ਬੁਰਛਾਗਰਦੀ ਦੇ ਖਿਲਾਫ , ਇਕ ਨਵੀਂ ਜੰਗ ਦੀ ਸ਼ੁਰੂਆਤ
ਕਾਨਪੁਰ, 28 ਮਾਰਚ 2014,(ਇੰਦਰਜੀਤ ਸਿੰਘ, ਕਾਨਪੁਰ) ਜੈਸਾ ਕਿ ਆਪ ਜੀ ਨੂੰ ਯਾਦ ਹੋਵੇਗਾ , ਪਿਛਲੇ ਮਹੀਨੇ ਕਾਨਪੁਰ ਵਿੱਚ ਅਕਾਲੀ ਜੱਥਾ, ਕਾਨਪੁਰ ਦੇ ਵੀਰਾਂ ਨੇ , ਕੌਮ ਦੇ ਮਹਾਨ ਪ੍ਰਚਾਰਕ, ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਦੇ ਹਰ ਵਰ੍ਹੇ ਵਾਂਗ "ਗੁਰਬਾਣੀ ਕੀਰਤਨ " ਦਾ ਸਤਵਾਂ ਪ੍ਰੋਗ੍ਰਾਮ ਕਰਵਾਇਆ। ਅਕਾਲ ਤਖਤ ਦੇ ਹੇਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਦੇ ਹੁਕਮ ਅਤੇ ਸ਼ੈਅ 'ਤੇ, ਗੁਰ ਸਿੰਘ ਸਭਾ, ਲਾਟੂਸ਼ ਰੋਡ, ਕਾਨਪੁਰ ਦੇ ਪ੍ਰਧਾਨ, ਹਰਵਿੰਦਰ ਸਿੰਘ ਲਾਰਡ ਨੇ ਅਪਣੀ ਅੱਡੀ ਚੋਟੀ ਦਾ ਜੋਰ ਲਾ ਕੇ ਇਸ ਪ੍ਰੋਗ੍ਰਾਮ ਨੂੰ ਰੁਕਵਾਉਨ ਲਈ ਅਪਣਾਂ ਹਰ ਹੀਲਾ ਵਰਤਿਆ, ਲੇਕਿਨ ਉਹ "ਗੁਰਬਾਣੀ ਕੀਰਤਨ" ਦਾ ਇਹ ਪ੍ਰੋਗ੍ਰਾਮ ਰੁਕਵਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ ਕਾਨਪੁਰ ਦੇ ਏ. ਡੀ.ਐਮ. ਨੂੰ ਅਕਾਲ ਤਖਤ ਦੇ ਜੱਥੇਦਾਰ ਵਲੋਂ ਭੇਜਿਆ ਖੱਤ ਵੀ ਇਸਦੇ ਕਿਸੇ ਕੰਮ ਨਾਂ ਆਇਆ। ਇਸ ਦੇ ਇਸ ਗੈਰ ਸਿਧਾਂਤਕ ਕ੍ਰਿਤ ਵਿੱਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਿਲ, ਕਾਨਪੁਰ ਦਾ ਪ੍ਰਧਾਨ ਮਨਮੀਤ ਸਿੰਘ ਉਰਫ ਰਾਜੂ ਅਤੇ ਉਸ ਦੇ ਸਾਥੀਆਂ ਨੇ ਵੀ ਲਾਰਡ ਦਾ ਪੂਰਾ ਪੂਰਾ ਸਾਥ ਦਿਤਾ ਅਤੇ ਅਪਣਾਂ ਹਰ ਹੀਲਾ ਵਰਤਿਆ । ਪ੍ਰੋਫੇਸਰ ਸਾਹਿਬ ਤੋਂ ਕੀਰਤਨ ਸੁਨਣ ਲਈ ਸੰਗਤਾਂ ਦਾ ਹੱੜ ਉਮੜ ਪਿਆ ,ਜੋ ਇਕ ਰਿਕਾਰਡ ਸੀ। ਇਸ ਕ੍ਰਿਤ ਕਰਕੇ ਪੂਰੇ ਕਾਨਪੁਰ ਵਿੱਚ ਇਸ ਪ੍ਰਧਾਂਨ ਦੇ ਖਿਲਾਫ ਰੋਸ਼ ਅਤੇ ਗੁੱਸੇ ਦੀ ਇਕ ਲਹਿਰ ਪੈਦਾ ਹੋ ਗਈ।
