ਕੈਟੇਗਰੀ

ਤੁਹਾਡੀ ਰਾਇ



ਗੁਰਦਰਸ਼ਨ ਸਿੰਘ ਢਿੱਲੋਂ (ਡਾ)
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥
Page Visitors: 3021

  ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥
ਨਵੰਬਰ 2013 ਵਿੱਚ ਮੈਂ ਅਰਵਿੰਦਪਾਲ ਸਿੰਘ ਮੰਡੇਰ ਦੀ ਕਿਤਾਬ 'ਧਰਮ ਅਤੇ ਪੱਛਮ ਦਾ ਪ੍ਰੇਤ:ਸਿਖੀ,ਭਾਰਤ, ਉਤਰਬਸਤੀਵਾਦੀ ਅਤੇ ਤਰਜ਼ਮੇ ਦੀ ਸਿਆਸਤ' ਨਾਮੀ ਕਿਤਾਬ, ਜੋ ਕਿ ੨੦੦੯ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਛਪੀ ਉਸਦਾ ਰਿਵਿਊ ਲਿਖਿਆ ਅਤੇ ਉਸਨੂੰ ਇੰਟਰਨੈਟ ਤੇ ਪਾਇਆ। ਇਸ ਰਿਵਿਊ ਦਾ ਸਾਰੰਸ਼ ਮੈਂ ਕੈਨਡਾ ਅਤੇ ਅਮਰੀਕਾ ਦੇ ਰੇਡਿਉ ਅਤੇ ਟੀ.ਵੀ. ਚੈਨਲਾਂ ਤੇ ਵੀ ਦਿੱਤਾ। ਇਹ ਕਿਤਾਬ ਸਿਖੀ ਲਈ ਬਹੁੱਤ ਹੀ ਘਾਤਕ ਹੈ ਅਤੇ ਡਬਲਿਊ ਐਚ. ਮੈਕਲੋਡ ਦੇ ਸਿਖੀ ਬਾਰੇ ਰੱਖੇ ਹੋਏ ਫਰੇਮ ਵਰਕ (framework) ਨੂੰ ਸ਼ਰਧਾਜਲੀ ਦੇ ਕੇ ਅੱਗੇ ਲਿਜਾਣ ਦੀ ਕੋਸ਼ਿਸ਼ ਹੈ। ਇਹ ਕਿਤਾਬ ਸਿਖ ਵਿਰੋਧੀ ਤਾਕਤਾਂ ਦੇ ਗਿਣੇ ਮਿੱਥੇ ਏਜੰਡੇ ਨੂੰ ਬਲ ਦੇਣ ਲਈ ਕਿਸੇ ਸਾਜਿਸ਼ ਦੇ ਅਧੀਨ ਲਿਖੀ ਹੋਈ ਪ੍ਰਾਪੇਗੰਡਾ ਦਸਤਾਵੇਜ ਹੈ।ਇਸ ਕਿਤਾਬ ਦੇ ਲੇਖਕ ਮੰਡੇਰ, ਮਿਸ਼ੀਗਨ ਯੁਨੀਵਰਸਿਟੀ ਵਿੱਚ ਸਿਖ ਸਟਡੀਜ਼ ਦੀ ਚੇਅਰ ਤੇ ਬਤੌਰ ਐਸੋਸਿਅੇਟ ਪ੍ਰੋਫੈਸਰ ਦੇ ਕੰਮ ਕਰ ਰਹੇ ਹਨ।
ਇੱਥੇ ਇਕ ਗੱਲ ਖਾਸ ਵਰਨਣਯੋਗ ਹੈ ਕਿ ਜੱਦ ਇਹ ਸਾਰੀ ਚਰਚਾ ਚੱਲ ਰਹੀ ਸੀ ਤਾਂ ਮੈਨੂੰ ਲਗਾਤਾਰ ਇਕ ਅਖੌਤੀ ਸਕਾਲਰ ਪ੍ਰਭਸ਼ਰਨਦੀਪ ਦੇ ਬੜੇ ਲੰਬੇ-ਲੰਬੇ ਟੈਲੀਫੋਨ ਆਉਣੇ ਸ਼ੁਰੂ ਹੋ ਗਏ। ਉਸਨੇ ਟੈਲੀਫੋਨ ਤੇ ਮੰਡੇਰ ਦੇ ਹੱਕ ਵਿੱਚ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੰਡੇਰ ਦੀ ਕਿਤਾਬ ਨੂੰ ਸਮਝਣਾ ਕੋਈ ਸੋਖਾ ਨਹੀਂ, ਕਿਉਂਕਿ ਇਹ ਕਿਤਾਬ ਜਰਮਨ ਫਿਲਾਸਫਰ ਹੀਗਲ ਦੀ ਵਿਚਾਰਧਾਰਾ ਤੇ ਆਧਾਰਿਤ ਹੈ। ਇਸੇ ਗੱਲਬਾਤ ਦੇ ਦੌਰਾਨ ਹੀ ਮੈਂ ਇਸ ਕਿਤਾਬ ਵਿੱਚੋਂ ਹਵਾਲੇ ਦੇ ਕੇ ਪ੍ਰਭਸ਼ਰਨਦੀਪ ਨੂੰ ਕੁੱਝ ਸਵਾਲ ਕੀਤੇ। ਇਸੇ ਸੰਧਰਭ ਵਿੱਚ ਪ੍ਰਭਸ਼ਰਨਦੀਪ ਨੇ ਕੈਨਡਾ ਤੋਂ ਛਪਦੇ ਅਖਬਾਰ 'ਪੰਜਾਬ ਟਾਇਮਜ਼' ਦੇ ਫਰਵਰੀ 7, 2014 ਦੇ ਅੰਕ ਵਿੱਚ ਇਕ ਆਰਟੀਕਲ ਲਿਖਕੇ ਮੰਡੇਰ ਦੇ ਹੱਕ ਵਿੱਚ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ।
