“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਬੀ
ਗੁਰਦੁਆਰੇ ਦੇ ਇਕ ਗ੍ਰੰਥੀ / ਪ੍ਰਚਾਰਕ ਜੀ ਦੁਆਰਾ ਗੁਰਮਤਿ ਅਨੁਸਾਰੀ ਆਵਾਗਵਣ, ਆਤਮਾ, ਕਰਮ ਸਿਧਾਂਤ ਬਾਰੇ, ਯੂ ਟਿਊਬ ਤੇ ਪਾਏ ਜਾ ਰਹੇ ਇੰਟਰਵਿਊ ਬਾਰੇ ਵਿਚਾਰ ਚੱਲ ਰਹੀ ਹੈ।ਪੇਸ਼ ਹੈ ਪਿਛਲੀ ਵਿਚਾਰ ਤੋਂ ਅੱਗੇ- ਪੱਤਰ- 3
ਸ: ... ਸਿੰਘ ਜੀ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ! ਕਰਮ-ਫਲ ਸਿਧਾਂਤ ਬਾਰੇ ਗਿਆਨੀ ਜ: ਸਿੰਘ ਜੀ ਦਾ ਕਹਿਣਾ ਹੈ ਕਿ ਗੁਰਬਾਣੀ ਅਨੁਸਾਰ ਕਿਸੇ ਦਾ ਵੀ ਕੀਤਾ ਚੰਗਾ ਜਾਂ ਮਾੜਾ ਕੰਮ ਕਿਸੇ ਇੱਕ ਵਿਅਕਤੀ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਹੋਰ ਬਹੁਤ ਸਾਰੇ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹਨ।
ਗਿਆਨੀ ਜੀ ਨੂੰ ਆਪਣਾ ਪੱਖ ਸਹੀ ਸਾਬਤ ਕਰਨ ਲਈ ਗੁਰਬਾਣੀ ਉਦਾਹਰਣਾਂ ਦੇਣੀਆਂ ਚਾਹੀਦੀਆਂ ਸਨ, ਪਰ ਉਨ੍ਹਾਂ ਨੇ ਇਸ ਸੰਬੰਧੀ ਇਕ ਵੀ ਉਦਾਹਰਣ ਪੇਸ਼ ਨਹੀਂ ਕੀਤੀ।ਜਦਕਿ ਇਸ ਦੇ ਉਲਟ ਗੁਰਬਾਣੀ ਤਾਂ ਕਹਿੰਦੀ ਹੈ:-
"ਅਹਿ ਕਰ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥ " (ਪੰਨਾ-406)
"ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ " (ਪੰਨਾ-470)
"ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ " (ਪੰਨਾ-473)
"ਸੁਖ ਦੁਖ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨ ਦਾਤੈ ਦੀਏ ॥
ਕਿਸੁ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਨਾ ਕੀਆ ਕਰਾਰਾ ਹੇ ॥ " (ਪੰਨਾ- 1030)
ਸੋ ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਸੁਖ ਸੁਖ ਪਿਛਲੇ ਜਨਮ ਦੇ ਆਪਣੇ ਹੀ ਕੀਤੇ ਕਰਮਾਂ ਅਨੁਸਾਰ ਹਨ, ਕਿਸੇ ਇੱਕ ਦੇ ਕੀਤੇ ਕਰਮਾਂ ਦਾ ਫਲ਼ ਦੂਸਰੇ ਨੂੰ ਨਹੀਂ ਭੁਗਤਣਾ ਪੈਂਦਾ।