ਗੁਰੂ ਘਰ ਦੀ ਗੋਲਕ ਤੇ ਪਲਣ ਵਾਲੇ ਅਤੇ ਅਪਣੇ ਨਿਜੀ ਸਵਾਰਥਾਂ ਲਈ ਨਾਜਾਇਜ ਤਰੀਕੇ ਨਾਲ ਗੁਰਦੁਆਰਿਆਂ, ਤਖਤਾਂ ਅਤੇ ਧਾਰਮਿਕ ਅਦਾਰਿਆਂ ਤੇ ਕਾਬਿਜ ਬੁਰਛਾਗਰਦਾਂ ਅਤੇ ਪ੍ਰਧਾਨਾਂ ਦੇ ਖਿਲਾਫ ਜੋ ਜੰਗ ਅਕਾਲੀ ਜੱਥਾ ਕਾਨਪੁਰ ਦੇ ਵੀਰਾਂ ਨੇ ਛੇੜੀ ਸੀ, ਉਸ ਨਾਲ ਕਾਨਪੁਰ ਦੇ ਅੰਦਰ ਇਕ ਨਵੀਂ ਚੇਤਨਾਂ ਅਤੇ ਜਾਗਰੂਕਤਾ ਪੈਦਾ ਹੋਈ। ਗੁਰ ਸਿੰਘ ਸਭਾਂ ਦੇ ਪ੍ਰਧਾਨ ਦੇ ਖਿਲਾਫ ਕਾਨਪੁਰ ਦੀ ਸਿੱਖ ਸੰਗਤ ਵਿੱਚ ਖੁਲ ਕੇ ਰੋਸ਼ ਅਤੇ ਗੁੱਸਾ ਸਾਮ੍ਹਣੇ ਆ ਗਇਆ। ਗੁਰੂ ਸਿੰਘ ਸਭਾ, ਲਾਟੂਸ ਰੋਡ, ਕਾਨਪੁਰ ਦਾ ਇਹ ਪ੍ਰਧਾਨ ਪਿਛਲੇ ਕਈ ਦਹਾਕਿਆਂ ਤੋਂ ਪ੍ਰਧਾਨ ਦੀ ਇਸ ਕੁਰਸੀ ਤੇ ਕਾਬਿਜ ਹੈ। ਦੋ ਲੱਖ ਸਿੱਖਾਂ ਦੀ ਅਬਾਦੀ ਵਾਲੇ ਕਾਨਪੁਰ ਵਿੱਚ ਗੁਰਸਿੰਘ ਸਭਾ ਕਾਨਪੁਰ ਦੇ ਕੁਝ ਗਿਨੇ ਚੁਨੇ ਮੇੰਬਰ ਹਨ। ਜਾਨ ਬੂਝ ਕੇ ਇਸ ਜੱਥੇਬੰਦੀ ਦੇ ਨਵੇਂ ਮੇੰਬਰ ਨਹੀ ਬਣਾਏ ਜਾਂਦੇ । ਇਸ ਰੋਸ਼ ਨੂੰ ਲੈ ਕੇ ਕਾਨਪੁਰ ਦੇ ਇਕ ਨੌਜੁਆਨ ਇੰਦਰਪਾਲ ਸਿੰਘ ਭਾਟੀਆਂ ਨੇ ਗੁਰੂ ਸਿੰਘ ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ,ਲਾਰਡ ਦੇ ਖਿਲਾਫ ਪ੍ਰੋਟੇਸਟ ਕਰਨ ਦਾ ਇਕ ਨਵਾਂ ਤਰੀਕਾ ਅਖਤਿਆਰ ਕੀਤਾ ਹੈ।
ਇਸ ਨੌਜੁਆਨ ਨੇ ਇਹ ਐਲਾਨ ਕੀਤਾ ਹੈ ਕਿ ਜਦੋਂ ਤਕ ਹਰਵਿੰਦਰ ਸਿੰਘ ਲਾਰਡ, ਗੁਰ ਸਿੰਘ ਸਭਾ ਦੀ ਪ੍ਰਧਾਨਗੀ ਤੋਂ ਇਸਤੀਫਾ ਨਹੀ ਦੇ ਦਿੰਦਾ, ਤਾਂ ਤਕ ਉਹ ਅਪਣੇ ਘਰ ਨਹੀ ਜਾਏਗਾ ਅਤੇ ਅੱਨ ਦਾ ਤਿਆਗ ਕਰਕੇ ਸੰਗਤਾਂ ਵਿਚ ਕੇਵਲ ਕਛਹਿਰਾ ਅਤੇ ਬਨਿਆਨ ਪਾ ਕੇ ਵਿਚਰਦਾ ਰਹੇਗਾ। ਉਸਨੇ ਅਪਣੇ ਐਲਾਨ ਨਾਮੇ ਦੇ ਇਸ਼ਤਿਹਾਰ ਛਾਪ ਕੇ ਗੁਰਦੁਆਰਿਆਂ ਵਿਚ ਚਸਪਾ ਕੀਤੇ ਹਨ ਅਤੇ ਘਰ ਘਰ ਜਾ ਕੇ, , ਇਹ ਇਸ਼ਤਿਹਾਰ ਵੰਡ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਿਹਾ ਹੈ। ਉਸ ਨੇ ਇਨ੍ਹਾਂ ਇਸ਼ਤਿਹਾਰਾਂ ਵਿੱਚ ਇਹ ਵੀ ਘੋਸ਼ਣਾਂ ਕੀਤੀ ਹੈ ਕਿ ਜੇ ਉਸ ਦੀ ਮੌਤ ਹੋ ਜਾਏ, ਜਾਂ ਕਰਵਾ ਦਿਤੀ ਜਾਏ ਤਾਂ ਉਸ ਦਾ ਸਿਧਾ ਜਿੱਮੇਵਾਰ ਗੁਰ ਸੁੰਘ ਸਭਾ , ਲਾਟੂਸ਼ ਰੋਡ, ਕਾਨਪੁਰ ਦਾ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਹੋਵੇਗਾ।
ਇੰਦਰਪਾਲ ਸਿੰਘ ਭਾਟੀਆਂ ਦੇ ਇਸ ਮਿਸ਼ਨ ਅਤੇ ਪ੍ਰੋਟੇਸਟ ਦਾ ਕਿਨਾਂ ਕੂ ਅਸਰ ਇਸ ਆਪ ਹੁਦਰੇ ਪ੍ਰਧਾਨ ਤੇ ਪਵੇਗਾ, ਇਹ ਤਾਂ ਵਕਤ ਹੀ ਦੱਸੇਗਾ,ਲੇਕਿਨ ਇਕ ਗਲ ਤਾਂ ਯਕੀਨੀ ਤੌਰ ਤੇ ਕਹੀ ਜਾ ਸਕਦੀ ਹੈ ਕਿ ਭਾਵੇ ਇਹੋ ਜਹੇ ਪ੍ਰਧਾਨਾਂ ਦੇ ਖਿਲਾਫ ਕੋਈ ਖੁੱਲ ਕੇ ਗਲ ਕਰੇ ਜਾਂ ਨਾਂ ਕਰੇ , ਲੇਕਿਨ ਸਿੱਖ ਸੰਗਤ ਇਨ੍ਹਾਂ ਦੀਆਂ ਕਰਤੂਤਾਂ ਤੋਂ ਅਵਾਜਾਰ ਜਰੂਰ ਹੋ ਚੁਕੀ ਹੈ। ਬਸ ਜਰੂਰਤ ਹੈ ਕਿ ਇਨ੍ਹਾਂ ਦੇ ਖਿਲਾਫ ਅਵਾਜ ਬੁਲੰਦ ਕਰਨ ਲਈ ਕੋਈ ਪਹਿਲ ਅਤੇ ਹਿੱਮਤ ਵਖਾਂਣ ਵਾਲਾ ਅੱਗੇ ਆਵੇ। ਜਮੀਰ ਤੋਂ ਅਤਿ ਦੇ ਕਮਜੋਰ, ਇਨ੍ਹਾਂ ਆਗੂਆਂ ਨੂੰ ਭਾਜੜਾਂ ਪੈੰਦਿਆਂ ਦੇਰ ਨਹੀ ਲਗਣੀ, ਜੇ ਹਰ ਸ਼ਹਿਰ ਵਿੱਚ ਇਹੋ ਜਹੇ ਲੋਗ ਇਨ੍ਹਾਂ ਦੀ ਖਿਲਾਫਤ ਕਰਨ ਲਈ , ਇਕ ਜੁੱਟ ਹੋ ਜਾਂਣ । ਕੌਮ ਦਾ ਇਨ੍ਹਾਂ ਵੱਡਾ ਨੁਕਸਾਨ ਪੰਥ ਦੋਖੀ ਤਾਕਤਾਂ ਨੇ ਨਹੀ ਕੀਤਾ,ਜਿਨ੍ਹਾਂ ਵੱਡਾ ਨੁਕਸਾਨ ਇਹੋ ਜਹੇ ਗੁਰਮਤ ਵਿਹੂਣੇ ਪ੍ਰਧਾਨ, ਅਖੌਤੀ ਜੱਥੇਦਾਰ ਅਤੇ ਅਖੌਤੀ ਪ੍ਰਬੰਧਕ ਕਰ ਰਹੇ ਹਨ , ਜੋ ਅਪਣੀਆਂ ਕੁਰਸਿਆਂ ਕਾਇਮ ਰਖਣ ਲਈ ਕਿਸੇ ਵੀ ਹਦ ਤਕ ਡਿਗ ਸਕਦੇ ਹਨ।