1. ਮੈਂ ਮੰਡੇਰ ਦੀ ਕਿਤਾਬ ਦੇ ੩੮੮ ਪੰਨੇ ਦਾ ਹਵਾਲਾ ਦਿਤਾ। ਜਿੱਥੇ ਮੰਡੇਰ ਕਹਿੰਦਾ ਹੈ ਕਿ 'ਸਿਖ ਧਰਮ ਇਕ ਅੰਤਰਮੁੱਖੀ ਧਰਮ ਹੈ ਅਤੇ ਇਸ ਵਿੱਚ ਪ੍ਰਭੂਸਤਾ ਤੇ ਅਧਾਰਿਤ ਰਾਜਨੀਤੀ ਦੀ ਗੱਲ ਕਰਨੀ ਇਸਦੇ ਮੂਲ ਸਿਧਾਂਤਾਂ ਦਾ ਉਲੰਘਣ ਹੈ ਅਤੇ ਸਿਖੀ ਨੂੰ ਦੁਬਾਰਾ ਆਪਣੀ ਅੰਤਰਮੁਖੀ ਅਵਸਥਾ ਵਿੱਚ ਜਾਣਾ ਹੀ ਉਚਿਤ ਹੈ '(“Sikhism must revert to its original peaceful state. True Sikhism is without a desire for sovereignty, a Sikhism that has already renounced politics through interiorization”) ਇਸ ਗੱਲ ਦਾ ਸਿੱਧਾ ਜਵਾਬ ਪ੍ਰਭਸ਼ਰਨਦੀਪ ਕੋਲ ਕੋਈ ਨਹੀਂ ਸੀ ਉਹ ਇਹ ਗੱਲ ਕਹਿ ਕੇ ਟਾਲ ਰਿਹਾ ਸੀ ਕਿ ਮੈਂ ਮੰਡੇਰ ਦੇ ਕੁੱਝ ਮੁੱਦਿਆਂ ਨਾਲ ਸਹਿਮਤ ਨਹੀਂ। ਉਂਜ ਤਾਂ ਪ੍ਰਭਸ਼ਰਨਦੀਪ ਸਿੱਖੀ ਹੱਕਾਂ ਤੇ ਪਹਿਰਾ ਦੇਣ ਦਾ ਜੋਰਦਾਰ ਦਾਅਵਾ ਕਰਦਾ ਹੈ ਅਤੇ ਇਸ ਤਰ੍ਹਾਂ ਦੋਨਾਂ ਬੇੜੀਆਂ ਦੀ ਸਵਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ।
2. ਮੈਂ ਪ੍ਰਭਸ਼ਰਨਦੀਪ ਨੂੰ ਪੁੱਛਿਆ ਕਿ ਮੰਡੇਰ ਆਪਣੀ ਕਿਤਾਬ ਦੇ ਪੰਨਾ 295 ਤੇ ਸਿਖ ਧਰਮ ਨੂੰ ਗੁਰੁ ਨਾਨਕ ਤੋਂ ਬਾਅਦ ਨਿਘਾਰਵਾਦੀ (“degenerative evolution”) ਦੌਰ ਵਿੱਚ ਵਿਚਰਦਾ ਦਸਦਾ ਹੈ ਅਤੇ ਖਾਲਸੇ ਦੀ ਸਿਰਜਣਾ ਦਾ ਜ਼ਿਕਰ ਤੱਕ ਨਹੀਂ ਕਰਦਾ। ਇਸ ਉੱਤੇ ਉਸਨੇ ਕੋਈ ਵੀ ਟਿਪਣੀ ਕਰਨ ਤੋਂ ਇੰਨਕਾਰ ਦਿੱਤਾ।
3. ਮੈਂ ਪ੍ਰਭਸ਼ਰਨਦੀਪ ਨੂੰ ਯਾਦ ਕਰਾਇਆ ਕਿ ਮੰਡੇਰ ਆਪਣੀ ਕਿਤਾਬ ਦੇ ਪੰਨਾ 255 ਵਿੱਚ ਗੁਰੁ ਨਾਨਕ ਸਾਹਿਬ ਤੋਂ ਬਾਅਦ ਨੌ ਗੁਰੁ ਸਾਹਿਬਾਨ ਨੂੰ ਘੱਟ ਪੱਧਰ(weaker copies) ਦਾ ਦਰਜ਼ਾ ਦਿੰਦਾ ਹੈ। ਇਸ ਦੇ ਜਵਾਬ ਵਿੱਚ ਪ੍ਰਭਸ਼ਰਨਦੀਪ ਲਾਜਵਾਬ ਹੋ ਗਿਆ।
4. ਮੈਂ ਪ੍ਰਭਸ਼ਰਨਦੀਪ ਨੂੰ ਪੁੱਛਿਆ ਕਿ ਮੰਡੇਰ ਗੁਰੁ ਨਾਨਕ ਸਾਹਿਬ ਨੂੰ ਪੈਗੰਬਰ ਮੰਨਣ ਤੋਂ ਕਿਉਂ ਇਨਕਾਰੀ ਹੈ ਅਤੇ ਸੁਲਤਾਨਪੁਰ ਲੋਧੀ ਵਿੱਚ ਬੇਂਈ ਨਦੀ ਵਿੱਚ ਹੋਏ ਇਲਹਾਮ (revelation) ਨੂੰ ਸਿੰਘ ਸਭਾ ਵਲੋਂ ਮਨ-ਘੜਤ (pseudo theory-page 211) ਬਣਾਈ ਮਿਥਿਆ ਦਸਦਾ ਹੈ। ਮੰਡੇਰ ਦਾ ਮੱਤ ਹੈ ਕਿ ਅਜੇਹਾ ਇਲਹਾਮ ਕਿਸੇ ਵੀ ਸਾਧਾਰਣ ਪੁਰਸ਼ ਨੂੰ ਹੋ ਸਕਦਾ ਹੈ। ਇਸਦਾ ਪ੍ਰਭਸ਼ਰਨਦੀਪ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਸਨੇ ਕਿਹਾ ਕਿ ਉਹ ਇਸਦਾ ਦੁਬਾਰਾ ਪੜ੍ਹ ਕੇ ਜਵਾਬ ਦੇਵੇਗਾ।
5. ਮੰਡੇਰ ਨੇ ਕਿਤਾਬ ਦੇ ਪੰਨਾ ੩੬੯ ਤੇ ਮੂਲ ਮੰਤਰ ਦੀ ਤੌਹੀਨ ਕੀਤੀ। ੴ ਦੀ ਵਿਆਖਿਆ ਕਰਦਿਆਂ ਇਸਨੂੰ ਧੌਖਾ ਦੇਣ ਵਾਲਾ ਸਿਧਾਂਤ (‘deceitful concept’)ਦਸਿਆ। ਮੰਡੇਰ ਦੇ ਅਨੁਸਾਰ ਸਿਖੀ ਇਕ ਰੱਬ ਨੂੰ ਮੰਨਣ ਵਾਲਾ (monotheism) ਧਰਮ ਪ੍ਰਤੀਤ ਨਹੀਂ ਹੁੰਦਾ। ਜੋ ਮਰੋੜ ਤਰੋੜ ਕੇ ੴ  ਦੀ ਵਿਆਖਿਆ ਮੰਡੇਰ ਨੇ ਕੀਤੀ ਉਸਦਾ ਵੀ ਪ੍ਰਭਸ਼ਰਨਦੀਪ ਕੌਲ ਕੋਈ ਜਵਾਬ ਨਹੀਂ ਸੀ।
6. ਇੱਥੇ ਹੀ ਬਸ ਨਹੀਂ, ਪੰਨਾ 229 ਤੇ, ਮੰਡੇਰ ਨੇ ਤਾਂ ਮੂਲ ਮੰਤਰ ਵਿੱਚੋਂ 'ਅਕਾਲ ਮੂਰਤਿ' ਸ਼ਬਦ ਨੂੰ ਹੀ ਬਾਹਰ ਕੱਢ ਕੇ ਸਿਖੀ ਨੂੰ ਮੂਰਤੀ ਪੂਜਾ ਨਾਲ ਜੋੜ ਦਿੱਤਾ ਹੈ। ਮੈਂ ਪ੍ਰਭਸ਼ਰਨਦੀਪ ਨੂੰ ਪੁੱਛਿਆ ਕਿ ਕੀ ਗੁਰਮਤਿ ਵਿੱਚ ਮੂਰਤੀ ਪੂਜਾ ਹੈ? ਕੀ ਅਕਾਲ ਮੂਰਤਿ ਸ਼ਬਦ ਨੂੰ ਪੂਰੇ ਮੂਲ ਮੰਤਰ ਵਿੱਚੋਂ ਬਾਹਰ ਕੱਢ ਕੇ ਇਸਦੀ ਗਲਤ ਵਿਆਖਿਆ ਕਰਨੀ ਗੁਮਰਾਹ ਕਰਨ ਵਾਲੀ ਗੱਲ ਨਹੀਂ ਹੈ? ਇਕ ਮੂਰਤੀ (Idol) ਨਾਲ 'ਨਿਰਭਉ', 'ਨਿਰਵੈਰੁ' ਅਤੇ 'ਅਜੂਨੀ ਸੈਭੰ' ਸ਼ਬਦ ਕਿਵੇਂ ਜੁੜ ਸਕਦੇ ਹਨ? ਇਹ ਸਾਰੀਆਂ ਵਿਸ਼ੇਸ਼ਤਾਈਆਂ ਤਾਂ ਇਕ ਰੱਬ ਦੇ ਗੁਣਾਂ ਨੂੰ ਹੀ ਦਰਸਾਉਂਦੀਆਂ ਹਨ। ਪ੍ਰਭਸ਼ਰਨਦੀਪ ਹਵਾ ਵਿੱਚ ਤਲਵਾਰਾਂ ਤਾਂ ਚਲਾ ਸਕਦਾ ਹੈ ਪਰ ਇਨ੍ਹਾਂ ਗੱਲਾਂ ਦੇ ਉੱਤਰ ਦੇਣ ਦੀ ਸਮਰੱਥਾ ਨਹੀਂ ਰੱਖਦਾ। ਮੰਡੇਰ ਦੀ ਡੂੰਗੀ ਚਾਲ ਤਾਂ ਇਹ ਹੈ ਕਿ ਸਿਖੀ ਵਿੱਚੋਂ ਅਕਾਲ (Timelessness, transcendance) ਦਾ ਅੰਸ਼ ਕੱਢ ਕੇ ਇਸਨੂੰ ਕਾਲ (Time) ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਹੈ ਕਿ ਜਿਸ ਧਰਮ ਵਿੱਚ ਅਕਾਲ ਦੀ ਥਾਂ ਕਾਲ ਆ ਜਾਂਦਾ ਹੈ ਉਸ ਧਰਮ ਦੀ ਬੁਨਿਆਦ ਹੀ ਖਤਮ ਹੋ ਜਾਂਦੀ ਹੈ। ਸੂਝਵਾਨ ਪਾਠਕ ਵੀ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਧਰਮ ਵਿੱਚੋਂ ਅਕਾਲ ਨੂੰ ਕੱਢ ਦੇਣਾ ਕਿਨ੍ਹਾਂ ਘਾਤਕ ਹੈ।
7.  ਮੰਡੇਰ ਦਾ ਦਿੜ੍ਹ ਵਿਚਾਰ ਹੈ ਕਿ ਪੱਛਮੀ ਯੂਨੀਵਰਸਿਟੀਆਂ ਦੁਆਰਾ ਗੁਰਮਤਿ ਨੂੰ ਭੌਤਿਕ ਕਸਵੱਟੀ ਤੇ ਸਖਤੀ ਨਾਲ (‘ruthless interpretation of Gurmat’)ਪਰਖ ਕੇ ਹੀ ਸਿਖ ਕੌਮ ਦੀਆਂ ਰਾਜਸੀ ਸਮਸਿਆਵਾਂ ਦਾ ਹਲ ਲਭਿਆ ਜਾ ਸਕਦਾ ਹੈ। 'ਨਾਮ ਸਿਮਰਨ' ਦੀ ਵਿਆਖਿਆ ਕਰਦਾ ਮੰਡੇਰ ਕਹਿੰਦਾ ਹੈ ਕਿ 'ਸਿਮਰਨ' ਸ਼ਬਦ ਸੰਸਕ੍ਰਿਤ ਵਿੱਚੋਂ ਉਪਜਿਆ ਹੈ, ਜਿਸਦੇ ਮੁਤਾਬਿਕ ਉਹ ਸਿਮਰਨ ਨੂੰ ਮਰਨ ਨਾਲ ਜੋੜਦਾ ਹੈ। ਕਹਿਣ ਤੋਂ ਭਾਵ ਕਿ ਸਿਮਰਨ ਸੱਭ ਤੋਂ ਪਹਿਲਾਂ ਇਨਸਾਨ ਨੂੰ ਮਰਨ ਦੀ ਯਾਦ ਦਵਾਉਂਦਾ ਹੈ।ਅਤੇ ਬਾਅਦ ਵਿੱਚ ਰੱਬ ਨਾਲ ਜੋੜਦਾ ਹੈ। ਇਹ ਸੱਭ ਸੁਣਕੇ ਪ੍ਰਭਸ਼ਰਨਦੀਪ ਨੇ ਕਿਹਾ ਕਿ ਐਥੇ ਤਾਂ ਮੈਂਨੂੰ ਕੋਈ ਸਮਸਿਆ (Problem) ਨਜ਼ਰ ਆਉਂਦੀ ਹੈ।