ਗਿਆਨੀ ਜੀ ਨੇ ਤਾਂ ਗੁਰਬਾਣੀ ਉਦਾਹਰਣਾਂ ਸਮੇਤ ਇਹ ਜਾਣਕਾਰੀ ਦੇਣੀ ਸੀ ਕਿ ਕੀ ਮਨੁੱਖ ਦੇ ਕੀਤੇ ਚੰਗੇ ਮਾੜੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਇਸ ਜਨਮ ਤੋਂ ਬਾਅਦ ਫੇਰ ਜਨਮ ਹੁੰਦਾ ਹੈ ਜਾਂ ਨਹੀਂ ? ਕੋਈ ਮਨੁੱਖ ਸਾਰੀ ਉਮਰ ਪਰਾਇਆ ਹੱਕ ਮਾਰ-ਮਾਰਕੇ ਦੌਲਤ ਇਕੱਠੀ ਕਰਕੇ ਆਪਣੀ ਮਨ-ਮਰਜੀ ਦੀ ਐਸ਼ ਦੀ ਜਿੰਦਗੀ ਬਸਰ ਕਰਕੇ ਦੁਨੀਆਂ ਤੋਂ ਤੁਰ ਜਾਂਦਾ ਹੈ ਤਾਂ ਕੀ ਇਸ ਵਿੱਚ ਰੱਬ ਦੇ ਇਨਸਾਫ ਦਾ ਕੋਈ ਦਖਲ ਹੈ ਕਿ ਨਹੀਂ ? ਵੀਰ ਜੀ! ਇੱਥੇ ਕਈ ਵਿਦਵਾਨ ਕਹਿ ਦਿੰਦੇ ਹਨ ਕਿ ਉਸ ਬੰਦੇ ਦੀ ਆਤਮਾ ਉਸ ਨੂੰ ਲਾਹਨਤਾਂ ਪਾਂਦੀ ਹੈ, ਇਹੀ ਉਸ ਦੀ ਸਜ਼ਾ ਹੈ । ਪਰ ਵੀਰ ਜੀ , ਜੇ ਐਸਾ ਹੁੰਦਾ ਤਾਂ ਦੁਨੀਆਂ ਤੇ ਅੱਜ ਸਤਿਜੁਗ ਵਰਤਿਆ ਹੋਣਾ ਸੀ । ਉਹ ਇਸ ਤਰ੍ਹਾਂ ਕਿ- ਕਿਸੇ ਨੇ ਇੱਕ ਵਾਰੀਂ ਗੁਨਾਹ ਕੀਤਾ, ਉਸ ਦੀ ਆਤਮਾ ਨੇ ਉਸ ਨੂੰ ਲਾਹਨਤਾਂ ਪਾਈਆਂ, ਉਸ ਨੇ ਮੁੜਕੇ ਗੁਨਾਹ ਕਰਨ ਤੋਂ ਤੌਬਾ ਕਰ ਲੈਣੀ ਸੀ।
ਪਰ ਕੀ ਸੰਸਾਰ ਤੇ ਐਸਾ ਕਿਤੇ ਵੀ ਨਜ਼ਰ ਆਉਂਦਾ ਹੈ ? ਸਨ 84 ਦੇ ਸਿੱਖ ਕਤਲੇਆਮ ਦੇ ਕਿੰਨੇਕੁ ਦੋਸ਼ੀਆਂ ਨੇ ਆਪਣੇ ਅੰਤਰ ਆਤਮਾ ਦੀ ਆਵਾਜ ਸੁਣ ਕੇ ਕੀਤੇ ਗੁਨਾਹ ਦੀ ਮੁਆਫੀ ਮੰਗ ਲਈ ? ਆਮ ਤੌਰ ਤੇ ਗੁਨਾਹ ਕਰਨ ਲੱਗਾ ਕੋਈ ਵੀ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਜਾਂ ਆਪਣੇ ਹੀ ਮਨ ਨੂੰ ਝੂਠੀ ਤਸੱਲੀ ਦੇਣ ਲਈ ਪਹਿਲਾਂ ਹੀ ਕੋਈ ਨਾ ਕੋਈ ਦਲੀਲ ਘੜ ਲੈਂਦਾ ਹੈ । ਕੁਝ ਸਮਾਂ ਪਹਿਲਾਂ ਦੀ ਇਕ ਖਬਰ ਸੀ, ਇਕ ਵਿਅਕਤੀ ਨੇ ਇਕ ਬਜੁਰਗ ਜੋ ਕਿ ਇਕੱਲਾ ਹੀ ਘਰ 'ਚ ਰਹਿੰਦਾ ਸੀ, ਉਸ ਬਜੁਰਗ ਨੂੰ ਮਾਰਕੇ ਉਸ ਦੀ ਸਾਰੀ ਜਮ੍ਹਾ ਪੂੰਜੀ ਲੁੱਟ ਕੇ ਫਰਾਰ ਹੋ ਗਿਆ । ਫੜੇ ਜਾਣ ਤੇ ਅਤੇ ਪੁਲਿਸ ਵੱਲੋਂ ਪੁੱਛੇ ਜਾਣ ਤੇ ਉਸ ਦੀ ਦਲੀਲ ਸੀ ਕਿ ਜੇ ਮੈਂ ਹੁਣ ਇਸ ਬਜੁਰਗ ਨੂੰ ਨਾ ਮਾਰਦਾ ਤਾਂ ਵੀ ਕੁਝ ਸਮਾਂ ਹੋਰ ਜਿਉਂ ਕੇ ਇਸ ਨੇ ਆਪੇ ਮਰ ਹੀ ਜਾਣਾ ਸੀ । ਮੈਂ ਜੋ ਇਸ ਦੀ ਪੂੰਜੀ ਲੁੱਟੀ ਹੈ ਇਹ ਕੋਈ ਇਸ ਨੇ ਨਾਲ ਤਾਂ ਲੈ ਨਹੀਂ ਸੀ ਜਾਣੀ । ਜੇ ਮੈਂ ਨਾ ਲੁੱਟਦਾ ਤਾਂ ਕਿਸੇ ਹੋਰ ਨੇ ਇਹ ਪੂੰਜੀ ਵਰਤਣੀ ਸੀ । ਜੇ ਮੈਂ ਵਰਤ ਲਈ ਤਾਂ ਇਸ ਵਿੱਚ ਕੀ ਗ਼ਲਤ ਕੀਤਾ ਹੈ ?
