ਕੀ ਸਿੱਖ ਆਪਣੀ ਜ਼ਿੰਦਗੀ ਗੁਰਮਤਿ ਅਨੁਸਾਰ ਗੁਜ਼ਾਰ ਰਿਹਾ ਹੈ ਨੇ ?
ਸਾਹਿਬ ਗੁਰੂ ਨਾਨਕ ਜੀ ਨੇ ਦਸ ਜਾਮੇਂ ਧਾਰ ਕੇ,ਆਪਣੇ ਜੀਵਨ ਕਾਲ ਵਿਚ ਕਿਰਤ ਕੀਤੀ, ਨਾਮ ਜਪਿਆ, ਵੰਡ ਛਕਿਆ ਅਤੇ ਸਿੱਖ ਨੂੰ 'ਕਿਰਤ ਕਰਨ, ਨਾਮ ਜਪਣ, ਵੰਡ ਛਕਣ' ਦਾ ਧਾਰਨੀ ਬਣਾਇਆ। ਸਿੱਖੀ ਦੀ ਨੀਂਹ ਜੋ ਸ੍ਰੀ ਗੁਰੂ ਨਾਨਕ ਸਾਹਿਬ ਨੇ ਬੱਧੀ ਉਸ ਤੇ ਸਿੱਖੀ ਦਾ ਮਹੱਲ ਗੁਰੂ ਜੀ ਦਸਵੇਂ ਜਾਮੇ ਵਿਚ, ੧੬੯੯ ਦੀ ਵਿਸਾਖੀ ਵਾਲੇ ਦਿਨ ਮੁਕੰਮਲ ਕੀਤਾ ਪਰਮਾਤਮਾ ਦੀ ਮੌਜ ਅਨੁਸਾਰ, ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ।ਸਾਹਿਬ ਗੁਰੂ ਨਾਨਕ ਦੇ ਦਸਵੇਂ ਜਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਨੂੰ ਸਿੱਖੀ ਰਹਿਤ ਵਿਚ ਦ੍ਰਿੜ ਰਹਿਣ, ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦੇ ਨਾਲ-ਨਾਲ 'ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸਾ ਦਾ' ਧਾਰਨੀ ਰਹਿਣ ਦਾ ਹੁਕਮ ਕੀਤਾ। 'ਕਿਰਤ ਕਰਨੀ, ਨਾਮ ਜਪਨਾ, ਵੰਡ ਛਕਣਾ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ, ਸਿੱਖ ਦੇ ਜੀਵਨ ਦੇ ਗੁਰੂ ਸਾਹਿਬਾਨ ਨੇ ਥੰਮ ਨਿਯੁਕਤ ਕਰ ਦਿੱਤੇ।
1. ਕਿਰਤ ਕਰਨੀ:- ਸਿੱਖ ਗ੍ਰਿਹਸਤੀ ਹੈ, ਗ੍ਰਿਹਸਤ ਛੱਡ ਕੇ ਅਤੀਤ ਹੋਣ ਦਾ ਕਾਇਲ ਨਹੀਂ। ਗ੍ਰਿਹਸਤ ਦੇ ਫ਼ਰਜ਼ ਨਿਭਾਉਣ ਵਾਸਤੇ ਪੈਸੇ ਦੀ ਲੋੜ ਹੈ।ਜਾਇਜ਼ ਲੋੜਾਂ ਪੂਰੀਆਂ ਕਰਨ ਲਈ ਸਿੱਖ ਨੂੰ ਸਮਰਥ ਹੋਣਾ ਚਾਹੀਦਾ ਹੈ। ਪਰ ਪੈਸਾ ਸਿੱਖ ਨੇ ਸੱਚੀ ਸੁੱਚੀ ਕਿਰਤ ਕਰਕੇ ਕਮਾਉਣਾ ਹੈ।
ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ॥
ਪਰੈ ਪਰੈ ਹੀ ਕਉ ਲੁਝੀ ਹੇ॥-ਪੰਨਾ ੨੧੩
ਵਾਲੀ ਅਵਸਥਾ ਤੋਂ ਸਿੱਖ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।
2. ਨਾਮ ਜਪਣਾ:- ਪਰਮਾਤਮਾ ਦੀ ਸਿਫ਼ਤ ਸਾਲਾਹ ਕਰਨਾ, ਗੁਰਬਾਣੀ ਪੜ੍ਹਣਾ ਸੁਣਨਾ, ਗੁਰਬਾਣੀ ਦਾ ਕੀਰਤਨ ਕਰਨਾ ਸੁਣਨਾ, ਇਹ ਸਭ ਨਾਮ ਜਪਣਾ ਹੈ। ਨਾਮ ਮਨ ਨੂੰ ਵਾਹਿਗੁਰੂ ਦੀ ਹਜ਼ੂਰੀ ਵਿਚ ਰੱਖਦਾ ਹੈ ਅਤੇ ਤ੍ਰਿਸ਼ਨਾ, ਵਿਕਾਰਾਂ ਤੋਂ ਬਚਣ ਲਈ ਸਹਾਇਤਾ ਕਰਦਾ ਹੈ। ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋਕੇ, ਅੰਮ੍ਰਿਤ ਛਕਾਉਣ ਉਪਰੰਤ 'ਵਾਹਿਗੂਰੂ' ਗੁਰੂ ਮੰਤ੍ਰ ਦੀ ਦੀਖ੍ਯਾ ਦੇਂਦੇ ਹਨ। ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ-ਵਾਰ ੧੩/੨, ਭਾਈ ਗੁਰਦਾਸ ਜੀ ! 'ਵਾਹਿਗੁਰੂ' ਨੂੰ ਯਾਦ ਕਰਨਾ ਨਾਮ ਜਪਣਾ ਹੈ।
3. ਵੰਡ ਛਕਣਾ:-
ਆਸਣੁ ਲੋਇ ਲੋਇ ਭੰਡਾਰ॥ਜੋ ਕਿਛੁ ਪਾਇਆ ਸੁ ਏਕਾ ਵਾਰ॥-ਜਪੁ ਜੀ ਪਉੜੀ ੩੧॥
ਹਰ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚਲ ਰਹੇ ਹਨ। ਅਕਾਲ ਪੁਰਖ ਨੇ ਜੋ ਕੁਝ ਉਹਨਾਂ ਭੰਡਾਰਿਆਂ ਵਿਚ ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, ਭਾਵ ਅਕਾਲ ਪੁਰਖ ਦੇ ਭੰਡਾਰੇ ਅਖੁੱਟ ਹਨ। ਅਕਾਲ ਪੁਰਖ ਦੇ ਪੈਦਾ ਕੀਤੇ ਸਭ ਜੀਵਾਂ ਦਾ ਇਹਨਾਂ ਭੰਡਾਰਿਆਂ ਤੇ ਹੱਕ ਹੈ। ਹਰ ਜੀਵ ਨੂੰ ਪਰਮਾਤਮਾ ਵਲੋਂ ਬਖ਼ਸ਼ਿਆ ਉਸ ਦਾ ਹਿੱਸਾ ਖਾਣ ਦੇਣਾ ਚਾਹੀਦਾ ਹੈ। ਲੁਟ ਕਸੁਟ ਕਰਨਾ, ਦੂਜੇ ਦਾ ਹੱਕ ਮਾਰਨਾ ਸਿੱਖ ਲਈ ਵਰਜਿਤ ਹੈ। 4. ਪੂਜਾ ਅਕਾਲ ਦੀ:- ਸਿੱਖ ਲਈ ਵਰਤ, ਗੋਰ, ਮੜੀ, ਮਟ ਮੰਨਣੇ ਅਤੇ ਮੂਰਤੀ ਪੂਜਾ ਕਰਨ ਦੀ ਮਨਾਹੀ ਹੈ।
'ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾਂ ਮਨ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ'॥-ਪਾਤਸ਼ਾਹੀ ਦਸਵੀਂ॥ (ਗੋਰ=ਕਬਰ, ਮਟ=ਸਾਧੂ- ਸਤਾਂ ਦੇ ਡੇਰੇ)॥
ਕਾਹੂ ਲੈ ਪਾਹਨੁ ਪੂਜਿ ਧਰ੍ਹੋ ਸਿਰਿ ਕਾਹੂ ਲੈ ਲਿੰਗੁ ਗਰੇ ਲਟਕਾਇਓ॥
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ॥
ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥-ਪਾਤਸ਼ਾਹੀ ਦਸਵੀਂ ॥
ਕਿਸੇ ਮਨੁੱਖ ਨੇ ਪੱਥਰ (ਸਾਲਗਰਾਮ) ਨੂੰ ਮੱਥਾ ਟੇਕਿਆ ਹੈ॥ ਕੋਈ ਪੂਜਾ ਲਈ ਸ਼ਿਵਲਿੰਗ ਪੱਲੇ ਬੰਨ੍ਹੀ ਫਿਰਦਾ ਹੈ। ਕਿਸੇ ਮਨੁੱਖ ਨੇ ਪਰਮਾਤਮਾ ਦੱਖਣ ਪਾਸੇ ਦੁਆਰਕਾ ਵਿਚ ਵਸਦਾ ਸਮਝਿਆ ਹੈ, ਕਿਸੇ ਨੇ ਖ਼ੁਦਾ ਦਾ ਘਰ ਪੱਛਮ ਪਾਸੇ ਕਾਬੇ ਵਿਚ ਸਮਝ ਕੇ ਸਿਰ ਝੁਕਾਇਆ ਹੈ। ਕੋਈ ਮੂਰਖ ਬੁਤਾਂ (ਮੂਰਤੀਆਂ) ਨੂੰ ਰਬ ਸਮਝ ਕੇ ਪੂਜ ਰਿਹਾ ਹੈ, ਕੋਈ ਕਬਰਾਂ ਨੂੰ ਪੂਜਨ ਲਈ ਦੌੜਿਆ ਫਿਰਦਾ ਹੈ। ਇਸ ਤਰ੍ਹਾਂ ਸਾਰਾ ਜਗ ਕੂੜੀਆਂ ਰਸਮਾਂ ਵਿਚ ਰੁ¤ਝਾ ਪਿਆ ਹੈ, ਪਰਮਾਤਮਾ ਦਾ ਭੇਤ ਇਨਹਾਂ ਵਿਚੋਂ ਕਿਸੇ ਨਹੀਂ ਪਾਇਆ। (ਪਸੁ=ਮੂਰਖ)!
