ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਨੌਸਿਖੀਏ ਅਰਵਿੰਦ ਕੇਜਰੀਵਾਲ ਦੇ ਜਾਲ ਵਿਚ ਫੱਸਕੇ , ਦੋਵੇਂ ਕੌਮੀ ਪਾਰਟੀਆਂ ਅਤੇ ਪ੍ਰਚਲਤ ਮੀਡੀਆ ਹੋਏ ਨੰਗੇ
ਨੌਸਿਖੀਏ ਅਰਵਿੰਦ ਕੇਜਰੀਵਾਲ ਦੇ ਜਾਲ ਵਿਚ ਫੱਸਕੇ , ਦੋਵੇਂ ਕੌਮੀ ਪਾਰਟੀਆਂ ਅਤੇ ਪ੍ਰਚਲਤ ਮੀਡੀਆ ਹੋਏ ਨੰਗੇ
Page Visitors: 2653

ਨੌਸਿਖੀਏ ਅਰਵਿੰਦ ਕੇਜਰੀਵਾਲ ਦੇ ਜਾਲ ਵਿਚ ਫੱਸਕੇ , ਦੋਵੇਂ ਕੌਮੀ ਪਾਰਟੀਆਂ ਅਤੇ ਪ੍ਰਚਲਤ ਮੀਡੀਆ ਹੋਏ ਨੰਗੇ
   ਜੇ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ , ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕ-ਤੰਤ੍ਰ ਹੈ । ਜਿੰਨਾ ਵੱਡਾ ਇਹ ਲੋਕ-ਤੰਤ੍ਰ ਹੈ , ਓਨੀਆਂ ਹੀ ਵੱਡੀਆਂ ਇਸ ਦੀਆਂ ਸਮੱਸਿਆਵਾਂ ਹਨ , ਜਿਨ੍ਹਾਂ ਨੂੰ ਹੱਲ ਕਰਨ ਲਈ , ਲੀਡਰਾਂ ਦੀਆਂ ਯੋਗਤਾਵਾਂ ਵੀ ਬਹੁ-ਪੱਖੀ ਹੋਣੀਆਂ ਚਾਹੀਦੀਆਂ ਹਨ । ਪਰ ਆਜ਼ਾਦੀ ਦੇ  67  ਸਾਲ ਬੀਤ ਜਾਣ ਮਗਰੋਂ ਵੀ , ਇਸ ਮੁਲਕ ਦੀ ਰਾਜਨੀਤੀ , ਸਮੱਸਿਆਵਾਂ ਦੁਆਲੇ ਨਹੀਂ ਘੁਮਦੀ , ਬਲਕਿ ਜਾਤੀਵਾਦ ਦੁਆਲੇ ਘੁਮਦੀ ਹੈ । ਜਿਸ ਦੇ ਆਧਾਰ ਤੇ ਵੋਟਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ , ਵੋਟਾਂ ਦੀ ਜਿੱਤ ਹਾਸਲ ਕਰਨ ਮਗਰੋਂ , ਨੇਤਿਆਂ ਦਾ ਇਕੋ-ਇਕ ਟੀਚਾ ਹੁੰਦਾ ਹੈ , ਵੱਧ ਤੋਂ ਵੱਧ ਘੁਟਾਲੇ ਕਰ ਕੇ ਵੱਧ ਤੋਂ ਵੱਧ ਪੈਸੇ ਇਕੱਠੇ ਕਰਨੇ , ਉਸ ਦੋ ਨੰਬਰ ਦੀ ਕਮਾਈ ਨੂੰ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਰਨਾ , ਤਾਂ ਜੋ ਲੋੜ ਪੈਣ ਤੇ ਦੇਸ਼ ਤੋਂ ਭੱਜ ਕੇ , ਉਸ ਦੇਸ਼ ਵਿਚ ਜਾ ਕੇ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਜਾ ਸਕ ।
  ਇਹ ਸਿਲਸਿਲਾ ਕੋਈ ਇਕ ਦਿਨ ਵਿਚ ਹੀ ਨਹੀਂ ਬਣਿਆ , ਬਲਕਿ ਇਹ ਆਜ਼ਾਦੀ ਵੇਲੇ ਦੇ ਨੇਤਿਆਂ ਦੇ ਦਿਮਾਗ ਦੀ ਉਪਜ ਹੈ , ਜੋ ਵੱਧ-ਫੁਲ ਰਹੀ ਹੈ । ਆਜ਼ਾਦੀ ਵੇਲੇ ਹੀ ਦੇਸ਼ ਵਿਚਲੇ ਲੋਕ-ਤੰਤ੍ਰ ਦੀ ਨੀਂਹ , ਨਫਰਤ ਅਤੇ ਜਾਤੀਵਾਦ ਤੇ ਆਧਾਰਿਤ ਰੱਖੀ ਗਈ ਸੀ । ਅਸਲ ਵਿਚ ਭਾਰਤ ਦੀ ਵੰਡ ਵਿਚ ਹੀ , ਇਹ ਦੋਵੇਂ ਚੀਜ਼ਾਂ ਪਰਮੁੱਖ ਸਨ । ਵੰਡ ਵੇਲੇ , ਕਿਸ ਨੇ ਕੀ ਕੁਝ ਕੀਤਾ ? ਕਿਸ ਨੇ ਚਤਰਾਈ ਨਾਲ ਦੂਸਰਿਆਂ ਨੂੰ ਦਾਅ ਲਾਇਆ ? ਕਿਸ ਨੇ ਬੇਵਕੂਫੀ ਨਾਲ ਆਪਣੇ ਸਾਥੀਆਂ ਨੂੰ ਦਾਅ ਲਵਾਇਆ ? ਇਸ ਨੂੰ ਛੱਡਦੇ ਹੋਏ , ਆਜ਼ਾਦੀ ਵੇਲੇ ਹੋਈ ਵੰਡ ਤੋਂ ਅਗਾਂਹ ਤੁਰਦਿਆਂ , ਦੇਸ਼ ਦੇ ਨੇਤਿਆਂ ਦਾ ਸਭ ਤੋਂ ਵੱਡਾ ਕਾਰਾ ਇਹ ਸੀ ਕਿ ਜਿਨ੍ਹਾਂ ਬੰਦਿਆਂ ਨੇ , ਅੰਗਰੇਜ਼ਾਂ ਤੋਂ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਕੀਤੀ ਸੀ , ਉਨ੍ਹਾਂ ਬਾਰੇ ਹੀ ਗੁਪਤ ਸਰਕੂਲਰ ਕੱਢਿਆ ਗਿਆ ਕਿ ਸਿੱਖ ਜਰਾਇਮ-ਪੇਸ਼ਾ ਲੋਕ ਹਨ , ਇਨ੍ਹਾਂ ਤੇ ਖਾਸ ਨਿਗਾਹ ਰੱਖੀ ਜਾਵੇ , ਇਨ੍ਹਾਂ ਦੀ ਹਰ ਗਤੀ-ਵਿਧੀ ਦੀ ਰਿਪੋਰਟ ਪੁਲਸ-ਮੁਖੀ ਨੂੰ ਕੀਤੀ ਜਾਵੇ ।
  ਹਿੰਦੂ-ਵਾਦੀ ਸਰਕਾਰ ਦੇ ਸਿੱਖਾਂ ਪ੍ਰਤੀ ਇਖਤਿਆਰ ਕੀਤੇ ਵਤੀਰੇ ਅਨੁਸਾਰ , ਉਹੀ ਆਜ਼ਾਦੀ ਘੁਲਾਟੀਏ ਸਿੱਖ , ਅੱਜ ਅੱਤਵਾਦੀ , ਆਤੰਕਵਾਦੀ ਬਣ ਚੁੱਕੇ ਹਨ । ਅਤੇ ਕੋਈ ਇੰਸਾਫ ਨਹੀਂ , ਇਹ ਹੈ ਨਿਆਂ ਪਾਲਕਾ ਤੇ ਭ੍ਰਿਸ਼ਟ ਨੇਤਿਆਂ ਦੀ ਪਹਿਲੀ ਪਕੜ , ਜੋ ਅੱਜ-ਤਕ ਜਾਰੀ ਹੈ ।
   (ਸੁਪ੍ਰੀਮ-ਕੋਰਟ ਦੇ ਮੌਜੂਦਾ ਜੱਜਾਂ ਨੇ , ਦੇਸ਼ ਪ੍ਰਤੀ ਆਪਣੀ ਜ਼ਿਮੇਵਾਰੀ ਦਾ ਅਹਿਸਾਸ ਕੀਤਾ ਹੈ , ਪਰ ਇਹ ਭ੍ਰਿਸ਼ਟ ਨੇਤਾ , ਉਨ੍ਹਾਂ ਨੂੰ ਕਿੰਨੀ ਦੇਰ ਆਜ਼ਾਦੀ ਨਾਲ ਆਪਣਾ ਕੰਮ ਕਰਨ ਦਿੰਦੇ ਹਨ ? ਇਹ , ਇਨ੍ਹਾਂ ਚੋਣਾਂ ਦੇ ਨਤੀਜੇ ਤੇ ਹੀ ਨਿਰਭਰ ਕਰੇਗਾ)
