੈ ? ਆਗੂ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੇ ਲੜ ਆਪ ਗੁਰੂ ਸਾਹਿਬ ਸਰਬਤ ਸਿੱਖਾਂ ਨੂੰ ਲਾ ਗਏ ਹਨ ! ਸੰਗਤ ਸਿੰਘ : ਤੇ ਇਨ੍ਹਾਂ ਰਾਗੀ ਸਿੰਘ ਜੀ ਨੇ ਕੀਰਤਨ ਵੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕਰਨਾ ਹੈ, ਤਾਂ ਫਿਰ ਇਹ ਰੋਕ ਕਿਓਂ ? ਹਾਂ ਜੇਕਰ ਇਹ ਸਿੰਘ ਜੀ "ਗੁਰਬਾਣੀ" ਤੋ ਅੱਡ ਕੁਝ ਵੀ ਗਾਇਣ ਕਰਨ ਤਾਂ ਆਪ ਜੀ ਜਰੂਰ ਇਨ੍ਹਾਂ ਨੂੰ ਥੱਲੇ ਲਾ ਦੇਣਾ ! ਫਿਰ ਤੁਸੀਂ ਆਪ ਵੇਖੋ ਕੀ ਕੀਰਤਨ ਤੋਂ ਰੋਕਣ ਵੀ ਕੌਣ ਆਇਆ ਹੈ ? (ਆਗੂ ਦੇ ਨਾਲ ਆਏ ਦਾਹੜੀ ਕੇਸ਼ ਕੱਟੇ ਪਤਿਤ ਮੁੰਡੇਆਂ ਵੱਲ ਇਸ਼ਾਰਾ ਕਰਦਾ ਹੈ) ਆਗੂ : ਅਸੀਂ ਇਨ੍ਹਾਂ ਸਿੰਘ ਜੀ ਦੇ ਖਿਲਾਫ਼ ਨਹੀ ਹਾਂ ! ਇਹ ਤਾਂ ਕੌਮੀ ਹੀਰੇ ਹਨ, ਜਿਨ੍ਹਾਂ ਨੇ ਕੌਮੀ ਭੀੜ ਦੇ ਵੇਲੇ ਇੱਕ ਸੁੱਚਜੀ ਅਗੁਆਵੀ ਦੇ ਕੇ ਕੌਮ ਦੇ ਖੂਨ ਨੂੰ ਠੰਡਾ ਹੋਣ ਤੋ ਬਚਾਇਆ ਸੀ ! ਸਾਡੇ ਬੱਚੇ ਵੀ ਇਨ੍ਹਾਂ ਦੇ ਗਿਆਨ ਤੋਂ ਸੇਧ ਲੈਣ ਤੋਂ ਵਾਂਝੇ ਹੋ ਰਹੇ ਹਨ ਅੱਤੇ ਅਸੀਂ ਆਪ ਚਾਹੁੰਦੇ ਹਾਂ ਕੀ ਇਹ ਖੁੱਲੀ ਸਟੇਜਾਂ ਤੇ ਕੀਰਤਨ ਕਰਨ ਪਰ ਤੁਸੀਂ ਸਮਝ ਸਕਦੇ ਹੋ ਕੀ ਜੇਕਰ ਸੁਪ੍ਰੀਮ ਕੋਰਟ ਦੇ ਜਜ ਵੀ ਗਲਤ ਹੋ ਜਾਣ ਤਾਂ ਵੀ ਉਨ੍ਹਾਂ ਦਾ ਫੈਸਲਾ ਤਾਂ ਮੰਨਣਾ ਹੀ ਪੈਂਦਾ ਹੈ ! ਸੰਗਤ ਸਿੰਘ : ਕੀ ਆਪ ਜੀ ਨੂੰ ਪਤਾ ਵੀ ਹੈ ਕੀ ਉਨ੍ਹਾਂ ਨੂੰ ਛੇਕਿਆ ਕਿਓਂ ਹੈ ? ਮੈਂ ਦਸਦਾ ਹਾਂ, ਜੇਕਰ ਆਪ ਜੀ ਓਹ "ਆਦੇਸ਼" ਗਹੁ ਨਾ ਵਾਚੋ ਤਾਂ ਪਤਾ ਚਲਦਾ ਹੈ ਕੀ ਇਸ ਕਰਕੇ ਛੇਕਿਆ ਗਿਆ ਕਿਓਂਕਿ ਸਿੰਘ ਜੀ ਗੁਰੂ ਸਾਹਿਬ ਦੀ ਸੁਪ੍ਰੀਮ ਕੋਰਟ ਵਿੱਚ ਜਾ ਪੇਸ਼ ਹੋਏ ਪਰ ਜੱਜ ਦੇ ਕਹੇ ਮੁਤਾਬਿਕ ਬੰਦ ਕਮਰੇ ਵਿੱਚ ਪੇਸ਼ ਨਹੀ ਹੋਏ ! ਨਾ ਕੀ ਕਿਸੀ ਧਾਰਮਿਕ ਮਸਲੇ ਕਰਕੇ ਛੇਕਿਆ ਗਿਆ ਹੈ ! ਜੋ ਫੈਸਲਾ ਸਿਆਸਤ ਦੇ ਪ੍ਰਭਾਵ ਹੇਠ ਬਿਨਾ ਕੇਸ ਦੀ ਫ਼ਾਈਲ ਦੇਖੇ ਹੀ ਦਿੱਤਾ ਜਾਵੇ ਤਾਂ ਫਿਰ ਉਸ ਫੈਸਲੇ ਦੀ ਕੀ ਅਹਮੀਅਤ ਹੈ ? ਕੀ ਤੁਸੀਂ ਆਪ ਅਜੇਹਾ ਫੈਸਲਾ ਮੰਨ ਲਵੋਗੇ ? ਆਗੂ : ਕੋਈ ਅਹਮੀਅਤ ਨਹੀ ਹੈ ! ਮੈਂ ਕਦੀ ਨਹੀ ਮੰਨਾਂਗਾ ! ਸੰਗਤ ਸਿੰਘ : ਬਹੁਤ ਸਾਰੇ ਮਸਲਿਆਂ ਦਾ ਪਿੱਛਲੇ 100 ਤੋਂ ਵੱਧ ਸਾਲਾਂ ਤੋਂ ਕੌਮੀ ਪਧਰ ਤੇ ਕੋਈ ਫੈਸਲਾ ਹੀ ਨਹੀ ਹੋਇਆ ਹੈ ! ਜਿਸ ਜ਼ਮੀਨ ਦੇ ਕਾਗਜ਼ ਹੀ ਪੂਰੇ ਨਾ ਹੋਣ ਤਾਂ ਫਿਰ ਉਸ ਜ਼ਮੀਨ ਨੂੰ ਵੇਚਣਾ ਗੈਰ-ਕਾਨੂਨੀ ਹੀ ਹੋਇਆ ਨਾ ? ਜਿਸ ਮੁੱਦੇ ਉੱਤੇ ਅਜੇ ਤਕ ਪੰਥਕ ਫੈਸਲਾ ਨਹੀ ਆਇਆ, ਉਸ ਮੁੱਦੇ ਦੀ ਬਿਨਾਹ ਉੱਤੇ ਕਿਸੀ ਨੂੰ ਛੇਕ ਦੇਣ ਦਾ ਹੁਕਮ ਕਿਤਨਾ ਜਾਇਜ਼ ਹੈ ? ਜਿਸ ਕੌਮ ਦੇ ਵਡੇਰੇ ਆਪ ਤਾਂ ਸਿਰਫ ਇਸ ਡਰ ਤੋਂ ਕੀ "ਸਾਡੇ ਨਿਜੀ ਵਕਾਰ ਅੱਤੇ ਓਹਦੇ ਦਾ ਕੀ ਬਣੇਗਾ?", ਇਹ ਸੋਚ ਕੇ 100 ਸਾਲਾਂ ਵਿੱਚ ਵੀ "ਮੁਢਲੇ ਕੌਮੀ ਤੌਰ ਤੇ ਭਰਾ ਮਾਰੂ ਅੱਤੇ ਫੁੱਟ ਪਵਾਉਣ ਵਾਲੇ ਮਸਲੇ" ਹਲ ਨਾ ਕਰ ਪਾਉਣ ਤਾਂ ਲਾਨਤ ਹੈ ਅਜੇਹੇ ਵਡੇਰਿਆਂ ਨੂੰ "ਕੌਮ ਪ੍ਰਸਤ" ਸਮਝਣਾ ! ਆਗੂ (ਔਖਾ ਹੁੰਦਾ ਹੋਇਆ) : ਅਸੀਂ ਤੇ ਨਹੀ ਹੋਣ ਦੇਣਾ ਕੀਰਤਨ, ਬਸ ਕਹਾਣੀ ਖਤਮ ! ਸਾਡੀ ਡਿਉਟੀ ਹੈ ਇਸਨੂੰ ਰੋਕਣਾ ਤੇ ਅਸੀਂ ਰੋਕਣ ਆਏ ਹਾਂ ! ਅਸੀਂ ਤੇ ਰੋਕ ਕੇ ਹੀ ਜਾਵਾਂਗੇ ! (ਇੱਕ ਪਾਸੇ ਵੱਲ ਚੱਲ ਪੈਂਦਾ ਹੈ) ਸੰਗਤ ਸਿੰਘ (ਦੁਖੀ ਮਨ ਨਾਲ ਹਉਕੇ ਭਰਦਾ ਹੋਇਆ) : ਧਰਮ ਉੱਤੇ ਸਿਆਸਤ ਭਾਰੀ ਹੈ ! ਜੇਕਰ ਅਜੇ ਵੀ ਇਨ੍ਹਾਂ ਲਟਕੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਫਿਰ ਨਾ ਗ੍ਰੰਥ ਰਹੇਗਾ ਤੇ ਨਾ ਹੀ ਪੰਥ ! ਫਿਰ ਕੇਵਲ ਤੇ ਕੇਵਲ ਕੂੜ ਹੀ ਪ੍ਰਧਾਨ ਬਣ ਕੇ ਵਿਚਰੇਗਾ ! ਕਿਓਂਕਿ ਆਮ ਸੰਗਤਾਂ ਤਾਂ ਕੇਵਲ ਓਹੀ ਵੇਖਦਿਆਂ ਹਨ ਜੋ ਸਿਆਸੀ ਤਾਕਤ ਦੇ ਸ਼ੀਸ਼ੇ ਵਿੱਚ ਵਿਖਾਇਆ ਜਾਂਦਾ ਹੈ ! ਕੀ ਸੇਧ ਦੇ ਰਹੇ ਹਾਂ ਅਸੀਂ ਆਪਣੇ ਬਚੇਆਂ ਨੂੰ ? ਅਸੀਂ ਕਿਓਂ ਆਪਣੇ ਬਚਿਆਂ ਦੇ ਭਵਿਸ਼ ਨਾਲ ਪੰਗੇ ਲੈ ਰਹੇ ਹਾਂ ? - ਬਲਵਿੰਦਰ ਸਿੰਘ ਬਾਈਸਨ http://nikkikahani.com/ ਨੋਟ : (ਇਸ ਕਹਾਣੀ ਦਾ ਨਾਮ ਨਿੱਕੀ ਕਹਾਣੀ ਹੈ ਪਰ ਵਿਸ਼ਾ ਵੱਡਾ ਹੋਣ ਕਰਕੇ ਇਹ ਲਮੇਰੀ ਕਹਾਣੀ ਹੋ ਨਿਬੜੀ ਹੈ ! ਇਸ ਲਈ ਖਿਮਾ ਦਾ ਜਾਚਕ ਹਾਂ ਜੀ ! ਇਹ ਕਹਾਣੀ ਕਿਸੀ ਨੂੰ ਗਲਤ ਕਹਿਣ ਲਈ ਨਹੀ ਹੈ ਬਲਕਿ ਇੱਕ ਕੌਮੀ ਪੀੜ ਨੂੰ ਉਜਾਗਰ ਕਰਦੀ ਹੈ ! ਆਸ ਹੈ ਕੀ ਕੋਈ ਵੀ ਧਿਰ ਇਸ ਕਹਾਣੀ ਦੇ ਵਿਸ਼ੇ ਨੂੰ ਆਪਣੇ ਕਿਸੀ ਵਿਸ਼ਵਾਸ ਉੱਤੇ ਚੋਟ ਨਹੀ ਸਮਝੇਗੀ ! ਕਿਓਂਕਿ ਵਿਚਾਰ ਦਾ ਜਿੰਦਾ ਰਹਿਣਾ ਅੱਤ ਜਰੂਰੀ ਹੈ)