ਬਾਪੂ ਆਸਾ ਰਾਮ ਵਰਗੇ ਕਿੰਨੇ ਹੀ ਬੰਦੇ ਧਰਮ ਦੀ ਆੜ ਵਿੱਚ ਕਿੰਨੇ ਘਿਨੌਣੇ ਗੁਨਾਹ ਕਰਦੇ ਹਨ । ਕਿੰਨੇ ਕੁ ਬੰਦੇ ਆਪਣੇ ਅੰਤਰ ਆਤਮਾ ਦੀ ਆਵਾਜ਼ ਸੁਣਦੇ ਹਨ ? ਅੰਤਰਆਤਮਾ ਦੀ ਆਵਾਜ ਸੁਣਨ ਦੀ ਬਜਾਏ ਉਲਟਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਵਿੱਚ ਜੁਟ ਜਾਂਦੇ ਹਨ।
ਸਨ 84 ਦੇ ਸਿੱਖ-ਕਤਲੇਆਮ ਲਈ ਤਾਂ ਗਿਆਨੀ ਜੀ ਸਾਫ ਲਫਜਾਂ ਵਿੱਚ ਕਿਸੇ ਦੇ ਸਿੱਖ ਹੋਣ ਨੂੰ ਦੋਸ਼ੀ ਹੋਣਾ ਠਹਿਰਾ ਰਹੇ ਹਨ । ਗਿਆਨੀ ਜੀ ਦਾ ਕਹਿਣਾ ਹੈ ਕਿ ਹੁਣ ਵੀ ਸਿੱਖ ਜੋ ਵਿਤਕਰੇ ਅਤੇ ਜ਼ਲਾਲਤ ਦਾ ਸ਼ਿਕਾਰ ਹੋ ਰਹੇ ਹਨ ਇਹ ਅਗਿਆਨਤਾ ਅਤੇ ਬੇਵਕੂਫੀ ਕਾਰਣ ਹੋ ਰਿਹਾ ਹੈ । ਤਾਂ ਕੀ ਗਿਆਨੀ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਹੁਣ ਵੀ ਸਿੱਖਾਂ ਨੂੰ ਵਿਤਕਰੇ ਅਤੇ ਜਲਾਲਤ ਤੋਂ ਬਚਣ ਲਈ ਸਿੱਖ ਧਰਮ ਛੱਡਕੇ ਹਿੰਦੂ ਹੋ ਜਾਣਾ ਚਾਹੀਦਾ ਹੈ ? ਜੇ ਅਗਿਆਨਤਾ ਅਤੇ ਬੇਵਕੂਫੀ; ਵਧੀਕੀ ਕਰਨ ਵਾਲਿਆਂ ਦੀ ਹੈ, ਤਾਂ ਕੀ ਇਹ ਮੰਨ ਲੈਣਾ ਚਾਹੀਦਾ ਹੈ ਕਿ ਗਿਆਨੀ ਜੀ ਮੁਤਾਬਕ ਗੁਰਮਤਿ ਫਲੌਸਫੀ ਇਹ ਹੈ ਕਿ ਕਰੇ ਕੋਈ ਤੇ ਭਰੇ ਕੋਈ ? ਅਗਿਆਨਤਾ ਵਧੀਕੀਆਂ ਕਰਨ ਵਾਲਿਆਂ ਦੀ ਅਤੇ ਭੁਗਤਣ ਸਿੱਖ; ਕੀ ਗਿਆਨੀ ਜੀ ਮੁਤਾਬਕ ਇਹੀ ਹੈ ਰੱਬ ਦਾ ਇਨਸਾਫ ? ਵਧੀਕੀ ਕਰਨ ਵਾਲੇ ਉੱਤੇ ਸਾਡਾ ਕੋਈ ਜ਼ੋਰ ਨਾ ਚੱਲੇ ਤਾਂ ਕੀ ਵਧੀਕੀ ਅਤੇ ਜਲਾਲਤ ਤੋਂ ਬਚਣ ਲਈ ਵਧੀਕੀ ਕਰਨ ਵਾਲੇ ਦੀ ਹਰ ਗੱਲ ਮੰਨ ਲੈਣੀ ਚਾਹੀਦੀ ਹੈ ? ਕੀ ਸਾਨੂੰ ਹਿੰਦੂ ਹੋ ਜਾਣਾ ਚਾਹੀਦਾ ਹੈ ?
"ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥" (ਪੰਨਾ-433)
ਇਸ ਤੁਕ ਬਾਰੇ ਵੀ ਗਿਆਨੀ ਜੀ ਗ਼ਲਤ-ਬਿਆਨੀ ਕਰ ਰਹੇ ਹਨ । ਗਿਆਨੀ ਜੀ ਦਾ ਕਹਿਣਾ ਹੈ ਕਿ ਰਹਾਉ ਦੀ ਪੰਗਤੀ ਦੇ ਅਰਥ ਕੀਤਿਆਂ ਅਸਲੀ ਅਰਥਾਂ ਦਾ ਪਤਾ ਲੱਗਦਾ ਹੈ ਕਿ ਕੇਵਲ ਵਿਦਵਾਨ ਬਣਨ ਨਾਲ ਹੀ ਬੰਦੇ ਨੂੰ ਤ੍ਰਿਪਤੀ ਨਹੀਂ ਹੁੰਦੀ । ਜੇ ਗਿਆਨ ਹਾਸਲ ਹੋਣ ਤੇ ਵੀ ਮੈਂ **ਪ੍ਰੈਕਟੀਕਲੀ ਉਸ ਨੂੰ ਮੰਨਦਾ ਨਹੀਂ** ਤਾਂ ਮੈਂ ਦੁਖੀ ਹੋਵਾਂਗਾ ।
ਇਸ ਤੁਕ ਦੇ ਸਹੀ ਅਰਥਾਂ ਨਾਲ ਗਿਆਨੀ ਜੀ ਦੀ ਆਪਣੀ ਘੜੀ ਗੁਰਮਤਿ ਦਾ ਖੰਡਣ ਹੁੰਦਾ ਹੈ, ਇਸ ਲਈ ਗਿਆਨੀ ਜੀ ਨੇ ਇਸ ਪਾਸਿਓਂ ਧਿਆਨ ਹਟਾਣ ਲਈ ਰਹਾਉ ਵਾਲੀ ਤੁਕ ਵਾਲ਼ਾ ਹੋਰ ਨਵਾਂ ਨੁਕਤਾ ਘੜ ਲਿਆ, ਉਹ ਵੀ ਗ਼ਲਤ ਅਰਥਾਂ ਸਮੇਤ । ਜਦਕਿ ਰਹਾਉ ਦੀ ਪੰਗਤੀ ਇਸ ਪ੍ਰਕਾਰ ਹੈ-
"ਮਨ ਕਾਹੇ ਭੂਲੇ ਮੂੜ ਮਨ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ ਰਹਾਉ ॥ ” (ਪੰਨਾ-432)
ਅਰਥ (ਪ੍ਰੋ: ਸਾਹਿਬ ਸਿੰਘ ਜੀ):- ਹੇ ਮੇਰੇ ਮੂਰਖ ਮਨ ! ਅਸਲ ਜੀਵਨ-ਰਾਹ ਤੋਂ ਕਿਉਂ ਲਾਂਭੇ ਜਾ ਰਿਹਾ ਹੈਂ ? ਹੇ ਵੀਰ , ਜਦੋਂ ਤੂੰ ਆਪਣੇ **ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ** (ਤੇ ਹਿਸਾਬ ਵਿੱਚ ਸੁਰਖਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ । ਰਹਾਉ ਦੀ ਪੰਗਤੀ ਵਿੱਚ ਤਾਂ ਲੇਖੇ ਦੀ ਅਤੇ ਲੇਖੇ ਤੋਂ ਸੁਰਖਰੂ ਹੋਣ ਦੀ ਗੱਲ ਕੀਤੀ ਗਈ ਹੈ ਪਰ ਲੇਖੇ ਵਾਲੀ ਗੱਲ ਗਿਆਨੀ ਜੀ ਨੂੰ ਸੈੱਟ ਨਹੀਂ ਬੈਠਦੀ, ਇਸ ਲਈ ਇਸ ਗੱਲ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਮੁਤਾਬਕ ਹੀ ਅਰਥ ਬਿਆਨ ਕਰ ਰਹੇ ਹਨ।
ਆਪ ਜੀ ਵੱਲੋਂ ਕੀਤੇ ਸਵਾਲ ਕਿ- ਇੱਕੋ ਘਰ ਵਿੱਚ ਦੋ ਬੱਚੇ ਜਨਮ ਲੈਂਦੇ ਹਨ, ਇੱਕ ਚੰਗਾ ਨਿਕਲ ਜਾਂਦਾ ਹੈ ਇਕ ਮਾੜਾ ਨਿਕਲਦਾ ਹੈ...।
ਇਸ ਦੇ ਜਵਾਬ ਵਿੱਚ ਗਿਆਨੀ ਜੀ ਕਹਿ ਰਹੇ ਹਨ ਕਿ “ਇਹ ਤਾਂ ਪ੍ਰਭੂ ਦੀ ਖੇਡ ਹੈ”।ਇਸ ਗੱਲ ਦਾ ਵੀ ਕੋਈ ਤਸੱਲੀ ਬਖਸ਼ ਜਵਾਬ ਗਿਆਨੀ ਜੀ ਨੇ ਨਹੀਂ ਦਿੱਤਾ । ਗਿਆਨੀ ਜੀ ਮੁਤਾਬਕ ਤਾਂ ਮਤਲਬ ਇਹੀ ਬਣਦਾ ਹੈ ਕਿ "ਕਰਤੇ ਦੀ ਖੇਡ" ਕਹਿਕੇ ਹਰ ਬੰਦਾ ਆਪਣੀ ਮਨ ਮਰਜੀ ਦੇ ਜੋ ਮਰਜੀ ਕੰਮ ਕਰੀ ਜਾਵੇ । ਹਰ ਖੇਡ ਦੇ ਕੁਝ ਨਿਯਮ ਕੁਝ ਅਸੂਲ ਹੁੰਦੇ ਹਨ, ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਭੂ ਦੀ ਇਸ ਖੇਡ ਦੇ ਕੋਈ ਨਿਯਮ ਨਹੀਂ ? ਕੀ ਉਸ ਦੀ ਖੇਡ ਵਿੱਚ ਇਹ ਨਿਯਮ ਨਹੀਂ ਕਿ ਕਿਸੇ ਦੇ ਕੀਤੇ ਚੰਗੇ ਮੰਦੇ ਕਰਮਾਂ ਅਨੁਸਾਰ ਉਸੇ ਨੂੰ ਹੀ ਫਲ ਮਿਲੇ / ਭੋਗਣਾ ਪਵੇ ?