ਏਸੇ ਤਰ੍ਹਾਂ , ਕਸ਼ਮੀਰ ਨੂੰ ਭਾਰਤ ਵਿਚ ਮਿਲਾਉਣ ਵਾਲੇ  ਸ਼ੇਖ ਅਬਦੁੱਲਾ ਨੂੰ ਵੀ ਆਪਣੇ ਹੱਕਾਂ ਦੀ ਗੱਲ ਕਰਨ ਬਦਲੇ ਕਈ ਸਾਲ ਜੇਲ੍ਹ ਵਿਚ ਰਹਿਣਾ ਪਿਆ ਸੀ । ਅੱਜ ਜੋ ਵੀ ਮੁਸਲਮਾਨ ਆਪਣੇ ਹੱਕਾਂ ਦੀ ਗੱਲ ਕਰਦਾ ਹੈ , ਉਸ ਨੂੰ ਪਾਕਿਸਤਾਨ ਦਾ ਏਜੈਂਟ ਕਹਿ ਕੇ , ਰਗੜ ਦਿੱਤਾ ਜਾਂਦਾ ਹੈ । ਅੱਜ ਭਾਰਤ ਦੇ ਸਾਰੇ ਮੁਸਲਮਾਨਾਂ ਤੇ ਪਾਕਿਸਤਾਨ ਸਮੱਰਥਿਕ ਹੋਣ ਦੀ ਤਲਵਾਰ ਲਟਕ ਰਹੀ ਹੈ ।
  ਨੈਹਰੂ-ਗਾਂਧੀ ਵੇਲੇ ਹੀ , ਚੋਣਾਂ ਲਈ ਆਪਣੇ ਉਮੀਦਵਾਰ ਚੁਗਣ ਲੱਗਿਆਂ , ਇਹ ਧਿਆਨ ਰੱਖਿਆ ਜਾਂਦਾ ਸੀ ਕਿ ਜਿਸ ਇਲਾਕੇ ਵਿਚ , ਜਿਸ ਜਾਤੀ ਦੀ ਗਿਣਤੀ ਜ਼ਿਆਦਾ ਹੈ , ਉਸ ਇਲਾਕੇ ਵਿਚੋਂ , ਉਸ ਜਾਤੀ ਦਾ ਬੰਦਾ ਹੀ ਖੜਾ ਕੀਤਾ ਜਾਵੇ । ਇਸ ਵਿਧੀ ਨੇ ਭਾਰਤ ਵਿਚ ਜਾਤੀ-ਵਾਦ ਦੀਆਂ ਜੜ੍ਹਾਂ ਹੋਰ ਡੂੰਘੀਆਂ ਕਰ ਕੇ , ਇਕ ਦੂਸਰੇ ਨਾਲ ਨਫਰਤ ਦੇ ਬੀਜ ਬੀਜੇ ਹਨ । ਇਸ ਆਧਾਰ ਤੇ ਹੀ ਦਰਜਣਾਂ ਜਾਤੀ-ਵਾਦੀ ਪਾਰਟੀਆਂ ਬਣੀਆਂ ਹਨ । ਮੋਦੀ ਦਾ ਗੁਜਰਾਤ ਛੱਡ ਕੇ  ਬਨਾਰਸ ਤੋਂ ਖੜੇ ਹੋਣਾ , ਇਸ ਦਾ ਹੀ ਇਕ ਨਮੂਨਾ ਹੈ ।
   ਕਿਸੇ ਵੇਲੇ ਇਹ ਹਾਲਤ ਸੀ ਕਿ ਕਾਂਗਰਸ ਅਤੇ ਕਮਿਊਨਿਸਟ , ਦੋ ਹੀ ਕੇਂਦਰੀ ਪਾਰਟੀਆਂ ਸਨ । ਹਾਲਾਂਕਿ ਕਾਂਗਰਸ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣਾ ਚਾਹੁੰਦੀ ਸੀ , ਪਰ ਉਹ ਇਹ ਕੰਮ ਖੁਲ੍ਹ ਕੇ ਨਹੀਂ ਕਰ ਰਹੀ ਸੀ । ਸਭ ਤੋਂ ਪਹਿਲਾਂ , ਜਦ ਇੰਦਰਾ ਗਾਂਧੀ ਨੂੰ ਆਪਣੀ ਨਾਲਾਇਕੀ ਕਾਰਨ , ਹਾਰ ਦਾ ਮੂੰਹ ਵੇਖਣਾ ਪਿਆ , ਤਾਂ ਉਸ ਨੇ ਸਿੱਖਾਂ ਦੇ ਅੱਤਵਾਦੀ ਹੋਣ ਦਾ ਪੱਤਾ ਖੇਡਦਿਆਂ , ਦਰਬਾਰ ਸਾਹਿਬ ਤੇ ਹਮਲਾ ਕਰ ਕੇ , ਹਿੰਦੂਆਂ ਨੂੰ ਖੁਸ਼ ਕਰ , ਚੋਣਾਂ ਵਿਚ ਹੂੰਝਾ-ਫੇਰੂ ਜਿੱਤ ਹਾਸਲ ਕੀਤੀ । ਉਸ ਤੋਂ ਪ੍ਰੇਰਨਾ ਲੈਂਦਿਆਂ ਹੀ ਆਰ. ਐਸ. ਐਸ. ਨੂੰ ਆਪਣਾ  ਹਿੰਦੂ ਰਾਸ਼ਟਰ ਦਾ ਸੁਪਨਾ ਸਾਕਾਰ ਹੁੰਦਾ ਜਾਪਿਆ , ਅਤੇ ਉਸ ਨੇ ਆਪਣੇ ਸਭ ਤੋਂ ਵੱਧ ਸੰਪਰਦਾਈ ਕਾਰਜ-ਕਰਤਾ , ਲਾਲ ਕ੍ਰਿਸ਼ਨ ਅਡਵਾਨੀ ਦੇ ਹੱਥ ਵਿਚ ਸਰਕਾਰ ਬਨਾਉਣ ਦੀ ਵਾਗਡੋਰ ਸੌਂਪੀ । ਉਹ ਆਪਣੇ ਮਕਸਦ ਵਿਚ ਕਾਮਯਾਬ ਵੀ ਹੋਇਆ , ਕੇਂਦਰ ਵਿਚ ਦੋ ਵਾਰੀ ਬੀ. ਜੇ. ਪੀ. ਦੀ ਸਰਕਾਰ ਬਣੀ । ਪਰ ਆਰ. ਐਸ. ਐਸ. ਨੂੰ ਇਸ ਰਫਤਾਰ ਤੋਂ ਤਸੱਲੀ ਨਹੀਂ ਹੋਈ ।
