ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥
ਗੁਰੂ ਸਾਹਿਬ ਜੀ ਨੇ ਇਸ ਤੁਕ ਵਿਚ ਜਿਸ ਬ੍ਰਾਹਮਣ ਦਾ ਹਾਲ ਦੱਸਿਆ ਸੀ , ਉਸ ਵੇਲੇ ਉਹ ਮੁਸਲਮਾਨਾਂ ਦੇ ਰਾਜ ਦੇ ਗੁਲਾਮ ਬ੍ਰਾਹਮਣ ਦੀ ਗੱਲ ਸੀ , ਅੱਜ ਉਹ ਗੁਲਾਮ ਨਹੀਂ ਬਲਕਿ ਰਾਜਾ ਵੀ ਉਹ ਆਪ ਹੀ ਹੈ । ਇਸ ਲਈ ਪੂਰੇ ਸ਼ਬਦ ਵਿਚੋਂ , ਅੱਜ ਇਕੋ ਤੁਕ ਦੀ ਗੱਲ ਕਰਨ ਦੀ ਲੋੜ ਪੈ ਰਹੀ ਹੈ ।
ਅੱਜ ਭਗਵੀ ਹਨੇਰੀ ਚੜ੍ਹੀ ਆ ਰਹੀ ਹੈ , ਬਾਦਲ ਗਰਜ ਰਿਹਾ ਹੈ , ਅਤੇ ਇੰਦਰ ਦਾ ਇਹ ਸਾਰਾ ਪਰਿਵਾਰ ਭਾਰਤ ਤੇ ਖੌਫਨਾਕ ਬਾਰਸ਼ ਕਰਨ ਦੇ ਇਰਾਦੇ ਨਾਲ ਅੱਗੇ ਵੱਧ ਰਿਹਾ ਹੈ । ਅਜਿਹੀ ਹਾਲਤ ਵਿਚ ਸਿਆਣੇ ਬੰਦੇ ਆਪਣੇ ਘਰ ਦੀ ਸਾਂਭ-ਸੰਭਾਲ ਕਰਦੇ ਹਨ ਤਾਂ ਜੋ ਕਿਸੇ ਪਾਸਿਉਂ ਕਮਜ਼ੋਰ ਹੋ ਚੁੱਕੇ ਘਰ ਦਾ , ਇਸ ਬਾਰਸ਼ ਨਾਲ ਕੋਈ ਨੁਕਸਾਨ ਨਾ ਹੋ ਜਾਵੇ ।
ਪਰ ਸਿੱਖਾਂ ਦੇ ਤਾਂ ਲੱਖੀਂ ਲੇਖੇ ਹਨ , ਉਹ ਬਾਦਲ ਵਲੋਂ ਸ਼ਰਾਬ ਦੀ ਕੀਤੀ ਵਰਖਾ ਦੀ ਖੁਮਾਰੀ ਵਿਚ , ਬਾਦਲ ਦੀ ਇਹ ਗੱਲ ਮੰਨ ਕੇ ਚਲ ਰਹੇ ਹਨ ਕਿ , ਤੁਸੀਂ ਇੰਦਰਾ ਦੇ ਪਰਿਵਾਰ ਤੋਂ ਬਚੋ , ਇਹ ਭਗਵੀ ਹਨੇਰੀ ਤੁਹਾਡਾ ਕੁਝ ਨਹੀਂ ਵਿਗਾੜਨ ਲੱਗੀ , ਸਵਾਂ ਇਹ ਤਾਂ ਪੰਜਾਬ ਦਾ ਕੁਝ ਸਵਾਰੇਗੀ ਹੀ ।
