ਬਲਵਿੰਦਰ ਸਿੰਘ ਬਾਈਸਨ
ਧਾਗੇ ਨਾਲ ਬੰਨਿਆ ਹਾਥੀ ! (ਨਿੱਕੀ ਕਹਾਣੀ)
Page Visitors: 2619
ਧਾਗੇ ਨਾਲ ਬੰਨਿਆ ਹਾਥੀ ! (ਨਿੱਕੀ ਕਹਾਣੀ) ਮੈਂ ਇਸਨੂੰ ਮਾਰ ਦਿਆਂਗਾ, ਇਸਨੇ ਮੇਰੇ ਮਾਲਕ ਨੂੰ ਮਾੜਾ ਆਖਿਆ ਹੈ ! (ਰਣਧੀਰ ਸਿੰਘ ਗੁੱਸੇ ਵਿੱਚ ਲਾਲ-ਪੀਲਾ ਹੋਇਆ ਕੁਲਜੀਤ ਸਿੰਘ ਨੂੰ ਕੁੱਟ ਰਿਹਾ ਸੀ) ਛੱਡ ਇਸਨੂੰ ! ਗੱਲ ਤਾਂ ਦੱਸ ਕੀ ਹੋਈ ਹੈ ? (ਛੁੱਟ-ਛੂਟਾ ਕਰਾਉਣ ਆਏ ਗੁਰਮੀਤ ਸਿੰਘ ਨੇ ਪੁਛਿਆ) ਰਣਧੀਰ ਸਿੰਘ : ਪਤਾ ਨਹੀ ! ਮੈਨੂੰ ਤੇ ਮਾਲਕਾਂ ਨੇ ਕਿਹਾ ਸੀ ਕੀ ਇਹ ਬੰਦਾ ਫਾਲਤੂ ਬੋਲ ਰਿਹਾ ਹੈ, ਲਾ ਦੇ ਦੋ ਚਾਰ ਹੱਥ ! ਜੋ ਮਾਲਕ ਕਹੇ ... ਸਾਡੇ ਲਈ "ਨੌਕਰੀ ਕੀ ਤੇ ਨਖਰਾ ਕੀ "! ਗੁਰਮੀਤ ਸਿੰਘ (ਹੈਰਾਨੀ ਨਾਲ) : "ਅਕਲਾਂ ਬਾਝੋਂ ਖੂਹ ਖਾਲੀ" ! ਗੱਲ ਬਾਤ ਦਾ ਤੈਨੂੰ ਪਤਾ ਨਹੀ ਤੇ ਅੱਖਾਂ ਬੰਦ ਕਰ ਕੇ ਮਾਲਕਾਂ ਦਾ ਹੁਕਮ ਵਜਾ ਰਿਹਾ ਹੈਂ ? ਤੇਰਾ ਮਾਲਕ ਕਹੇਗਾ ਕੀ ਖੂੰਹ ਵਿੱਚ ਛਾਲ ਮਾਰ ਦੇ ਕੀ ਵਾਕਈ ਹੀ ਮਾਰ ਦੇਵੇਂਗਾ ? ਕਲ ਨੂੰ ਤੈਨੂੰ ਕੁਝ ਹੋਵੇਗਾ ਤੇ ਕੀ ਇਹ ਤੇਰਾ ਮਾਲਕ ਤੈਨੂੰ ਬਚਾਉਣ ਆਵੇਗਾ ? ਰਣਧੀਰ ਸਿੰਘ ਅੱਖਾਂ ਨੀਵੀਆਂ ਪਾ ਲੈਂਦਾ ਹੈ ! ਛੁਟ ਛੂਟਾ ਕਰਾਉਣ ਵੇਲੇ ਗੰਦੇ ਹੋਏ ਹੱਥ ਸਾਫ਼ ਕਰਨ ਲਈ ਗੁਰਮੀਤ ਸਿੰਘ ਨਾਲ ਹੀ ਪਏ ਅਖਬਾਰ ਚੁੱਕ ਲੈਂਦਾ ਹੈ, ਉਸੇ ਵੇਲੇ ਉਸਦੀ ਨਜ਼ਰ ਅਖਬਾਰ ਦੀ ਸੁਰਖੀ ਤੇ ਪੈਂਦੀ ਹੈ ਜਿਸ ਵਿੱਚ ਲਿਖਿਆ ਸੀ ਕੀ "ਜਥੇਦਾਰ ਵੱਲੋਂ ਫਲਾਣੇ ਫਲਾਣੇ ਬੰਦੇ ਤਨਖਾਹੀਏ ਕਰਾਰ" ! ਧਿਆਨ ਨਾਲ ਖਬਰ ਪੜ੍ਹਨ ਤੇ ਗੁਰਮੀਤ ਸਿੰਘ ਨੂੰ ਲੱਗਾ ਜਿਵੇਂ ਲੜਾਈ ਤੇ ਸਿਆਸੀ ਮਾਲਕ ਦੀ ਸੀ ਪਰ "ਤਨਖਾਹ ਲੈਣ ਵਾਲੇ ਤਨਖਾਹਦਾਰ ਵੱਲੋਂ" ਨੌਕਰੀ ਕੀ ਤੇ ਨਖਰਾ ਕੀ ਦੇ ਸਿਦ੍ਧਾੰਤ ਤੇ ਪਹਿਰਾ ਦਿੰਦੇ ਹੋਏ ਬਿਨਾ ਕਿਸੀ ਸੁਣਵਾਈ ਦੇ ਦੂਜੀ ਧਿਰ ਦੇ ਬੰਦੇਆਂ ਨੂੰ "ਤਨਖਾਹੀਆ ਕਰਾਰ ਦੇ ਦਿੱਤਾ ਗਿਆ" ! ਗੁਰਮੀਤ ਸਿੰਘ : ਹੱਥੀ ਨੂੰ ਸ਼ੁਰੂ ਸ਼ੁਰੂ ਵਿੱਚ ਜੰਜੀਰਾਂ ਨਾਲ ਬੰਨਿਆ ਜਾਂਦਾ ਹੈ ਤੇ ਬਾਅਦ ਵਿੱਚ ਇੱਕ ਪਤਲੇ ਜਿਹੇ ਰੱਸੇ ਨਾਲ, ਪਰ ਹਾਥੀ ਨੂੰ ਇਵੇਂ ਹੀ ਭਾਸਦਾ ਹੈ ਕੀ ਜਿਵੇਂ ਉਸਨੂੰ ਅਜੇ ਵੀ ਜੰਜੀਰਾਂ ਨਾਲ ਬੰਨਿਆ ਹੋਇਆ ਹੈ ! ਓਹ ਚਾਹੇ ਤੇ ਇੱਕ ਝੱਟਕੇ ਵਿੱਚ ਆਪਣੀ ਤਾਕਤ ਨਾਲ ਜੰਜੀਰ ਤੇ ਰੱਸੇ ਤੋੜ ਸਕਦਾ ਹੈ ਪਰ "ਗੁਲਾਮੀ ਦੀ ਭਾਵਨਾ ਇਤਨੇ ਤਾਕਤਵਰ ਹਾਥੀ ਨੂੰ ਵੀ ਕਮਜ਼ੋਰ ਬਣਾ ਕੇ ਰੱਖ ਦਿੰਦੀ ਹੈ ! ਸਾਡੇ ਹਾਥੀ ਤਾਂ "ਪੈਸੇ ਅੱਤੇ ਸੱਤਾ ਦੇ ਰੇਸ਼ਮੀ ਧਾਗੇ ਨਾਲ ਬੰਨੇ ਹੋਏ ਜ਼ਮੀਰ ਤੋਂ ਅੰਨੇ ਹੋ ਚੁੱਕੇ ਨੇ !" ਅੰਨਾ ਹਾਥੀ ਲਸ਼ਕਰ ਦਾ ਉਜਾੜਾ ! (ਨਾਲ ਹੀ ਖੜਾ ਕੁਲਜੀਤ ਸਿੰਘ ਆਪਣੇ ਕਪੜੇ ਠੀਕ ਕਰਦਾ ਹੋਇਆ ਬੋਲਿਆ ਤੇ ਆਪਣੇ ਘਰ ਵੱਲ ਤੁਰ ਚਲਿਆ)
- ਬਲਵਿੰਦਰ ਸਿੰਘ ਬਾਈਸਨ