ਭ੍ਰਸ਼ਟ ਬੰਦਾ ਮੌਜਾਂ ਮਾਣ ਰਿਹਾ ਹੈ- ਇਸ ਦੇ ਜਵਾਬ ਵਿੱਚ ਵੀ ਗਿਆਨੀ ਜੀ ਗਲਤ-ਬਿਆਨੀ ਕਰ ਰਹੇ ਹਨ ਕਿ ਅਸੀਂ ਇਹ ਮੰਨ ਲਿਆ ਹੈ ਕਿ ਇਸ ਨੇ ਪਿਛਲੇ ਜਨਮ ਵਿੱਚ ਚੰਗੇ ਕੰਮ ਕੀਤੇ ਸੀ ਇਸ ਲਈ ਹੁਣ ਮੌਜਾਂ ਮਾਣ ਰਿਹਾ ਹੈ । ਜਦ ਕਿ ਆਪਾਂ ਦੇਖਦੇ ਹਾਂ ਕਿ ਭ੍ਰਸ਼ਟ ਲੋਕਾਂ ਨੂੰ ਕਿੰਨੀਆਂ ਲਾਹਨਤਾਂ ਪਾਈਆਂ ਜਾਂਦੀਆਂ ਹਨ । ਭੁੱਖ ਹੜਤਾਲਾਂ, ਮੁਜਾਹਰੇ ਅਤੇ ਰੋਸ ਪ੍ਰਗਟ ਕੀਤੇ ਜਾਂਦੇ ਹਨ । ਕੀ ਕਦੇ ਕਿਸੇ ਇੱਕ ਵੀ ਬੰਦੇ ਦੇ ਮੂਹੋਂ ਇਹ ਲਫਜ ਸੁਣੇ ਹਨ ਕਿ ਭ੍ਰਸ਼ਟ ਲੋਕ ਜਿਹੜੀਆਂ ਮੌਜਾਂ ਮਾਣ ਰਹੇ ਹਨ, ਪਿਛਲੇ ਜਨਮ ਦੇ ਕੀਤੇ ਚੰਗੇ ਕਰਮਾਂ ਦਾ ਫਲ਼ ਮਾਣ ਰਹੇ ਹਨ । ਗਿਆਨੀ ਜੀ ਆਪਣੇ ਆਪ ਤੋਂ ਹੀ ਗੱਲਾਂ ਘੜਕੇ ਲੋਕਾਂ ਨੂੰ ਗੁਮਰਾਹ ਕਰੀ ਜਾ ਰਹੇ ਹਨ । ਅਫਸੋਸ ਅਤੇ ਦੁੱਖ ਦੀ ਗੱਲ ਇਹ ਹੈ ਕਿ ਕਈ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਪ੍ਰਚਾਰਕਾਂ ਦੀਆਂ ਬੇ-ਬੁਨਿਆਦ ਗੱਲਾਂ ਨੂੰ ਸੱਚ ਸਮਝੀ ਜਾਂਦੇ ਹਨ । ਸਾਡਾ ਸਭ ਦਾ ਫਰਜ ਬਣਦਾ ਹੈ ਕਿ ਕਿਸੇ ਪ੍ਰਚਾਰਕ ਦੀਆਂ ਪ੍ਰਭਾਵ ਪੂਰਣ ਗੱਲਾਂ ਸਹੀ ਮੰਨਣ ਤੋਂ ਪਹਿਲਾਂ ਉਸ ਦੇ ਵਿਚਾਰਾਂ ਨੂੰ ਗਹਿਰਾਈ ਨਾਲ ਸਮਝਿਆ ਅਤੇ ਪਰਖਿਆ ਜਾਵੇ ।
??? ਗਿਆਨੀ ਜੀ ਨੇ ਇੰਟਰਵਿਊ ਦੇ ਪਹਿਲੇ ਭਾਗ ਵਿੱਚ ‘ਆਤਮਾ’ ਬਾਰੇ ਤਿੰਨ ਪ੍ਰਚੱਲਤ ਮਾਨਤਾਵਾਂ ਦਾ ਜ਼ਿਕਰ ਕੀਤਾ ਸੀ । ਪਰ ‘ਆਤਮਾ’ ਬਾਰੇ ਗੁਰਮਤਿ ਫਲੌਸਫੀ ਕੀ ਹੈ, ਇਹ ਦੱਸਣਾ ਹਾਲੇ ਬਾਕੀ ਹੈ।
??? ਸੰਸਾਰ ਤੇ ਇਹ ਜੋ ਸਾਰਾ ਵਰਤਾਰਾ ਹੋ ਰਿਹਾ ਹੈ, ਇਸ ਵਿੱਚ ਪਰਮਾਤਮਾ ਦਾ ਕੋਈ ਦਖਲ ਹੈ ਜਾਂ ਨਹੀਂ ? ਕੀ ਪਰਮਾਤਮਾ ਸਭ ਦੇ ਚੰਗੇ ਮਾੜੇ ਕਰਮਾਂ ਨੂੰ ਦੇਖ ਪਰਖ ਰਿਹਾ ਹੈ ਕਿ ਨਹੀਂ ? ਜੇ ਦੇਖ ਪਰਖ ਰਿਹਾ ਹੈ ਤਾਂ ਕੀ ਕਿਸੇ ਰੂਪ ਵਿੱਚ ਉਸ ਵੱਲੋਂ ਕਦੇ ਕੋਈ ਐਕਸ਼ਨ ਹੁੰਦਾ ਹੈ ਜਾਂ ਉਹ ਮੂਕ ਦਰਸ਼ਕ ਬਣ ਕੇ ਸਿਰਫ ਦੇਖਦਾ ਹੀ ਹੈ ? ਜੇ ਇਸ ਸਾਰੇ ਵਰਤਾਰੇ ਵਿੱਚ ਉਸ ਦਾ ਕੋਈ ਦਖਲ ਹੀ ਨਹੀਂ ਹੈ ਤਾਂ ਕੀ ਸਮਝ ਲੈਣਾ ਚਾਹੀਦਾ ਹੈ ਕਿ ਜਾਂ ਤਾਂ ਕੋਈ ਪਰਮਾਤਮਾ ਹੈ ਨਹੀਂ । ਜਾਂ ਉਸਨੇ ਇੱਕ ਵਾਰੀਂ ਸੰਸਾਰ ਰਚਨਾ ਕਰ ਦਿੱਤੀ ਹੁਣ ਉਹ ਕਿਤੇ ਜਾ ਕੇ ਆਰਾਮ ਫੁਰਮਾ ਰਿਹਾ ਹੈ, ਜਦੋਂ ਸਾਰਾ ਪਸਾਰਾ ਸਮੇਟਣਾ ਹੋਵੇਗਾ ਤਾਂ ਆ ਕੇ ਪਸਾਰਾ ਸਮੇਟ ਲਏਗਾ ?