ਕੋਈ ਅੱਤ ਸਿਆਣਾ ਬੰਦਾ , ਹਜ਼ਾਰਾਂ ਸਾਲਾਂ ਦੇ ਇਤਿਹਾਸ ਨੂੰ ਯਾਦ ਰੱਖਦਾ ਹੈ , ਕੋਈ ਸਿਆਣਾ ਸਦੀਆਂ ਦੇ ਇਤਿਹਾਸ ਨੂੰ ਯਾਦ ਰੱਖਦਾ ਹੈ , ਕੋਈ ਆਪਣੇ ਸਾਮ੍ਹਣੇ ਵਾਪਰੀਆਂ ਕੁਝ ਦਹਾਕਿਆਂ ਦੀਆਂ ਗੱਲਾਂ ਹੀ ਯਾਦ ਰੱਖਦਾ ਹੈ , ਪਰ ਜਿਹੜਾ ਬੰਦਾ ਕੁਝ ਦਿਨਾਂ ਵਿਚ ਵਾਪਰੀਆਂ ਗੱਲਾਂ ਵੀ ਨਾ ਯਾਦ ਰੱਖੇ , ਉਸ ਬਾਰੇ ਕੀ ਕਿਹਾ ਜਾ ਸਕਦਾ ਹੈ ? ਪਿਛਲੇ ਦੋ ਮਹੀਨਿਆਂ ਵਿਚ ਹੀ , ਤਿੰਨ ਵਾਰੀ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ , ਇਹ ਭਗਵੀ ਹਨੇਰੀ , ਇਹ ਬਾਦਲ , ਇਹ ਸਾਰੇ ਇੰਦਰ ਦੇ ਪਰਿਵਾਰ ਦੇ ਹੀ ਹਿੱਸੇ ਹਨ , ਮਖੌਟੇ ਅਲੱਗ-ਅਲੱਗ ਹਨ ।
ਪਹਿਲਾਂ ਸੁਪ੍ਰੀਮ ਕੋਰਟ ਵਲੋੰ , ਦਾਗੀ ਨੇਤਿਆਂ ਤੇ ਪਾਬੰਦੀ ਲਾਉਣ ਦੇ ਮਾਮਲੇ ਵਿਚ , ਨੇਤਿਆਂ ਦਾ ਇਹ ਸਾਰਾ ਕੁਨਬਾ ਸੰਯੁਕਤ ਪਰਿਵਾਰ ਦੇ ਰੂਪ ਵਿਚ ਇਵੇਂ ਹੋ ਗਿਆ ਸੀ , ਜਿਸ ਵਿਚੋਂ ਸੂਈ ਨਿਕਲਣੀ ਵੀ ਮੁਸ਼ਕਿਲ ਸੀ । ਫਿਰ ਦਿੱਲ਼ੀ ਦੇ ਮੁੱਖਮੰਤ੍ਰੀ ਕੇਜਰੀਵਾਲ ਵਲੋਂ ਇਨ੍ਹਾਂ ਤਿੰਨਾਂ ਦੇ ਸਾਂਝੇ ਅੰਨਦਾਤਾ ਅੰਬਾਨੀ ਨੂੰ ਹੱਥ ਪਾਉਣ ਤੇ , ਇਹ ਇਵੇਂ ਤੜਫੇ ਸਨ ਜਿਵੇਂ ਕਿਸੇ ਨੇ ਇਨ੍ਹਾਂ ਦੀ ਪੂਛ ਤੇ ਪੈਰ ਰੱਖ ਦਿੱਤਾ ਹੋਵੇ , ਸਾਰਿਆਂ ਨੇ ਕੇਜਰੀਵਾਲ ਵਲੋਂ ਰੱਖੇ ਲੋਕਪਾਲ ਦੇ ਮਤੇ ਵਰੁੱਧ ਵੋਟਾਂ ਪਾ ਕੇ ਉਸ ਨੂੰ , ਦਿੱਲੀ ਦੀ ਮੁੱਖਮੰਤ੍ਰੀ ਦੀ ਕੁਰਸੀ ਛੱਡਣ ਲਈ ਮਜਬੂਰ ਕਰ ਦਿੱਤਾ । ਅਤੇ ਪਾਰਲੀਮੈਂਟ ਵਿਚ ਅੰਬਾਨੀ ਬਾਰੇ ਜਾਂਚ ਹੀ ਰੱਦ ਨਹੀਂ ਕਰ ਦਿੱਤੀ ਬਲਕਿ ਗੈਸ ਦੀਆਂ ਕੀਮਤਾਂ ਹੋਰ ਵਧਾ ਕੇ , ਵਿਚਾਰੇ ਭਾਰਤ ਦੇ ਸਭ ਤੋਂ ਵੱਧ ਗਰੀਬ ਬੰਦੇ , ਮੁਕੇਸ਼ ਅੰਬਾਨੀ ਦੀ ਮਦਦ ਕਰਨ ਲਈ , ਭੁੱਖ ਨਾਲ ਬੇਹਾਲ ਬੰਦਿਆਂ ਦੀਆਂ ਜੇਭਾਂ ਵਿਚੋਂ , ਹਰ ਸਾਲ ਦਾ 54,000 ਕ੍ਰੋੜ ਰੁਪਏ ਹੋਰ ਕੱਢਣ ਦਾ ਇੰਤਜ਼ਾਮ ਕਰ ਦਿੱਤਾ ।
