ਲਮਿੰਗਟਨ ਗੁਰਦੁਆਰਾ ਕਮੇਟੀ ਨੂੰ ਸਿੱਖ ਸਿਧਾਂਤਾਂ ਪ੍ਰਤੀ ਮਜ਼ਬੂਰ ਕਰ ਦਿੱਤਾ
ਨਾਂ ਮੀਟ, ਨਾਂ ਸ਼ਰਾਬ ਅਤੇ ਨਾਂ ਹੀ ਲੀਜ਼ ਦਾ ਰੇੜਕਾ ਰਵ੍ਹੇਗਾ
ਗੁਰਦੁਆਰਾ ਸਾਹਿਬ ਲਮਿੰਗਟਨ ਅਤੇ ਵਾਰਿਕ ਦੇ ਮੌਜੂਦਾ ਤਿੰਨ ਏਕੜ ਦੇ ਰਕਬੇ ਵਿਚ ਵਿਆਹਾਂ ਲਈ ਹਾਲ ਦੀ ਅਰਜ਼ੀ ਨੇ ਸਥਾਨਕ ਅਤੇ ਕੌਮੀ ਸਿੱਖਾਂ ਵਿਚ ਤਿੱਖੇ ਪ੍ਰਤੀਕਰਮ ਨੂੰ ਜਨਮ ਦੇ ਦਿੱਤਾ। ਇਸ ਅਰਜ਼ੀ ਵਿਚ ‘ਬਾਰ’ ਦੀ ਸਹੂਲਤ (“bar facility”) ਦਾ ਰੇੜਕਾ ਵੀ ਸੀ ਜੋ ਕਿ ਸੱਤੇ ਦਿਨ ਸ਼ਾਮ ਨੂੰ ਖੋਹਲਿਆ ਜਾਣਾਂ ਸੀ।
ਇਸ ਪਲੈਨਿੰਗ ਐਪਲੀਕੇਸ਼ਨ ਵਿਚ ਕੁਝ ਵਿਚਾਰ ਯੋਗ ਅਹਿਮ ਪਹਿਲੂ ਇਹ ਸਨ—
* ਆਡੀਟੋਰੀਅਮ ਵਿਚ ਇੱਕ ਛੋਟੀ ਜਹੀ ਬਾਰ ਵੀ ਹੋਵੇਗੀ ਜੋ ਕਿ ਸਮਾਗਮਾਂ ਲਈ ਖੋਹਲੀ ਜਾਵੇਗੀ ਅਤੇ ਹਰ ਸ਼ਾਮ ਸੱਤ ਵਜੇ ਭਾਈਚਾਰੇ ਦੀ ਸੇਵਾ ਲਈ ਵੀ ਖੋਹਲੀ ਜਾਵੇਗੀ ( ਡਿਜ਼ਾਈਨ ਐਂਡ ਐਕਸਸ ਸਟੇਟਮੈਂਟ ਦਾ ਪੰਨਾ ਨੰਬਰ ੪)
* ਧਾਰਮਕ ਕਾਰਨਾਂ ਕਰਕੇ ਸਮਾਜਕ ਸਮਾਗਮਾਂ ਲਈ ਥਾਂ ਦੀ ਨਿਸ਼ਾਨਦੇਹੀ ਗੁਰਦੁਆਰੇ ਤੋਂ ਜਿੰਨਾ ਹੋ ਸਕੇ ਦੂਰ ਕੀਤੀ ਜਾਵੇਗੀ (ਟਰਾਂਸਪੋਰਟ ਅਸੈਸਮੈਂਟ ਰਿਪੋਰਟ ਪੰਨਾ ੧੨ ਅਤੇ ੨੬)
ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਸੰਗਤ ਦੇ ਮੈਂਬਰਾਂ ਵਿਚ ਹਾਹਾਕਾਰ ਮੱਚ ਗਈ ਅਤੇ ਸਭ ਹੈਰਾਨ ਸਨ ਕਿ ਐਸੀ ਅਰਜ਼ੀ ਕੀ ਸੋਚ ਕੇ ਲਿਖੀ ਗਈ ਸੀ। ਇਹ ਖਬਰ ਸਿੱਖ ਮੀਡੀਏ ਅਤੇ ਦੇਸ਼ ਭਰ ਦੇ ਸਿੱਖਾਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸ਼ਰਾਬ ਅਤੇ ਮੀਟ ਦੇ ਸੇਵਨ ਦੀ ਸਿੱਖ ਧਰਮ ਵਿਚ ਮਨਾਹੀ ਹੈ ਅਤੇ ਜੇਕਰ ਇਸ ਦੀ ਵਰਤੋਂ ਕਿਸੇ ਵੀ ਗੁਰਦੁਆਰੇ ਦੀ ਜੂਹ ਵਿਚ ਜਾਂ ਗੁਰਦੁਆਰੇ ਨਾਲ ਸਬੰਧਤ ਜਾਇਦਾਦ ਵਿਚ ਹੁੰਦੀ ਹੈ ਤਾਂ ਇਹ ਸਿੱਖੀ ਅਸੂਲਾਂ ਦੀ ਘੋਰ ਅਵੱਗਿਆ ਹੈ।