    ਏਸੇ ਦੌਰਾਨ ਮੋਦੀ ਵਲੋਂ  2002  ਵੇਲੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇ-ਆਮ ਕਰਵਾਇਆ ਗਿਆ ਅਤੇ ਉਸ ਦੇ ਸਿੱਟੇ ਅਰ. ਐਸ. ਐਸ. ਲਈ ਉਤਸਾਹ ਵਰਧਕ ਸਾਬਤ ਹੋਏ । ਗੁਜਰਾਤ ਵਿਚ ਲਗਾਤਾਰ ਮੋਦੀ ਸਰਕਾਰ ਬਣੀ । ਇਵੇਂ ਆਰ. ਐਸ. ਐਸ. ਨੂੰ ਆਪਣੇ ਮਕਸਦ ਲਈ ਨਵਾਂ ਨੇਤਾ ਲੱਭ ਪਿਆ । ਉਸ ਨੇ ਸਾਰੇ ਸੀਨੀਅਰ ਨੇਤਿਆਂ ਨੂੰ ਦਰਕਿਨਾਰ ਕਰਦਿਆਂ , ਲੋਕ-ਤੰਤਰ ਦੇ ਸਾਰੇ ਅਸੂਲਾਂ ਨੂੰ ਛਿੱਕੇ ਤੇ ਟੰਗ ਕੇ , ਚੋਣਾਂ ਤੋਂ ਪਹਿਲਾਂ ਹੀ ਮੋਦੀ ਨੂੰ ਆਪਣਾ  ਪ੍ਰਧਾਨ ਮੰਤ੍ਰੀ , ਘੋਸ਼ਿਤ ਕ ਦਿੱਤਾ । ਪਾਰਟੀ ਵਿਚ ਹੀ ਬਹੁਤ ਸਾਰਾ ਵਿਰੋਧ ਹੋਇਆ , ਪਰ ਹਰ ਕਿਸੇ ਨੂੰ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ । ਇਵੇਂ ਮੋਦੀ ਬੀ. ਜੇ. ਪੀ. ਦਾ ਬੇਤਾਜ ਬਾਦਸ਼ਾਹ ਬਣ ਗਿਆ ।
   ਪਰ ਇਤਿਹਾਸ ਕਹਿੰਦਾ ਹੈ ਕਿ ਅੱਤ ਦਾ ਵੈਰੀ ਰੱਬ ਹੁੰਦਾ ਹੈ , ਜਿਵੇਂ ਹਰਨਾਕਸ਼ ਦੇ ਖਾਤਮੇ ਲਈ ਕਰਤਾਰ ਨੇ ਪ੍ਰਹਲਾਦ ਦੀ ਜ਼ਿਮੇਵਾਰੀ ਲਾਈ ਸੀ , ਕੰਸ ਦੇ ਖਾਤਮੇ ਲਈ ਕ੍ਰਿਸ਼ਨ ਦੀ ਜ਼ਿਮੇਵਾਰੀ ਲਾਈ ਸੀ , ਇਵੇਂ ਉਹ ਅੱਤ ਕਰਨ ਵਾਲੇ ਲਈ ਕਿਸੇ-ਨਾ-ਕਿਸੇ ਦੀ ਜ਼ਿਮੇਵਾਰੀ ਲਾਈ ਰੱਖਦਾ ਹੈ । ਚਾਰ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਕੌਣ ਜਾਣਦਾ ਸੀ ? ਜਦ ਦਿੱਲੀ ਦੀਆਂ ਵਿਧਾਨ-ਸਭਾ ਚੋਣਾਂ ਹੋਈਆਂ ਤਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਇਕ “ਆਮ ਆਦਮੀ ਪਾਰਟੀ ”  ਬਣੀ । (ਭਾਰਤ ਵਿਚ ਅਜਿਹੀਆਂ ਬਹੁਤ ਸਾਰੀਆਂ ਪਾਰਟੀਆਂ ਬਣਦੀਆਂ ਰਹਿੰਦੀਆਂ ਹਨ)
