“ਅਜੋਕਾ ਗੁਰਮਤਿ ਪ੍ਰਚਾਰ? ਭਾਗ 24-ਈ
ਆਵਾਗਵਣ, ਆਤਮਾ, ਕਰਮ-ਫਲ਼ ਸਿਧਾਂਤ ਸੰਬੰਧੀ, ਇਕ ਗੁਰਦੁਆਰੇ ਦੇ ਗਿਆਨੀ ਜੀ ਨਾਲ ਹੋ ਰਹੇ ਇੰਟਰਵਿਊ ਦੇ ਸੰਬੰਧ ਵਿੱਚ ਵਿਚਾਰ ਚੱਲ ਰਹੀ ਹੈ।ਜਿਸ ਨੂੰ ਯੂ ਟਿਊਬ ਤੇ ‘ਲਾਇਫ ਐਂਡ ਡੈਥ ਬਾਇ….ਸਿੰਘ …ਭਾਗ 8’ ਭਰ ਕੇ ਸਰਚ ਕੀਤਾ ਜਾ ਸਕਦਾ ਹੈ।ਪੇਸ਼ ਹੈ ਪਿਛਲੀ ਵਿਚਾਰ ਤੋਂ ਅੱਗੇ:-
ਵਿਚਾਰ- ਕਈ ਮਤਾਂ ਦੇ ਪ੍ਰਚੱਲਤ ਵਿਚਾਰਾਂ ਅਨੁਸਾਰ ਸੰਸਾਰ ਤੇ 84 ਲੱਖ ਜੂਨਾਂ ਮੰਨੀਆਂ ਗਈਆਂ ਹਨ।ਗੁਰਮਤਿ ਵਿੱਚ 84 ਲੱਖ *ਗਿਣਤੀ* ਨੂੰ ਸਵਿਕਾਰ ਨਹੀਂ ਕੀਤਾ ਗਿਆ, ਪਰ ਜੂਨਾਂ ਵਿੱਚ ਪੈਣ ਵਾਲੇ ਸੰਕਲਪ ਨੂੰ ਕਿਤੇ ਰੱਦ ਨਹੀਂ ਕੀਤਾ ਗਿਆ।ਗੁਰਮਤਿ ਅਨੁਸਾਰ ਗੁਰਮੁਖ ਬੰਦੇ ਨੂੰ ਜੂਨਾਂ ਵਿੱਚ ਨਹੀਂ ਪੈਣਾ ਪੈਂਦਾ।ਪਰ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਜੂਨਾਂ ਵਿੱਚ ਪੈਣਾ ਹੈ ਜਾਂ ਜਨਮ ਮਰਨ ਤੋਂ ਮੁਕਤੀ ਮਿਲਣੀ ਹੈ ਸਭ ਪ੍ਰਭੂ ਦੇ ਹੁਕਮ ਵਿੱਚ ਹੈ।ਜੋ ਉਸ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੁੰਦਾ ਹੈ।ਗੁਰਮਤਿ ਵਿੱਚ ਜੂਨਾਂ ਦੀ ਗਿਣਤੀ ਨੂੰ ਸਵਿਕਾਰ ਨਹੀਂ ਕੀਤਾ ਗਿਆ, ਇਸ ਸੰਬੰਧੀ ਵੀ ਦੋ ਪਹਿਲੂ ਹਨ।ਪਹਿਲਾ ਇਹ ਕਿ ਉਸ ਦੀ ਰਚੀ ਕੁਦਰਤ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਿ ਕਿੰਨਾਂਕੁ ਪਸਾਰਾ ਹੈ ਅਤੇ ਕਿੰਨੀਂ ਕਿਸਮ ਦੀਆਂ ਜੂਨਾਂ ਹਨ।ਇਸ ਲਈ ਜੂਨਾਂ ਦੀ ਗਿਣਤੀ 84 ਲੱਖ ਨਹੀਂ ਮਿਥੀ ਜਾ ਸਕਦੀ।ਦੂਸਰਾ ਇਹ ਕਿ ਗੁਰਮਤਿ ਫਲੌਸਫੀ ਹਿੰਦੂ ਮੱਤ ਦੀ ਤਰ੍ਹਾਂ ਨਹੀਂ ਕਿ ਹਰ ਬੰਦੇ ਨੂੰ ਕੀਤੇ ਕਰਮਾਂ ਦਾ ਫਲ਼ ਭੁਗਤਣ ਲਈ 84 ਲੱਖ ਜੂਨਾਂ ਦੇ ਗੇੜ ਵਿੱਚ ਪੈਣਾ ਹੀ ਪੈਂਦਾ ਹੈ।ਅਤੇ ਇਕ ਵਾਰੀਂ 84 ਲੱਖ ਦਾ ਗੇੜਾ ਖਤਮ ਹੋਣ ਤੇ ਫੇਰ ਮਨੁੱਖਾ ਜਨਮ ਮਿਲ ਗਿਆ ਅਤੇ ਨਵੇਂ ਸਿਰੇ ਤੋਂ 84 ਲੱਖ ਵਾਲਾ ਗੇੜਾ ਸ਼ੁਰੂ ਹੋ ਗਿਆ।
ਇਸ ਦੇ ਉਲਟ ਗੁਰਮਤਿ ਸਿਧਾਂਤ ਇਹ ਹੈ- ਜਰੂਰੀ ਨਹੀਂ ਕਿ 84 ਲੱਖ ਜੂਨਾਂ ਭੁਗਤ ਕੇ ਫੇਰ ਉਸ ਨੂੰ ਬੰਦੇ ਦੀ ਜੂਨ ਮਿਲ ਗਈ।ਬਲਕਿ ਬੰਦਾ ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਹੈ-
"ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥" (ਪੰਨਾ-1239)
"ਪਹਿਲੈ ਪਹਿਰੈ ਰਾਤਿ ਕੈ ਵਣਜਾਰਿਆ ਮਿਤਰਾ ਹੁਕਮਿ ਪਇਆ ਗਰਭਾਸਿ॥" (ਪੰਨਾ-74)
ਕੀਤੇ ਕਰਮਾਂ ਅਨੁਸਾਰ ਸੁਖ ਦੁਖ ਵੀ ਪ੍ਰਭੂ ਦੇ ਹੁਕਮ ਵਿੱਚ ਭੋਗਦਾ ਹੈ-
"ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨਿ ਦਾਤੈ ਦੀਏ ॥
ਕਿਸੁ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥" (ਪੰਨਾ-1030)
"ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥" (ਪੰਨਾ-1241)।
