ਜਿਥੈ ਨੀਚ ਸਮਾਲਅਿਨ, ਤਿਥੈ ਨਦਰਿ ਤੇਰੀ ਬਖਸ਼ੀਸ਼
ਗੁਰੁ ਨਾਨਕ ਪਾਤਿਸ਼ਾਹ ਜੀ ਨੇ ਫੁਰਮਾਇਆ: ਏਕ ਪਿਤਾ ਏਕ ਕੇ ਹਮ ਬਾਰਿਕ। ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ ਅਸੀਂ ਸਾਰੇ ਉਸ ਦੇ ਬੱਚੇ ਹਾਂ। ਵਾਹਿਗੁਰੂ ਦੀ ਤਰਫੋਂ ਮਨੁੱਖਾਂ ਵਿੱਚ ਕੋਈ ਉੱਚਾ ਨੀਂਵਾਂ ਨਹੀ ਹੈ। ਫਿਰ ਵੀ ਅਸੀਂ ਬ੍ਰਾਹਮਣਵਾਦੀਆਂ ਦੀ ਰੀਸੋ ਰੀਸ ਬਹੁਤ ਸਾਰੇ ਸਮਾਜ ਨੂੰ ਅਛੂਤ, ਸੂਦਰ ਜਾਂ ਨੀਚ ਮੰਨੀ ਬੈਠੇ ਹਾਂ। ਬਾਬੇ ਨਾਨਕ ਜੀ ਨੇ ਮਨੁੱਖਾਂ ਵਿੱਚ ਇਸ ਨਾਂ ਬਰਾਬਰੀ ਵਾਲੀ ਤਖਲ਼ੀਫ ਨੂੰ ਸਮਝ ਕੇ ਗੁਰਮਤਿ ਦਾ ਪ੍ਰਕਾਸ਼ ਕੀਤਾ ਸੀ। ਬਾਬੇ ਨਾਨਕ ਜੀ ਤੋਂ ਪਹਿਲਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੈ। ਸੂਦਰ ਨੂੰ ਗਿਆਨ ਪ੍ਰਾਪਤੀ ਦਾ ਅਧਿਕਾਰ ਨਹੀਂ ਹੈ। ਜੇ ਸ਼ੂਦਰ ਗਿਆਨ ਦੀ ਗੱਲ ਕਰੇ ਤਾਂ ਉਸ ਦੀ ਜਬਾਨ ਕੱਟ ਦਿਓ। ਜੇ ਸ਼ੂਦਰ ਗਿਆਨ ਦੀ ਗੱਲ ਸੁਣੇ ਤਾਂ ਉਸ ਦੇ ਕੰਨਾ ਵਿੱਚ ਸਿੱਕਾ ਢਾਲ਼ ਕੇ ਪਾ ਦਿਓ। ਜੇ ਸ਼ੂਦਰ ਕੋਲ਼ ਜਮੀਨ ਜਾਇਦਾਦ ਹੋਵੇ ਤਾਂ ਰਾਜਾ ਉਸ ਦੀ ਜ਼ਮੀਨ ਜਾਇਦਾਦ ਜਬਤ ਕਰ ਲਵੇ। ਇਸ ਤਰਾਂ ਦੀ ਹਾਲਤ ਵਿੱਚ ਬਾਬੇ ਨਾਨਕ ਜੀ ਨੇ ਉੱਚੀ ਜਾਤ ਵਿੱਚ ਪ੍ਰਵੇਸ਼ ਹੋਣ ਵਾਲ਼ੀ ਜਨੇਊ ਦੀ ਰਸਮ ਦਾ ਵਿਰੋਧ ਕੀਤਾ ਸੀ। ਨੀਚ ਸਮਝੇ ਜਾਣ ਵਾਲ਼ਿਆਂ ਨਾਲ਼ ਖੜ ਕੇ ਵਾਹਿਗੁਰੂ ਦੀ ਬਖਸ਼ਿਸ ਪ੍ਰਾਪਤ ਕੀਤੀ ਸੀ। ਆਪ ਜੀ ਨੇ ਫੁਰਮਾਇਆ:-
ਨੀਚਾਂ ਅੰਦਰਿ ਨੀਚ ਜਾਤਿ, ਨੀਚੀ ਹੂੰ ਅਤਿ ਨੀਚੁ।!
ਨਾਨਕੁ ਤਿਨੁ ਕੇ ਸੰਗਿ ਸਾਥਿ, ਵੱਡਿਆਂ ਸਿਓ ਕਿਆ ਰੀਸ।!
ਜਿਥੈ ਨੀਚ ਸਮਾਲਅਿਨ, ਤਿਥੈ ਨਦਰਿ ਤੇਰੀ ਬਖਸ਼ੀਸ਼। ॥ 15॥
ਭਾਰਤ ਵਿੱਚ ਹਿੰਦੂ, ਮੁਸਲਮਾਨਾ ਨੂੰ ਗੰਦੇ ਅਤੇ ਮੁਸਲਮਾਨ, ਹਿੰਦੂਆਂ ਨੂੰ ਝੂਠੇ ਸਮਝਦੇ ਸਨ। ਇਹ ਦੇਸ਼ ਮਲੇਛਾ ਅਤੇ ਕਾਫਰਾਂ ਦਾ ਬਣ ਕੇ ਰਹਿ ਗਿਆ ਸੀ। ਬਾਬੇ ਨਾਨਕ ਜੀ ਨੇ ਮੁਸਲਮਾਨਾ ਵਿੱਚੋਂ ਸੱਭ ਤੋਂ ਘਟੀਆ ਸਮਝੇ ਜਾਣ ਵਾਲ਼ੇ ਮਰਾਸੀ ਡੂਮ, ਜੋ ਕਿ ਦਿੱਖ ਪੱਖੋਂ ਵੀ ਕਾਲ਼ਾ, ਮੱਧਰਾ ਤੇ ਬੇਢਬੇ ਨੈਣ ਨਕਸ਼ਾ ਵਾਲ਼ਾ ਸੀ, ਨੂੰ ਆਪਣਾ ਭਾਈ ਬਣਾਇਆ। ਅੰਤ ਤੱਕ ਆਪ ਜੀ ਨੇ ਉਸ ਨੂੰ ਆਪਣੇ ਨਾਲ਼ ਰੱਖਿਆ। ਭਾਈ ਮਰਦਾਨਾ ਜੀ ਨੇ ਅੰਤਿਮ ਸਾਹ ਗੁਰੁ ਨਾਨਕ ਜੀ ਦੀ ਗੋਦ ਵਿੱਚ ਲਿਆ। ਭਾਈ ਮਰਦਾਨਾ ਜੀ ਦੇ ਨਾਮ ਤੇ ਤਿੰਨ ਸਲੋਕ ਰਚ ਕੇ ਭਾਈ ਸਾਹਿਬ ਜੀ ਦਾ ਨਾਮ ਸਦਾ ਲਈ ਅਮਰ ਕਰ ਦਿਤਾ। ਆਪ ਜੀ ਨੇ ਅਖੌਤੀ ਨੀਚ ਸਮਝੇ ਜਾਣ ਵਾਲ਼ੇ ਭਗਤਾਂ ਦੀ ਬਾਣੀ ਨੂੰ ਸੰਭਾਲਿਆ। ਸਾਰੀ ਉਮਰ ਇਸ ਬਾਣੀ ਨੂੰ ਛਾਤੀ ਨਾਲ਼ ਲ਼ਾਈ ਰੱਖਿਆ। ਪੰਜਵੇਂ ਜਾਮੇ ਵਿੱਚ ਆ ਕੇ ਆਪ ਨੇ ਇਹਨਾਂ ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਾਣ ਬਖਸਿਆ। ਏਸੇ ਲਈ ਲੋਕਾਂ ਨੇ ਆਪ ਜੀ ਨੂੰ ਜਗਤ ਗੁਰੁ ਬਾਬਾ ਨਾਨਕ ਆਖਿਆ ਹੈ।
ਦਸਵੇਂ ਨਾਨਕ ਨੇ ਇਹਨਾਂ ਨਿਮਾਣਿਆ ਨਿਤਾਣਿਆ ਨੂੰ ਅੰਮ੍ਰਿਤ ਛਕਾ ਕੇ ਇੱਕ ਫੌਜ ਖੜੀ ਕਰ ਲਈ। ਜਿਸ ਨੇ ਪੀਹੜੀਆਂ ਦੀ ਜੰਮੀ ਹੋਈ ਮੁਗਲ ਰਾਜ ਦੀ ਜੜ੍ਹ ਉਖਾੜ ਕੇ ਦਰਾ ਖੈਬਰ ਤੋਂ ਪਰਾਂ ਵਗਾਹ ਮਾਰੀ।
ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ-ਜਦੋਂ ਵੀ ਪੰਥ ਤੇ ਕੋਈ ਭੀੜ ਆਈ ਤੇ ਕੋਈ ਹੱਲ ਨਿਕਲਦਾ ਨਜ਼ਰ ਨਾ ਆਇਆ ਤਾਂ ਸ਼ੂਦਰ ਕਹੇ ਜਾਣ ਵਾਲ਼ੇ ਸਿੰਘਾਂ ਨਾਲ਼ ਮਿਲ਼ ਕੇ ਹੀ ਹੱਲ ਨਿਕਲ਼ੇ ਹਨ। ਬਹੁਤ ਘੱਲੂਘਾਰਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਉਹਨਾਂ ਬ੍ਰਾਹਮਣਵਾਦੀਆਂ ਨਾਲ਼ ਸਾਂਝ ਪਾ ਲਈ। ਉਹਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਰਾਜ ਵਿੱਚ ਆਪੋ ਧਾਪ ਮੱਚ ਗਈ ਅਤੇ ਰਾਜ ਅੰਗਰੇਜਾ ਨੇ ਹਥਿਆ ਲਿਆ। ਸਿੰਘਾਂ ਤੇ ਫਰੰਗੀਆਂ ਦੀ ਆਖਰੀ ਲੜਾਈ ਚੇਲਿਆਂ ਵਾਲ਼ੇ 23-3-1849 ਨੂੰ ਹੋਈ ਸੀ। ਇਸ ਲੜਾਈ ਵਿੱਚ ਅੰਗਰੇਜਾਂ ਦੇ 2331 ਜਵਾਨ ਮਾਰੇ ਗਏ ਸਨ। ਲਾਰਡ ਗਫ ਨੇ ਮੰਨਿਆ ਕਿ ਸਿੱਖ ਫੌਜ ਦੁਨੀਆਂ ਦੀ ਸੱਭ ਤੋਂ ਬਹਾਦਰ ਫੌਜ ਹੈ। ਸਿੰਘਾਂ ਦੀ ਸ਼ਕਤੀ ਦਾ ਸਰੋਤ ਲੱਭਣ ਲਈ ਡਾ. ਟਰੰਪ ਤੇ ਮੈਕਾਲਫ ਤੋਂ ਸਿੱਖਾਂ ਦੇ ਗੁਰੁ ਗ੍ਰੰਥ ਸਾਹਿਬ ਜੀ ਦਾ ਅੰਗਰੇਜੀ ਅਨੁਵਾਦ ਕਰਵਾਇਆ। ਅੰਗਰੇਜਾ ਨੇ ਇਹ ਜਾਣ ਲਿਆ ਕਿ ਸਿੰਘਾਂ ਦੀ ਸ਼ਕਤੀ ਦਾ ਸਰੋਤ ਨਿਰੋਲ ਗੁਰੁ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ। ਸਿੱਖਾਂ ਦੀ ਇਸ ਸ਼ਕਤੀ ਨੂੰ ਖਤਮ ਕਰਨ ਲਈ ਉਹਨਾਂ ਇਹ ਹੱਲ ਲੱਭਿਆ ਕਿ ਸਿੱਖਾਂ ਨੂੰ ਬ੍ਰਾਹਮਣਵਾਦੀ ਬਣਾਇਆ ਜਾਏ। ਇਸ ਕੰਮ ਲਈ ਉਹਨਾਂ ਸਿੱਖਾਂ ਦੀਆਂ ਤਮਾਮ ਧਾਰਮਿਕ ਪੁਸਤਕਾਂ ਵਿੱਚ ਬ੍ਰਾਹਮਣਵਾਦੀ ਰੀਤਾਂ ਘੁਸੇੜ ਦਿੱਤੀਆਂ। ਗੁਰਦੁਆਰਿਆਂ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕ ਅਤੇ ਪ੍ਰਬੰਧਕ ਇਸ ਤਰਾਂ ਦੇ ਲਗਾਏ ਗਏ ਜਿਹੜੇ ਦੇਖਣ ਨੂੰ ਤਾਂ ਸਿੱਖ ਲੱਗਦੇ ਸਨ, ਅਸਲ ਵਿੱਚ ਉਹ ਬ੍ਰਾਹਮਣਵਾਦੀ ਹੀ ਸਨ। ਇਸ ਤਰਾਂ ਦੇ ਮਹੰਤਾਂ ਆਦਿ ਨੇ ਆਪਣੇ ਕਲਾ ਦੇ ਜੌਰਹ ਦਿਖਾਏ ਤਾਂ ਸਿੱਖਾਂ ਦੀ ਅਬਾਦੀ ਜਿਹੜੀ 1849 ਨੂੰ ਇੱਕ ਕਰੋੜ ਸੀ ਉਹ 1868 ਦੀ ਜਨਗਣਨਾ ਦੇ ਅਨੁਸਾਰ ਘਟ ਕੇ 11 ਲੱਖ ਰਹਿ ਗਈ। ਅੰਗਰੇਜਾ ਨੇ ਸਿਖਾਂ ਨੂੰ ਇੱਕ ਵੱਖਰੀ ਕੌਮ ਜਰੂਰ ਮੰਨ ਲਿਆ ਸੀ। ਏਹੋ ਜਿਹੇ ਭਿਆਨਿਕ ਹਾਲਤਾਂ ਵਿੱਚ ਇੱਕ ਰਵਿਦਾਸੀਆ ਸਿੰਘ (ਸੂਦਰ) ਭਾਈ ਦਿੱਤ ਸਿੰਘ ਉੱਠਿਆ। ਪ੍ਰੋ ਗੁਰਮੁੱਖ ਸਿੰਘ ਭਾਈ ਦਿੱਤ ਸਿੰਘ ਦੇ ਨਾਲ਼ ਹੋ ਗਿਆ। ਇਹਨਾਂ ਐਸਾ ਪ੍ਰਚਾਰ ਆਰੰਭਿਆ ਕਿ ਅਬਾਦੀ ਫਿਰ ਤੋਂ ਵਧਣ ਲੱਗੀ। ਪਤਿਤ ਪੁਣੇ ਨੂੰ ਠੱਲ ਪੈ ਗਈ। ਸਿੰਘ ਸਭਾ ਲਹਿਰ ਸ਼ੁਰੂ ਹੋ ਗਈ। ਇਸ ਜੋੜੀ ਨੂੰ ਤੋੜਨ ਲਈ 18-03-1887 ਨੂੰ ਪ੍ਰੋ ਗੁਰਮੁੱਖ ਸਿੰਘ ਨੂੰ ਛੇਕਵਾ ਦਿਤਾ ਗਿਆ, ਜਾਣੀ ਪੰਥ `ਚੋ ਖਾਰਜ ਕਰਵਾ ਦਿਤਾ। ਮਹੰਤਾਂ ਨੇ ਫਿਰ ਜ਼ੋਰ ਫੜ ਲਿਆ। ਗਿਆਨੀ ਦਿੱਤ ਸਿੰਘ ਦੇ ਲੇਖਾਂ ਨੇ ਠੱਲ ਪਾਈ ਰੱਖੀ। ਸਿੱਖਾਂ ਵਿੱਚ ਜਾਗ੍ਰਿਤੀ ਆ ਗਈ। ਅੰਗਰੇਜਾ, ਮਹੰਤਾ ਅਤੇ ਆਰੀਆਂ ਸਮਾਜੀਆਂ ਦੇ ਹਮਲੇ ਵੀ ਤੇਜ ਹੋ ਗਏ। ਅੰਗਰੇਜਾ ਨੇ ਆਰੂੜ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਰਬਰਾਹ (ਜਥੇਦਾਰ) ਬਣਾਇਆ। ਬਾਕੀ ਗੁਰਦੁਆਰਿਆਂ ਵਿੱਚ ਭੀ ਏਹੋ ਜਿਹੇ ਬੰਦਿਆਂ ਨੂੰ ਲਗਾਇਆ ਗਿਆ। ਮਹੰਤ ਨਰੈਣ ਦਾਸ ਨੇ ਤਾ ਬਾਬੇ ਨਾਨਕ ਜੀ ਦੇ ਜਨਮ ਸਥਾਨ ਨੂੰ ਬਦਕਾਰੀ ਦਾ ਅੱਡਾ ਬਣਾ ਦਿਤਾ ਸੀ।
ਅਚਾਨਕ ਬਿਜਲੀ ਦੀ ਤਰਾਂ ਖਾਲਸਾ ਬਰਾਦਰੀ (ਜਿਸ ਵਿੱਚ ਜਿਆਦਾਤਰ ਰਵਿਦਾਸੀਏ ਸਿੰਘ ਸਨ) ਵਾਲੇ ਉੱਠੇ ਉਹਨਾਂ ਨਾਲ਼ ਸਰਦਾਰ ਕਰਤਾਰ ਸਿੰਘ ਝੱਬਰ ਦਾ ਜੱਥਾ ਭੀ ਹੋ ਗਿਆ। ਉਹਨਾਂ ਐਸਾ ਝਾੜੂ ਫੜਿਆ ਕਿ ਤਮਾਮ ਗੁਰਦੁਆਰਿਆਂ ਵਿੱਚੋਂ ਬਦਕਾਰ ਮਹੰਤਾਂ ਰੂਪੀ ਕੂੜਾ ਹੂੰਝ ਦਿਤਾ। ਗੁਰਦੁਆਰਿਆਂ ਦੀ ਸਫਾਈ ਹੋ ਗਈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਅਕਾਲੀ ਦਲ ਬਣ ਗਿਆ। ਗੁਰਦੁਆਰੇ ਸ੍ਰੋਮਣੀ ਕਮੇਟੀ ਅਧੀਨ ਆ ਗਏ। ਮੋਹਨ ਦਾਸ ਕਰਮ ਚੰਦ ਗਾਂਧੀ ਭੀ ਜਾਗ ਪਿਆ। ਗਾਂਧੀ ਪੋਰਬੰਦਰ ਤੋਂ ਨਨਕਾਣਾ ਸਾਹਿਬ ਨੂੰ ਭੱਜਿਆ। ਓਥੇ ਜਾ ਕੇ ਦੇਖਿਆ ਕਿ ਸਿੱਖ ਤਾਂ ਸੱਚਮੁੱਚ ਹੀ ਬਹਾਦਰ ਹਨ। ਇਹਨਾਂ ਅੰਗਰੇਜ਼ ਅਫਸਰਾਂ ਤੋਂ ਜਿਹਨਾਂ ਕੋਲ਼ ਹਥਿਆਰਬੰਦ ਫੌਜ ਭੀ ਸੀ ਉਹਨਾਂ ਤੋਂ ਧੱਕੇ ਨਾਲ਼ ਗੁਰਦੁਆਰੇ ਦੀਆਂ ਚਾਬੀਆਂ ਲੈ ਲਈਆਂ। ਉਹਨੇ ਗੁਰਦੁਆਰਿਆਂ ਦੇ ਸਫਾਈ ਅਭਿਆਨ ਨੂੰ ‘ਭਾਰਤ ਦੀ ਅਜਾਦੀ ਦੀ ਪਹਿਲੀ ਲੜਾਈ ਜਿੱਤੀ ਗਈ’ ਕਿਹਾ। ਖਾਲਸੇ ਅੱਗੇ ਬੇਨਤੀ ਕੀਤੀ। ਖਾਲਸਾ ਜੀ! ਹੁਣ ਸੰਪੂਰਨ ਭਾਰਤ ਦੀ ਅਜਾਦੀ ਭੀ ਤੁਸੀਂ ਕਰਵਾਉਣੀ ਹੈ। ਸਿੱਖ ਗਾਂਧੀ ਦੀ ਫੂਕ ਛਕ ਗਏ ਅਤੇ ਗਾਂਧੀ ਦੇ ਹੀ ਹੋ ਕੇ ਰਹਿ ਗਏ। ਕੁੱਝ ਕੁ ਗੁਰੁ ਗ੍ਰੰਥ ਸਾਹਿ ਜੀ ਨੂੰ ਪ੍ਰਣਾਏ ਹੋਏ ਸਿੰਘਾਂ ਨੇ ਗਾਂਧੀ ਦੇ ਚੇਲਿਆਂ ਨੂੰ ਚੇਤਾਵਨੀ ਭੀ ਦਿੱਤੀ। ਗਾਂਧੀ ਨੇ ਇੱਕ ਹੋਰ ਅਸ਼ਤਰ ਛੱਡਿਆ। 