  ਸਥਾਪਤ ਮੀਡੀਏ ਨੇ ਅੱਜ ਦੀਆਂ ਲੋਕ-ਸਭਾ ਚੋਣਾਂ ਦੀ ਭਵਿੱਖਬਾਣੀ ਕਰਨ ਵਾਙ ਉਸ ਵੇਲੇ ਵੀ ਭਵਿੱਖਬਾਣੀ ਕੀਤੀ ਸੀ ਕਿ , ਝੋਟਿਆਂ ਦੇ ਭੇੜ ਵਿਚ ਬੱਕਰੀ ਦਾ ਕੀ ਕੰਮ ?  “ਆਪ ” (ਆਮ ਆਦਮੀ ਪਾਰਟੀ)  ਲਈ ਇਕ-ਦੋ ਸੀਟਾਂ ਲਜਾਣੀਆਂ ਵੀ ਮੁਸ਼ਕਿਲ ਹਨ ।  ਹਰ ਕੋਈ ਇਹੀ ਅੰਦਾਜ਼ਾ ਲਾਉਂਦਾ ਸੀ ਕਿ ਦਿੱਲੀ ਵਿਚ ਕਾਂਗਰਸ ਜਾਂ ਬੀ. ਜੇ. ਪੀ. ਦੀ ਸਰਕਾਰ ਬਣੇਗੀ । ਪਰ “ਆਪ ” ਨੇ  28  ਸੀਟਾਂ ਜਿੱਤ ਕੇ ਸਾਰਾ ਪਾਸਾ ਹੀ ਪਲਟ ਦਿੱਤਾ । ਲੋਕਾਂ ਨੇ ਕਾਂਗਰਸ ਦਾ ਤਾਂ ਸੂਫੜਾ ਹੀ ਸਾਫ ਕਰ ਦਿੱਤਾ , ਅਤੇ ਬੀ. ਜੇ. ਪੀ. ਦੀ ਸਰਕਾਰ ਬਨਾਉਣ ਦੀ ਤਮੰਨਾ ਤੇ ਵੀ ਪਾਣੀ ਫੇਰ ਦਿੱਤਾ ।
   ਹਾਲਾਤ ਅਜਿਹੇ ਬਣੇ ਕਿ ਦੁਬਾਰਾ ਚੋਣਾਂ ਹੋਣ ਦੇ ਆਸਾਰ ਸਾਫ ਨਜ਼ਰ ਆਉਣ ਲੱਗੇ । ਕਾਂਗਰਸ ਨੂੰ ਸਾਫ ਦਿਸਣ ਲੱਗਾ ਕਿ ਦੁਬਾਰਾ ਚੋਣਾਂ ਹੋਣ ਮਗਰੋਂ ਮੇਰੀ ਸਰਕਾਰ ਬਣਨ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ , ਬੀ. ਜੇ. ਪੀ. ਦੀ ਸਰਕਾਰ ਬਣੇਗੀ , ਇਸ ਤੋਂ ਚੰਗਾ ਹੈ  “ ਆਪ ”  ਨੂੰ ਸਮੱਰਥਨ ਦੇ ਕੇ , ਬੀ. ਜੇ. ਪੀ. ਦੀ ਸਰਕਾਰ ਬਣਨ ਤੋਂ ਰੋਕੀ ਜਾਵੇ । “ ਆਪ ”  ਦੇ ਮਨ੍ਹਾ ਕਰਨ ਤੇ ਵੀ ਕਾਂਗਰਸ ਨੇ , ਗਵਰਨਰ ਕੋਲ , “ ਆਪ ” ਨੂੰ ਸਮੱਰਥਨ ਦੇਣ ਦਾ ਪ੍ਰਸਤਾਵ ਕਰ ਦਿੱਤਾ । ਏਥੋਂ ਹੀ ਸਾਰਾ ਖੇਲ੍ਹ ਸ਼ੁਰੂ ਹੋਇਆ , ਜਦ ਕਾਂਗਰਸ ਨੇ ਬੜੀ ਡੂੰਘੀ ਚਾਲ ਚਲਦਿਆਂ , ਬਿਨਾ ਮੰਗਿਆਂ ਹੀ “ ਆਪ ” ਨੂੰ ਸਮੱਰਥਨ ਦੇ ਦਿੱਤਾ ਤਾਂ ਕੇਜਰੀਵਾਲ ਲਈ ਨਾ ਚਾਹੁੰਦਿਆਂ ਵੀ ਸਰਕਾਰ ਬਨਾਉਣ ਦੀ ਮਜਬੂਰੀ ਹੋ ਗਈ , ਜੇ ਉਹ  ਸਰਕਾਰ  ਨਾ  ਬਣਾਉਂਦਾ ਤਾਂ  ਦੁਬਾਰਾ  ਚੋਣਾਂ  ਦਾ  ਸਾਰਾ  ਇਲਜ਼ਾਮ ਉਸ ਸਿਰ ਹੀ ਆਉਣਾ ਸੀ ।
