ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਦੇ ਰੰਗ
ਮੀਡੀਆ ਵੀ ਲੋਕਤੰਤ੍ਰ ਦਾ ਇਕ ਸਸ਼ਕਤ ਪਾਵਾ ਹੈ , ਜੇ ਇਹ ਆਪਣੀ ਭੂੰਿਮਕਾ ਸਹੀ ਢੰਗ ਨਾਲ ਨਿਭਾਵੇ ਤਾਂ , ਯਕੀਨਨ ਲੋਕਤੰਤ੍ਰ ਇਕ ਵਧੀਆ ਰਾਜ ਪਰਣਾਲੀ ਹੈ । ਪਰ ਜਿੱਥੇ ਭ੍ਰਿਸ਼ਟ ਸਿਆਸੀ ਲੋਕਾਂ ਨੂੰ ਉਤਸ਼ਾਹਤ ਕਰਨ ਵਿਚ , ਪ੍ਰਸ਼ਾਸਨਿਕ ਤੰਤ੍ਰ ਦੇ ਸਵਾਰਥੀ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ , ਓਥੇ ਮੀਡੀਆ ਅਤੇ ਨਿਆਂ ਪਰਨਾਲੀ ਨੇ ਵੀ ਘੱਟ ਨਹੀਂ ਗੁਜ਼ਾਰੀ । ਜਦੋਂ ਤੋਂ ਹੋਸ਼ ਸੰਭਾਲੀ ਹੈ , ਲੋਕਤੰਤ੍ਰ ਦੇ ਇਨ੍ਹਾਂ ਚਾਰਾਂ ਪਾਵਿਆਂ ਨੂੰ ਲਕਸ਼ਮੀ ਦੁਆਲੇ ਹੀ ਘੁੰਮਦੇ ਵੇਖਿਆ ਹੈ , ਹਰ ਕੋਈ ਆਪਣੀ ਥਾਂ ਤੇ ਮਾਇਆ ਇਕੱਠੀ ਕਰਨ ਦੇ ਆਹਰ ਵਿਚ ਜੁਟਿਆ ਹੋਇਆ ਹੈ ।
ਕਿਸੇ ਵੀ ਦਫਤਰ ਵਿਚ ਚਲੇ ਜਾਵੋ , ਰਿਸ਼ਵਤ ਤੋਂ ਬਿਨਾ ਕੋਈ ਕੰਮ ਹੋ ਹੀ ਨਹੀਂ ਸਕਦਾ । ਪੁਲਸ ਦਾ ਆਪਣਾ ਕੋਈ ਫਰਜ਼ ਹੈ ਹੀ ਨਹੀਂ , ਕੋਈ ਕੇਸ ਹੋ ਜਾਵੇ ਤਾਂ , ਉਸ ਦੀ ਰਿਪੋਰਟ ਲਿਖਵਾ ਲੈਣਾ ਇਕ ਕਿਲ੍ਹਾ ਜਿੱਤਣ ਬਰਾਬਰ ਹੈ । ਰਿਪੋਰਟ ਲਿਖ ਹੋਣ ਮਗਰੋਂ ਉਸ ਤੇ ਤਦ ਤਕ ਕੋਈ ਕਾਰਵਾੀ ਸੰਭਵ ਹੀ ਨਹੀਂ ਹੈ ਜਦ ਤਕ , ਧਰਨਾ-ਪ੍ਰਦਰਸ਼ਨ ਨਾ ਹੋਵੇ । ਜੇ ਕੋਈ ਮੁਲਜ਼ਿਮ ਫੜਿਆ ਵੀ ਜਾਵੇ ਤਾਂ , ਉਸ ਨੂੰ ਸਜ਼ਾ ਹੋਣੀ ਬਹੁਤ ਕਠਨ ਹੈ (ਜੇ ਕੋਲ ਪੈਸੇ ਹੋਣ) 95 % ਵਕੀਲ , ਜੱਜਾਂ ਅਤੇ ਮੁਲਜ਼ਿਮਾਂ ਵਿਚਾਲੇ ਦਲਾਲ ਮਾਤ੍ਰ ਹਨ ।