??? ਗਿਆਨੀ ਜੀ ਨੇ ਗੁਰਬਾਣੀ ਉਦਾਹਰਣਾਂ ਸਹਿਤ ਹਾਲੇ ਇਹ ਵੀ ਸਾਬਤ ਕਰਨਾ ਹੈ ਕਿ ਕੋਈ ਚੰਗੇ ਕੰਮ ਕਰੇ ਜਾਂ ਮੰਦੇ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ । ਇਸ ਸੰਬੰਧੀ ਆਮ ਤੌਰ ਤੇ ਗੁਰਬਾਣੀ ਦਾ ਹੇਠਾਂ ਲਿਖਿਆ ਸ਼ਲੋਕ ਪੇਸ਼ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਦੇਖੋ ਗੁਰਬਾਣੀ ਵੀ ਕਹਿੰਦੀ ਹੈ ਕਿ ਮਰਨ ਤੇ ਸਰੀਰ ਨੂੰ ਵੱਖ ਵੱਖ ਤਰੀਕਿਆਂ'ਚੋਂ ਕਿਸੇ ਵੀ ਤਰੀਕੇ ਨਾਲ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਸਰੀਰ ਦੇ ਨਾਲ ਸਭ ਕੁਝ ਖਤਮ । ਸਲੋਕ ਇਸ ਪ੍ਰਕਾਰ ਹੈ:-
"ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥" (ਪੰਨਾ-648)
ਵੀਰ ਜੀ! ਇਸ ਸਲੋਕ ਨਾਲ ਤਾਂ ਬਲਕਿ ਆਵਾਗਵਣ ਸੰਕਲਪ ਦੀ ਹੋਰ ਵੀ ਪੁਸ਼ਟੀ ਹੁੰਦੀ ਹੈ।ਵੱਖ ਵੱਖ ਧਰਮਾਂ ਨੂੰ ਮੰਨਣ ਵਾਲਿਆਂ ਵਿੱਚ ਵੱਖ ਵੱਖ ਮਾਨਤਾਵਾਂ ਪ੍ਰਚੱਲਤ ਸਨ/ਹਨ।ਕੋਈ ਕਹਿੰਦਾ ਹੈ, ਮਰਨ ਤੇ ਸਰੀਰ ਨੂੰ ਮਿੱਟੀ ਵਿੱਚ ਦਫਨਾਉਣ ਨਾਲ ਮੁਕਤੀ ਹੁੰਦੀ ਹੈ । ਕੋਈ ਕਹਿੰਦਾ ਹੈ, ਅੱਗ ਵਿੱਚ ਸਾੜਨ ਨਾਲ ਮੁਕਤੀ ਹੁੰਦੀ ਹੈ.... ਇਸ ਤਰ੍ਹਾਂ ਵੱਖ ਵੱਖ ਖਿਆਲ ਪਾਏ ਜਾਂਦੇ ਹਨ । ਗੁਰੂ ਸਾਹਿਬ ਇਸ ਸਲੋਕ ਵਿੱਚ ਖਾਸ ਤੌਰ ਤੇ ਇਨ੍ਹਾਂ ਵਿਚਾਰਾਂ ਦਾ ਖੰਡਣ ਕਰ ਰਹੇ ਹਨ ਕਿ ਮਰਨ ਤੇ ਸਰੀਰ ਨੂੰ ਜਿਵੇਂ ਮਰਜੀ ਬਿਲੇ ਲਗਾਵੋ ਉਸ ਨਾਲ ਕੋਈ ਫਰਕ ਨਹੀਂ ਪੈਂਦਾ।(ਬੰਦੇ ਦੇ ਕੀਤੇ ਕਰਮਾਂ ਅਨੁਸਾਰ) ਜੀਵਾਤਮਾ ਕਿੱਥੇ ਜਾ ਸਮਾਂਦੀ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ (ਕਿਉਂਕਿ ਇਹ ਫੈਸਲਾ ਅਤੇ ਹੁਕਮ ਪ੍ਰਭੂ ਦੇ ਹੱਥ ਵਿੱਚ ਹੈ)।ਜੇ ਸਰੀਰ ਦੇ ਖ਼ਤਮ ਹੋ ਜਾਣ ਤੇ ਸਰੀਰ ਨਾਲ ਜੁੜਿਆ ਸਭ ਕੁਝ ਖ਼ਤਮ ਹੋ ਜਾਂਦਾ ਹੈ ਤਾਂ ਇਸ ਸਵਾਲ ਦਾ ਕੀ ਮਤਲਬ ਬਣਦਾ ਹੈ- “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥ "
ਇਸ ਵਿਚਾਰ ਦੀ ਪੁਸ਼ਟੀ ਕਰਦਾ ਇਕ ਹੋਰ ਸ਼ਲੋਕ ਦੇਖੋ-
"ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥ " (ਪੰਨਾ-466)
ਇੱਥੇ ਵੀ ਇਹੀ ਖਿਆਲ ਦਿੱਤਾ ਗਿਆ ਹੈ ਕਿ ਮਰਨ ਤੋਂ ਬਾਅਦ ਸਰੀਰ ਨੂੰ ਸਾੜੋ ਜਾਂ ਦਬਾਵੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਸਲ ਵਿੱਚ ਜੀਵ ਨਾਲ ਕੀ ਵਾਪਰਦਾ ਹੈ, ਇਹ ਉਸ ਕਰਤੇ ਨੂੰ ਹੀ ਪਤਾ ਹੈ । ਜੇ ਸਰੀਰ ਦੇ ਖ਼ਤਮ ਹੋਣ ਨਾਲ ਸਭ ਕੁਝ ਖ਼ਤਮ ਹੋ ਜਾਂਦਾ ਹੈ ਤਾਂ ਇਸ ਕਥਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ “..ਸੋ ਜਾਣੈ ਕਰਤਾਰੁ” ।