   ਸਰਕਾਰ ਬਣਾਉਂਦਿਆਂ ਹੀ ਕੇਜਰੀਵਾਲ ਨੂੰ ਦਿਨੇ ਹੀ ਤਾਰੇ ਨਜ਼ਰ ਆਉਣ ਲੱਗੇ , ਜਦ ਉਸ ਨੇ ਚੋਣਾਂ ਵਿਚ ਕੀਤੇ ਇਕਰਾਰਾਂ ਅਨੁਸਾਰ ਦਿੱਲੀ ਵਿਚੋਂ ਲਾ-ਕਾਨੂਨੀ ਦੂਰ ਕਰਨ ਦੀ ਗੱਲ ਸ਼ੁਰੂ ਕੀਤੀ , ਤਾਂ ਪੁਲਸ ਮੁਖੀ ਨੇ ਉਸ ਦੀ ਗੱਲ ਮੰਨਣ ਤੋਂ ਨਾਹ ਕਰ ਦਿੱਤੀ , ਕਿਉਂਕਿ ਦਿੱਲੀ ਪੁਲਸ , ਦਿੱਲੀ ਸਰਕਾਰ ਦੇ ਅੰਡਰ ਨਾ ਹੋ ਕੇ ਕੇਂਦਰੀ ਸਰਕਾਰ ਦੇ ਹੋਮ ਮਨਿਸਟਰ ਦੇ ਅੰਡਰ ਹੈ ।
ਜੇ ਉਸ ਨੇ ਆਪਣੇ ਇਕਰਾਰ ਮੂਜਬ ਲੋਕਾਂ ਨੂੰ ਪਾਣੀ ਸਪਲਾਈ ਦੀ ਗੱਲ ਸ਼ੁਰੂ ਕੀਤੀ ਤਾਂ , ਪਾਣੀ ਸਪਲਾਈ ਕਰਨ ਵਾਲੀਆਂ ਫਰਮਾਂ ਨੇ , (ਜੋ ਕਾਂਗਰਸ ਅਤੇ ਬੀ. ਜੇ. ਪੀ. ਨਾਲ ਸਬੰਧਿਤ ਠੇਕੇਦਾਰਾਂ ਦੀਆਂ ਸਨ) ਉਸ ਦਾ ਸਾਥ ਦੇਣ ਦੀ ਥਾਂ ਉਸ ਦੇ ਰਾਹ ਵਿਚ ਰੋੜੇ ਅਟਕਾਉਣੇ ਸ਼ੁਰੂ ਕਰ ਦਿੱਤੇ ।
ਜੇ ਉਸ ਨੇ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਗੱਲ ਕੀਤੀ ਤਾਂ , ਬਿਜਲੀ ਸਪਲਾਈ ਕਰਨ ਵਾਲੀਆਂ ਫਰਮਾਂ ਨੇ ਸਾਫ ਕਹਿ ਦਿੱਤਾ ਕਿ ਇਸ ਤੋਂ ਘੱਟ ਰੇਟ ਵਾਰਾ ਨਹੀਂ ਖਾਂਦੇ , ਜਦ ਰੇਟਾਂ ਬਾਰੇ ਖੋਜ-ਬੀਨ ਕਰਨ ਦੀ ਗੱਲ ਹੋਈ ਤਾਂ ਪਤਾ ਲੱਗਾ ਕਿ ਉਨ੍ਹਾਂ ਫਰਮਾਂ ਦਾ ਤਾਂ ਤਿੰਨ ਸਾਲ ਤੋਂ ਆਡਿਟ ਹੀ ਨਹੀਂ ਹੋਇਆ । ਕੇਜਰੀਵਾਲ ਨੇ ਉਨ੍ਹਾਂ ਫਰਮਾਂ ਦੇ ਖਾਤੇ ਆਡਿਟ ਕਰਨ ਦਾ ਆਰਡਰ ਕਰ ਦਿੱਤਾ , ਪਰ ਇਹ ਕੰਮ ਤਾਂ ਸਮਾ ਮੰਗਦੇ ਨੇ ।
  ਜਦ ਉਸ ਨੇ ਰਸੋਈ ਗੈਸ ਦੀ ਕੀਮਤ ਘੱਟ ਕਰਨ ਦੀ ਗੱਲ ਕੀਤੀ ਤਾਂ ਪਤਾ ਲੱਗਾ ਕਿ , ਇਸ ਦੀ ਕੀਮਤ ਤਾਂ ਪਹਿਲੀ ਅਪ੍ਰੈਲ ਤੋਂ ਹੋਰ ਵੱਧ ਕੇ ਦੁਗਣੀ ਹੋਣ ਵਾਲੀ ਹੈ । ਉਸ ਨੇ ਇਸ ਬਾਰੇ ਜਾਂਚ ਕੀਤੀ , ਤਾਂ ਪਤਾ ਲੱਗਾ ਕਿ ਏਥੇ ਤਾਂ , ਅੰਨ੍ਹੀ ਪੀਹ ਰਹੀ ਹੈ ਅਤੇ ਕੁੱਤੇ ਚੱਟ ਰਹੇ ਹਨ । ਅੰਬਾਨੀ ਨਾਲ ਠੇਕਾ ਤਾਂ  2015  ਤਕ ਦਾ ਹੈ ਪਰ , ਗੈਸ ਦੀ ਘਾਟ ਹੋਣ ਕਾਰਨ , ਗੈਰ ਕਾਨੂਨੀ ਢੰਗ ਨਾਲ  2013  ਵਿਚ ਹੀ ਇਕ ਵਾਰੀ ਕੀਮਤ ਵਧਾ ਕੇ ਅੰਬਾਨੀ ਨੂੰ  20,000 (ਵੀਹ ਹਜ਼ਾਰ) ਕ੍ਰੋੜ ਰੁਪਏ ਸਾਲਾਨਾ ਦਾ ਫਾਇਦਾ ਦਿੱਤਾ ਜਾ ਚੁੱਕਾ ਹੈ ਅਤੇ ਅਪ੍ਰੈਲ  2014  ਵਿਚ ਫਿਰ ਕੀਮਤ ਵਧਾ ਕੇ ਉਸ ਨੂੰ  54,000  ਕ੍ਰੋੜ ਰੁਪਏ ਸਾਲਾਨਾ ਦਾ ਹੋਰ ਫਾਇਦਾ ਪਹੁੰਚਾਇਆ ਜਾਵੇਗਾ ।