ਸੋ ਹਿੰਦੂ ਮੱਤ ਅਤੇ ਗੁਰਮਤਿ ਦਾ ਇਹ ਫਰਕ ਸਮਝਣ ਦੀ ਜਰੂਰਤ ਹੈ ਕਿ ਗੁਰਮਤਿ ਅਨੁਸਾਰ ਮਨੁੱਖ ਕਰਮਾਂ ਦਾ ਬੱਧਾ 84 ਲੱਖ ਜੂਨਾਂ ਭੁਗਤਣ ਲਈ ਨਹੀਂ, ਬਲਕਿ ਪ੍ਰਭੂ ਦੇ ਹੁਕਮ ਅਤੇ ਭਾਣੇ ਵਿੱਚ ਸੰਸਾਰ ਤੇ ਆਉਂਦਾ ਹੈ, ਉਸ ਦੇ ਹੁਕਮ ਅਨੁਸਾਰ ਇੱਥੇ ਵਿਚਰਦਾ ਹੈ ਅਤੇ ਸੁਖ ਦੁਖ ਭੋਗਦਾ ਹੈ।ਇੱਥੇ ਇਹ ਗਲ ਵੀ ਸਮਝਣ ਦੀ ਜਰੂਰਤ ਹੈ ਕਿ
“ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥” (450)
ਮਨਮੁਖਾਂ ਨੂੰ ਫਿਰ ਜਨਮ ਮਰਨ ਦੇ ਗੇੜ ਵਿੱਚ ਪਾਇਆ ਜਾਵੇ, ਪ੍ਰਭੂ ਨੂੰ ਇਹੀ ਭਾਉਂਦਾ ਹੈ।ਇਸ ਲਈ 84 ਲੱਖ ਗਿਣਤੀ ਵਾਲੇ ਸੰਕਲਪ ਦੇ ਨਾਲ ਜੂਨਾਂ ਵਿੱਚ ਪੈਣ ਵਾਲੇ ਸੰਕਲਪ ਨੂੰ ਵੀ ਰੱਦ ਕੀਤਾ ਸਮਝਣਾ, ਬਿਲਕੁਲ ਗ਼ਲਤ ਹੈ । 84 ਲੱਖ ਦੀ ਗਿਣਤੀ ਨੂੰ ਗੁਰਮਤਿ ਵਿੱਚ ਸਵਿਕਾਰ ਨਹੀਂ ਕੀਤਾ ਗਿਆ ਇਸ ਦੇ ਸਬੂਤ ਗੁਰਬਾਣੀ ਵਿੱਚੋਂ ਮਿਲਦੇ ਹਨ।ਕਿਉਂ ਕਿ ਗਿਣਤੀ ਦੇ ਥਾਂ ਤੇ ਗੁਰੂ ਸਾਹਿਬਾਂ ਨੇ ਅਸੰਖ, ਕੋਟਿ, ਅਨਿਕ, ਬਹੁ ਜੋਨੀ, ਬਹੁਤ ਜਨਮ ਆਦਿ ਲਫਜ ਵਰਤੇ ਹਨ।ਜੇ ਗੁਰਬਾਣੀ ਵਿੱਚ 84 ਲੱਖ ਗਿਣਤੀ ਨੂੰ ਸਵਿਕਾਰ ਕੀਤਾ ਹੁੰਦਾ ਤਾਂ ਅਨਿਕ, ਅਸੰਖ, ਕੋਟਿ ਆਦਿ ਲਫਜ ਨਹੀਂ ਸੀ ਵਰਤੇ ਜਾ ਸਕਦੇ।ਜਦਕਿ ਜੂਨਾਂ ਵਿੱਚ ਪੈਣ ਦੀ ਸਵਿਕ੍ਰਿਤੀ ਵਾਲੀਆਂ ਸੈਂਕੜੇ ਉਦਾਹਰਣਾਂ ਗੁਰਬਾਣੀ ਵਿੱਚੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ । ਪੰਜ-ਦਸ ਤੁਕਾਂ ਦੇ ਤਾਂ (ਇਨ੍ਹਾਂ ਅਜੋਕੇ ਵਿਦਵਾਨਾਂ ਦੁਆਰਾ) ਆਪਣੀ ਮਰਜੀ ਅਨੁਸਾਰ ਅਰਥ ਘੜੇ ਜਾ ਸਕਦੇ ਹਨ, ਸੈਂਕੜੇ ਤੁਕਾਂ ਦਾ ਕੀ ਕੀਤਾ ਜਾਵੇ ? ਪਰ ਗੁਰਬਾਣੀ ਦੇ ਜਿਹੜੇ ਸੰਕਲਪ ਇਨ੍ਹਾਂ ਨੂੰ ਸੈੱਟ ਨਹੀਂ ਬੈਠਦੇ ਉਨ੍ਹਾਂ ਦੇ ਇਹ ਲੋਕ ਆਪਣੀ ਮਰਜੀ ਦੇ ਅਰਥ ਘੜਕੇ ਪੇਸ਼ ਕਰ ਦਿੰਦੇ ਹਨ । ਇਹ ਸਵਾਲ ਕਰਨ ਤੇ ਕਿ ਕਿਸ ਆਧਾਰ ਤੇ ਤੁਸੀਂ ਭਾਵਾਰਥ ਕਰ ਰਹੇ ਹੋ, ਕੀ ਗੁਰਬਾਣੀ ਵਿਚੋਂ ਕੋਈ ਇਕ ਵੀ ਤੁਕ ਪੇਸ਼ ਕੀਤੀ ਜਾ ਸਕਦੀ ਹੈ ? ਜਿਸ ਦਾ ਅਰਥ ਹੋਵੇ ਕਿ ‘ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ’ ਇਸ ਜੀਵਨ ਤੋਂ ਮਗਰੋਂ ਫੇਰ ਕਿਸੇ ਦਾ ਵੀ ਜਨਮ ਨਹੀਂ ਅਤੇ ਐਸੀ ਕਿਸੇ ਇਕ ਤੁਕ ਨੂੰ ਸਿਧਾਂਤਕ ਤੌਰ ਤੇ ਉਦਾਹਰਣ ਮੰਨਕੇ ਅਜੋਕੇ ਭਾਵਾਰਥ ਕੀਤੇ ਜਾਂਦੇ ਹਨ ? ਇਸ ਗੱਲ ਦਾ ਜਵਾਬ ਇਨ੍ਹਾਂ ਵਿੱਚੋਂ ਕੋਈ ਵਿਦਵਾਨ ਨਹੀਂ ਦਿੰਦਾ।
ਕਿਉਂਕਿ ਹਿੰਦੂ ਮੱਤ ਅਨੁਸਾਰ 84 ਲੱਖ ਜੂਨਾਂ ਮੰਨੀਆਂ ਗਈਆਂ ਹਨ ਇਸ ਲਈ ‘ਜੂਨਾਂ’ ਬਾਰੇ ਗੱਲ ਕਰਦੇ ਸਮੇਂ, ਗੁਰੂ ਸਾਹਿਬਾਂ ਨੇ ਕਈ ਥਾਈਂ 84 ਲੱਖ ਲਫਜ ਪ੍ਰਤੀਕ ਵਜੋਂ ਵਰਤਿਆ ਹੈ ।
ਗਿਆਨੀ ਜੀ ਨੇ ਆਪਣਾ ਪੱਖ ਸਹੀ ਦਰਸਾਉਣ ਲਈ ਗੁਰਬਾਣੀ ਦੀ ਉਦਾਹਰਣ ਪੇਸ਼ ਕੀਤੀ ਹੈ-
“ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ…॥”
ਪੂਰਾ ਸ਼ਬਦ ਇਸ ਪ੍ਰਕਾਰ ਹੈ-
“ਪਾਧਾਣੂ ਸੰਸਾਰੁ ਗਾਰਬਿ ਅਟਿਆ ॥ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥
ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ ॥ ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥
ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥ ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥1॥
ਉਦਮ ਕਰਹਿ ਅਨੇਕ ਹਰਿ ਨਾਮੁ ਗਾਵਹੀ ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥
ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥ ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥
ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥ ਬਿਨਵੰਤਿ ਨਾਨਕ ਭਰਮਹਿ ਭਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥2॥
ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥ ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥
ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥ ਕਹਿਆ ਨ ਮਾਨਹਿ ਸਿਰਿ ਖਾਕੁ ਛਾਨਿਹਿ ਜਿਨ ਸੰਗਿ ਮਨੁ ਤਨੁ ਜਾਲਿਆ ॥
ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥ ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥3॥
ਚਰਨ ਕਮਲ ਸਰਣਾਇ ਨਾਨਕੁ ਆਇਆ ॥ ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥
ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥ ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥
ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥ ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥4॥” (ਪੰਨਾ- 705)
ਗਿਆਨੀ ਜੀ ਨੇ ਕਿਵੇਂ ਅੰਦਾਜਾ ਲਗਾ ਲਿਆ ਕਿ ਗੁਰਬਾਣੀ ਵਿੱਚ ਜਿੱਥੇ ਵੀ ਜੂਨਾਂ ਦੀ ਗੱਲ ਕੀਤੀ ਗਈ ਹੈ ਇਸੇ ਜਨਮ ਵਿੱਚ ਮਨੁੱਖ ਦੀਆਂ ਵੱਖ ਵੱਖ ਮਾਨਸਿਕ ਬਿਰਤੀਆਂ ਦੀ ਹੀ ਗੱਲ ਕੀਤੀ ਗਈ ਹੈ ? ਸ਼ਬਦ ਵਿੱਚ ਸਾਫ ਲਿਖਿਆ ਹੈ ਕਿ ਮਨੁੱਖ ਪਾਂਧੀ ਦੇ ਸਮਾਨ ਜਗਤ ਤੇ ਆਇਆ ਹੈ, ਅਤੇ ਇੱਥੇ ਲੋਭ, ਮੋਹ, ਲਾਲਚ, ਅਹੰਕਾਰ ਵਿੱਚ ਫਸ ਜਾਂਦਾ ਹੈ । ਇੱਥੇ ਗੁਰੂ ਸਾਹਿਬ ਨੇ ਖਾਸ ਤੌਰ ਤੇ ਲੋਭ ਲਾਲਚ ਆਦਿ ਮਾਨਸਿਕ ਬਿਰਤੀਆਂ ਦਾ ਜਿਕਰ ਕਰ ਦਿੱਤਾ ਹੈ ।ਸਾਰੀ ਉਮਰ, ਬੁਢੇਪਾ ਆਉਣ ਤੱਕ ਵੀ ਜਦੋਂ ਸਰੀਰਕ ਅੰਗ ਕੰਮ ਛੱਡ ਜਾਂਦੇ ਹਨ, ਇਨ੍ਹਾਂ ਮਾਨਸਿਕ ਬਿਰਤੀਆਂ ਵਿੱਚ ਫਸਿਆ ਹੋਇਆ ਬੰਦਾ ਜੀਵਨ ਬਿਰਥਾ ਗਵਾ ਜਾਂਦਾ ਹੈ । ਇਨ੍ਹਾਂ ਮਾਨਸਿਕ ਬਿਰਤੀਆਂ ਵੱਸ ਕੀਤੇ ਹੋਏ ਕੰਮਾਂ ਦੇ ਬੀਜੇ ਹੋਏ ਦਾ ਅੰਕੁਰ ਜਦੋਂ ਫੁੱਟਦਾ ਹੈ
“ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥”
ਤਾਂ ਪਸ਼ੂ, ਪੰਛੀ ਆਦਿ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰਦਾ ਹੈ । ਇੱਕ ਪਲ ਲਈ ਵੀ ਜੂਨਾਂ ਤੋਂ ਛੁਟਕਾਰਾ ਨਹੀਂ ਮਿਲਦਾ । ਇਕ ਜੂਨ ਭੁਗਤ ਕੇ ਹਟਿਆ ਦੂਜੀ ਵਿੱਚ ਪੈ ਗਿਆ । ਦੂਜੀ ਭੁਗਤ ਕੇ ਹਟਿਆ ਤੀਜੀ ਵਿੱਚ ਪੈ ਗਿਆ ਇਸ ਨੂੰ
‘ਖਿਨੁ ਏਕੁ ਟਿਕਣੁ ਨ ਪਾਵਹੀ’ ਕਿਹਾ ਹੈ ।
ਸ਼ਬਦ ਵਿੱਚ ਸਾਫ ਲਿਖਿਆ ਹੈ ਕਿ ਲੋਭ, ਮੋਹ ਅਭਿਮਾਨ ਆਦਿ ਮਾਨਸਿਕ ਬਿਰਤੀਆਂ ਵਾਲੇ ਬੀਜ ਦੇ ਫਲ਼ ਵਜੋਂ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰਦਾ ਹੈ ।
ਪਰ ਗਿਆਨੀ ਜੀ ਉੱਪਰ ਤਾਂ ‘ਸਾਧੂ ਬੀਨਿੰਗ’ ਅਤੇ “ਚਾਰਵਾਕੀਏ” ਨਾਸਤਿਕਾਂ ਦਾ ਅਸਰ ਭਾਰੂ ਪਿਆ ਹੋਣ ਕਰਕੇ ਗੁਰਬਾਣੀ ਦੇ ਅਰਥ ਆਪਣੀ ਬਣੀ ਸੋਚ ਅਨੁਸਾਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਨ ਦਾ ਗੁਨਾਹ ਕਰੀ ਜਾ ਰਹੇ ਹਨ ।
ਸਭ ਤੋਂ ਪਹਿਲਾਂ ਤਾਂ ਗਿਆਨੀ ਜੀ ਨੂੰ ਸ਼ਬਦ ਵਿੱਚ ਆਏ ਲਫਜ “ਪਾਧਾਣੂ” ਦਾ ਅਰਥ ਸਮਝਣ ਦੀ ਜਰੂਰਤ ਹੈ । ਪਾਧਾਣੂ ਦਾ ਅਰਥ ਹੈ, ਪੰਧ ਤੇ ਚੱਲਣ ਵਾਲਾ । ਜਿਹੜਾ ਪਿੱਛੋਂ ਕਿਤੋਂ ਆਇਆ ਹੈ ਅਤੇ ਜਿਸਨੇ ਅੱਗੇ ਕਿਤੇ ਜਾਣਾ ਹੈ । ਇਸੇ ਤਰ੍ਹਾਂ ਗੁਰਬਾਣੀ ਵਿੱਚ ਮਨੁੱਖ ਨੂੰ “ਵਣਜਾਰਾ” ਵੀ ਆਖਿਆ ਗਿਆ ਹੈ ।ਵਣਜਾਰੇ ਦਾ ਵੀ ਇਹੀ ਅਰਥ ਹੈ ਕਿ ਜਿਹੜਾ ਬੰਦਾ ਕਿਤੋਂ ਚੱਲਕੇ, ਪਿੰਡ-ਪਿੰਡ ਜਾ ਕੇ ਸਾਮਾਨ ਵੇਚਦਾ ਹੈ ਮੁੜ ਆਪਣੇ ਟਿਕਾਣੇ ਤੇ ਪਰਤ ਜਾਂਦਾ ਹੈ । ਲੇਕਿਨ ਗਿਆਨੀ ਜੀ ਗੁਰਬਾਣੀ ਦੇ 'ਪਾਧਾਣੂ' ਅਤੇ 'ਵਣਜਾਰਾ' ਅਦਿ ਵਰਗੇ ਬਹੁਤ ਸਾਰੇ ਸੰਕਲਪਾਂ ਨੂੰ ਮੰਨਣ ਤੋਂ ਆਕੀ ਹਨ । ਕੀ ਗਿਆਨੀ ਜੀ ਨੂੰ ਸ਼ਬਦ ਵਿੱਚ ਆਏ ਲਫਜ- ‘ਮਰਿ ਜਨਮਹਿ ਆਵਹੀ’ ਨਜਰ ਨਹੀਂ ਆ ਰਹੇ, ਜਿਨ੍ਹਾਂ ਦਾ ਸਾਫ ਮਤਲਬ ਹੈ- ਮਰਕੇ ਫੇਰ ਜਨਮ ਲੈ ਕੇ ਆ ਜਾਂਦਾ ਹੈ ? ਇਨ੍ਹਾਂ ਸਾਫ ਅਤੇ ਸਿੱਧੇ ਲਫਜਾਂ ਦੇ ਮੰਨ ਲਵੋ ਕੋਈ ਹੋਰ ਭਾਵਾਰਥ ਹਨ ਤਾਂ ਗਿਆਨੀ ਜੀ ਦਾ ਫਰਜ ਬਣਦਾ ਹੈ ਕਿ ਪਹਿਲਾਂ ਇੱਥੇ ਸਾਬਤ ਕਰਨ ਕਿ ਅਸਲੀ ਅਰਥ ਕਿਉਂ ਨਹੀਂ ਲਏ ਜਾ ਸਕਦੇ ਅਤੇ ਜਿਹੜੇ ਭਾਵਾਰਥ ਉਹ ਕਰ ਰਹੇ ਹਨ ਕਿਸ ਆਧਾਰ ਤੇ ਕਰ ਰਹੇ ਹਨ ।
ਗਿਆਨੀ ਜੀ ਬਾਰ ਬਾਰ ਦਾਅਵਾ ਕਰ ਰਹੇ ਹਨ ਕਿ ਉਹ ਆਪਣੇ ਕੋਲੋਂ ਅਰਥ ਨਹੀਂ ਕਰ ਰਹੇ ਬਲਕਿ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਪੇਸ਼ ਕਰ ਰਹੇ ਹਨ । ਪਰ ਕੀ ਇਹ ਸੱਚ ਹੈ ? ਪੇਸ਼ ਹਨ ਇਸ ਸ਼ਬਦ ਦੇ, ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਗਏ ਅਰਥ-
ਹੇ ਭਾਈ ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਅਣਗਿਣਤ ਜੂਨਾਂ ਵਿੱਚ ਭਟਕਦੇ ਫਿਰਦੇ ਹਨ । ਆਤਮਕ ਮੌਤ ਸਹੇੜ ਕੇ **(ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿੱਚ) ਆਉਂਦੇ ਹਨ**।(ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ **ਜੂਨਾਂ ਵਿੱਚ ਪੈਂਦੇ ਹਨ**ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ । (ਹੇ ਭਾਈ! ਚੇਤੇ ਰੱਖ, ਜਿਹੋ ਜਿਹਾ ਬੀ ਬੀਜੇਂਗਾ (ਉਹੋ ਜਿਹੇ) ਫਲ਼ ਖਾਏਂਗਾ । (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ । ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿੱਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲੱਗਦੇ । ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿੱਚ) ਭਟਕਦੇ ਫਿਰਦੇ ਹਨ, **(ਜੂਨਾਂ ਦੇ ਗੇੜ ਵਿੱਚੋਂ) ਇੱਕ ਛਿਨ ਭਰ ਭੀ ਟਿਕ ਨਹੀਂ ਸਕਦੇ**”।
ਸਵਾਲ- “(ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿੱਚ) ਆਉਂਦੇ ਹਨ” … “ਜੂਨਾਂ ਵਿੱਚ ਪੈਂਦੇ ਹਨ’… “(ਜੂਨਾਂ ਦੇ ਗੇੜ ਵਿੱਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ”- ਇੱਥੇ ਪ੍ਰੋ: ਸਾਹਿਬ ਸਿੰਘ ਜੀ ਨੇ ਕਿਤੇ ਵੀ ਆਤਮਕ ਮੌਤ ਦਾ ਜਿਕਰ ਕੀਤਾ ਹੈ ? ਆਪਣੇ ਘੜੇ ਅਰਥਾਂ ਤੇ ਪ੍ਰੋ: ਸਾਹਿਬ ਸਿੰਘ ਜੀ ਦੀ ਮੋਹਰ ਲਗਾਕੇ ਗਿਆਨੀ ਜੀ ਸਿਖ ਜਗਤ ਨੂੰ ਗੁਰਮਤਿ ਦੇ ਰਾਹ ਤੋਂ ਪਥ-ਭ੍ਰਸ਼ਟ ਕਰ ਰਹੇ ਹਨ ।
ਗਿਆਨੀ ਜੀ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਸ਼ਬਦ ਵਿੱਚ ਇਸੇ ਜਨਮ ਦੀ ਗੱਲ ਕਰ ਰਹੇ ਹਨ…।
ਵਿਚਾਰ- ਜੀਵਨ ਸਵਾਰਨ ਦੀ ਗੱਲ ਤਾਂ ਇਸੇ ਜਨਮ ਦੀ ਹੀ ਹੋਣੀ ਹੈ । ਇਸੇ ਮਨੁੱਖਾ ਜਨਮ ਦੇ ਹੁੰਦਿਆਂ ਹੀ ਇਹ ਜੀਵਨ ਸਵਾਰਿਆ ਜਾ ਸਕਦਾ ਹੈ । ਹੋਰ ਜੂਨਾਂ ਵਿੱਚ ਤਾਂ ਜਨਮ ਸਵਾਰਨ ਦੀ ਗੱਲ ਹੋ ਹੀ ਨਹੀਂ ਸਕਦੀ । ਪਰ ਗਿਆਨੀ ਜੀ ਇਸ ਤੋਂ ਅੱਗੇ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ । ਗੁਰਬਾਣੀ ਦੇ ਜਾਂ ਗਿਆਨੀ ਜੀ ਦੇ ਕਹਿਣ ਨਾਲ ਹੀ ਤਾਂ ਸਾਰੀ ਦੁਨੀਆਂ ਦਾ ਜੀਵਨ ਸੁਧਰ ਨਹੀਂ ਗਿਆ । ਇਹ ਤਾਂ ਗੁਰਬਾਣੀ ਤੋਂ ਸੇਧ ਲੈ ਕੇ ਅਮਲ ਕਰਨ ਨਾਲ ਹੀ ਸੰਵਰੇਗਾ । ਗਿਆਨੀ ਜੀ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਕਿ ਜੇ ਕਿਸੇ ਨੇ ਗੁਰਬਾਣੀ ਤੇ ਅਮਲ ਨਹੀਂ ਕੀਤਾ ਸਾਰੀ ਉਮਰ ਆਪਣਾ ਜੀਵਨ ਨਹੀਂ ਸਵਾਰਿਆ, ਜਿਸ ਨੂੰ ਇਹ ਵਿਕਾਰੀ ਜੀਵਨ ਹੀ ਵਧੀਆ ਲੱਗਦਾ ਹੈ । ਬਿਖ ਹੀ ਅੰਮ੍ਰਿਤ ਲੱਗਦੀ ਹੈ । ਵਿਕਾਰੀ ਜੀਵਨ ਦਾ ਹੀ ਆਨੰਦ ਮਾਣਦਾ ਹੋਇਆ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਫੇਰ ਕੀ ? ਕੀ ਗੁਰਬਾਣੀ ਇਸ ਬਾਰੇ ਕੁਝ ਨਹੀਂ ਕਹਿੰਦੀ ਕਿ ਜੇ ਜਨਮ ਨਹੀਂ ਸਵਾਰਿਆ ਤਾਂ ਫੇਰ ਕੀ ? ਕੀ ਇਸ ਦਾ ਇਹ ਅਰਥ ਨਾ ਹੋਇਆ ਕਿ ਇਹ ਜੀਵਨ ਸਵਾਰਨਾ ਤਾਂ ਹੈ, ਪਰ ਜੇ ਨਹੀਂ ਸਵਾਰਿਆ ਤਾਂ ਵੀ ਕੋਈ ਗੱਲ ਨਹੀਂ ? ਜੇ ਇਹੀ ਗੱਲ ਹੈ ਤਾਂ ਗੁਰਬਾਣੀ ਉਪਦੇਸ਼ ਦਾ ਕੀ ਮਹਤਵ ਰਹਿ ਜਾਂਦਾ ਹੈ ?