ਵਿਚਾਰਿਆਂ ਨੂੰ ਕੁਝ ਦਿਨਾਂ ਵਿਚ ਹੀ ਫਿਰ ਇਕੱਠਾ ਹੋਣਾ ਪਿਆ ਜਦੋਂ , ਤਿਲੰਗਾਣਾ ਦਾ ਸੂਬਾ ਅਲੱਗ ਬਨਾਉਣ ਦੇ ਮਾਮਲੇ ਤੇ , ਆਂਧਰ-ਪਰਦੇਸ਼ ਦੀ ਸਰਕਾਰ ਨੇ ਬਗਾਵਤ ਕਰ ਦਿੱਤੀ ਤਾਂ , ਇੰਦਰ ਦੇ ਪਰਿਵਾਰ ਨੂੰ ਬਚਾਉਣ ਲਈ , ਇਹ ਸਾਰੇ ਫਿਰ ਇਕੱਠੇ ਹੋਏ , ਅਤੇ ਹੱਦ ਤਾ ਉਸ ਵੇਲੇ ਹੋਈ , ਜਦੋਂ ਆਪਣੀਆਂ ਲੋਕ ਸਭਾ ਵਿਚਲੀਆਂ ਕਾਲੀਆਂ ਕਰਤੂਤਾਂ ਨੂੰ ਲੁਕੋਣ ਲਈ , ਇਸ ਤੋਂ ਅਲੱਗ ਕੋਈ ਰਾਹ ਹੀ ਨਾ ਦਿਸਿਆ ਕਿ , ਮੀਡੀਏ ਦੇ ਸਾਰੇ ਕੈਮਰੇ ਬੰਦ ਕਰ ਦਿਉ , ਲੋਕ ਸਭਾ ਦੇ ਦਰਵਾਜ਼ੇ ਬੰਦ ਕਰ ਦਿਉ , ਤਾਂ ਜੋ ਬਾਹਰ ਪਤਾ ਹੀ ਨਾ ਲੱਗੇ ਕਿ ਅੰਦਰ , ਤਿਲੰਗਾਣਾ ਦਾ ਮਤਾ , ਕਿਵੇਂ ਪਾਸ ਹੋਇਆ ਹੈ ? ਇਹ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕ ਤੰਤ੍ਰ ਦੀ ਮਹਾਨਤਾ । ਅਜੇ ਵੀ ਜੇ ਕਿਸੇ ਨੂੰ , ਇਨ੍ਹਾਂ ਦੇ ਇਕ ਹੋਣ ਵਿਚ ਕੋਈ ਸ਼ੱਕ ਹੈ ਤਾਂ ਉਹ ਬੇਵਕੂਫਾਂ ਦੀ ਜੰਨਤ ਵਿਚ ਰਹਿ ਰਿਹਾ ਹੈ ।
ਸਾਫ ਨਜ਼ਰ ਆ ਰਿਹਾ ਹੈ ਕਿ ਜੇ ਭਗਵੀ ਹਨੇਰੀ ਦਾ ਜ਼ੋਰ ਪੈ ਗਿਆ ਤਾਂ , ਮਾਮਲਾ ਖਾਲੀ ਸਿੱਖਾਂ ਦਾ ਹੀ ਨਹੀਂ ਰਹਿ ਜਾਣਾ , ਇਸ ਹਨੇਰੀ ਦੀ ਮਾਰ ਤੋਂ ਨਾ ਕੋਈ ਮੁਸਲਮਾਨ ਬਚਣਾ ਹੈ , ਨਾ ਕੋਈ ਦਲਿਤ ਤੇ ਨਾ ਹੀ ਕੋਈ ਈਸਾਈ । ਗੁਰੂ ਸਾਹਿਬ ਵਲੋਂ ਉਪਰ ਵਰਣਿਤ (ਧਾਰਮਕ ਆਗੂ, ਸਭ ਤੋਂ ਵੱਡੇ ਦੇਵਤਾ) ਬ੍ਰਾਹਮਣ ਦਾ ਆਪਣਾ ਹੀ ਧਰਮ ਹੋਵੇਗਾ , ਜਿਸ ਦੀ ਰਖਵਾਲੀ ਲਈ , ਹਕੂਮਤ ਉਸ ਦੀ ਆਪਣੀ ਹੋਵੇਗੀ , ਸੈਨਾ ਅਤੇ ਪੁਲਸ ਉਸ ਦੀ ਆਪਣੀ ਹੋਵੇਗੀ , (ਪਰ ਉਨ੍ਹਾਂ ਵਿਚ ਖਾਲੀ ਹਿੰਦੂ ਨਾ ਹੋਣ ਕਰ ਕੇ , ਉਸ ਨੇ ਇਨ੍ਹਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਨਿੱਜੀ ਸੈਨਾਵਾਂ ਬਣਾਈਆਂ ਹਨ , ਹੁਣ ਇਕ ਹੋਰ ਨਵੀਂ ਬਣ ਗਈ ਹੈ “ਨਰਿੰਦਰ ਮੋਦੀ ਸੈਨਾ” ਇਹ ਸਾਰੀਆਂ ਸੈਨਾਵਾਂ ਇਤਿਹਾਸ ਨੂੰ ਦੁਹਰਾਉਂਦਿਆਂ , ਉਹੀ ਕੰਮ ਕਰਨਗੀਆਂ ਜੋ ਕੰਮ ਚਾਣਕੀਆ ਦੀ ਅਗਵਾਈ ਵਿਚ , ਉਸ ਵੇਲੇ ਦੀਆਂ ਸੈਨਾਵਾਂ ਨੇ , ਬੋਧੀਆਂ ਨਾਲ ਕੀਤਾ ਸੀ ) ਕਾਨੂਨ ਆਪਣਾ ਹੋਵੇਗਾ , ਮੀਡੀਆ ਆਪਣਾ ਹੋਵੇਗਾ । ਘਰੇਲੂ ਮਾਮਲਾ ਕਹਿ ਕੇ ਸਭ ਨੂੰ ਆਤੰਕਵਾਦੀ ਬਣਾ ਕੇ ਰਗੜ ਦਿੱਤਾ ਜਾਵੇਗਾ ।
ਇਸ ਤੋਂ ਬਚਣ ਲਈ ਸਭ ਤੋਂ ਵਧੀਆ ਢੰਗ ਇਹੀ ਹੈ ਕਿ ਇਸ ਹਨੇਰੀ ਨੂੰ ਵਧਣ ਤੋਂ ਹਰ ਹਾਲਤ ਵਿਚ ਰੋਕਿਆ ਜਾਵੇ । ਜੇ ਨਾ ਰੋਕਿਆ ਗਿਆ ? ਫਿਰ ਤਾ ਉਹ ਸੁਭਾਵਕ ਹੀ , ਕਸਾਈ ਹੈ ਹੀ ਅਤੇ ਛੁਰੀ ਵੀ ਉਸ ਦੇ ਹੱਥ ਵਿਚ ਹੀ ਹੋਵੇਗੀ ।
ਰੱਬ ਇਨ੍ਹਾਂ ਘੱਟ ਗਿਣਤੀਆਂ ਨੂੰ ਅਤੇ ਸੁਹਿਰਦ ਹਿੰਦੂਆਂ ਨੂੰ ਤੌਫੀਕ ਬਖਸ਼ੇ , ਤਾਂ ਜੋ ਇਹ ਭਾਰਤ ਨੂੰ ਬਚਾਉਣ ਵਿਚ ਸਫਲ ਹੋਣ ।
ਅਮਰ ਜੀਤ ਸਿੰਘ ਚੰਦੀ