ਜਿਵੇਂ ਹੀ ਇਹ ਖਬਰ ਸਿੱਖ ਮੀਡੀਏ ਭਾਵ ਕਿ ਟੈਲੀਵੀਯਨ ਅਤੇ ਇੰਟਰਨੈਟ ਤੇ ਆਈ ਤਾਂ ਵਾਰਿਕ ਡਿਸਟਰਿਕਟ ਕੌਂਸਲ ਪਲੈਨਿੰਗ ਡੀਪਾਰਟਮੈਂਟ ਕੋਲ ਸ਼ਕਾਇਤਾਂ ਦਾ ਤਾਂਤਾ ਲੱਗ ਗਿਆ। ਅਚਾਨਕ ਹੀ ਦਾਖਲ ਕੀਤੀ ਅਰਜੀ ਵਿਚੋਂ ‘ਬਾਰ’ ਸ਼ਬਦ ਮਨਫੀ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਲਾਗੂ ਦਸਤਾਵੇਜ਼ਾਂ ਵਿਚ ਇਹਨਾਂ ਤਬਦੀਲੀਆਂ ਸਬੰਧੀ ਸੰਗਤਾਂ ਪ੍ਰਤੀ ਕੋਈ ਵੀ ਪਾਰਦਰਸ਼ਤਾ ਨਹੀਂ ਰੱਖੀ ਗਈ।
ਸ਼ਨੀਵਾਰ ੮ ਮਾਰਚ ੨੦੧੪ ਨੂੰ ਗੁਰਦੁਆਰੇ ਦੇ ਬਾਹਰ ਇੱਕ ਸ਼ਾਂਤ ਮਈ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਕਿ ਤਿੰਨੇ ਹੀ ਸਿੱਖ ਟੈਲੀਵੀਯਨ ਸ਼ਾਮਲ ਸਨ। ਜਦੋਂ ਇਹ ਅਰਜ਼ੀ ਲਿਖੀ ਗਈ ਉਸ ਵੇਲੇ ਜਨਰਲ ਸਕੱਤਰ ਅਤੇ ਟਰੱਸਟੀਆਂ ਨੇ ਜ਼ਿੰਮੇਵਾਰੀ ਦਾ ਸਬੂਤ ਨਹੀਂ ਦਿੱਤਾ ਅਤੇ ਹਰ ਪੱਧਰ ਤੇ ਲੋੜੀਂਦੀ ਖੋਜ ਪੜਤਾਲ ਅਤੇ ਜ਼ਿੰਮੇਵਾਰੀ ਤੋਂ ਟਾਲਾ ਵੱਟਿਆ ਗਿਆ। ਸਬੰਧਤ ਵਿਅਕਤੀਆਂ ਨੂੰ ਸੇਵਾ ਇਸ ਲਈ ਦਿੱਤੀ ਗਈ ਸੀ ਕਿ ਉਹ ਇਸ ਗੁਰਦੁਆਰਾ ਸਾਹਿਬ ਦੀ ਤਿੰਨ ਏਕੜ ਦੀ ਪਲੈਨਿੰਗ ਵਿਚ ਸਿੱਖ ਸਿਧਾਂਤਾਂ ਅਤੇ ਸਿੱਖਿਆਵਾਂ ਦਾ ਪਾਲਣ ਕਰਨਗੇ।
ਸ਼ਨੀਵਾਰ ਦੇ ਮੁਜ਼ਾਹਰੇ ਵਿਚ ਪੰਥਕ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਨੇ ਭਾਗ ਲਿਆ ਤਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦਾ ਪਾਲਣ ਹੋ ਸਕੇ। ਇਹਨਾਂ ਆਗੂਆਂ ਵਿਚ ਭਾਈ ਅਮਰੀਕ ਸਿੰਘ ਗਿੱਲ, ਭਾਈ ਬਲਬੀਰ ਸਿੰਘ, ਭਾਈ ਜੋਗਾ ਸਿੰਘ, ਭਾਈ ਹਰਦੀਸ਼ ਸਿੰਘ ਅਤੇ ਭਾਈ ਅਵਤਾਰ ਸਿੰਘ ਸੰਘੇੜਾ ਦੇ ਨਾਮ ਸ਼ਾਮਲ ਹਨ। ਜਨਰਲ ਸਕੱਤਰ ਛਲਵਿੰਦਰ ਸਿੰਘ ਮੱਲੀ ਨੇ ਦੋ ਵਾਰ ਵਚਨ ਕਰਕੇ ਵੀ ਮੀਟਿੰਗ ਲਈ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਬੜੇ ਬੇਹੁਦਾ ਤਰੀਕੇ ਨਾਲ ਗੁਰਦੁਆਰੇ ਵਿਚੋਂ ਚਲਾ ਗਿਆ ਜਦ ਕਿ ਹਾਲ ਵਿਚ ਡੈਲੀਗੇਸ਼ਨ ਅੱਧਾ ਘੰਟਾ ਉਸ ਦੀ ਉਡੀਕ ਕਰਦਾ ਰਿਹਾ। ਪੰਥਕ ਆਗੂਆਂ ਨੇ ਸਿੱਖ ਟੈਲੀਵੀਯਨ ਮੀਡੀਏ ‘ਤੇ ਇਹ ਸਪੱਸ਼ਟ ਕੀਤਾ ਕਿ ਜਨਰਲ ਸਕੱਤਰ ਦਾ ਵਤੀਰਾ ਬਰਦਾਸ਼ਤ ਤੋਂ ਬਾਹਰ ਦਾ ਸੀ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਫੈਸਲਾ ਕਰਨਗੇ ਕਿ ਇਸ ਸਬੰਧੀ ਭਵਿੱਖ ਵਿਚ ਕੀ ਕਰਨਾਂ ਹੈ।
ਕੁਝ ਸਮੇਂ ਤੋਂ ਪਾਰਦਰਸ਼ਤਾ ਅਤੇ ਪ੍ਰਬੰਧ ਦੀ ਢਿਲ ਮੱਸ ਨੇ ਗੰਭੀਰ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ; ਇਸ ਦੇ ਨਤੀਜੇ ਵਜੋਂ ਕਮਿਊਨਿਟੀ ਸੈਂਟਰ ਦੇ ਚੇਅਰਮੈਨ ਸਤਨਾਮ ਬੈਂਸ ਵਲੋਂ ਗਲਤੀ ਦਾ ਇਕਬਾਲ ਕਰਨ ਦੇ ਬਾਵਜ਼ੂਦ ਵੀ ਮੁਆਫੀ ਨਹੀਂ ਮੰਗੀ ਗਈ। ਜੇਕਰ ਪ੍ਰਬੰਧਕ ਕਮੇਟੀ, ਜਨਰਲ ਸਕੱਤਰ ਅਤੇ ਟਰੱਸਟੀਆਂ ਵਲੋਂ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਗਿਆ ਹੁੰਦਾ ਤਾਂ ਹੁਣ ਇਹ ਕੁਝ ਨਹੀਂ ਸੀ ਹੋਣਾ।
ਗੁਰਦੁਆਰਾ ਸਾਹਿਬ ਦੇ ਪੈਂਤੜੇ ਨੂੰ ਸਪੱਸ਼ਟ ਕਰਨ ਲਈ ਜਨਰਲ ਸਕੱਤਰ ਛਲਬਿੰਦਰ ਮੱਲੀ ਅਤੇ ਚੀਫ ਟਰੱਸਟੀ ਜਸਵੰਤ ਵਿਰਦੀ ਵਲੋਂ ਸਿੱਖ ਚੈਨਲ ਸਟੂਡੀਓ ਵਿਚ ੯ ਮਾਰਚ ੨੦੧੪ ਨੂੰ ਇਹ ਇਕਬਾਲ ਕੀਤੇ ਗਏ-* ਗੁਰਦੁਆਰਾ ਦੇ ਕੁਲ ਤਿੰਨ ਏਕੜ ਰਕਬੇ ਵਿਚ ਮੀਟ ਅਤੇ ਸ਼ਰਾਬ ਦੀ ਵਰਤੋਂ ਨਹੀਂ ਹੋਵੇਗੀ।
* ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਕੋਈ ਵੀ ਹਿੱਸਾ ਸਿੱਖ ਕਲਚਰਲ ਐਂਡ ਸਪੋਰਟਸ ਕਮਿਊਨਿਟੀ ਸੈਂਟਰ ਨੂੰ ਲੀਜ਼ ਤੇ ਨਹੀਂ ਦਿੱਤਾ ਜਾਵੇਗਾ ਜਦ ਕਿ ਸਾਰੀ ਜਾਇਦਾਦ ‘ਤੇ ਗੁਰਦੁਆਰਾ ਸਾਹਿਬ ਦਾ ਹੀ ਕੰਟਰੋਲ ਹੋਵੇਗਾ।
* ਸਿੱਖ ਕਲਚਰਲ ਐਂਡ ਸਪੋਰਟਸ ਸੈਂਟਰ ਵਲੋਂ ਆਪਣੀਆਂ ਲੋੜਾਂ ਲਈ ਬਾਹਰ ਕੋਈ ਹੋਰ ਜਗ੍ਹਾ ਦੇਖੀ ਜਾਵੇਗੀ,ਜਿਥੇ ਕਿ ਮੀਟ ਸ਼ਰਾਬ ਦਾ ਸੇਵਨ ਹੋ ਸਕੇਗਾ।
ਸਥਾਨਕ ਸੰਗਤਾਂ ਵਲੋਂ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਸਬੰਧੀ ਇੱਕ ਲਿਖਤੀ ਅਹਿਦਨਾਮੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਸਬੰਧਤ ਤਿੰਨਾ ਮੁੱਦਿਆਂ ਤੇ ਪਹਿਰਾ ਦਿੱਤਾ ਜਾ ਸਕੇ ਵਰਨਾਂ ਸ਼੍ਰੀ ਅਕਾਲ ਤਖਤ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਕੈਂਪੇਨ ਹੋਰ ਤੇਜ ਹੋਣ ਦੀ ਸੰਭਾਵਨਾਂ ਹੈ।