ਬਲਵਿੰਦਰ ਸਿੰਘ ਬਾਈਸਨ
ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ ! (ਨਿੱਕੀ ਕਹਾਣੀ)
Page Visitors: 2703
ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ ! (ਨਿੱਕੀ ਕਹਾਣੀ) --------------------------------------------
ਦਾਦੀ ਜੀ ! ਦਾਦੀ ਜੀ ! ਕਹਾਣੀ ਸੁਨਾਓ ਨਾ ! (ਨਿੱਕੇ ਬੱਚੇ ਦਾਦੀ ਦੇ ਦੁਆਲੇ ਜਾ ਬੈਠੇ)
ਦਾਦੀ (ਪਿਆਰ ਨਾਲ ਪਲੋਸਦੀ ਹੋਈ) : ਬੈਠੋ ਮੇਰੇ ਬਚਿਓ ! ਸੁਣੋ ਕਹਾਣੀ, ਇੱਕ ਵਾਰ ਜੰਗਲ ਵਿੱਚ ਸ਼ਿਕਾਰੀ ਆ ਗਿਆ ! ਤੋਤੇਆਂ ਦੇ ਬਜ਼ੁਰਗ ਸਰਦਾਰ ਨੇ ਸਭ ਨੂੰ ਇੱਕ ਗੱਲ ਸਮਝਾਈ ਕੀ ਵੇਖਣਾ ਸ਼ਿਕਾਰੀ ਆਵੇਗਾ... ਜਾਲ ਪਾਵੇਗਾ.. ਦਾਣਾ ਸੁੱਟੇਗਾ .... ਦਾਣਾ ਖਾਣਾ ਨਹੀ ਵਰਨਾ ਜਾਲ ਵਿੱਚ ਫੱਸ ਜਾਵਾਂਗੇ ਤੇ ਸ਼ਿਕਾਰੀ ਫੜ ਕੇ ਮਾਰ ਦੇਵੇਗਾ !! ਸ਼ਿਕਾਰੀ ਨੇ ਆ ਜਾਲ ਵਿਛਾਇਆ ਤੇ ਦਾਣਾ ਪਾ ਦਿੱਤਾ ! ਸਾਰੇ ਤੋਤੇ ਇੱਕ ਇੱਕ ਕਰਕੇ ਦਾਣਾ ਚੁੱਗਣ ਜਾਲ ਤੇ ਆ ਬੈਠੇ ਤੇ ਨਾਲੇ ਬੋਲੀ ਜਾਣ ਕੀ "ਸ਼ਿਕਾਰੀ ਆਵੇਗਾ... ਜਾਲ ਪਾਵੇਗਾ.. ਦਾਣਾ ਸੁੱਟੇਗਾ .... ਦਾਣਾ ਖਾਣਾ ਨਹੀ ਵਰਨਾ ਫੱਸ ਜਾਵਾਂਗੇ !!" ਇਹੀ ਬੋਲ ਬੋਲ ਕੇ ਉਨ੍ਹਾਂ ਪੂਰਾ ਜੰਗਲ ਗੁੰਜਾ ਦਿੱਤਾ, ਪਰ ਅਖੀਰ ਓਹ ਸਾਰੇ ਜਾਲ ਵਿੱਚ ਫੱਸ ਗਏ ਤੇ ਸ਼ਿਕਾਰੀ ਨੇ ਆ ਸਭ ਨੂੰ ਫੜ ਲਿਆ ! ਤੋਤੇ ਅਜੇ ਵੀ ਬੋਲੀ ਜਾ ਰਹੇ ਸੀ "ਸ਼ਿਕਾਰੀ ਆਵੇਗਾ... ਜਾਲ ਪਾਵੇਗਾ.. ਦਾਣਾ ਸੁੱਟੇਗਾ .... ਦਾਣਾ ਖਾਣਾ ਨਹੀ ਵਰਨਾ ਫੱਸ ਜਾਵਾਂਗੇ !!" ਨਾਲ ਹੀ ਬੈਠੇ ਕਹਾਣੀ ਸੁਣ ਰਹੇ ਦਾਦਾ ਜੀ ਨੂੰ ਇਸ ਕਹਾਣੀ ਵਿਚੋਂ ਕੁਝ ਹੋਰ ਹੀ ਖਿਆਲ ਆਉਣ ਲੱਗੇ ... ਦਾਦੀ ਨੂੰ ਬੋਲਣ ਲੱਗੇ ! ਦਾਦਾ ਜੀ : ਸਾਡੇ ਵਡੇਰੇ (ਗੁਰੂ ਸਾਹਿਬਾਨ) ਆਪਣੇ ਜੀਵਨ ਰਾਹੀਂ ਸਰਬਤ ਸਿੱਖਾਂ ਨੂੰ ਜੀਵਨ ਜਿਉਣ ਦਾ ਮਾਰਗ ਸਮਝਾ ਗਏ ਤੇ ਆਪ "ਇੱਕ ਗੁਰੂ ਗ੍ਰੰਥ ਸਾਹਿਬ" ਦੇ ਲੜ ਲਾ ਗਏ ! ਉਨ੍ਹਾਂ ਨੇ ਸਮਝਾਇਆ ਕੀ ਭਾਈ ਸਿੱਖੋ "ਇੱਕ ਗ੍ਰੰਥ - ਇੱਕ ਪੰਥ" ਦੇ ਸਿਧਾਂਤ ਤੋਂ ਜਦੋਂ ਵੀ ਟੁੱਟ ਜਾਵੋਗੇ ਤਾਂ ਬਹੁਤ ਮੁਸ਼ਕਿਲ ਹੋ ਜਾਵੇਗਾ ਆਪਣੇ ਗੁਰੂ ਦੇ ਸੰਦੇਸ਼ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਦੇ ਅਨਮੋਲ ਨੂੰ ਸੰਭਾਲਣਾ ! ਪਿਛਲੇ ਸੌ ਤੋਂ ਵੱਧ ਸਾਲਾਂ ਤੋਂ "ਸ਼ਿਕਾਰੀ ਨੇ ਬਹੁਤ ਜਾਲ ਬਿਛਾਏ ਹਨ ਤੇ ਬਹੁਤ ਦਾਣੇ ਪਾਏ ਹਨ" ਤੇ ਗੁਰੂ ਕੇ ਸਿੱਖ ਬੋਲ ਰਹੇ ਨੇ ਕੀ "ਮਨਮਤੀ ਸ਼ਿਕਾਰੀ ਆਵੇਗਾ ... ਜ਼ਜਬਾਤੀ ਜਾਲ ਪਾਵੇਗਾ.. ਬਾਹਰੋਂ ਮਿੱਠਾ-ਮਿੱਠਾ ਦਾਣਾ ਸੁੱਟੇਗਾ .... ਦਾਣਾ ਖਾਣਾ ਨਹੀ ਵਰਨਾ "ਆਪਸੀ ਭਰਾ-ਮਾਰੂ ਲੜਾਈ" ਵਿੱਚ ਫੱਸ ਜਾਵਾਂਗੇ ... ਤੇ ਇਹੀ ਕਹਿੰਦੇ ਕਹਿੰਦੇ ਜਾ ਦਾਣਾ ਚੁੱਗਿਆ ਹੈ ਤੇ ਹੁਣ ਪੂਰਾ ਪੰਥ ਹੀ ਸ਼ਾਤਿਰ ਸ਼ਿਕਾਰੀ ਦੇ ਜਾਲ ਵਿੱਚ ਫੱਸ ਗਿਆ ਹੈ ! ਦਾਦੀ (ਬਚਿਆ ਨੂੰ ਸਮਝਾਉਂਦੇ ਹੋਏ) : ਅੱਜ ਦੇ ਸਮੇਂ ਵਿੱਚ ਜਦੋਂ ਆਮ ਸਿੱਖ ਗੁਰੂ ਦੀ ਸਿਖਿਆ ਆਪਣੇ ਜੀਵਨ ਵਿੱਚ ਢਾਲਣ ਤੋ ਦੂਰ ਹੁੰਦਾ ਜਾ ਰਿਹਾ ਹੈ ਤੇ ਕੇਵਲ ਬਿਨਾ ਵਿਚਾਰ ਦੇ ਤੋਤਾ ਰਟਣ ਵਿੱਚ ਹੀ ਖਚਿਤ ਹੈ ਤੇ ਉਨ੍ਹਾਂ ਤੋਤੇਆਂ ਵਾਂਗ ਹੀ ਬਰਤਾਓ ਕਰ ਰਿਹਾ ਹੈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਿਆ ਨਹੀ ਤੇ ਬਸ ਰਟਣ ਹੀ ਕਰਦੇ ਰਹੇ ! ਜੋ ਆਪਣੇ ਗੁਰੂ ਦੇ ਬਚਨਾਂ ਦਾ ਕੇਵਲ ਤੋਤਾ ਰਟਣ ਨਹੀ ਕਰਦੇ ਬਲਕਿ ਆਪਨੇ ਜੀਵਨ ਵਿੱਚ ਉਸ ਦੀ ਪਾਲਣਾ ਵੀ ਕਰਦੇ ਹਨ, ਓਹ ਕਦੀ ਇਨ੍ਹਾਂ ਭੁਲੇਖਿਆ ਵਿੱਚ ਨਹੀਂ ਫਸਦੇ ! - ਬਲਵਿੰਦਰ ਸਿੰਘ ਬਾਈਸਨ http://nikkikahani.com/