8. ਮੰਡੇਰ ਦੇ ਅਨੁਸਾਰ ਇਸਾਈ ਧਰਮ ਹੀ ਇਕ ਅਜੇਹਾ ਧਰਮ ਹੈ ਜਿਸ ਵਿੱਚ ਮਾਨਵਤਾਵਾਦੀ ਕਾਇਨਾਤੀ ਵਿਚਾਰਧਾਰਾ ਹੈ ਅਤੇ ਇਕੀਵੀਂ ਸਦੀ ਲਈ ਅੰਤਰਰਾਸ਼ਟਰੀਕਰਨ ਦੇ ਸੰਦਰਭ ਵਿੱਚ ਇਸਨੂੰ ਅਪਣਾ ਲੈਣ ਨਾਲ ਹੀ ਮਾਨਵ ਜਾਤੀ ਦਾ ਕਲਿਆਣ ਹੋ ਸਕਦਾ ਹੈ। ਵੈਸੇ ਤਾਂ ਉਸਨੂੰ ਹਿੰਦੂ ਧਰਮ ਵਿੱਚ ਵੀ ਕਾਇਨਾਤੀ ਮਾਨਵਤਾਵਾਦੀ ਤੱਤ ਨਜ਼ਰ ਆਉਂਦੇ ਹਨ ਜੋ ਕਿ ਅੰਤਰਰਾਸ਼ਟਰੀਕਰਨ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ। ਪਰ ਦੋਨਾਂ ਦਾ ਫਰਕ ਸਿਰਫ ਐਨਾ ਹੀ ਹੈ ਕਿ ਇਸਾਈਆਂ ਨੂੰ ਅੰਗਰੇਜੀ ਭਾਸ਼ਾ ਦਾ ਲਾਭ ਹੈ ਜੋ ਕਿ ਅੰਤਰਰਾਸ਼ਟਰੀ ਭਾਸ਼ਾ ਵਜੋਂ ਮੰਨੀ ਜਾਂਦੀ ਹੈ। ਮੰਡੇਰ ਨੇ ਅੰਤਰਰਾਸ਼ਟਰੀ ਕਰਨ ਦਾ ਜੋ ਬੀੜਾ ਚੁਕਿਆ ਹੈ, ਉਸ ਦੇ ਵਿੱਚ ਉਹ ਸਿਖ ਗੁਰੂਆਂ ਦੇ ਸਰਬ ਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਦੇ ਸੰਦੇਸ਼ ਨੂੰ ਤਾਂ ਬਿਲਕੁੱਲ ਹੀ ਨਜ਼ਰਅੰਦਾਜ਼ ਕਰਦਾ ਹੈ। ਇਸਦੇ ਜਵਾਬ ਵਿੱਚ ਪ੍ਰਭਸ਼ਰਨਦੀਪ ਕਹਿੰਦਾ ਹੈ ਕਿ ਮੰਡੇਰ ਨੇ ਤਾਂ ਧਰਮ ਦੀ ਇਕ ਨਵੀਂ ਅਤੇ ਆਧੁਨਿਕ ਪਰਿਭਾਸ਼ਾ ਕਾਇਮ ਕੀਤੀ ਅਤੇ ਉਹ ਗੁਰਮਤਿ ਸਿਧਾਂਤਾਂ ਨੂੰ ਇਸ ਦੇ ਦਾਇਰੇ ਵਿੱਚ ਲਿਆ ਰਿਹਾ ਹੈ। ਮੰਡੇਰ ਨੇ ਪੱਛਮੀ ਨੁਕਤੇ ਤੋਂ ਸਿਖ ਸਿਧਾਂਤਾਂ ਦੀ ਵਿਆਖਿਆ ਕਰਦਿਆਂ ਕਹਿੰਦਾ ਹੈ ਕਿ ਸਿਖੀ ਵਿੱਚ ਕੇਵਲ 'ਸ਼ਬਦ ਗੁਰੂ' ਇਕ ਅਜੇਹਾ ਸਿਧਾਂਤ ਹੈ ਜੋ ਕਿ ਧਰਮ ਪ੍ਰਤੀ ਪੱਛਮੀ ਪਹੁੰਚ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਕਿਉਂਕਿ ਇਹ ਵਿਗਿਆਨਕ ਅਤੇ ਅੰਤਰ-ਮੁੱਖੀ ਹੈ ਅਤੇ ਬਾਕੀ ਦੇ ਸਾਰੇ ਗੁਰਮਤਿ ਸਿਧਾਂਤ ਆਧੁਨਿਕ ਕਾਇਨਾਤੀ ਦਾਇਰੇ ਵਿੱਚ ਨਹੀਂ ਸਮਾ ਸਕਦੇ।[(Mandair states, ‘non-monotheistic and non-monistic conception of Shabad Guru, far from being yet another idiosyncratic product of modern Sikh ideology, resists ideology as such’ page-333)
9. ਮੰਡੇਰ ਮੈਕਲਿਉਡ ਦੀ ਦਿਸ਼ਾ ਨਿਰਦੇਸ਼ ਹੇਠ ਚਲਦਿਆਂ ਬਾਰ ਬਾਰ ਇਹ ਕਹਿੰਦਾ ਹੈ ਕਿ ਸਿੰਘ ਸਭਾ ਲਹਿਰ ਤੋਂ ਪਹਿਲਾਂ ਸਿਖ ਧਰਮ ਦੀ ਕੋਈ ਪਰਿਭਾਸ਼ਾ ਨਹੀਂ ਸੀ ਅਤੇ ਨਾ ਹੀ ਸਿਖਾਂ ਦੀ ਕੋਈ ਵੱਖਰੀ ਹੋਂਦ ਸੀ। ਉਸਦਾ ਕਹਿਣਾ ਹੈ ਕਿ ਸਿੰਘ ਸਭਾ ਨੇ ਸੱਭ ਤੋਂ ਪਹਿਲਾਂ ਪੱਛਮੀ ਸਮਾਜਵਾਦੀ ਤਾਕਤਾਂ ਦੇ ਪ੍ਰਭਾਵ ਵਿੱਚ ਆ ਕੇ ਸਿਖ ਧਰਮ ਦੀ ਪਰਿਭਾਸ਼ਾ ਨਿਸ਼ਚਿਤ ਕੀਤੀ। ਸਿਖਾਂ ਦੇ ਧਾਰਮਿਕ ਗ੍ਰੰਥ, ਗੁਰੁ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਹੀ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ 'ਗੁਰੂ ਕਾ ਸਿਖ' ਅਤੇ ਸਿਖ ਸ਼ਬਦ ਬਾਰ ਬਾਰ ਦੁਹਰਾਏ ਗਏ ਹਨ।