ਗਿਆਨੀ ਜੀ ਰੱਬ ਦਾ ਨਾਮ ਲੈਣ ਦੀ ਗੱਲ ਤਾਂ ਕਰਦੇ ਹਨ ਪਰ ‘ਰੱਬ ਦਾ ਨਾਮ ਲੈਣਾ’ ਇਨ੍ਹਾਂ ਦੀ ਫਲੌਸਫੀ ਵਿੱਚ ਕਿਤੇ ਵੀ ਫਿੱਟ ਨਹੀਂ ਬੈਠਦਾ । ਗਿਆਨੀ ਜੀ ਮੁਤਾਬਕ, ਇਸ ਜਨਮ ਤੋਂ ਮਗ਼ਰੋਂ ਫੇਰ ਕੋਈ ਜਨਮ ਨਹੀਂ । ਪਰ ਗੁਰਬਾਣੀ ਵਿੱਚ ਅਨੇਕਾਂ ਹੀ ਸ਼ਬਦ ਆਏ ਹਨ ਜਿੰਨਾ ਵਿੱਚ ਲਿਖਿਆ ਹੈ ਕਿ ਬੰਦਾ ਸਾਰੀ ਉਮਰ ਰੱਬ ਦਾ ਨਾਮ ਨਹੀਂ ਲੈਂਦਾ । ਅੰਤ ਵੇਲੇ ਜਦੋਂ ਸਰੀਰਕ ਇੰਦਰੇ ਆਪਣਾ ਕੰਮ ਛੱਡ ਜਾਂਦੇ ਹਨ । ਸਾਰੀ ਉਮਰ ਆਤਮਕ ਮੌਤੇ ਮਰਿਆ ਬੰਦਾ ਓਸ ਵਕਤ ਵੀ ਪ੍ਰਭੂ ਦਾ ਨਾਮ ਲੈਣ ਦੀ ਬਜਾਏ ਵਿਕਾਰਾਂ ਵੱਲ ਹੀ ਦੌੜਦਾ ਹੈ । ਗਿਆਨੀ ਜੀ ਸਮਝਾਉਣ ਦੀ ਖੇਚਲ ਕਰਨਗੇ ਕਿ ਜੇ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ । ਸਾਰਾ ਜੀਵਨ ਬੰਦੇ ਨੇ ਪ੍ਰਭੂ ਦਾ ਨਾਮ ਸਿਮਰਨ ਦੀ ਬਜਾਏ ਵਿਕਾਰਾਂ ਵਿੱਚ ਗੁਜਾਰ ਦਿੱਤਾ । ਜੇ ਹੁਣ ਵੀ ਉਹ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਤਾਂ ਉਸ ਨੂੰ ਕੀ ਸਮੱਸਿਆ ਆ ਸਕਦੀ ਹੈ ? ਜੇ ਸਾਰੀ ਉਮਰ ਉਸ ਪ੍ਰਭੂ ਦਾ ਨਾਮ ਲਏ ਬਿਨਾਂ ਵਿਕਾਰਾਂ ਵਿੱਚ ਗੁਜਰ ਗਿਆ ਉਸ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਉਸਨੇ ਪਸ਼ੂ ਬਿਰਤੀਆਂ ਵਿੱਚ ਜੀਵਨ ਗੁਜਾਰਿਆ ਹੈ । ਗਿਆਨੀ ਜੀ ਖੁਦ ਹੀ ਇਹ ਗੱਲ ਕਹਿ ਰਹੇ ਹਨ- “ਜਿਹੜਾ ਸਾਡੇ’ਚੋਂ ਹੁਣ ਪਸ਼ੂ ਦਾ ਪ੍ਰਗਟਾਵਾ ਹੋ ਰਿਹਾ ਹੈ, ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਕਿ ਇਹੋ ਜਿਹੀ ਸੋਚ ਕਾਰਣ ਸਾਡਾ ਇਹੋ ਜਿਹਾ ਸੁਭਾਵ ਬਣ ਗਿਆ ਹੈ । ਸਾਡਾ ਕਰੈਕਟਰ ਬਣ ਗਿਆ । ਸਾਨੂੰ ਉਹ ਦਿਖਾਈ ਨਹੀਂ ਦੇ ਰਿਹਾ” ।
ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਬਾਕੀ ਦੇ ਚਾਰ ਦਿਨ ਜਿਹੜੇ ਜਿੰਦਗੀ ਦੇ ਬਚੇ ਹਨ ਉਹ ਵੀ ਉਸੇ ਤਰਾਂ ਗੁਜਰ ਜਾਣਗੇ । ਤਾਂ ਫੇਰ ਪ੍ਰਭੂ ਦਾ ਨਾਮ ਲੈਣ ਜਾਂ ਨਾ ਲੈਣ ਦਾ ਕੀ ਮਹਤਵ ਹੋਇਆ ਅਤੇ ਗਿਆਨੀ ਜੀ ਦੀ ਘੜੀ ਫਲੌਸਫੀ ਅਨੁਸਾਰ ਨਾਮ ਲੈਣ ਦਾ ਕੀ ਮਤਲਬ ਅਤੇ ਮਕਸਦ ਬਣਦਾ ਹੈ ? ਪ੍ਰਭੂ ਦਾ ਨਾਮ ਲੈਣ ਵਾਲੀ ਗੱਲ ਗਿਆਨੀ ਜੀ ਦੀ ਘੜੀ ਫਲੌਸਫੀ ਵਿੱਚ ਕਿੱਥੇ ਫਿੱਟ ਹੁੰਦੀ ਹੈ ?
ਗਿਆਨੀ ਜੀ ਤੇ ਸਵਾਲ ਕੀਤਾ ਗਿਆ ਸੀ- “ ਇਸ ਦੇਹੀ ਨੂੰ ਦੇਵ ਵੀ ਲੋਚਦੇ ਨੇ ਤਾਂ ਫੇਰ ਇਹ ਦੇਵ ਕੀ ਹੋ ਗਏ ?”
ਗਿਆਨੀ ਜੀ ਜਵਾਬ ਦੇ ਰਹੇ ਹਨ- “ਇਹ ਪੱਖ ਦਰਸਾਉਣ ਦੇ ਲਈ, ਕਿ ਮਨੁੱਖਾ ਜਨਮ ਬੜਾ ਦੁਰਲੱਭ ਹੈ, ਇਹ ਜਿਹੜੀਆਂ ਉਦਾਹਰਣਾਂ ਮੁਹਾਵਰੇ ਦੇ ਰੂਪ ਵਿੱਚ, ਅਲੰਕਾਰ ਦੇ ਰੂਪ ਵਿੱਚ ਸ਼ਬਦ ਵਰਤੇ ਹੋਏ ਹਨ ।..ਗੁਰੂ ਸਾਹਿਬ ਨੇ ਬੜਾ ਸਪੱਸ਼ਟ ਸੰਕਲਪ ਸਾਡੇ ਸਾਹਮਣੇ ਰਖਿਆ ਹੈ । ਕਿ ਜਿਉਂਦੇ ਜੀਅ ਜਦੋਂ ਅਸੀਂ ਸੱਚ ਨਾਲੋਂ ਟੁੱਟ ਜਾਂਨੇ ਆਂ ਅਸੀਂ ਕਿਸ ਤਰ੍ਹਾਂ ਭਟਕਣਾ ਸ਼ੁਰੂ ਹੋ ਜਾਨੇਆਂ । ਜਿਹੜਾ ਜਨਮ ਤੋਂ ਭਾਵ ਸਰੀਰਕ ਜਨਮ ਤੋਂ ਨਹੀਂ, ਅਸੀਂ ਹਰ ਥਾਂ ਜਨਮ ਦੀ ਗੱਲ ਲੈ ਲਈ, ਜਿੱਥੇ ਜਨਮ ਸ਼ਬਦ ਅਸੀਂ ਦੇਖਿਆ ਸਰੀਰ ਨਾਲ ਜੋੜ ਲਿਆ ।
ਵਿਚਾਰ/ ਸਵਾਲ- ਇੱਥੇ ਕਿਤੇ “ਇਸ ਦੇਹੀ ਨੂੰ ਦੇਵ ਵੀ ਲੋਚਦੇ ਨੇ ਤਾਂ ਫੇਰ ਇਹ ਦੇਵ ਕੀ ਹੋ ਗਏ ?” ਬਾਰੇ ਕੋਈ ਜਾਣਕਾਰੀ ਮਿਲਦੀ ਹੈ ?