ਇਵੇਂ ਹੀ ਸਥਾਪਤ ਮੀਡੀਆ , ਭਾਵੇਂ ਉਹ ਪ੍ਰਿੰਟ ਹੋਵੇ ਜਾਂ ਇਲੈਕਟ੍ਰਾਨਿਕ , ਪੈਸੇ ਦੀ ਖੇਡ ਹੈ । ਪੈਸੇ ਦੇ ਕੇ ਜੋ ਮਰਜ਼ੀ ਛਪਵਾ ਲਵੋ , ਜੋ ਮਰਜ਼ੀ ਛਪਣੋਂ ਹਟਵਾ ਲਵੋ , ਜੋ ਮਰਜ਼ੀ ਬੁਲਵਾ ਲਵੋ , ਜਿਸ ਚੀਜ਼ ਬਾਰੇ ਮਰਜ਼ੀ ਮੂੰਹ ਬੰਦ ਕਰ ਦੇਵੋ । ਇਨ੍ਹਾਂ ਦੀ ਪਰਦਾ-ਪੋਸ਼ੀ ਹੇਠ ਹੀ ਨੇਤਿਆਂ ਦੇ ਘੁਟਾਲੇ ਪ੍ਰਵਾਨ ਚੜ੍ਹਦੇ ਹਨ , ਲੱਖਾਂ ਤੋਂ ਕ੍ਰੋੜਾਂ , ਕ੍ਰੋੜਾਂ ਤੋਂ ਸੈਂਕੜੇ ਕ੍ਰੋੜਾਂ, ਸੈਂਕੜੇ ਕ੍ਰੋੜਾਂ ਤੋਂ ਹਜ਼ਾਰਾਂ ਕ੍ਰੋੜਾਂ, ਹਜ਼ਾਰਾਂ ਕ੍ਰੋੜਾਂ ਤੋਂ ਲੱਖਾਂ ਕਰੋੜਾਂ , ਕਿਤੇ ਵੀ ਰੁਕਣ ਦੀ ਸੰਭਾਵਨਾ ਹੈ ਹੀ ਨਹੀਂ ।
ਪਿਛਲੇ ਦਿਨੀਂ ਨਵੀਂ ਉੱਠੀ ਪਾਰਟੀ ‘ ਆਮ ਆਦਮੀ ਪਾਰਟੀ ’ ਦੇ ਨੇਤਾ ਕੇਜਰੀਵਾਲ ਨੇ , ਦਿੱਲੀ ਦਾ ਮੁੱਖ-ਮੰਤ੍ਰੀ ਬਣ ਕੇ 49 ਦਿਨਾਂ ਵਿਚ ਹੜਕੰਪ ਮਚਾ ਦਿੱਤਾ । ਦਿੱਲੀ ਨੂੰ ਪਾਣੀ ਅਤੇ ਬਿਜਲੀ ਸਪਲਾਈ ਕਰਨ ਵਾਲੀਆਂ ਪਾਰਟੀਆਂ ਦਾ ਆਡਿਟ ਕਰਨ ਦਾ ਹੁਕਮ ਕਰ ਦਿੱਤਾ ( ਕਈ ਸਾਲ ਤੋਂ ਇਨ੍ਹਾਂ ਦਾ ਆਡਿਟ ਨਹੀਂ ਹੋਇਆ ਸੀ) ਮੀਡੀਏ ਵਿਚ ਹੜਕੰਪ ਮਚ ਗਿਆ । ਰਸੋਈ ਗੈਸ ਦੀ ਸਪਲਾਈ ਦਾ , ਅੰਬਾਨੀ ਨੇ 2015 ਤਕ ਦਾ ਠੇਕਾ ਲਿਆ ਹੋਇਆ ਹੈ , ਪਰ 2013 ਵਿਚ ਹੀ ਸਰਕਾਰ ਨੇ , ਗੈਸ ਦੀ ਸ਼ਾਰਟਿਜ ਦਾ ਬਹਾਨਾ ਬਣਾ ਕੇ ਕੀਮਤਾਂ ਵਧਾ ਦਿੱਤੀਆਂ , ਭਾਰਤ ਦੇ ਸਮੁੰਦਰ ਵਿਚੋਂ ਨਿਕਲਦੀ ਗੈਸ , ਬਾਹਰਲੇ ਮੁਲਕਾਂ ਨੂੰ ਸਸਤੀ ਸਪਲਾਈ ਹੁੰਦੀ ਰਹੀ , ਪਰ ਭਾਰਤ ਦੇ ਲੋਕਾਂ ਦੀਆਂ ਜੇਭਾਂ ਵਿਚੋਂ , ਸਾਲਾਨਾ 