06/05/1930 ਨੂੰ ਗਾਂਧੀ ਆਪਣੇ ਚੇਲਿਆਂ ਨਾਲ਼ ਸਿਰ ਤੇ ਚਿੱਟਾ ਰੁਮਾਲ ਲੈ ਕੇ ਗੁਰਦੁਆਰਾ ਸੀਸ ਗੰਜ ਦਿੱਲੀ ਆਇਆ। ਇਹ ਓਹੀ ਸਥਾਨ ਹੈ ਜਿੱਥੇ ਨੌਂਵੇਂ ਨਾਨਕ ਨੇ ਸੱਭ ਦੇ ਧਰਮ ਦੀ ਅਜਾਦੀ ਲਈ ਆਪਣੇ ਪਿਆਰੇ ਸਿੱਖਾਂ ਸਮੇਤ ਕੁਰਬਾਨੀ ਦਿੱਤੀ ਸੀ। ਏਥੇ ਗਾਂਧੀ ਸਿੱਖਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਯਕੀਨ ਦਿਲਵਾ ਰਿਹਾ ਸੀ ਕਿ ਕਾਂਗਰਸ ਕਦੇ ਵੀ ਸਿੱਖਾਂ ਨਾਲ਼ ਧੋਖਾ ਨਹੀਂ ਕਰੇਗੀ। ਜੇ ਉਹ ਅਜੇਹਾ ਕਰੇਗੀ ਤਾਂ ਆਪਣੇ ਪੈਰੀ ਆਪ ਕੁਹਾੜਾ ਮਾਰੇਗੀ। ਸਿੱਖਾਂ ਨੇ ਵਿਸ਼ਵਾਸ਼ ਕਰ ਲਿਆ। (1984 ਤੋਂ ਬਾਅਦ ਕਾਂਗਰਸ ਦੇ ਪੈਰ ਨਾਂ ਲੱਗਣ ਦਾ ਕਾਰਨ ਭੀ ਏਹੀ ਹੈ) ਬੇਸ਼ੱਕ ਉਸ ਤੋਂ ਬਾਅਦ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਕਾਰਨ ਵੀ ਲੋਕਾਂ ਨੇ ਗਾਂਧੀ ਨੂੰ ਹੀ ਮੰਨਿਆ ਕਿਉਂਕਿ ਭਗਤ ਸਿੰਘ ਨੇ ਅੰਮ੍ਰਿਤ ਛਕਣ ਦਾ ਇਰਾਦਾ ਧਾਰ ਲਿਆ ਸੀ ਤੇ ਗਾਂਧੀ ਖ਼ਫਾ ਹੋ ਗਿਆ ਸੀ। ਬ੍ਰਾਹਮਣਵਾਦੀਆਂ ਵਾਸਤੇ ਪੜੇ ਲਿਖੇ ਅੰਮ੍ਰਿਤਧਾਰੀ ਸਿੱਖ ਸੱਭ ਤੋਂ ਵੱਧ ਖਤਰਨਾਕ ਹੁੰਦੇ ਹਨ। ਇਸ ਤਰਾਂ ਹੋਰ ਵੀ ਅਨੇਕਾ ਸਿੰਘਾਂ ਨੂੰ ਸਜਾਵਾਂ ਦਿਲਵਾਈਆਂ ਗਈਆਂ। ਗਾਂਧੀ ਵਿਸ਼ਾਲ ਹਿੰਦੋਸਤਾਨ ਦੇ ਸੁਫਨੇ ਲੈਣ ਲੱਗ ਪਿਆ ਸੀ। ਭਗਤ ਸਿੰਘ ਵਰਗੇ ਸਿੱਖ ਗਾਂਧੀ ਦੇ ਸੁਫਨਾ ਪੂਰਾ ਹੋਣ ਵਿੱਚ ਰੁਕਾਵਟ ਸਨ। ਉਸ ਨੇ ਇਹਨਾਂ ਰੁਕਾਵਟਾ ਨੂੰ ਦੂਰ ਕੀਤਾ।
19 ਅਗਸਤ 1932 ਨੂੰ ਕਮਿਊਨਲ ਐਵਾਰਡ ਵਿੱਚ ਸਿੱਖਾਂ ਨੂੰ ਇੱਕ ਕੌਮ ਵਜੋਂ ਮਾਨਤਾ ਮਿਲ਼ ਗਈ। ਬੇਸੱਕ ਸਿੱਖਾਂ ਦੀ ਜਨਸੰਖਿਆ ਬਹੁਤ ਘੱਟ ਸੀ। ਅਣਵੰਡੇ ਪੰਜਾਬ ਵਿੱਚ ਸਿੱਖ 19%, ਮੁਸਲਮਾਨ 51%, ਹਿੰਦੂ 40% ਸਨ। 1935 ਵਿੱਚ ਭਾਰਤ ਸਰਕਾਰ ਕਾਨੂੰਨ ਬਣਿਆ। ਸਾਰੇ ਕੰਮ ਕਾਨੂੰਨ ਅਨੁਸਾਰ ਹੋਣੇ ਸ਼ੁਰੂ ਹੋ ਗਏ। ਸਤੰਬਰ 1939 ਨੂੰ ਸੰਸਾਰ ਜੰਗ ਛਿੜ ਗਈ। ਸਿੱਖ ਬਹਾਦਰ ਅਤੇ ਮਿਹਨਤੀ ਸਨ ਇਸ ਲਈ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਤਜ਼ਰੀਹ ਦਿੱਤੀ ਗਈ। ਫੌਜ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਹੋ ਗਈ ਸੀ। ਸਿੱਖਾਂ ਦੇ ਮਨ ਵਿੱਚ ਅੰਗਰੇਜਾ ਵਿਰੱਧ ਕੁੜਤਣ ਨਾ ਰਹੇ ਉਹਨਾਂ 27/03/1942 ਨੂੰ ਸਰ ਸਟੈਫੋਰਡ ਕ੍ਰਿਪਸ ਨੂੰ ਭਾਰਤ ਭੇਜਿਆ ਤਾਂ ਕਿ ਜਦੋਂ ਅੰਗਰੇਜ ਭਾਰਤ ਨੂੰ ਅਜਾਦ ਕਰਨ ਤਾਂ ਸਿੱਖਾਂ ਦਾ ਖਿਆਲ ਰੱਖਿਆ ਜਾਵੇ। ਸਿੱਖਾਂ ਦਾ ਵੀ ਇੱਕ ਖਿੱਤਾ ਬਣਾਇਆ ਜਾਏ। ਇਸ ਦੀ ਸੂਹ ਲੀਗੀਆਂ ਅਤੇ ਕਾਂਗਰਸ ਨੂੰ ਵੀ ਹੋ ਗਈ। ਦੋਨੋ ਇਹ ਨਹੀਂ ਸੀ ਚਾਹੁੰਦੇ ਇਸ ਲਈ ਉਹਨਾਂ ਆਪਣੀ ਸ਼ਕਤੀ ਨੂੰ ਸਿੱਖਾਂ ਨੂੰ ਖਿੰਡਾਉਣ ਤੇ ਲਗਾ ਦਿਤੀ ਤਾਂ ਕਿ ਸਿੱਖ ਕੁੱਝ ਵੀ ਪ੍ਰਾਪਤ ਨਾ ਕਰ ਸਕਣ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਅਤੇ ਕਰਤਾਰ ਸਿੰਘ ਸਾਫ ਦਿਲ ਅਤੇ ਸਿੱਧੇ ਸਾਦੇ ਸਿੱਖ ਸਨ ਇਸ ਲਈ ਗਾਂਧੀ ਹੋਣਾਂ ਦੀਆਂ ਚਾਲਾਂ ਨਾ ਸਮਝ ਸਕੇ। ਨਹਿਰੂ, ਗਾਂਧੀ ਤੇ ਪਟੇਲ ਬਾਰ-ਐਟ-ਲਾਅ ਸਨ। ਜਿਨਹਾ ਇੱਕ ਮੰਨਿਆ ਪ੍ਰਮੰਨਿਆ ਵਕੀਲ ਸੀ। ਇਹਨਾਂ ਤੱਤ ਖਾਲਸਾ ਵਾਲ਼ਿਆਂ ਨੂੰ ਭਾਰੀ ਸਜਾਵਾਂ ਦਿਲਾਈਆਂ ਅਤੇ ਤਾਰਾ ਸਿੰਘ ਨੂੰ ਕੀਲ ਲਿਆ। ਤਾਰਾ ਸਿੰਘ ਗਰੁੱਪ ਹੋਰ ਸਿੱਦਤ ਨਾਲ ਕਾਂਗਰਸ ਵੱਲ ਨੂੰ ਹੋ ਗਿਆ। ਜੰਗ ਖਤਮ ਹੋਈ ਅਤੇ ਭਾਰਤ ਵੰਡ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ। ਅੰਗਰੇਜ ਅਫਸਰਾਂ ਨੇ 1946 ਦਾ ਸਾਰਾ ਸਾਲ ਸਿੱਖਾਂ ਨਾਲ਼ ਮੀਟਿੰਗਾਂ ਕੀਤੀਆਂ। ਉਹਨਾਂ ਇਹ ਮਹਿਸੂਸ ਕੀਤਾ ਕਿ ਸਿੱਖ ਪੂਰੀ ਤਰਾਂ ਨਾਲ਼ ਕਾਂਗਰਸ ਵਿੱਚ ਮਿਲ਼ ਚੁੱਕੇ ਹਨ। ਲਾਰਡ ਮਾਊਂਟ ਬੈਟਨ ਭਾਰਤ ਵੰਡ ਦਾ ਆਖਰੀ ਹੁਕਮ ਲੈ ਆਇਆ। ਆਖਰੀ ਮਿਤੀ 2 ਜੂਨ 1947 ਮਿੱਥੀ ਗਈ। ਜਿਵੇਂ ਕਿ ਅੰਗਰੇਜ ਪਹਿਲਾਂ ਹੀ ਭਾਰਤ ਵਿੱਚ ਤਿੰਨ ਕੌਮਾਂ ਹਿੰਦੂ ਮੁਸਲਮ ਤੇ ਸਿੱਖ ਮੰਨ ਕੇ ਚੱਲ ਰਹੇ ਸਨ। ਭਾਰਤੀ ਫੌਜ ਵਿੱਚ ਸਿੱਖ 60% ਸਨ। ਅਣਵੰਡੇ ਪੰਜਾਬ ਦੀ ਕੁੱਲ ਜਮੀਨ ਦੇ 1/3 ਭਾਗ ਦੇ ਮਾਲਕ ਸਿੱਖ ਸਨ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਅਤੇ ਸਿੱਖ ਫੌਜੀਆਂ ਦੇ ਨਾਮ ਭਾਰੀ ਜਮੀਨਾਂ ਲਗਾਈਆਂ ਸਨ। ਇਹ ਗੱਲਾਂ ਮਾ. ਤਾਰਾ ਸਿੰਘ ਦੇ ਧਿਆਨ ਵਿੱਚ ਹੀ ਨਹੀਂ ਸਨ। ਉਸ ਦੇ ਧਿਆਨ ਵਿੱਚ ਤਾਂ ਇੱਕੋ ਗੱਲ ਸੀ ਕਿ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਸਿੱਖਾਂ ਦਾ ਬਹੁਮੱਤ ਨਹੀਂ ਹੈ। ਤਾਰਾ ਸਿੰਘ ਨੇ ਆਪਣੀ ਵੀਟੋ ਦੀ ਸ਼ਕਤੀ ਗਾਂਧੀ ਨੂੰ ਸੌਂਪ ਦਿੱਤੀ ਸੀ। ਅੰਗਰੇਜਾ ਨੇ ਤਿੰਨਾਂ ਨੂੰ ਵੀਟੋ ਪਾਵਰ ਦੇ ਰੱਖੀ ਸੀ। ਅੰਗਰੇਜ ਅਫਸਰ ਨੇ ਤਿੰਨਾ ਦੇ ਅੱਗੇ ਨਕਸ਼ਾ ਖੋਲ ਦਿਤਾ। ਅੰਗਰੇਜ ਨੇ ਨਕਸ਼ੇ ਤੇ ਵਾਹਗਾ ਬਾਰਡਰ ਤੇ ਲਕੀਰ ਖਿੱਚੀ। ਗਾਂਧੀ ਨੇ ਹਾਂ ਕਰ ਦਿੱਤੀ ਤੇ ਤਾਰਾ ਸਿੰਘ ਨੇ ਵੀ ਗਾਂਧੀ ਦੀ ਹਾਂ ਵਿੱਚ ਹਾਂ ਮਿਲ਼ਾ ਦਿਤੀ। ਜਿਨਹਾ ਨੇ ਵੀ ਹਾਂ ਕਰ ਦਿੱਤੀ। ਅੰਗਰੇਜ ਅਫਸਰ ਨੇ ਤਿੰਨਾਂ ਦੀ ਫਿਰ ਤੋਂ ਮਨਜੂਰੀ ਲਈ ਤੇ ਭਾਰਤ ਦੀ ਵੰਡ ਹੋ ਗਈ। ਸ਼ਰਤ ਇਹ ਭੀ ਸੀ ਕਿ 2 ਜੂਨ 1947 ਤੋਂ ਬਾਅਦ ਕੋਈ ਵੀ ਅਦਲਾ ਬਦਲੀ ਨਹੀਂ ਹੋਏਗੀ। ਮੁਸਲਮ ਲੀਗ ਅਤੇ ਕਾਂਗਰਸ ਨੇ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ। ਸਿੱਖਾਂ ਦੀ ਇੱਕ ਵਿਸ਼ਾਲ ਫੌਜ ਕਾਂਗਰਸ ਨੂੰ ਮਿਲ਼ ਗਈ। ਮੁਸਲਮਾਨਾ ਨੇ ਪੱਛਮੀ ਪੰਜਾਬ ਵਿੱਚ ਸਿੱਖਾਂ ਦੀਆਂ ਜ਼ਮੀਨਾਂ ਤੇ ਕਬਜਾ ਕਰ ਲਿਆ। ਲੁੱਟ ਮਾਰ ਖੂਨ ਖਰਾਬਾ ਸ਼ੁਰੂ ਹੋ ਗਿਆ। ਦੁਨੀਆਂ ਦਾ ਸੱਭ ਤੋਂ ਭਿਆਨਿਕ ਖੂਨ ਖਰਾਬਾ, ਲੁੱਟ ਮਾਰ ਤੇ ਹਿਜ਼ਰਤ ਅਹਿੰਸਾ ਦੇ ਪੁਜਾਰੀਆਂ ਦੇ ਕਾਰਨ ਅਤੇ ਇਹਨਾਂ ਦੇ ਸਾਹਮਣੇ ਹੋਇਆ। ਸਿੱਖ ਰੋ ਰਹੇ ਸਨ। ਨਹਿਰੂ ਅਤੇ ਜਿਨਹਾ ਦੀ ਆਪੋ ਆਪਣੇ ਦੇਸ਼ ਵਿੱਚ ਜੈ-ਜੈ ਜੈਕਾਰ ਹੋ ਰਹੀ ਸੀ। ਇਹ ਹੈ ਬ੍ਰਾਹਮਣਵਾਦੀਆਂ ਨਾਲ਼ ਦੋਸਤੀ ਦਾ ਨਤੀਜਾ।