ਇਸ ਸੰਬੰਧੀ ਇਕ ਸ਼ਬਦ ਹੋਰ ਪੇਸ਼ ਕੀਤਾ ਜਾਂਦਾ ਹੈ-
"ਪਵਨੈ ਮਹਿ ਪਵਨੁ ਸਮਾਇਆ॥ਜੋਤੀ ਮਹਿ ਜੋਤਿ ਰਲਿ ਜਾਇਆ॥ਮਾਟੀ ਮਾਟੀ ਹੋਈ ਏਕ॥..." (ਪੰਨਾ-885)
ਇੱਥੇ ਵੀ 'ਜੋਤੀ ਮਹਿ ਜੋਤਿ ਰਲਿ ਜਾਇਆ ਨੂੰ ਨਜ਼ਰ ਅੰਦਾਜ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਸਾਰੇ ਤੱਤ ਤੱਤਾਂ ਵਿੱਚ ਮਿਲ ਗਏ ਮੁੜ ਜਨਮ ਲੈਣ ਲਈ ਬਾਕੀ ਕੀ ਬਚਿਆ ? ਜਦਕਿ ਤੱਤ ਤੱਤਾਂ ਵਿੱਚ ਮਿਲ ਗਏ ਪਰ ਜੀਵਾਤਮਾ ਜਿਹੜੀ ਜੰਮਦੀ ਮਰਦੀ ਨਹੀਂ, ਉਹ ਜਿਸ ਪ੍ਰਭੂ ਦੀ ਅੰਸ਼ ਹੈ ਉਸੇ ਵਿੱਚ ਜਾ ਰਲਦੀ ਹੈ ਅਤੇ ਪ੍ਰਭੂ ਦੇ ਹੁਕਮ ਵਿੱਚ
1- ਜਨਮ ਮਰਨ ਤੋਂ ਛੁੱਟ ਜਾਂਦੀ ਹੈ
2- ਜਾਂ ਫੇਰ ਤੋਂ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੀ ਹੈ।
??? ਪਤਾ ਨਹੀਂ ਗਿਆਨੀ ਜੀ ਇਹ ਮੰਨਦੇ ਹਨ ਕਿ ਨਹੀਂ-
"ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਇਐ॥" (ਪੰਨਾ-748)
"ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ॥" (ਪੰਨਾ-918)
"ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ॥" (ਪੰਨਾ-918)
ਜੇ ਮੰਨਦੇ ਹਨ ਕਿ ਜੀਵ ਜੰਤ ਸਭ ਉਸੇ ਦੇ ਪੈਦਾ ਕੀਤੇ ਹਨ ਤਾਂ ਉਸਨੇ ਹੋਰ ਦੂਸਰੇ ਜੀਵਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ ਹੈ ? ਹੋਰ ਜੀਵਾਂ ਨਾਲ ਵਿਤਕਰਾ ਕਿਉਂ ? ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾ ਦਿੱਤਾ । ਮਨੁੱਖ ਦੀ ਏਨੀ ਤਰਫਦਾਰੀ ਕਿਉਂ ? ਕੀ ਉਸ ਦਾ ਨਿਆਉਂ ਸੱਚਾ ਨਹੀਂ ਹੈ ? ਉਸ ਦੀ ਤਾਂ ਇਹ ਖੇਡ ਹੋ ਗਈ ਪਰ ਮਨੁੱਖ ਕੋਲ ਹੋਰ ਸਾਰੇ ਜੀਵਾਂ ਨਾਲੋਂ ਵੱਧ ਸਮਝ ਹੋਣ ਕਰਕੇ, ਹਾਥੀ, ਘੋੜੇ, ਬੈਲ .... ਆਦਿ ਏਨੇ ਵੱਡੇ ਵੱਡੇ ਜਾਨਵਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਕੰਮ ਲੈਂਦਾ ਹੈ ਹੋਰ ਜੀਵਾਂ ਨੂੰ ਮਨੁੱਖ ਜਿੰਨੀ ਸਮਝ ਨਹੀਂ ਬਖਸ਼ੀ; ਇਹ ਹੋਰ ਜੀਵਾਂ ਨਾਲ ਵਿਤਕਰਾ ਨਾ ਹੋਇਆ ?
??? ਕੋਈ ਦੁਰਾਚਾਰੀ ਬੰਦਾ ਛੋਟੀ ਬੱਚੀ ਨਾਲ ਕੁਕਰਮ ਕਰਕੇ ਕਿਸੇ ਤਰੀਕੇ ਕਾਨੂੰਨ ਦੀ ਪਕੜ 'ਚ ਆਣੋਂ ਬਚ ਜਾਂਦਾ ਹੈ ਜਾਂ ਪਕੜੇ ਜਾਣ ਤੇ ਕਿਸੇ ਤਰ੍ਹਾਂ ਕਾਨੂੰਨ ਦੀ ਸਜ਼ਾ ਪਾਣੋਂ ਬਚ ਜਾਂਦਾ ਹੈ ਤਾਂ, ਇਸ ਤਰ੍ਹਾਂ ਦੇ ਵਰਤਾਰੇ ਵਿੱਚ ਪਰਮਾਤਮਾ ਦਾ ਕੋਈ ਦਖਲ ਹੈ ਕਿ ਨਹੀਂ ?