ਗੁਰੁ ਸਾਹਿਬਾਨ ਨੇ ਇਕ ਨਵੀਂ ਵਿਚਾਰਧਾਰਾ ਅਨੁਸਾਰ ਸਾਰੀ ਮਨੁੱਖਤਾ ਨੂੰ ਇਕ ਪ੍ਰਭੂ ਦੀ ਸੰਤਾਨ ਮੰਨਿਆ, ਜਾਤ ਪਾਤ ਦਾ ਖੰਡਨ ਕੀਤਾ, ਮੂਰਤੀ ਪੂਜਾ ਦਾ ਵਿਰੋਧ ਕੀਤਾ ਅਤੇ ਇਸਤਰੀ ਜਾਤੀ ਨਾਲ ਵਿਤਕਰੇ ਵਿਰੁੱਧ ਸਖਤ ਆਵਾਜ਼ ਉਠਾਈ। ਇਸ ਵਿਚਾਰਧਾਰਾ ਅਨੁਸਾਰ ਮੁਕਤੀ ਜੰਗਲਾਂ ਵਿੱਚ ਜਾ ਕੇ ਤੱਪ ਸਾਧਣ ਜਾਂ ਸ਼ਰੀਰ ਨੂੰ ਅਨੇਕ ਤਰ੍ਹਾਂ ਦੇ ਕਸ਼ਟ ਦੇ ਕੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਗੁਰੂਆਂ ਅਨੁਸਾਰ ਗ੍ਰਿਹਸਤ ਵਿੱਚ ਰਹਿ ਕੇ ਸੱਚ ਦੇ ਮਾਰਗ ਚਲਦਿਆਂ ਹੀ ਗੁਰੁ ਦੇ ਚਰਣਾਂ ਦੀ ਛੋਹ ਪ੍ਰਾਪਤ ਹੋ ਸਕਦੀ ਹੈ।
ਗੁਰੁ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਸੰਤ ਸਿਪਾਹੀ ਬਣਾਇਆ। ਹਰ ਤਰ੍ਹਾਂ ਦੇ ਜਬਰ, ਜੁਲਮ ਅਤੇ ਅਨਿਆ ਨਾਲ ਜੂਝਣ ਦੀ ਨਾ ਕੇਵਲ ਸਿਖਿਆ ਹੀ ਦਿੱਤੀ, ਸਗੋਂ ਆਪ ਅਗਵਾਈ ਵੀ ਦਿੱਤੀ, ਸ਼ਹਾਦਤਾਂ ਵੀ ਦਿੱਤੀਆਂ। ਇਹ ਗੁਰਮਤਿ ਦੇ ਧਾਰਨੀ ਸਿਖ ਹੀ ਸਨ ਜਿਨ੍ਹਾਂ ਨੇ ਅਠਾ੍ਹਰਵੀਂ ਸਦੀ ਵਿੱਚ ਹਰ ਤਰ੍ਹਾਂ ਦੀਆਂ ਔਕੜਾਂ ਅਤੇ ਜੁਲਮ ਦਾ ਸਾਮ੍ਹਣਾ ਕਰਦੇ ਹੋਇ ਖੋਪਰੀਆਂ ਲੁਹਾਈਆਂ ਅਤੇ ਬੇਮਿਸਾਲ ਸ਼ਹਾਦੱਤਾਂ ਦਿਤੀਆਂ।ਮੰਡੇਰ ਦੀ ਪੁਸਤਕ ਵਿੱਚ ਸਿਖੀ ਦੇ ਇਸ ਇਤਿਹਾਸਿਕ ਦੌਰ ਦਾ ਜ਼ਿਕਰ ਤੱਕ ਨਹੀਂ ਆਉਂਦਾ। ਉਹ ਬੰਦਾ ਬਹਾਦਰ ਅਤੇ ਉਸਦੇ ਨਾਲ ਸ਼ਹੀਦ ਹੋਣ ਵਾਲੇ 740 ਸਿਖਾਂ ਦੀ ਦਿਲ ਕੰਬਾਊ ਕੁਰਬਾਨੀ ਦਾ ਨਾਮ ਤੱਕ ਨਹੀਂ ਲੈਂਦਾ। ਮੰਡੇਰ ਦੀ ਪੰਜ ਸੌ ਸਫਿਆਂ ਦੀ ਪੁਸਤਕ  ਸਿਖੀ ਦੇ ਅਧਿਐਨ ਦੇ ਖੇਤਰ ਵਿੱਚ ਹਰ ਤਰ੍ਹਾਂ ਦੇ ਧਾਰਮਿਕ ਅਤੇ ਸਭਿਆਚਾਰਕ ਵਿਵਾਦ ਖੜੇ ਕਰਦੀ ਹੈ। ਉਸ ਵਲੋਂ ਸਿੰਘ ਸਭਾ ਦੇ ਵਿਦਵਾਨਾਂ ਪ੍ਰਤੀ ਅਪਨਾਇਆ ਆਲੋਚਨਾਤਮਕ ਰਵਈਆ ਬਿਲਕੁੱਲ ਹੀ ਬੇਬੁਨਿਆਦ ਹੈ। ਇਹ ਵਿਦਵਾਨ ਤਾਂ ਸਿਖੀ ਸਿਧਾਂਤਾਂ ਅਤੇ ਪਰੰਪਰਾ ਤੇ ਪਹਿਰਾ ਦੇ ਰਹੇ ਸਨ, ਉਨ੍ਹਾਂ ਨੇ ਕੋਈ ਨਵੀਂ ਵਿਚਾਰਧਾਰਾ ਪੇਸ਼ ਨਹੀਂ ਸੀ ਕੀਤੀ। ਇਹ ਵਿਦਵਾਨ ਸਿਖਾਂ ਦੇ ਨਿਮਾਣੇ ਜਿਹੇ ਵਰਗ ਵਿੱਚੋਂ ਸਨ ਜਿਨ੍ਹਾਂ ਕੋਲ ਸੱਭ ਤੋਂ ਵੱਡਾ ਤੇ ਇਕੋ ਹੀ ਹਥਿਆਰ, ਕੇਵਲ ਗੁਰਮਤਿ ਦਾ ਹਥਿਆਰ ਸੀ ਜਿਸ ਦੀ ਸਹੀ ਵਿਆਖਿਆ ਨਾਲ ਉਨ੍ਹਾਂ ਨੇ ਇਸਾਈ ਮੱਤ ਅਤੇ ਆਰੀਆ ਸਮਾਜ ਵਲੋਂ ਦਿੱਤੀਆਂ ਚੁਨੌਤੀਆਂ ਦਾ ਡੱਟ ਕੇ ਸਾਮ੍ਹਣਾ ਕੀਤਾ। ਟਰੰਪ ਨੇ ਗੁਰਮਤਿ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸੀ। ਸਿੰਘ ਸਭਾ ਦੇ ਵਿਦਵਾਨਾਂ ਨੇ ਇਸ ਦੀ ਜਗਾ੍ਹ ਮੈਕਾਲਿਫ ਤੋਂ ਸਿਖ ਧਰਮ ਬਾਰੇ ਇਕ ਸਹੀ ਪ੍ਰਭਾਵਸ਼ਾਲੀ ਦਸਤਾਵੇਜ ਤਿਆਰ ਕਰਵਾਇਆ। ਮੰਡੇਰ ਟਰੰਪ ਦੀ ਸ਼ਲਾਘਾ ਕਰਦਾ ਤਾਂ ਥਕਦਾ ਹੀ ਨਹੀਂ ਪਰ ਮੈਕਾਲਿਫ ਦੇ ਛੇ ਲੜੀਆਂ ਵਿੱਚ ਲਿਖੇ ਮਹਾਨ ਦਸਤਾਵੇਜ਼ ਨੂੰ ਬਿਲਕੁੱਲ ਨਜ਼ਰਅੰਦਾਜ ਕਰਦਾ ਹੈ। ਮੰਡੇਰ ਮੈਕਲਿਉਡ ਦੇ ਰੱਜ ਕੇ ਗੁਣ ਗਾਉਂਦਾ ਹੈ ਅਤੇ ਉਸਨੂੰ ਸਿਖਾਂ ਦਾ ਸੱਭ ਤੋਂ ਵਡਾ ਇਤਿਹਾਸਕਾਰ ਦਰਸਾਉਂਦਾ ਹੈ।
10. ਮੰਡੇਰ ਆਪਣਾ ਦਸਤਾਵੇਜ਼ ਜਰਮਨ ਫਿਲਾਸਫਰ ਹੀਗਲ ਦੇ ਸੰਧਰਭ ਵਿੱਚ ਪੇਸ਼ ਕਰਦਾ ਹੈ। ਹੀਗਲ ਪਛਮੀ ਸਭਿਅਤਾ ਦਾ ਪੁਜਾਰੀ ਸੀ ਤੇ ਪੂਰਬੀ ਸਭਿਅਤਾ ਨੂੰ ਨੀਵੀਂ ਪੱਧਰ ਤੇ ਪੇਸ਼ ਕਰਦਾ ਸੀ। ਉਸਦੀ ਵਿਚਾਰਧਾਰਾ ਅਨੁਸਾਰ ਸਟੇਟ ਨੂੰ ਪੂਰਨ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ ਤਾਂ ਕਿ ਉਹ ਮਨੁੱਖੀ ਅਧਿਕਾਰਾਂ ਉਪੱਰ ਪੂਰਾ ਕੰਟਰੋਲ ਕਰ ਸਕੇ। ਹਿਟਲਰ ਉਪਰ ਹੀਗਲ ਦੀ ਵਿਚਾਰਧਾਰਾ ਦਾ ਪੂਰਾ ਪ੍ਰਭਾਵ ਸੀ ਜਿਸ ਕਾਰਣ ਉਸਨੇ ਤਾਨਾਸ਼ਾਹੀ ਨੀਤੀ ਅਪਨਾਈ, ਮਨੁੱਖੀ ਅਧਿਕਾਰਾਂ ਤੇ ਕਦਰਾਂ ਕੀਮਤਾਂ ਦੀ ਪ੍ਰਵਾਹ ਨਾ ਕਰਦਿਆਂ ਜੋ ਕਤਲੇਆਮ ਕੀਤਾ ਉਸਦੀ ਮਿਸਾਲ ਘੱਟ ਹੀ ਦੇਖਣ ਵਿੱਚ ਆਉਂਦੀ ਹੈ। ਮੰਡੇਰ ਦੀ ਇਸ ਵਿਚਾਰਧਾਰਾ ਨਾਲ ਸਹਿਮਤੀ ਹੈ। ਉਹ ਕਹਿੰਦਾ ਹੈ ਕਿ ਜੇ ਅਕਾਦਮਿਕ ਅਦਾਰਿਆਂ/ਯੂਨੀਵਰਸਿਟੀਆਂ ਰਾਹੀਂ ਸਟੇਟ ਆਪਣੀ ਨੀਤੀ ਨੂੰ ਪ੍ਰਚਲਿਤ ਕਰਨ ਵਿੱਚ ਸਫਲ ਨਹੀਂ ਹੁੰਦੀਂ ਤਾਂ ਸਟੇਟ ਕੋਲ ਪੂਰਨ ਅਧਿਕਾਰ ਚਾਹੀਦਾ ਹੈ ਕਿ ਉਹ ਆਪਣੀ ਨੀਤੀ ਨੂੰ ਕਾਨੂੰਨੀ ਕਾਰਵਾਈ ਨਾਲ ਲੋਕਾਂ ਉਪਰ ਠੋਸ ਸਕੇ। ਇਸੇ ਸੰਧਰਭ ਵਿੱਚ ਉਹ ਸਟੇਟ ਅਤੇ ਯੂਨੀਵਰਸਿਟੀਆਂ ਵਲੋਂ ਸਾਂਝੀ ਨੀਤੀ ਅਪਨਾਏ ਜਾਣ ਤੇ ਵੀ ਜੋਰ ਦਿੰਦਾ ਹੈ। ਉਸਦਾ ਮਤ ਹੈ ਕਿ ਯੂਨੀਵਰਸਿਟੀਆਂ ਨੂੰ ਵਧੇਰੇ ਕਾਨੂੰਨੀ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ ਤਾਂ ਕਿ ਉਹ ਆਪਣੀ ਵਿਚਾਰਧਾਰਾ ਨੂੰ ਲਾਗੂ ਕਰਨ ਵਿੱਚ ਸਮਰੱਥ ਹੋ ਸਕਣ। ਮੰਡੇਰ ਦਾ ਇਹ ਦਸਤਾਵੇਜ਼ ਪਛਮੀ ਸਭਿਅਤਾ ਦੀ ਪ੍ਰਸ਼ੰਸਾ ਵਿੱਚ ਹੀ ਲਿਖਿਆ ਗਿਆ ਹੈ। ਇਸ ਨੂੰ ਅਕਾਦਮਿਕ ਦਸਤਾਵੇਜ਼ ਨਹੀਂ ਕਿਹਾ ਜਾ ਸਕਦਾ। ਇਹ ਤਾਂ ਇਕ ਐਂਟੀ-ਸਿਖ ਪ੍ਰੋਪੇਗੰਡਾ ਪੁਸਤਕ ਹੈ ਜਿਸ ਵਿੱਚ ਸਿਖੀ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ, ਹਰ ਪੱਖ ਤੋਂ ਢਾਹ ਲਾਈ ਗਈ ਹੈ।