ਇੰਟਰਵਿਊ ਭਾਗ 9 ਬਾਰੇ:-
ਗਿਆਨੀ ਜੀ ਗੁਰਮਤਿ ਦੀ ਕਰਮ-ਫਲੌਸਫੀ ਸਮਝਾਉਂਦੇ ਹੋਏ ਇੱਕ (ਸੱਚੀ) ਕਹਾਣੀ ਸੁਣਾਉਂਦੇ ਹਨ- ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ ।
ਇਕ ਬਜੁਰਗ ਜਿਸ ਦਾ ਕਿ ਸ਼ਰਾਬ ਦਾ ਧੰਦਾ ਸੀ । ਮੰਜੇ ਤੇ ਪਿਆ ਆਖਰੀ ਸਵਾਸ ਗਿਣ ਰਿਹਾ ਸੀ ਆਪਣੇ ਪਰਿਵਾਰ ਨੂੰ ਕੋਲ ਬੁਲਾ ਕੇ ਕਹਿਣ ਲੱਗਾ ਕਿ “ਮੈਂ ਜਦੋਂ ਦਾ ਸ਼ਰਾਬ ਦਾ ਧੰਦਾ ਸ਼ੁਰੂ ਕੀਤਾ ਹੈ ਮੈਂ ਕਦੇ ਹੇਠਾਂ ਪਿਸ਼ਾਬ ਨਹੀਂ ਕੀਤਾ (ਸ਼ਰਾਬ ਦੀਆਂ ਬੋਤਲਾਂ’ਚ ਪਾ ਕੇ ਪਿਸ਼ਾਬ ਵੇਚਦਾ ਰਿਹਾ ਹਾਂ) । ਪਰ ਮੇਰੀ ਗੁਜਾਰਿਸ਼ ਹੈ ਕਿ ਮੇਰੇ ਬੱਚਿਓ ਤੁਸੀਂ ਐਸਾ ਕੰਮ ਨਾ ਕਰਿਓ” । ਇਹ ਕਹਿਕੇ ਬਜੁਰਗ ਸਵਾਸ ਛੱਡ ਗਿਆ ।
ਗਿਆਨੀ ਜੀ ਦੀ ਇਸ ਕਹਾਣੀ ਤੋਂ ਕੀ ਸੇਧ ਮਿਲਦੀ ਹੈ ?
- ਕੀ ਸਾਰੀ ਉਮਰ ਉਸ ਬੁਜੁਰਗ ਨੂੰ ਕਦੇ ਕਿਸੇ ਨੇ ਉਪਦੇਸ਼ ਨਹੀਂ ਦਿੱਤਾ ਹੋਵੇਗਾ ਕਿ ਕਿਸੇ ਦਾ ਬੁਰਾ ਅਤੇ ਨੀਚ ਕੰਮ ਨਹੀਂ ਕਰਨੇ ਚਾਹੀਦੇ ? ਬਜੁਰਗ ਸਾਰੀ ਉਮਰ ਗੁਨਾਹ ਕਰਦਾ ਰਿਹਾ ਉਸ ਦੀ ਆਤਮਾ ਨੇ ਉਸ ਨੂੰ ਉਸ ਵਕਤ ਕਦੇ ਵੀ ਨਹੀਂ ਝੰਜੋੜਿਆ ? ਹੁਣ ਜਦੋਂ ਮਰਨ ਕਿਨਾਰੇ ਪਿਆ ਹੈ ਤਾਂ ਉਸ ਦੀ ਆਤਮਾ ਜਾਗ ਪਈ । ਗਿਆਨੀ ਜੀ ਨੇ ਜਿਹੜੀ ਕਹਾਣੀ ਸੁਣਾਈ ਹੈ ਤਕਰੀਬਨ ਅੱਜ ਤੋਂ 70-75 ਸਾਲ ਪਹਿਲਾਂ ਦੀ ਹੈ । ਕੀ ਇਸ ਕਹਾਣੀ ਨੂੰ ਗੁਰਮਤਿ ਦੇ ਸਿਧਾਂਤ ਵਜੋਂ ਫਿੱਟ ਕੀਤਾ ਜਾ ਸਕਦਾ ਹੈ ? ਕੀ ਇਹ ਮੰਨਿਆ ਜਾ ਸਕਦਾ ਹੈ ਕਿ ਹਰ ਮਰਨ ਕਿਨਾਰੇ ਪਏ ਬੰਦੇ ਦੀ ਆਤਮਾ ਜਾਗ ਜਾਂਦੀ ਹੈ ? ਜੇ ਐਸਾ ਹੁੰਦਾ ਤਾਂ ਹਰ ਬੰਦੇ ਨੇ ਮਰਨ ਵੇਲੇ ਆਪਣੇ ਗੁਨਾਹ ਕਬੂਲ ਕਰ ਲੈਣੇ ਸੀ । ਜੇ ਐਸਾ ਹੁੰਦਾ ਤਾਂ ਸਾਨੂੰ ਸਭ ਨੂੰ ਹਰ ਮਰਨ-ਕਿਨਾਰੇ ਪਏ ਬੰਦੇ ਦੇ ਗੁਨਾਹਾਂ ਦੀ ਦਾਸਤਾਂ ਪਤਾ ਹੋਣੀ ਸੀ । ਮੰਨ ਲਵੋ ਮਰਨ ਵੇਲੇ ਹਰ ਬੰਦੇ ਦੀ ਆਤਮਾ ਜਾਗ ਜਾਂਦੀ ਹੈ ਤਾਂ ਇਸ ਨਾਲ ਕੀ ਫਰਕ ਪਿਆ ? ਜਦੋਂ ਸਾਰੀ ਉਮਰ ਉਹ ਗੁਨਾਹ ਕਰ ਰਿਹਾ ਸੀ ਉਸ ਵੇਲੇ ਤਾਂ ਉਸ ਦੀ ਆਤਮਾ ਜਾਗੀ ਨਹੀਂ । ਉਹ ਗੁਨਾਹਾਂ ਤੋਂ ਹਟਿਆ ਨਹੀਂ । ਮੰਨ ਲਵੋ ਜਦੋਂ ਬੰਦਾ ਗੁਨਾਹ ਕਰਦਾ ਹੈ ਉਸ ਵੇਲੇ ਵੀ ਉਸ ਦੀ ਆਤਮਾ ਉਸ ਨੂੰ ਸੁਚੇਤ ਕਰਦੀ ਹੈ । ਪਰ ਜੇ ਆਤਮਾ ਦੀ ਆਵਾਜ ਸੁਣ ਕੇ ਵੀ ਅਨ-ਸੁਣੀ ਕਰਕੇ ਬੰਦਾ ਗੁਨਾਹ ਕਰੀ ਜਾਂਦਾ ਹੈ (ਲੋਕਾਂ ਨੂੰ ਸ਼ਰਾਬ ਵਿੱਚ ਪਿਸ਼ਾਬ ਮਿਲਾ ਕੇ ਪਿਆਈ ਜਾਂਦਾ ਹੈ) ਤਾਂ ਕੀ ਇਹ ਮੰਨ ਲਿਆ ਜਾਵੇ ਕਿ (ਗਿਆਨੀ ਜੀ ਮੁਤਾਬਕ) ਗੁਰਮਤਿ ਦੀ ਕਰਮ ਫਲੌਸਫੀ ਇਹ ਹੈ ਕਿ ਆਤਮਾ ਗੁਨਾਹ ਵੱਲੋਂ ਸੁਚੇਤ ਤਾਂ ਕਰਦੀ ਹੈ । ਸੁਚੇਤ ਹੋ ਕੇ ਗੁਨਾਹ ਕਰਨੋਂ ਹਟ ਜਾਵੋ ਤਾਂ ਚੰਗੀ ਗੱਲ ਹੈ ਜੇ ਨਹੀਂ ਵੀ ਹਟਦੇ ਤਾਂ ਵੀ ਕੋਈ ਗੱਲ ਨਹੀਂ ਗੁਨਾਹ ਕਰੀ ਜਾਵੋ । ਰੱਬ ਤਾਂ ਕਿਤੇ ਸੁੱਤਾ ਪਿਆ ਹੈ, ਕੋਈ ਲੇਖਾ ਪੁੱਛਣ ਵਾਲਾ ਨਹੀਂ ।
ਇਸੇ ਸਾਲ ਜਨਵਰੀ 2014 ਦੀ ਇੰਡੀਆਂ (ਬੰਗਾਲ) ਦੀ ਖਬਰ ਹੈ ਕਿ ਪਿੰਡ ਦੇ ਮੁਖੀਆਂ ਦੁਆਰਾ ਦਿੱਤੇ ਗਏ ਫੈਸਲੇ ਅਤੇ ਹੁਕਮ ਅਨੁਸਾਰ 20 ਸਾਲਾਂ ਦੀ ਇਕ ਲੜਕੀ ਦਾ 13 ਬੰਦਿਆਂ ਦੁਆਰਾ ਬਲਾਤਕਾਰ ਕਰਵਾਇਆ ਗਿਆ । ਲੜਕੀ ਦਾ ਕਸੂਰ ਇਹ ਸੀ ਕਿ ਉਹ ਦੂਸਰੇ ਪਿੰਡ ਦੇ ਕਿਸੇ ਲੜਕੇ ਨਾਲ ਸ਼ਾਦੀ ਕਰਨੀ ਚਾਹੁੰਦੀ ਸੀ । ਗਿਆਨੀ ਜੀ ਦੱਸਣ ਦੀ ਖੇਚਲ ਕਰਨਗੇ ਕਿ ਗੁਨਾਹ ਕਰਨ ਵਾਲੇ 13 ਬੰਦਿਆਂ ਨੇ ਤਾਂ ਪਿੰਡ ਦੇ ਮੁਖੀਆਂ ਦੁਆਰਾ ਦਿੱਤੇ ਆਦੇਸ਼ ਦਾ ਪਾਲਣ ਕੀਤਾ । ਅਤੇ ਪਿੰਡ ਦੇ ਮੁਖੀਆਂ ਨੇ ਵੀ ਇੱਕਠੇ ਬੈਠਕੇ ਸੋਚ ਵਿਚਾਰ ਵਟਾਂਦਰਾ ਕਰਕੇ ਫੈਸਲਾ ਅਤੇ ਹੁਕਮ ਸੁਣਾਇਆ । ਪਰ ਭੁਗਤਿਆ ਤਾਂ ਬੇਗੁਨਾਹ ਮਾਸੂਮ ਬੱਚੀ ਨੇ । ਗਿਆਨੀ ਜੀ ਦੱਸਣ ਦੀ ਖੇਚਲ ਕਰਨਗੇ ਕਿ ਇਸ ਸਭ ਲਈ ਕੌਣ ਕਸੂਰਵਾਰ ਹੈ, ਕਿਸ ਦੀ ਆਤਮਾ ਅਤੇ ਕਦੋਂ ਜਾਗੇਗੀ ? ਜਦਕਿ ਭੁਗਤਣ ਵਾਲੀ ਨੇ ਜੋ ਭੁਗਤਿਆ ਉਸ ਦਾ ਜ਼ਖਮ ਤਾਂ ਸਾਰੀ ਉਮਰ ਵੀ ਨਹੀਂ ਭਰਿਆ ਜਾ ਸਕਦਾ । ਇੱਥੇ ਗਿਆਨੀ ਜੀ ਦਾ ਜਵਾਬ ਹੋ ਸਕਦਾ ਹੈ ਕਿ ਇਹ ਤਾਂ ਅਨਪੜ੍ਹਤਾ ਅਤੇ ਜਾਗਰੁਕਤਾ ਦੀ ਕਮੀ ਕਰਕੇ ਹੈ । ਪਰ ਇਸ ਸਵਾਲ ਦਾ ਜਵਾਬ ਗਿਆਨੀ ਜੀ ਨਹੀਂ ਦਿੰਦੇ ਕਿ ਜਦੋਂ ਤੱਕ ਸਮਾਜ ਵਿੱਚ ਸੁਧਾਰ ਨਹੀਂ ਹੁੰਦਾ ਓਦੋਂ ਤੱਕ ਕੀ ਗੁਰਮਤਿ ਦਾ ਕਰਮ-ਫਲ ਸਿਧਾਂਤ ਵੀ ਇਸੇ ਤਰ੍ਹਾਂ ਹੀ ਹੈ ? ਪਰਮਾਤਮਾ ਨਾਂ ਦੀ ਕਿਸੇ ਚੀਜ ਨੂੰ ਗਿਆਨੀ ਜੀ ਮੰਨਦੇ ਹਨ ਕਿ ਨਹੀਂ? ਜੇ ਉਸ ਦੀ ਹੋਂਦ ਨੂੰ ਮੰਨਦੇ ਹਨ ਤਾਂ ਉਸ ਦਾ ਕਾਰਜ ਖੇਤਰ ਅਤੇ ਕਾਰਜ ਢੰਗ ਕੀ ਹੈ ?
ਨੋਟ- ਗਿਆਨੀ ਜੀ ਕਿੰਨੇ ਹੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇਹ ਕਹਿਕੇ ਅੱਗੇ ਤੁਰੀ ਜਾਂਦੇ ਹਨ ਕਿ ਇਸ ਗੱਲ ਬਾਰੇ ਫੇਰ ਵਿਚਾਰ ਦਿੱਤੇ ਜਾਣਗੇ । ਉਹ ਫੇਰ ਕਦੇ ਨਹੀਂ ਆ ਰਹੀ, ਵਿਚਾਰ ਦਾ ਵਿਸ਼ਾ ਹਰ ਵਾਰੀਂ ਬਦਲ ਜਾਂਦਾ ਹੈ ।
ਜਸਬੀਰ ਸਿੰਘ ਵਿਰਦੀ