ਸਿੱਖ ਨੇ ਤਾਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਨੂੰ ਹੀ ਪੂਜਨਾ ਹੈ।
'ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ॥
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥ -ਪੰਨਾ ੫੯੦॥
ਅਕਾਲ ਪੁਰਖ ਹੀ ਦਾਤਾਰ ਹੈ ਕਰਤਾਰ ਹੈ। ਅਕਾਲ ਪੁਰਖ ਹੀ ਸਭ ਨੂੰ ਦੇਂਦਾ ਹੈ। ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੂਜੇ ਕੋਲੋਂ ਮੰਗਣਾ ਸ਼ਰਮਨਾਕ ਹਰਕਤ ਹੈ। ਇੱਕ ਅਕਾਲ ਪੁਰਖ ਨੂੰ ਹੀ ਪੂਜਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ, ਹੋਰ ਕਿਸੇ ਦੂਜੇ ਨੂੰ ਨਹੀਂ। 5. ਪਰਚਾ ਸ਼ਬਦ ਦਾ:- ਪਰਚਾ=ਗਿਆਨ, ਜਾਣਕਾਰੀ। ਜਿਸ ਤਰ੍ਹਾਂ ਚੰਗੀ ਨੌਕਰੀ ਲਈ, ਚੰਗੇ ਕਾਰੋਬਾਰ ਲਈ, ਚੰਗੇ ਪੇਸ਼ੇ ਲਈ ਆਧੁਨਿਕ ਪੜਾਈ ਦੀ ਲੋੜ ਹੈ, ਇਸੇ ਤਰ੍ਹਾਂ ਸੁਚੱਜੀ ਜ਼ਿੰਦਗੀ ਜੀਊਣ ਲਈ ਅਧਿਆਤਮਿਕ ਗਿਆਨ ਦੀ ਲੋੜ ਹੈ। ਇਹ ਅਧਿਆਤਮਿਕ ਗਿਆਨ ਗੁਰਬਾਣੀ ਤੋਂ ਮਿਲਦਾ ਹੈ। ਸਿੱਖ ਨੂੰ ਆਪਣਾ ਜੀਵਨ ਗੁਰਬਾਣੀ ਅਨੁਸਾਰ ਢਾਲਣ ਦੀ ਤਾਕੀਦ ਹੈ।
ਗੁਰ ਕਾ ਸਬਦੁ ਰਿਦ ਅੰਤਰਿ ਧਾਰੈ॥ ਪੰਚ ਜਨਾ ਸਿਉ ਸੰਗੁ ਨਿਵਾਰੈ॥
ਦਸ ਇੰਦ੍ਰੀ ਕਰ ਰਾਖੈ ਵਾਸਿ॥ਤਾ ਕੈ ਆਤਮੈ ਹੋਇ ਪਰਗਾਸੁ॥-ਪੰਨਾ ੨੩੬॥
6. ਦੀਦਾਰ ਖ਼ਾਲਸੇ ਦਾ:- ਸਿੱਖ ਦੇ ਨੇਤ੍ਰਾਂ ਤੋਂ ਖ਼ਾਲਸੇ ਦੀ ਛਬਿ ਓਝਲ ਨਹੀਂ ਹੋਣੀ ਚਾਹੀਦੀ। ਸਿੱਖ ਨੂੰ ਗੁਰੂ ਦੀ ਹਜ਼ੂਰੀ ਦਾ ਇਹਸਾਸ ਰਹੇਗਾ ਤਾਂ ਉਹ ਡੋਲੇਗਾ ਨਹੀਂ ਅਤੇ ਨਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖ਼ਸ਼ਿਆ ਸਿੱਖੀ ਸਰੂਪ ਤੇ ਰਹਿਤ ਤਿਆਗੇ ਗਾ।
ਖ਼ਾਲਸਾ ਮੇਰੋ ਰੂਪ ਹੈ ਖ਼ਾਸ॥ਖ਼ਾਲਸੇ ਮਹਿ ਹੌ ਕਰੌ ਨਿਵਾਸ॥-ਪਾਤਸ਼ਾਹੀ ਦਸਵੀਂ॥ ਸੁਰਜਨ ਸਿੰਘ--+91 90414o9041