ਇਸ ਸੰਧਰਭ ਵਿੱਚ ਬਹੁੱਤ ਕੁੱਝ ਲਿਖਿਆ ਅਤੇ ਕਿਹਾ ਜਾ ਸਕਦਾ ਹੈ। ਮੰਡੇਰ ਦੀ 516 ਸਫਿਆਂ ਦੀ ਕਿਤਾਬ ਹੈ, ਜਿਸਦਾ ਕਿ ਮੈਂ 26 ਸਫਿਆਂ ਵਿੱਚ ਰਿਵਿਊ ਕੀਤਾ, ਤਾਂ ਸੱਭ ਤੋਂ ਵੱਧ ਤਕਲੀਫ ਪ੍ਰਭਸ਼ਰਨਦੀਪ ਨੂੰ ਹੋਈ। ਇਸੇ ਦੌਰਾਨ ਮੈਂਨੂੰ ਕੁੱਝ ਪਾਠਕਾਂ ਨੇ ਇਗਲੈਂਡ, ਅਮਰੀਕਾ ਅਤੇ ਕੈਨਡਾ ਤੋਂ ਬਹੁੱਤ ਹੀ ਮਾਕੂਲ ਦਸਤਾਵੇਜ਼ ਭੇਜੇ ਹਨ, ਜਿਨ੍ਹਾਂ ਰਾਹੀਂ ਇਸ ਜੁੰਡਲੀ ਦੇ ਢੋਲ ਦਾ ਪੋਲ ਉਜਾਗਰ ਹੁੰਦਾ ਹੈ। ਇਹ ਸਾਰਾ ਕੁੱਝ ਛਾਣਬੀਨ ਕਰਨ ਉਪਰੰਤ ਕੁੱਝ ਹੇਠ ਲਿਖੇ ਤੱਤ ਪੇਸ਼ ਕਰ ਰਿਹਾ ਹਾਂ ਤਾਕਿ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਸਿਖੀ ਨੂੰ ਢਾਹ ਲਗਾਉਣ ਲਈ ਹਿੰਦੂਤਵ ਅਤੇ ਪੱਛਮੀ ਸ਼ਕਤੀਆਂ ਕਿਸ ਤਰ੍ਹਾਂ ਇਨ੍ਹਾਂ ਅਖੌਤੀ ਵਿਦਵਾਨਾਂ ਨੂੰ ਹੱਥਾਂ ਵਿੱਚ ਲੈ ਕੇ ਮਾਇਆ ਜੰਜਾਲ ਵਿੱਚ ਫਸਾ ਕੇ ਸਿਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਜੁੰਡਲੀ ਨੂੰ ਕੁੱਝ ਹੇਠ ਲਿਖੇ ਸਵਾਲ ਪੇਸ਼ ਕੀਤੇ ਜਾਂਦੇਂ ਹਨ:-
1. ਪ੍ਰਭਸ਼ਰਨਦੀਪ ਅਤੇ ਅਰਵਿੰਦਪਾਲ ਮੰਡੇਰ ਨੇ ਰੱਲ ਕੇ "ਯੂ. ਸੀ. ਬਰਕਲੇ ਸਿਖ ਸਟਡੀਜ਼ ਕਾਨ੍ਹਫਰੈਸ: ਆਫਟਰ 1984"”(UC Berkelay Sikh Studies Conference: after 1984) ਦੇ ਸਿਰਲੇਖ ਹੇਠ ਕਾਨ੍ਹਫਰੈਂਸ ਕੀਤੀ ਅਤੇ ਵਾਅਦਾ ਕੀਤਾ ਕਿ ਉਹ ਇਹ ਸਾਰੀ ਪ੍ਰੋਸੀਡਿੰਗ ਨੂੰ ਇਕ ਚੰਗੇ ਪਬਲਿਸ਼ਰ ਤੋਂ ਛਪਵਾ ਕੇ ਸਿਖੀ ਦੇ ਅਕਸ ਨੂੰ ਪੱਛਮੀ ਮੁਲਕਾਂ ਵਿੱਚ ਸੁਧਾਰਨ ਲਈ ਇਕ ਕਿਤਾਬ ਦੀ ਸ਼ਕਲ ਵਿੱਚ ਪੇਸ਼ ਕਰਨਗੇ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਕੁੱਲ ਰਕਮ ਜੋ ਕਿ ੪੦,੦੦੦ ਅਮਰੀਕਨ ਡਾਲਰ ਬਣਦੇ ਹਨ ਇਹ ਰੱਲ ਮਿਲਕੇ ਹੜਪ ਕਰ ਗਏ ਅਤੇ ਅੱਜ ਤੱਕ ਇਸ ਕਾਨ੍ਹਫਰੈਂਸ ਦਾ ਇਕ ਅੱਖਰ ਛਪਕੇ ਸਾਮ੍ਹਣੇ ਨਹੀਂ ਆਇਆ। ਇਹ ਰਕਮ ਸਿਖ ਯੂਥ ਆਫ ਅਮਰੀਕਾ ਨੇ ਮੁੱਹਈਆ ਕਰਵਾਈ ਸੀ।ਕੀ ਪ੍ਰਭਸ਼ਰਨਦੀਪ ਇਸ ਬਾਰੇ ਕੁੱਝ ਕਹਿਣਾ ਚਾਹੁੰਦੇ ਹਨ?
2. ਕੀ ਪ੍ਰਭਸ਼ਰਨਦੀਪ ਨੂੰ ਪੀ. ਐਚ. ਡੀ. ਕਰਵਾਉਣ ਲਈ ਹਿੰਦੂਆਂ ਦੀ ਇਕ ਨਾਮੀ ਜੱਥੇਬੰਦੀ “The Oxford Centre for Hindu Studies UK” ਸਕਾਲਰਸ਼ਿਪ ਨਹੀਂ ਦੇ ਰਹੀ? ਕੀ ਇਹ ਜੱਥੇਬੰਦੀ ਇਸ ਅਖੌਤੀ ਵਿਦਵਾਨ ਤੋਂ ਸਿਖੀ ਦਾ ਸਹੀ ਮੁਲਾਂਕਣ ਕਰਵਾਏਗੀ?
3. ਕੀ ਪ੍ਰਭਸ਼ਰਨਦੀਪ ਦਸੇਗਾ ਕਿ ਉਸਦੇ DANAM (Dharma Academy of North America ) ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਹਨ। ਇੱਥੇ ਖਾਸ ਤੌਰ ਤੇ ਵਰਣਨਯੋਗ ਹੈ ਕਿ DANAM ਹਿੰਦੁਤਵ ਦੀ ਇਕ ਬਹੁੱਤ ਸ਼ਕਤੀਸ਼ਾਲੀ ਜੱਥੇਬੰਦੀ ਹੈ ਜਿਸਦੀਆਂ ਸਿਧੀਆਂ ਜੜ੍ਹਾਂ ਆਰ. ਐਸ. ਐਸ. ਨਾਲ ਮਿਲਦੀਆਂ ਹਨ ਅਤੇ ਇਨ੍ਹਾਂ ਕੋਲ ਅਥਾਹ ਫੰਡ ਹਨ। ਇਨ੍ਹਾਂ ਦਾ ਇਕੋ ਇਕ ਏਜੰਡਾ ਹੈ ਕਿ ਸਿਖਾਂ ਨੂੰ ਹਿੰਦੂ ਧਰਮ ਦੇ ਕਲਾਵੇ ਵਿੱਚ ਲੈ ਕੇ ਉਸਦੀ ਆਜ਼ਾਦ ਹਸਤੀ ਨੂੰ ਨੇਸਤੋ ਨਾਬੂਦ ਕਰਨਾ ਹੈ।ਪ੍ਰਭਸ਼ਰਨਦੀਪ ੨੬ ਸਤੰਬਰ ੨੦੧੩ ਤੱਕ DANAM ਦੀ ਸਿਰ ਕਢ ਯੂਨੀਵਰਸਿਟੀ ਦਾ ਮੈਂਬਰ ਸੀ (ਹਵਾਲੇ ਲਈ ਵੇਖੋ www.danam_wel.org is part ofhttp://www.taksha.org))  ਪ੍ਰੰਤੂ ਉਸਨੇ ੨੭ ਸਤੰਬਰ ੨੦੧੩ ਨੂੰ ਆਪਣੇ ਨਾਂ ਨੂੰ ਉਸ ਲਿਸ਼ਟ ਤੋਂ ਹਟਾ ਲਿਆ।
4. ਕੀ ਪ੍ਰਭਸ਼ਰਨਦੀਪ ਦੱਸੇਗਾ ਕਿ ਉਸਦਾ ਉਬਰਾਏ ਫਾਊਡੇਸ਼ਨ ਨਾਲ ਕਿਸ ਕਿਸਮ ਦਾ ਰਿਸ਼ਤਾ ਹੈ? ਉਬਰਾਏ ਫਾਊਂਡੇਸ਼ਨ ਦੇ ਬਾਨੀ ਮਹਿੰਦਰ ਸਿੰਘ ਉਬਰਾਏ ਸਿਖ ਸਨ, ਪ੍ਰੰਤੂ ਹੁਣ ਇਹ ਫਾਊਂਡੇਸ਼ਨ ਹਿੰਦੁਤਵ ਦੇ ਕੰਟਰੋਲ ਵਿੱਚ ਆ ਚੁੱਕੀ ਹੈ ਅਤੇ ਉਹ ਸੈਮੀਨਾਰਾਂ/ਕਾਨ੍ਹਫਰੈਂਸਾਂ ਲਈ ਪ੍ਰਭਸ਼ਰਨਦੀਪ, ਮੰਡੇਰ, ਭੋਗਲ ਇਤਿਆਦਿਕ ਅਖੌਤੀ ਸਕਾਲਰਾਂ ਨੂੰ ਪੈਸਾ ਦੇ ਕੇ ਕਾਨ੍ਹਫਰੈਂਸਾਂ ਕਰਵਾਉਂਦੇ ਹਨ, ਤਾਂ ਕਿ ਸਿਖੀ ਭੇਖ ਵਾਲੇ ਲੋਕਾਂ ਤੋਂ ਸਿਖੀ ਵਿਰੁੱਧ ਲਿਖਵਾਕੇ ਭੋਲੇ ਭਾਲੇ ਸਿਖਾਂ ਨੂੰ ਭੰਬਲਭੁਸੇ ਵਿੱਚ ਪਾਇਆ ਜਾ ਸਕੇ।
5. ਕੀ ਇਹ ਸੱਚ ਨਹੀਂ ਕਿ ਮਿਸ਼ੀਗਨ ਯੂਨੀਵਰਸਿਟੀ ਦੀ ਸਿਖ ਸਟਡੀਜ਼ ਦੀ ਚੇਅਰ ਜਿਸ ਲਈ ਸਿਖਾਂ ਨੇ ਫੰਡ ਦਿੱਤੇ ਸਨ ਅਤੇ ਇਹ ਉਮੀਦ ਰੱਖੀ ਸੀ ਕਿ ਇਸ ਚੇਅਰ ਤੋਂ ਸਿਖੀ ਦੀ ਆਜ਼ਾਦ ਪਹਿਚਾਣ (Unique & independent Sikh identity) ਬਾਰੇ ਲਿਖਿਆ ਜਾਏਗਾ। ਪ੍ਰੰਤੂ ਮੰਡੇਰ ਨੇ ਉਬਰਾਏ ਫਾਊਂਡੇਸ਼ਨ ਵਲੋਂ 2011 ਵਿੱਚ ਇਕ ਵਰਕਸ਼ਾਪ ਕਰਾਕੇ ਸਿਖੀ ਨੂੰ ਹਿੰਦੂ ਧਰਮ ਦੀ ਇਕ ਸ਼ਾਖਾ ਵਜੋਂ ਪੇਸ਼ ਕੀਤਾ?
ਗੱਲਾਂ ਤਾਂ ਬਹੁੱਤ ਹਨ ਪ੍ਰੰਤੂ ਜਗ੍ਹਾਂ ਦੀ ਘਾਟ ਕਾਰਣ ਇਸਨੂੰ ਲੋੜ ਤੋਂ ਵੱਧ ਵਿਸਥਾਰ ਨਾਲ ਲਿਖਣਾ ਮੁਸ਼ਕਿਲ ਹੈ। ਮੇਰਾ ਖਿਆਲ ਹੈ ਕਿ ਬਾਕੀ ਦੀ ਸਮਗ੍ਰੀ ਲੋੜ ਪੈਣ ਤੇ ਫਿਰ ਉਜਾਗਰ ਕਰਾਂਗੇ      
 ਵਲੋਂ :
ਡਾ. ਗੁਰਦਰਸ਼ਨ ਸਿੰਘ ਢਿਲੋਂ
ਸਾਬਕਾ ਪ੍ਰੋ. ਆਫ ਹਿਸਟਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਮੋਬਾਈਲ: 9815143911

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.