??? ਕੀ ਗਿਆਨੀ ਜੀ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰ ਸਕਦੇ ਹਨ ਜਿਸ ਵਿੱਚ ਲਿਖਿਆ ਹੋਵੇ ਕਿ ਹਰ ਇਕ ਦੇ ਕਰਮਾਂ ਦਾ ਲੇਖਾਂ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ ? ਜੇ ਲੇਖਾ ਇਸੇ ਜਨਮ ਵਿੱਚ ਹੀ ਭੁਗਤਿਆ ਜਾ ਰਿਹਾ ਹੈ ਤਾਂ ਫੇਰ ਗੁਰਬਾਣੀ ਦੇ ਇਸ ਕਥਨ ਦਾ ਕੀ ਮਤਲਬ ਹੋਇਆ-
"ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥" (ਪੰਨਾ-1104)
ਬਾਕੀ ਭਾਰੀ ਕਿਉਂ ਨਿਕਲੀ ? ਅਤੇ
"ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜਮ ਜੰਦਾਰੁ ਜੀਉ ॥" (ਪੰਨਾ- 751)
ਜੇ ਲੇਖਾ ਇਸੇ ਜਨਮ ਵਿੱਚ ਹੀ ਭੁਗਤਿਆ ਜਾ ਰਿਹਾ ਹੈ ਤਾਂ 'ਬਾਕੀ ਵਾਲਾ' ਦਾ ਕੀ ਮਤਲਬ ਹੋਇਆ ? ਤਲਬ ਕਰਨ ਦੀ ਕਿਉਂ ਲੋੜ ਪਈ ? ਅਤੇ ਕਦੋਂ ਤਲਬ ਕੀਤਾ ਜਾਣਾ ਹੈ ? ਜੇ ਸਭ ਦਾ ਲੇਖਾ ਇਸੇ ਜਨਮ ਵਿੱਚ ਨਿਬੜੀ ਜਾ ਰਿਹਾ ਹੈ ਤਾਂ ਕੋਈ ਆਪਣੀ ਖੁਸ਼ੀ ਨਾਲ ਭਗਤ ਪੂਰਨ ਸਿੰਘ ਵਰਗਾ ਜੀਵਨ ਕਿਉਂ ਅਪਨਾਏਗਾ ? ਕਿਉਂ ਨਹੀਂ ਹਰ ਬੰਦਾ ਇਹੀ ਸੋਚੇਗਾ ਕਿ ਇਸ ਜੀਵਨ ਤੋਂ ਬਾਅਦ ਫੇਰ ਕੋਈ ਜੀਵਨ ਤਾਂ ਹੈ ਨਹੀਂ, ਇਸੇ ਜਨਮ ਵਿੱਚ ਜਿੰਨੀ ਹੋ ਸਕਦੀ ਹੈ ਐਸ਼ ਕਰੋ, ਕਿਸੇ ਦੇ ਭਲੇ ਬੁਰੇ ਬਾਰੇ ਸੋਚਣ ਦੀ ਕੀ ਲੋੜ ਹੈ ?
ਵੀਰ ਜੀ! ਮਿਹਰਬਾਨੀ ਹੋਵੇਗੀ ਜੇ ਮੇਰੇ ਵੱਲੋਂ ਉਠਾਏ ਗਏ ਸਵਾਲ ਗਿਆਨੀ ਜੀ ਤੋਂ ਪੁੱਛੇ ਜਾਣ, ਤਾਂ ਕਿ ਮੇਰੇ ਸਮੇਤ ਹੋਰ ਬਹੁਤ ਸਾਰੇ ਲੋਕਾਂ ਦੇ ਭੁਲੇਖੇ ਦੂਰ ਹੋ ਸਕਣ ।
ਵੀਰ ਜੀ, ਆਮ ਤੌਰ ਤੇ ਦੇਖਿਆ ਗਿਆ ਹੈ ਕਿ ਗਿਆਨੀ ਜੀ ਤੋਂ ਜਿਹੜੇ ਸਵਾਲ ਪੁੱਛੇ ਜਾਂਦੇ ਹਨ ਉਨ੍ਹਾਂ ਦੇ ਜਵਾਬ ਦੇਣ ਤੋਂ ਪਹਿਲਾਂ ਹੋਰ ਵਿਖਿਆਨ ਕਰਨਾ ਜਰੂਰੀ ਕਹਿਕੇ ਅਸਲੀ ਸਵਾਲ ਵਿੱਚੇ ਹੀ ਛੱਡ ਜਾਂਦੇ ਹਨ । ਇੱਕ ਗੱਲ ਹੋਰ; ਦੇਖਿਆ ਗਿਆ ਹੈ ਕਿ ਗਿਆਨੀ ਜੀ ਗੁਰਬਾਣੀ ਉਦਾਹਰਣਾ ਬਹੁਤ ਘੱਟ ਪੇਸ਼ ਕਰਦੇ ਹਨ । ਜਿਹੜੀਆਂ ਥੋੜ੍ਹੀਆਂ ਬਹੁਤ ਪੇਸ਼ ਕਰਦੇ ਵੀ ਹਨ ਉਨ੍ਹਾਂ ਦੇ ਅਸਲੀ ਅਰਥ ਕੁੱਝ ਹੋਰ ਹੁੰਦੇ ਹਨ, ਪਰ ਗਿਆਨੀ ਜੀ ਅਰਥ ਆਪਣੀ ਬਣੀ ਸੋਚ ਮੁਤਾਬਕ ਕੁੱਝ ਹੋਰ ਕਰ ਦਿੰਦੇ ਹਨ, ਇਸ ਤਰ੍ਹਾਂ ਇਨ੍ਹਾਂ ਦੇ ਵਿਚਾਰਾਂ ਤੋਂ ਹੋਰ ਬਹੁਤ ਸਾਰੇ ਸਵਾਲ ਖੜ੍ਹੇ ਹੋ ਜਾਂਦੇ ਹਨ । ਇਸ ਲਈ ਹੋ ਸਕਦਾ ਹੈ ਮੇਰੇ ਵੱਲੋਂ ਹੋਰ ਵੀ ਪੱਤਰ ਆਪ ਜੀ ਨੂੰ ਲਿਖੇ ਜਾਣ । ਕਿਸੇ ਕਿਸਮ ਦੀ ਗ਼ੁਸਤਾਖੀ ਅਤੇ ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ ।
ਧੰਨਵਾਦ।
ਜਸਬੀਰ ਸਿੰਘ ਵਿਰਦੀ (24-02-2014)