20,000 ਕ੍ਰੋੜ ਦੀ ਰਾਹਤ , ਵਿਚਾਰੇ ਅੰਬਾਨੀ ਜਿਹੇ ਗਰੀਬ ਆਦਮੀ ਨੂੰ ਦੇ ਦਿੱਤੀ । (ਇਸ ਦੇ ਪਿੱਛੇ ਕੀ ਹੋ ਸਕਦਾ ਹੈ ? ਇਹ ਸੋਚਣ ਵਾਲੀ ਗੱਲ ਹੈ , ਪਰ ਇਹ ਮੀਡੀਆ ਅਜਿਹੇ ਮਾਮਲਿਆਂ ਦਾ ਧੂਆਂ ਹੀ ਨਹੀਂ ਨਿਕਲਣ ਦਿੰਦਾ) ਹੁਣ ਫਿਰ ਅਪ੍ਰੈਲ ਵਿਚ ਰਸੋਈ ਗੈਸ ਦੀ ਕੀਮਤ ਵਧਣ ਵਾਲੀ ਹੈ , ਜਿਸ ਨਾਲ ਅੰਬਾਨੀ ਨੂੰ ਹਰ ਸਾਲ ਦਾ 54,000 ਕ੍ਰੋੜ ਦਾ ਹੋਰ ਫਾਇਦਾ ਹੋ ਜਾਵੇਗਾ । ਕੇਜਰੀਵਾਲ ਨੇ ਅੰਬਾਨੀ ਅਤੇ ਗੈਸ ਨਾਲ ਸਬੰਧਿਤ ਦੋ ਕੇਂਦਰੀ ਮੰਤ੍ਰੀਆਂ ਤੇ ਧੋਖਾ-ਧੜੀ ਦਾ ਕੇਸ ਕਰ ਦਿੱਤਾ , ਤਾਂ ਇਕ-ਦੂਸਰੇ ਦੀਆਂ (ਨਜ਼ਰ ਆਉਂਦੀਆਂ) ਦੋਵਾਂ ਵਿਰੋਧੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ , ਫਿਰ ਭਲਾ ਮੀਡੀਆ ਕਿਵੇਂ ਚੁੱਪ ਰਹਿੰਦਾ , ਭੇਦ ਖੁਲ੍ਹ ਜਾਣ ਨਾਲ , ਚੋਣਾਂ ਵਿਚ ਕੀ ਹੁੰਦਾ ?
ਕੇਜਰੀਵਾਲ ਨੇ 1984 ਵਿਚ ਹੋਏ ਸਿੱਖਾਂ ਦੇ ਕਤਲੇ-ਆਮ ਦੀ ਜਾਂਚ ਕਰਵਾਉਣ ਲਈ ਵੀ , ਲੈ.ਗਵਰਨਰ ਨੂੰ ਚਿੱਠੀ ਲਿਖ ਦਿੱਤੀ , ਜਿਸ ਨਾਲ ਦੋਵਾਂ ਪਾਰਠੀਆਂ ਦੇ ਨੇਤੇ ਫਸਦੇ ਸੀ । ਫਿਰ ਤਾਂ ਦੋਵਾਂ ਲਈ ਜ਼ਰੂਰੀ ਹੋ ਗਿਆ , ਕੇਜਰੀਵਾਲ ਦੀ ਹਕੂਮਤ ਨੂੰ ਡੇਗਣਾ । ਜਦ ਕੇਜਰੀਵਾਲ ਨੇ ਵਿਧਾਨ-ਸਭਾ ਵਿਚ , ਲੋਕ-ਪਾਲ ਬਿੱਲ ਪੇਸ਼ ਕਰਨ ਦੀ ਗੱਲ ਕੀਤੀ ਤਾਂ (ਇਸ ਦੇ ਬਾਵਜੂਦ ਕਿ ਕਾਂਗਰਸ ਅਤੇ ਬੀ, ਜੇ. ਪੀ. ਨੇ ਲੋਕ-ਪਾਲ ਬਿੱਲ ਦੀ ਹਮਾਇਤ ਦਾ ਭਰੋਸਾ ਦਿੱਤਾ ਹੋਇਆ ਸੀ)
ਦੋਵਾਂ ਨੇ ਪੂਰਾ ਜ਼ੋਰ ਲਾ ਕੇ , ਬਿੱਲ ਪੇਸ਼ ਕਰਨ ਦੇ ਵਿਰੋਧ ਵਿਚ ਵੋਟਾਂ ਪਾਈਆਂ । ਤਾਂ ਕੇਜਰੀਵਾਲ ਨੂੰ ਆਪਣੇ ਅਲਪ-ਮੱਤ ਵਿਚ ਹੋਣ ਦਾ ਅਹਿਸਾਸ ਹੋਇਆ , ਅਤੇ ਉਸ ਨੈ ਅਸਤੀਫਾ ਦੇ ਕੇ , ਵਿਧਾਨ-ਸਭਾ ਭੰਗ ਕਰਨ ਦੀ ਸਿਫਾਰਸ਼ ਕਰ ਦਿੱਤੀ (ਕਿਉਂਕਿ ਬੀ. ਜੇ. ਪੀ. ਪਹਿਲਾਂ ਹੀ ਸਰਕਾਰ ਬਨਾਉਣ ਤੋਂ ਹੱਥ ਖੜੇ ਕਰ ਚੁੱਕੀ ਸੀ ।
ਪਰ ਕੇਂਦਰ ਸਰਕਾਰ ਨੇ ਰਾਸ਼ਟ੍ਰਪਤੀ ਸ਼ਾਸਨ ਲਾਉਣ ਦਾ ਫੈਸਲਾ ਕੀਤਾ । ਇਸ ਦੌਰਾਨ ਪ੍ਰਚਲਤ ਮੀਡੀਏ ਨੇ ਆਪਣਾ ਸਵਾਮੀ ਭਗਤੀ ਵਾਲਾ ਰੋਲ ਚਾਲੂ ਰੱਖਿਆ , ਕਿਸੇ ਮਸਲ੍ਹੇ ਬਾਰੇ ਵੀ ਕੋਈ ਉਸਾਰੂ ਸੁਝਾਅ ਨਾ ਦਿੱਤਾ । ਪਰ ਸਰਕਾਰ ਡਿਗਦਿਆਂ ਹੀ ਆਪਣੀਆਂ ਪਾਰਟੀਆਂ ਦੇ ਇਸ਼ਾਰੇ ਤੇ , ਦੁਸ਼-ਪ੍ਰਚਾਰ ਸ਼ੁਰੂ ਕਰ ਦਿੱਤਾ ਕਿ , ਕੇਜਰੀਵਾਲ ਸਰਕਾਰ ਚਲਾਉਣ ਜੋਗਾ ਹੀ ਨਹੀਂ ਸੀ , ਇਸ ਲਈ ਅਸਤੀਫਾ ਦੇ ਕੇ ਮੈਦਾਨ ‘ਚੋਂ ਭਗੌੜਾ ਹੋ ਗਿਆ । ਪਰ ਕੇਜਰੀਵਾਲ ਨੇ ਜੋ ਕੰਮ 49 ਦਿਨਾਂ ਵਿਚ ਕਰ ਦਿੱਤਾ ਸੀ ਉਸ ਨੂੰ ਜੰਤਾ ਕਿਵੇਂ ਭੁੱਲ ਸਕਦੀ ਹੈ , ਜੰਤਾ ਦੇ ਸਾਮ੍ਹਣੇ ਬਹੁਤ ਸਾਰੀਆਂ ਗੰਢਾਂ ਖੁਲ੍ਹ ਚੁਕੀਆਂ ਹਨ । ਜਦ ਇਹ ਸਰਕਾਰਾ ਉਨ੍ਹਾਂ ਸੰਸਥਾਵਾਂ ਨੂੰ , ਜੋ ਜੰਤਾ ਨੂੰ ਬਿਜਲੀ , ਪਾਣੀ , ਰਸੋਈ-ਗੈਸ ਆਦਿ ਸਪਲਾਈ ਕਰਦੀਆਂ ਹਨ , ਲੁੱਟ ਦੀ ਖੁਲ੍ਹੀ ਛੂਟ ਦੇਈ ਰੱਖਣ , ਅਤੇ ਮੀਡੀਆ ਸਰਕਾਰ ਦੀ ਖਿਚਾਈ ਕਰਨ ਦੀ ਥਾਂ , ਉਸ ਦੇ ਕਾਰਿਆਂ ਤੇ ਪਰਦਾ ਪਾਉਂਦਾ ਰਹੇ , ਉਨ੍ਹਾਂ ਦਾ ਸਮੱਰਥਨ ਕਰਦਾ ਰਹੇ , ਫਿਰ ਜੰਤਾ ਨੂੰ ਰਾਹਤ ਕਿੱਥੋਂ ?