ਇੱਕ ਸੂਦਰ ਨੇਤਾ ਡਾ. ਬੀ ਆਰ ਅੰਬੇਦਕਰ ਕੋਲ਼ ਸਿੱਖਾਂ ਦਾ ਇੱਕ ਡੈਲੀਗੇਟ ਰੋਸ ਪ੍ਰਗਟ ਕਰਨ ਗਿਆ। ਇਹਨਾਂ ਦੇ ਨਾਲ਼ ਅਜੀਤ ਸਿੰਘ ਸਰਹੱਦੀ ਵੀ ਸੀ। ਡਾ. ਸਾਹਿਬ ਨੇ ਹੌਸਲਾ ਦਿੱਤਾ ਤੇ ਸਮਝਾਇਆ। ਬੇਸੱਕ ਸਿੱਖਾਂ ਦਾ ਭਾਰੀ ਨੁਕਸਾਨ ਹੋ ਗਿਆ। ਕਾਰਨ ਇੱਹ ਸੀ ਕਿ ਦੇਸ ਦੇ ਕਿਸੇ ਵੀ ਕੋਨੇ ਵਿੱਚ ਤੁਹਾਡਾ ਬਹੁਮੱਤ ਨਹੀਂ ਸੀ। ਸੱਭ ਤੋਂ ਖਤਰਨਾਕ ਗੱਲ ਇਹ ਹੋਣੀ ਸੀ ਕਿ ਅੰਮ੍ਰਿਤਸਰ ਵੀ ਪਾਕਿਸਤਾਨ ਵਿੱਚ ਚਲਾ ਜਾਣਾ ਸੀ। ਉਦੋਂ ਅੰਮ੍ਰਿਤਸਰ ਦੀ ਆਬਾਦੀ ਵਿੱਚ ਮੁਸਲਮਾਨ 46. 5% ਸੀ। ਹਿੰਦੂਆਂ ਤੇ ਸਿੱਖਾਂ ਦੀ ਜੋੜ ਕੇ ਅਬਾਦੀ 53. 5 % ਸੀ। ਤੁਹਾਡੀ ਅਬਾਦੀ 19% ਸੀ ਜੋ ਕਿ ਅਣਵੰਡੇ ਪੰਜਾਬ ਦੇ 52000 ਵਰਗ ਕਿਲੋਮੀਟਰ ਤੱਕ ਫੈਲੀ ਸੀ। ਹੁਣ ਤੁਹਾਡੇ ਕੋਲ਼ ਆਪਣਾ ਇੱਕ ਖਿੱਤਾ ਹੈ ਜਿਥੇ ਤੁਹਾਡਾ ਬਹੁਮੱਤ ਹੈ। ਅਕਲ ਨਾਲ਼ ਚੱਲੋਗੇ ਤਾਂ ਆਪਣਾ ਮਨਚਾਹਿਆ ਨਿਸ਼ਾਨਾ ਪ੍ਰਾਪਤ ਕਰ ਲਵੋਗੇ। ਤੁਹਾਨੂੰ ਦਲਿਤਾਂ ਆਦਿ ਨੂੰ ਨਾਲ਼ ਲੈ ਕੇ ਚੱਲਣਾ ਪਵੇਗਾ। ਪਰ ਅਫਸੋਸ! ਅਕਲ ਕਿੱਥੇ? ਕਿਸੇ ਠੀਕ ਹੀ ਕਿਹਾ:-
‘ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ’
ਇਹਨਾਂ ਤਾਂ ਦਲਿਤਾਂ ਨੂੰ ਪੁੱਛਿਆ ਹੀ ਨਹੀਂ। ਇਹ ਤਾਂ ਕਦੇ ਖਾਲਿਸਤਾਨ, ਪੰਜਾਬੀ ਸੂਬਾ ਤੇ ਆਤਮ ਨਿਰਨੇ ਦੇ ਅਧਿਕਾਰ ਨੂੰ ਲੈ ਕੇ ਸਿੱਖ ਨੌਜਵਾਨੀ ਦਾ ਘਾਣ ਕਰਾਉਂਦੇ ਰਹੇ। ਗੁਰਮਤ ਸਿਧਾਂਤ ਦੇ ਨੇੜੇ ਨਹੀਂ ਗਏ। ਬ੍ਰਾਹਮਣਵਾਦੀਆਂ ਦੇ ਪ੍ਰਭਾਵ ਵਿੱਚ ਆ ਕੇ ਜੱਟਵਾਦ ਪੈਦਾ ਕਰ ਲਿਆ। ਜਿਸ ਦਾ ਵੀ ਜਾਤ ਪਾਤ ਵਿੱਚ ਵਿਸ਼ਵਾਸ਼ ਹੁੰਦਾ ਹੈ ਉਹ ਬ੍ਰਾਹਮਣਵਾਦੀ ਹੀ ਹੁੰਦਾ ਹੈ। ਨਤੀਜਾ ਇਹ ਹੋਇਆ, ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਵੀ ਫੌਜਾਂ ਚੜਾ ਦਿੱਤੀਆਂ। ਅਕਾਲ ਤਖਤ ਢਾਹ ਦਿਤਾ ਗਿਆ। ਜਿੱਥੇ ਹਰ ਰੋਜ ਗਰੀਬ ਗੁਰਬੇ ਮਜ਼ਦੂਰ ਆਦਿ 24 ਘੰਟੇ ਲੰਗਰ ਛਕਦੇ ਸਨ ਓਥੇ ਸੰਗਤ ਨੂੰ ਭੁੱਖਿਆਂ ਪਿਆਸਿਆਂ ਮਾਰਿਆ ਗਿਆ। ਸੰਗਤ ਤੇ ਗੋਲ਼ੀਆਂ ਚਲਾਈਆਂ। ਬੱਚਾ ਬੁੱਢਾ ਕੋਈ ਨਹੀਂ ਛੱਡਿਆ। ਜਿਹਨਾਂ ਨਾਲ਼ ਸਾਡੇ ਅਖੌਤੀ ਸਿੱਖ ਕਹਾਉਣ ਵਾਲ਼ੇ ਅੱਜ ਕੱਲ ਦੋਸਤੀ ਪਾਈ ਬੈਠੇ ਹਨ ਉਹਨਾਂ ਨੇ ਸ਼ਾਬਾਸ਼ ਦਿੱਤੀ। ਕਿਹਾ ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਭਿਆਨਿਕ ਕਤਲੇਆਮ ਤੇ ਸਿੰਘਾਂ ਵਿੱਚ ਰੋਸ ਪੈਦਾ ਹੋਇਆ। ਮੈਦਾਨ ਵਿੱਚ ਨਿਤਰੇ ਦੋ ਰਵਿਦਾਸੀਏ ਸਿੰਘ ਸਰਦਾਰ ਬੇਅੰਤ ਸਿੰਘ ਤੇ ਕੇਹਰ ਸਿੰਘ। ਇਹਨਾਂ ਨੇ ਨਾਲ਼ ਲਿਆ ਸਰਦਾਰ ਸਤਵੰਤ ਸਿੰਘ ਨੂੰ ਤੇ ਜਾਲਮ ਨੂੰ ਸੋਧਿਆ। ਸਿੱਖਾਂ ਦੇ ਖੁਰਾ ਖੋਜ ਦੀ ਨੀਤੀ ਬਣਾਈ ਗਈ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ। ਪੰਜਾਬ ਵਿੱਚੋਂ ਮਾਵਾਂ ਦੀਆਂ ਗੋਦੀਆਂ `ਚੋ ਬੱਚੇ ਖਿੱਚ ਕੇ ਠਾਣੇ ਲੈਜਾਏ ਗਏ। 80-80 ਸਾਲ ਦੇ ਬੁੱਢਿਆਂ ਨੂੰ ਚੌਰਾਸਤਿਆਂ ਵਿੱਚ ਕੁੱਟਿਆ ਗਿਆ। ਇੱਕ ਸਿੰਘ ਨੂੰ ਮਾਰ ਕੇ ਪੋਸਟਮਾਰਟਮ ਕਰਨ ਲਈ ਹਸਪਤਾਲ਼ ਲੈਜਾਇਆ ਗਿਆ। ਹਸਪਤਾਲ਼ ਸਟਾਫ ਨੇ ਪਾਇਆ ਕਿ ਸਿੰਘ ਸਹਿਕਦਾ ਹੈ। ਉਹਨਾਂ ਉਹਦਾ ਇਲਾਜ ਸ਼ੁਰੂ ਕਰ ਦਿਤਾ। ਹਸਪਤਾਲ਼ ਸੁੱਟ ਕੇ ਜਾਣ ਵਾਲ਼ੇ ਪੁਲਿਸ ਅਫਸਰ ਨੂੰ ਪਤਾ ਲੱਗਾ। ਉਹ ਧੋਤੀ ਚੱਪਲ ਵਿੱਚ ਆਇਆ। ਗੁਲੂਕੋਸ ਆਦਿ ਲੱਗੇ ਹੋਏ ਸਿੰਘ ਨੂੰ ਉਵੇਂ ਹੀ ਖਿੱਚ ਕੇ ਗੱਡੀ ਵਿੱਚ ਸੁੱਟਿਆ। ਚੰਗੀ ਤਰਾਂ ਮਾਰ ਕੇ ਉਸੇ ਹਸਪਤਾਲ਼ ਵਿੱਚ ਸੁੱਟ ਗਏ। ਇਹ ਹਾਲਤ ਪੰਜਾਬ ਦੀ ਸੀ। ਇੱਕ ਵੇਰ ਫਿਰ ਸ਼ੂਦਰ ਸਿੱਖ ਸ. ਲਖਵਿੰਦਰ ਸਿੰਘ ਲੱਖਾ ਹੋਣੀ ਉੱਠੇ, ਉਹਦੇ ਨਾਲ਼ ਉਸ ਦੇ ਸਾਥੀ ਹੋ ਗਏ ਅਤੇ ਜੁਲਮੀ ਰਾਜ ਦਾ ਅੰਤ ਕੀਤਾ।
ਹੁਣ ਫੇਰ ਸਾਡੇ ਰਾਜ ਕਰ ਰਹੇ ਅਖੌਤੀ ਸਿੱਖਾ ਨੇ ਕੱਟੜ ਬ੍ਰਾਹਮਣਵਾਦੀਆਂ ਨਾਲ਼ ਸਾਂਝ ਪਾਈ ਹੋਈ ਹੈ। ਸਿੱਖਾਂ ਦਾ ਧਾਰਮਿਕ ਨੇਤਾ ਮੁੱਖ ਮੰਤਰੀ ਦੇ ਇਸ਼ਾਰੇ ਤੇ ਚੱਲਦਾ ਹੈ। ਸਿੱਖ ਮੁੱਖ ਮੰਤਰੀ ਬ੍ਰਾਹਮਣਵਾਦੀਆਂ ਦੇ ਇਸ਼ਾਰੇ ਤੇ ਚੱਲਦਾ ਹੈ। ਗੁਰਦੁਆਰਿਆਂ ਵਿੱਚ ਮਨਮੱਤ ਦਾ ਪ੍ਰਚਾਰ ਚੱਲ ਰਿਹਾ ਹੈ। ਸਾਡੀ ਗਰੀਬ ਜਨਤਾ ਦੀ ਸ਼ਕਤੀ ਦਾ ਸ੍ਰੋਤ ਗੁਰਦੁਆਰੇ ਹਨ। ਗੁਰੁ ਗ੍ਰੰਥ ਸਾਹਿਬ ਜੀ ਦਾ ਨਿਰੋਲ ਪ੍ਰਚਾਰ ਹੋਵੇਗਾ ਤਾਂ ਹੀ ਗਰੀਬ ਜਨਤਾ ਵਿੱਚ ਸ਼ਕਤੀ ਆਏਗੀ। ਸ਼ਾਤਰ ਰਾਜਨੇਤਾ ਇਹ ਸ਼ਕਤੀ ਨਹੀਂ ਆਉਣ ਦੇਂਦੇ। ਸਾਰੇ ਭਾਰਤ ਦੀ ਰਾਜਨੀਤੀ ਤੇ ਭਰਿਸਟਾਚਾਰੀਆਂ, ਠੱਗਾ ਤੇ ਕਾਤਲਾਂ ਦੇ ਟੋਲੇ ਦਾ ਦਬਦਬਾ ਹੈ। ਇਹਨਾਂ ਨੂੰ ਲਾਂਭੇ ਕਰਨਾ ਜਰੂਰੀ ਹੈ। ਭਾਰਤੀ ਰਾਜਨੀਤੀ ਇੱਕ ਕੂੜੇ ਦਾ ਢੇਰ ਬਣ ਗਿਆ ਹੈ। ਸਾਨੂੰ ਸਾਰਿਆਂ ਨੂੰ ਝਾੜੂ ਲੈ ਕੇ ਇਸ ਕੂੜੇ ਦੇ ਢੇਰ ਨੂੰ ਹੂੰਝ ਕੇ ਸੁੱਟਣਾ ਪਵੇਗਾ। ਖਾਲਸਾ ਬ੍ਰਾਦਰੀ ਨੂੰ ਫੇਰ ਉੱਠਣਾ ਪੈਣਾ ਹੈ। ਵੈਸੇ ਤਾਂ ਭੀੜ ਪਈ ਤੇ ਇਹ ਆਪ ਹੀ ਉੱਠਦੇ ਹਨ।