ਪਰ ਮੀਡੀਏ ਨੇ ਚੋਣਾਂ ਦੌਰਾਨ ਹੀ , ਇਨ੍ਹਾਂ ਪਾਰਟੀਆਂ ਕੋਲੋਂ , ਖਰਬਾਂ ਰੁਪਏ ਲੈਣੇ ਹਨ , ਅਤੇ ਜਿਸ ਪਾਰਟੀ ਦੀ ਸਰਕਾਰ ਬਣੇਗੀ , ਉਸ ਕੋਲੋਂ ਹਰ ਸਾਲ ਅਰਬਾਂ ਰੁਪਏ ਦੇ ਇਸ਼ਤਿਹਾਰ ਲੈਣੇ ਹਨ , ਤਾਂ ਉਹ ਇਨ੍ਹਾਂ ਪਾਰਟੀਆਂ ਨੂੰ ਕਿਵੇਂ ਨਾਰਾਜ਼ ਕਰ ਸਕਦਾ ਹੈ ? ਪਰ ਇਸ ਵਾਰ ਇਕ ਬਹੁਤ ਵੱਡਾ ਬਦਲਾਅ ਆਇਆ ਹੈ , ਪਹਿਲਾਂ ਲੋਕਾਂ ਨੂੰ ਪ੍ਰਚਲਤ ਮੀਡੀਏ ਤੇ ਹੀ ਵਿਸ਼ਵਾਸ ਕਰਨਾ ਪੈਂਦਾ ਸੀ , ਅਤੇ ਮੀਡੀਆ ਪੈਸੇ ਦੇ ਬਲ ਤੇ ਚੋਣ ਸਰਵੇ ਵਿਚ , ਪੈਸੇ ਦੇਣ ਵਾਲੀ ਪਾਰਟੀ ਦੀ ਜਿੱਤ ਵਿਖਾ ਕੇ ਵੋਟਰਾਂ ਨੂੰ ਗੁਮਰਾਹ ਕਰਦਾ ਰਹਿੰਦਾ ਸੀ । ਇਸ ਵਾਰ ਸੋਸ਼ਲ ਮੀਡੀਏ ਨੇ ਆਪਣੀ ਜ਼ਿਮੇਵਾਰੀ ਨਿਭਾਉਂਦੇ ਹੋਏ , ਪ੍ਰਚਲਤ ਮੀਡੀਏ ਨੂੰ ਸ਼ਰੇ-ਬਾਜ਼ਾਰ ਨੰਗਾ ਕਰ ਦਿੱਤਾ ਹੈ । ਹੁਣ ਤਾਂ ਪ੍ਰਚਲਤ ਮੀਡੀਆ ਏਥੋਂ ਤਕ ਗਿਰ ਚੁੱਕਾ ਹੈ ਕਿ , ਆਮ ਆਦਮੀ ਪਾਰਟੀ ਨੂੰ ਹਰਾਉਣ ਲਈ , ਹਰ ਗਿਰੀ ਤੋਂ ਗਿਰੀ ਹਰਕਤ ਕਰ ਰਿਹਾ ਹੈ ।
ਪਹਿਲਾਂ ਬੀ. ਜੇ. ਪੀ. ਦੇ ਸ਼ਰੀਫ ਬੰਦਿਆਂ ਨੇ ਗਾਜ਼ੀਆਬਾਦ ਵਿਚ “ਆਪ” ਦੇ ਦਫਤਰ ਵਿਚ ਭੰਨ-ਤੋੜ ਕੀਤੀ , ਪਰ ਮੀਡੀਏ ਨੂੰ ਬਹੁਤੀ ਤਕਲੀਫ ਨਹੀਂ ਹੋਈ , ਫਿਰ ਬੰਬਈ ਵਿਚ ਵੀ “ਆਪ” ਦੇ ਦਫਤਰ ਦੀ ਭੰਨ-ਤੋੜ ਕੀਤੀ ਗਈ , ਪਰ ਮੀਡੀਏ ਨੂੰ ਕੋਈ ਬਹੁਤਾ ਅਹਿਸਾਸ ਨਾ ਹੋਇਆ । ਪਰ ਜਦੋਂ ਕੇਜਰੀਵਾਲ ਦੇ ਗੁਜਰਾਤ ਦੌਰੇ ਵੇਲੇ , ਉਸ ਦੇ ਕਾਫਲੇ ਨੂੰ , ਥਾਣੇ ਵਿਚ ਬਿਠਾ ਲਿਆ ਗਇਆ , ਤਾਂ ਆਪ ਦੇ ਵਰਕਰਾਂ ਨੇ ਦਿੱਲੀ ਵਿਚ , ਬੀ. ਜੇ. ਪੀ. ਦੇ ਦਫਤਰ ਅੱਗੇ ਸ਼ਾਂਤ-ਮਈ ਮੁਜ਼ਾਹਰਾ ਕੀਤਾ ਅਤੇ ਬੀ. ਜੇ. ਪੀ. ਦੇ ਵਰਕਰਾਂ ਨੇ ਆਪ ਵਾਲਿਆਂ ਤੇ ਪਹਿਲਾਂ ਰੋੜਿਆਂ ਨਾਲ ਹਮਲਾ ਕੀਤਾ , ਫਿਰ ਲਾਠੀਆਂ-ਡੰਡਿਆਂ ਨਾਲ ਆਪ ਦੇ ਵਰਕਰਾਂ ਨੂੰ ਭਜਾ-ਭਜਾ ਕੇ ਕੁਟਿਆ । (ਇਹ ਸਾਰਾ ਕੁਝ ਵੀਡੀਉ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ) ਪਰ ਮੀਡੀਏ ਨੇ ਬੀ. ਜੇ. ਪੀ. ਦੇ ਲੀਡਰਾਂ ਨੂੰ ਇਹ ਕਹਿੰਦੇ ਵਿਖਾਇਆ ਕਿ ਬੀ. ਜੇ. ਪੀ. ਦੇ ਵਰਕਰਾਂ ਨੇ ਤਾਂ ਆਪਣੇ ਬਚਾਅ ਲਈ ਹੀ ਕੁਝ ਕੀਤਾ ਹੈ , ਹਮਲਾ ਤਾਂ ਆਪ ਵਾਲਿਆਂ ਨੇ ਕੀਤਾ ਹੈ । ਯਾਨੀ ਮੀਡੀਏ ਦੀ ਨਿਗਾਹ ਵਿਚ , ਆਪ ਵਾਲਿਆਂ ਦਾ ਰੋਸ ਮਜ਼ਾਹਰਾ ਵੀ ਹਮਲਾ ਬਣ ਗਿਆ ਅਤੇ ਬੀ. ਜੇ. ਪੀ. ਵਾਲਿਆਂ ਦੀ ਮਾਰ-ਕੁਟਾਈ ਵੀ ਆਤਮਰਕਸ਼ਾ ਹੈ ।
ਹੁਣ ਤਾਂ ਪ੍ਰਚਲਤ ਮੀਡੀਆ , ਸਵਾਮੀ ਭਗਤੀ ਦਾ ਪੂਰਾ ਸਬੂਤ ਦਿੰਦਿਆਂ ਪਰਚਾਰ ਕਰ ਰਿਹਾ ਹੈ ਕਿ , ਕੇਜਰੀਵਾਲ ਨੇ ਵੀ ਬੀ. ਜੇ. ਪੀ ਦੇ ਦਫਤਰ ਵਿਚ ਜਾ ਕੇ ਨਮੋ-ਨਮੋ ਦਾ ਜਾਪ ਕੀਤਾ ਹੈ । ਪਰ ਉਹ ਸ਼ਾਇਦ ਇਹ ਭੁੱਲ ਰਹੇ ਹਨ ਕਿ ਉਹ ਵੇਲਾ ਗਿਆ , ਜਦੋਂ ਲਾਲਾ ਜਗਤ ਨਾਰਾਇਣ ਨੇ ਅਖਬਾਰ ਆਸਰੇ ਹੀ ਸਾਰੇ ਪੰਜਾਬ ਵਿਚ ਅੱਗ ਬਾਲੀ ਸੀ , ਹੁਣ ਤਾਂ ਸੋਸ਼ਲ ਮੀਡੀਆ , ਪ੍ਰਚਲਤ ਮੀਡੀਏ ਨਾਲੋਂ ਛੇਤੀ ਅਤੇ ਸੱਚੀ ਖਬਰ ਜੰਤਾ ਤਕ ਪਹੁੰਚਾ ਰਿਹਾ ਹੈ , ਅਤੇ ਆਉਣ ਵਾਲਾ ਸਮਾ , ਪੈਸੇ ਲੈ ਕੇ ਖਬਰਾਂ ਲਾਉਣ ਵਾਲਿਆਂ ਦਾ ਨਹੀਂ , ਬਲਕਿ ਇਹ ਕੰਮ ਸੋਸ਼ਲ ਮੀਡੀਆ , ਆਪਣੀ ਜ਼ਿਮੇਵਾਰੀ ਸਮਝਦੇ ਹੋਏ , ਭਾਰਤ ਨੂੰ ਭ੍ਰਿਸ਼ਟਾਚਾਰੀ ਗੱਠ-ਜੋੜ ਤੋਂ ਬਚਾਉਣ ਲਈ , ਆਪਣੀ ਜੇਭ ਵਿਚੋਂ ਪੈਸੇ ਖਰਚ ਕੇ , ਆਮ ਜੰਤਾ ਨੂੰ ਸੁਚੇਤ ਕਰ ਰਿਹਾ ਹੈ ।
ਇਕ ਚੰਗੀ ਖਬਰ ਇਹ ਵੀ ਹੈ ਕਿ , ਸੁਪ੍ਰੀਮ ਕੋਰਟ ਵੀ ਭ੍ਰਿਸ਼ਟ ਸਰਕਾਰੀ ਪ੍ਰਭਾਵ ਥਲਿਉਂ ਨਿਕਲ ਕੇ , ਆਪਣਾ ਫਰਜ਼ ਪਛਾਣਦਿਆਂ , ਸੰਵਿਧਾਨ ਤੇ ਡੱਟ ਖੜੋਤੀ ਹੈ । ਇਸ ਵਾਰ ਦੀਆਂ ਚੋਣਾਂ ਵੀ ਕੁਝ ਅਜਿਹਾ ਹੀ ਸੰਦੇਸ਼ ਦੇ ਰਹੀਆਂ ਹਨ ਕਿ , ਚੋਣਾਂ ਵਿਚ ਪੂਰੇ ਭਾਰਤ ਦਾ ਹਾਲ ਵੀ , ਦਿੱਲੀ ਚੋਣਾਂ ਤੋਂ ਕੁਝ ਵੱਖਰਾ ਨਹੀਂ ਹੋਣ ਵਾਲਾ , ਦੋਵਾਂ ਸਥਾਪਤ ਪਾਰਟੀਆਂ ਨੂੰ ਫਿਕਰ ਪਿਆ ਹੋਇਆ ਹੈ , ਕੋਈ ਵੀ ਵੱਡੇ ਤੋਂ ਵੱਡਾ ਨੇਤਾ ਆਪਣੀ ਜਿੱਤ ਬਾਰੇ ਆਸ਼ਵਸਤ ਨਹੀਂ ਹੈ । ਚੋਣ-ਹਲਕਿਆਂ ਦੀ ਥੋਕ ਵਿਚ ਅਦਲਾ-ਬਦਲੀ ਹੋ ਰਹੀ ਹੈ , ਉਮੀਦਵਾਰਾਂ ਦੀਆਂ ਲਿਸਟਾਂ ਬਨਾਉਣ ਵਿਚ ਹੀ ਪਸੀਨੇ ਛੁੱਟ ਰਹੇ ਹਨ , ਚੋਣਾਂ ਵਿਚ ਕੀ ਹਾਲ ਹੋਵੇਗਾ ? ਇਸ ਵਾਰ ਚੋਣ ਵਿਚ ਨਿਰਨਾਇਕ ਭੂਮਕਾ , ਨੌਜਵਾਨ ਵੋਟਰਾਂ ਦੀ ਹੋਵੇਗੀ ਜੌ ਭ੍ਰਿਸ਼ਟਾਚਾਰ ਨੂੰ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹਨ ।
ਜੇ ਇਸ ਵੇਲੇ ਭ੍ਰਿਸ਼ਟਾਚਾਰ ਵਿਰੋਧੀ ਲੋਕ (ਲੋਕ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਹਰ ਪਾਰਟੀ , ਗੱਲ-ਗੱਲ ਤਕ ਭ੍ਰਿਸ਼ਟਾਵਾਰ ਵਿਚ ਗਰਕ ਹੋਈ ਪਈ ਹੈ , ਹਰ ਪਾਰਟੀ ਵਿਚਲੇ ਵਿਧਾਇਕਾਂ ਅਤੇ ਲੋਕ-ਸਭਾ ਦੇ ਮੈਂਬਰਾਂ ਵਿਚੋਂ 17 % ਤੋਂ 46 % ਤਕ ਤੇ ਅਜਿਹੇ ਕੇਸ ਚੱਲ ਰਹੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਪੰਜ ਸਾਲ ਤੋਂ ਉਮਰ-ਕੈਦ ਤਕ ਦੀ ਸਜ਼ਾ ਹੋ ਸਕਦੀ ਹੈ) ਮਿਲ ਕੇ ਕੇਂਦਰ ਵਿਚ ਸਰਕਾਰ ਬਣਾ ਲੈਣ ਤਾਂ , ਭਾਰਤ ਦੀ ਡੁਬਦੀ ਬੇੜੀ , ਮੁੜ ਕੰਢੇ ਲਗ ਸਕਦੀ ਹੈ ।
ਆਉ ਇਨ੍ਹਾਂ ਚੋਣਾਂ ਵਿਚ ਆਪਸੀ ਮਤ-ਭੇਦ ਭੁਲਾ ਕੇ , ਆਮ ਆਦਮੀ ਪਾਰਟੀ ਨੂੰ (ਜੇ ਤੁਹਾਡੀ ਨਿਗਾਹ ਵਿਚ ‘ਆਪ’ ਨੇ ਵੀ ਗਲਤੀ ਨਾਲ ਕਿਸੇ ਗਲਤ ਆਦਮੀ ਨੂੰ ਟਿਕਟ ਦੇ ਦਿੱਤੀ ਹੈ ਤਾਂ ਬਿਨਾ ਝਿਜਕ ਦੇ , ਉਸ ਬਾਰੇ ਪਾਰਟੀ ਨੂੰ ਸੂਚਿਤ ਕਰੋ, ਅਜੇ ਵੇਲਾ ਹੈ) ਅਤੇ ਦੂਸਰੀਆਂ ਪਾਰਟੀਆਂ ਵਿਚਲੇ ਚੰਗੀ ਸੋਚ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ , ਲੋਕ ਸਭਾ ਵਿਚ ਘੱਲੀਏ , ਤਾਂ ਜੋ ਭਾਰਤ ਵਿਚਲਾ ਭ੍ਰਿਸ਼ਟਾਚਾਰ , ਅਰਾਜਿਕਤਾ ਅਤੇ ਗੁੰਡਾ-ਗਰਦੀ ਨੂੰ ਖਤਮ ਕੀਤਾ ਜਾ ਸਕੇ ਅਤੇ ਹਰ ਆਦਮੀ ਅਮਨ-ਚੈਨ ਨਾਲ ਭਾਰਤ ਦੇ ਵਿਕਾਸ ਵਿਚ ਆਪਣਾ ਹਿੱਸਾ ਪਾ ਸਕੇ ।
ਅਮਰਜੀਤ ਸਿੰਘ ਚੰਦੀ