ਮੈਂਨੂੰ ਖਾਲਸਾ ਬਰਾਦਰੀ (ਰਵਿਦਾਸੀਏ ਸਿੰਘਾਂ) ਤੋਂ ਬਗੈਰ ਕੋਈ ਦਿਖਾਈ ਨਹੀਂ ਦਿੰਦਾ। ਪਹਿਲਾਂ ਭੀ ਇਹ ਇੱਜਤ ਰੱਖਦੇ ਆਏ ਹਨ। ਇਹਨਾਂ ਕੋਲ਼ ਤਾਕਤ ਹੈ। ਪੰਜਾਬ ਵਿੱਚ 12783 ਪਿੰਡ ਹਨ। ਪਿੰਡਾਂ ਵਿੱਚ ਵੋਟਾਂ ਦੇ ਹਿਸਾਬ ਦੇ ਨਾਲ਼ ਜੱਟ ਤੇ ਰਵਿਦਾਸੀਏ ਦੋ ਬਰਾਬਰ ਦੀਆਂ ਧਿਰਾਂ ਹਨ। ਜੱਟਾਂ ਕੋਲ਼ ਜਮੀਨਾ ਹਨ ਇਸ ਲਈ ਉਹ ਪਿੰਡਾਂ ਵਿੱਚ ਟਿਕੇ ਹੋਏ ਹਨ। ਰਵਿਦਾਸੀਆਂ ਕੋਲ਼ ਕੁੱਝ ਵੀ ਨਹੀਂ ਉਹ ਕਿਤੇ ਜਾ ਨਹੀਂ ਸਕਦੇ ਇਸ ਲਈ ਉਹ ਪਿੰਡਾ ਵਿੱਚ ਟਿਕੇ ਹੋਏ ਹਨ। ਬਾਕੀ ਲੋਹਾਰ, ਤਰਖਾਣ, ਛੀਂਬੇ ਆਦਿ ਸ਼ਹਿਰਾਂ ਵਿੱਚ ਵਸ ਗਏ ਹਨ। ਰਵਿਦਾਸੀਆਂ ਨੇ ਬਾਬਾ ਰਵਿਦਾਸ ਭਗਤ ਜੀ ਦੇ ਨਾਮ ਤੇ ਗੁਰਦੁਆਰੇ ਬਣਾ ਰੱਖੇ ਹਨ। ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜੱਟਾਂ ਦੇ ਤੇ ਰਵਿਦਾਸੀਆਂ ਦੇ ਗੁਰਦੁਆਰਿਆਂ ਦੋਨਾਂ ਵਿੱਚ ਹੁੰਦਾ ਹੈ। ਬਾਣੀ ਤਾਂ ਹੋਰਨਾ ਭਗਤਾਂ ਦੀ ਵੀ ਗੁਰੁ ਗ੍ਰੰਥ ਸਾਹਿਬ ਵਿੱਚ ਹੈ ਪਰ ਗੁਰਦੁਆਰੇ ਰਵਿਦਾਸ ਭਗਤ ਜੀ ਦੇ ਨਾਮ ਤੇ ਹੀ ਹਨ। ਕਾਰਨ ਇਹਨਾਂ ਦੀ ਅਬਾਦੀ ਜਿਆਦਾ ਹੈ। ਵੋਟ ਦੀ ਸ਼ਕਤੀ ਕੇਵਲ ਤੇ ਕੇਵਲ ਰਵਿਦਾਸੀਆਂ ਕੋਲ਼ ਹੀ ਹੈ। ਇਸ ਵੋਟ ਸ਼ਕਤੀ ਕਾਰਨ ਹੀ ਰਵਿਦਾਸੀਆਂ ਦੇ ਗੁਰਦੁਆਰਿਆਂ ਵਿੱਚ ਰਾਜਨੀਤਿਕ ਨੇਤਾ ਗੁਰਪੁਰਵ ਮੌਕੇ ਆਉਂਦੇ ਰਹਿੰਦੇ ਹਨ। ਉਹ ਬਾਬਾ ਰਵਿਦਾਸ ਜੀ ਦੀ ਜੈ ਜੈਕਾਰ ਕਰਨ ਨਹੀਂ ਆਉਂਦੇ ਉਹ ਤਾਂ ਵੋਟਾਂ ਲਈ ਆਉਂਦੇ ਹਨ। ਇਹਨਾਂ ਰਵਿਦਾਸੀਆਂ ਵਿੱਚ ਆਪਣੇ ਆਪ ਹਿੰਮਤ ਅਤੇ ਸ਼ਕਤੀ ਇਸ ਲਈ ਨਹੀਂ ਆਉਂਦੀ ਕਿਉਂਕਿ ਇਹ ਸਦੀਆਂ ਦੇ ਦੁਰਕਾਰੇ, ਲਤਾੜੇ ਲੋਕ ਹਨ। ਇਹਨਾਂ ਵਿੱਚ ਹੀਣ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਜਿਹੜਾ ਜਿਹੜਾ ਰਵਿਦਾਸੀਆ ਗੁਰੁ ਦੇ ਲੜ ਲੱਗ ਕੇ ਅੰਮ੍ਰਿਤ ਛਕਣ ਤੇ ਮਾਣ ਕਰਨ ਲੱਗ ਜਾਂਦਾ ਹੈ ਉਹ ਉਪਰੋਕਤ ਵਰਣਨ ਕੀਤੇ ਕ੍ਰਿਸ਼ਮੇ ਕਰਨ ਦੇ ਸਮਰੱਥ ਹੋ ਜਾਂਦਾ ਹੈ। ਚੋਣਾਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਇਹਨਾਂ ਨੂੰ ਛੇੜਨਾ ਨਹੀਂ ਚਾਹੁੰਦੀ। ਉਹ ਇਹਨਾਂ ਨੂੰ ਡੂਮਣਾ ਮਖਿਆਲ਼ ਸਮਝਦੇ ਹਨ। ਉੱਠ ਖੜਨ ਤਾਂ ਇਹ ਪਾਸਾ ਪਰਤਾਉਣ ਦੇ ਸਮਰੱਥ ਹਨ। ਇਹਨਾਂ ਦੇ ਟਿਕੇ ਰਹਿਣ ਤੇ ਹੀ ਭ੍ਰਿਸਟ ਰਾਜਨੀਤਿਕ ਪਾਰਟੀਆਂ ਆਪਣੀ ਭਲਾਈ ਸਮਝਦੀਆਂ ਹਨ।
ਪੰਜਾਬ ਦੇ ਜੱਟ ਵੀਰੋ! ਜੱਟ ਪੁਣੇ ਅਤੇ ਜਮੀਨ ਦੀ ਹੈਂਕੜ ਛੱਡ ਕੇ ਗੁਰੂ ਵਾਲ਼ੇ ਬਣ ਕੇ, ਖਾਲਸਾ ਬਰਾਦਰੀ ਨੂੰ ਨਾਲ਼ ਲੈ ਕੇ ਜਾਗੋ। ਦੇਖੋ! ਰਾਜਨੀਤਿਕ ਭਰਿਸਟਾਚਾਰ ਦੀ ਗੰਦਗੀ ਦੇ ਢੇਰ ਲੱਗੇ ਪਏ ਹਨ। ਤੁਹਾਡੀ ਹਿੰਮਤ ਤੋਂ ਬਗੈਰ ਇਹ ਢੇਰ ਹੂੰਝੇ ਨਹੀਂ ਜਾਣੇ। ਹੁਣ ਵੋਟ ਦੀ ਸ਼ਕਤੀ ਨੂੰ ਵਰਤਣ ਦਾ ਮੌਕਾ ਹੈ। ਫੜ ਲਉ ਝਾੜੂ ਹੂੰਝ ਦਿਓ ਇਹਨਾਂ ਗੰਦਗੀ ਦੇ ਢੇਰਾਂ ਨੂੰ। ਵੋਟ ਉਸੇ ਉਮੀਦਵਾਰ ਨੂੰ ਪਾਓ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਹ ਬਾਬੇ ਨਾਨਕ ਦੀ ਮੱਤ ਦਾ ਧਾਰਨੀ ਹੈ।
ਗੁਰਮੇਲ ਸਿੰਘ ਖਾਲਸਾ
9914701469