ਜਦ ਉਸ ਨੈ ਗੈਸ ਘੱਟ ਹੋਣ ਬਾਰੇ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਅੰਬਾਨੀ ਕੇਂਦਰੀ ਮੰਤ੍ਰੀਆਂ ਨਾਲ ਮਿਲ ਕੇ ਅੱਠ ਖੂਹਾਂ ਦੀ ਥਾਂ ਚਾਰ ਨੂੰ ਹੀ ਚਲਾ ਕੇ ਜਾਅਲੀ ਸ਼ਾਰਟਿਜ ਪੈਦਾ ਕਰ ਰਿਹਾ ਹੈ । ਏਥੇ ਆਕੇ ਕੇਜਰੀ ਵਾਲ ਨੇ ਦੋ ਕੇਂਦਰੀ ਮੰਤਰੀਆਂ ਸਮੇਤ ਅੰਬਾਨੀ ਤੇ ਵੀ ਧੋਖਾ-ਧੜੀ ਦਾ ਕੇਸ ਕਰ ਦਿੱਤਾ ।
   ਕਾਂਗਰਸ ਅਤੇ ਬੀ. ਜੇ. ਪੀ. ਨੂੰ ਹੱਥਾਂ ਪੈਰਾਂ ਦੀ ਪੈ ਗਈ , ਕਿਉਂਕਿ ਇਸ ਨਾਲ ਬਹੁਤ ਸਾਰੇ ਰਾਜ਼ ਖੁਲ੍ਹਣ ਦੀ ਸੰਭਾਵਨਾ ਸੀ ।   ਸਾਰਾ ਆਵਾ ਹੀ ਊਤਿਆ ਵੇਖ ਕੇ , ਕੇਜਰੀਵਾਲ ਨੇ ਲੋਕਪਾਲ ਬਿਲ ਪੇਸ਼ ਕਰਨ ਦੀ ਗੱਲ ਕੀਤੀ , ਤਾਂ ਜੋ ਇਸ ਉਲਝੀ ਹੋਈ ਤਾਣੀ ਨੂੰ ਸੁਲਝਾਇਆ ਜਾ ਸਕੇ । ਕਾਂਗਰਸ ਅਤੇ ਬੀ. ਜੇ. ਪੀ. ਮੂੰਹ ਜ਼ਬਾਨੀ ਤਾਂ ਲੋਕਪਾਲ ਬਿਲ ਦੀ ਹਮਾਇਤ ਕਰਦੀਆਂ ਸਨ , ਪਰ ਉਨ੍ਹਾਂ ਨੂੰ ਪਤਾ ਸੀ ਕਿ ਲੋਕਪਾਲ ਦਾ ਬਿਲ ਪਾਸ ਹੋਣ ਨਾਲ , ਬਹੁਤ ਸਾਰੇ ਨੇਤਿਆਂ ਦਾ ਸ਼ਿਕੰਜਾ ਕੱਸ ਹੋ ਜਾਣਾ ਹੈ , ਅਤੇ ਫਿਲਹਾਲ ਮਾਮਲਾ ਅੰਬਾਨੀ ਨੂੰ ਬਚਾਉਣ ਦਾ ਸੀ । (ਕੇਜਰੀਵਾਲ ਸਹੀ ਕਹਿੰਦਾ ਹੈ ਕਿ ਸਰਕਾਰ , ਅੰਬਾਨੀ ਚਲਾ ਰਿਹਾ ਹੈ , ਇਹ ਪਾਰਟੀਆਂ ਨਹੀਂ) ਦੋਵਾਂ ਨੇ ਮਿਲ ਕੇ , ਕੇਂਦਰ ਸਰਕਾਰ ਰਾਹੀਂ , ਲੈ. ਗਵਰਨਰ ਨੂੰ ਸੰਦੇਸ਼ ਭੇਜ ਦਿੱਤਾ ਕਿ ਲੋਕਪਾਲ ਬਿਲ ਪੇਸ਼ ਨਹੀਂ ਹੋਣ ਦੇਣਾ ।
(ਕਿਉਂਕਿ ਇਵੇਂ ਹੋਣ ਨਾਲ ਉਨ੍ਹਾਂ ਦੀ ਬੁਰੀ ਨੀਅਤ ਢਕੀ ਰਹਿਣੀ ਸੀ)
 ਏਥੇ ਪੁਜ ਕੇ ਦੋਵਾਂ ਪਾਰਟੀਆਂ ਦੇ ਘਾਗ ਨੇਤਾ , ਨੌਸਿੱਖੀਏ ਕੇਜਰੀਵਾਲ ਦੇ ਜਾਲ ਵਿਚ ਫੱਸ ਗਏ । ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਸਪੀਕਰਾਂ ਨੂੰ ਹੱਕ ਹੁੰਦਾ ਹੈ ਕਿ , ਜੇ ਗਵਰਨਰ ਕੋਈ ਬਿਲ ਪੇਸ਼ ਕਰਨ ਤੇ ਰੋਕ ਲਾ ਦੇਵੇ , ਤਾਂ ਵੀ ਗਵਰਨਰ ਦੇ ਭਾਸਨ ਨੂੰ ਵਿਧਾਨ-ਸਭਾ ਵਿਚ ਪੜ੍ਹ ਕੇ ਸੁਨਾਉਣ ਮਗਰੋਂ , ਸਪੀਕਰ ਬਿਲ ਪੇਸ਼ ਕਰਨ ਦੀ ਇਜਾਜ਼ਤ ਦੇ ਸਕਦਾ ਹੈ , ਪਰ ਇਹ ਤਾਕਤ ਦਿੱਲੀ ਦੇ ਸਪੀਕਰ ਕੋਲ ਨਹੀਂ ਹੈ । (ਇਹ ਗੱਲ ਦੋਵਾਂ ਪਾਟੀਆਂ ਦੇ ਨੇਤਾ ਜਾਣਦੇ ਸਨ ,ਇਸ ਲਈ ਉਹ ਨਸਚਿੰਤ ਸਨ) ਵਿਧਾਨ-ਸਭਾ ਦੀ ਕਾਰਵਾਈ ਸ਼ੁਰੂ ਹੋਈ , ਗਵਰਨਰ ਦਾ ਭਾਸ਼ਨ ਪੜ੍ਹ ਕੇ ਸੁਣਾਇਆ ਗਿਆ । ਉਸ ਮਗਰੋਂ ਕੇਜਰੀਵਾਲ ਨੇ ਸਪੀਕਰ ਕੋਲੋਂ ਬਿਲ ਪੇਸ਼ ਕਰਨ ਦੀ ਇਜਾਜ਼ਤ ਮੰਗੀ , ਜੋ ਸਪੀਕਰ ਨੇ ਦੇ ਦਿੱਤੀ । ਸਾਰੀ ਵਿਧਾਨ –ਸਭਾ ਵਿਚ ਰੌਲਾ ਪੈ ਗਿਆ , ਖੂਬ ਸ਼ੋਰ ਹੁੰਦਾ ਰਿਹਾ , ਦੋਵੇਂ ਪਾਰਟੀਆਂ ਇਸ ਗੱਲ ਤੇ ਬਜ਼ਿਦ ਸਨ ਕਿ ਗਵਰਨਰ ਦੀ ਰੋਕ ਪਿੱਛੋਂ , ਬਿਲ ਪੇਸ਼ ਨਹੀਂ ਹੋ ਸਕਦਾ ,(ਵਿਚਾਰੇ ਮੇਰੇ ਵਰਗੇ ਜਾਹਲਾਂ ਨੂੰ ਕੀ ਪਤਾ , ਵਿਧਾਨ ਕੀ ਹੁੰਦਾ?)
ਪਰ ਸਸ਼ੋਧੀਆ ਨੂੰ ਪਤਾ ਸੀ ਕਿ ਵਿਧਾਨ ਅਨੁਸਾਰ , ਹੁਣ ਵਿਧਾਨ ਸਭਾ ਕੋਲ ਦੋ ਹੀ ਰਾਹ ਹਨ , ਜਾਂ ਉਹ ਬਿਲ ਪੇਸ਼ ਹੋਣ ਦੇਣ , ਜਾਂ ਵੋਟਾਂ ਪਾ ਕੇ ਇਸ ਬਿਲ ਨੂੰ ਪੇਸ਼ ਹੋਣੋਂ ਰੋਕੇ । (ਸਪੀਕਰ ਵਲੋਂ ਬਿਲ ਪੇਸ਼ ਕਰਨ ਦੀ ਇਜਾਜ਼ਤ ਨੂੰ ਮੂੰਹ ਜ਼ਬਾਨੀ ਰੱਦ ਨਹੀਂ ਕੀਤਾ ਜਾ ਸਕਦਾ) ਦੋਵਾਂ ਪਾਰਟੀਆਂ ਨੇ ਬਿਲ ਪੇਸ਼ ਹੋਣ ਦੇ ਵਿਰੋਧ ਵਿਚ ਵੋਟਾਂ ਪਾ ਕੇ , ਬਿਲ ਪੇਸ਼ ਹੋਣੋ , ਰੋਕ ਦਿੱਤਾ , ਇਵੇਂ ਉਨ੍ਹਾਂ ਦੀ ਦਿਲੀ ਮੰਨਸ਼ਾ ਖੁਲ੍ਹ ਕੇ ਸਾਮਹਣੇ ਆ ਗਈ ।  
  ਹੁਣ ਕੇਜਰੀਵਾਲ ਕੋਲ ਅਸਤੀਫਾ ਦੇਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ । ਜੇ ਉਹ ਅਸਤੀਫਾ ਨਾ ਦਿੰਦਾ , ਤਾਂ ਪਰਚਾਰ ਹੋਣਾ ਸੀ ਸੱਤਾ ਦੇ ਲਾਲਚ ਨੂੰ ਅਸਤੀਫਾ ਨਹੀਂ ਦਿੱਤਾ । ਅਤੇ ਇਨ੍ਹਾਂ ਪਾਰਟੀਆਂ ਨੇ ਉਸ ਨੂੰ ਐਸੇ ਵੇਲੇ ਧੋਖਾ ਦੇਣਾ ਸੀ , ਜਦੋਂ ਉਹ ਕਿਸੇ ਪਾਸੇ ਦਾ ਵੀ ਨਾ ਰਹਿੰਦਾ। ਇਵੇਂ ਅੰਬਾਨੀ ਨੂੰ ਬਚਾਉਣ ਦੇ ਚੱਕਰ ਵਿਚ ਦੋਵਾਂ ਦੀ ਦਿਲੀ ਮੰਨਸ਼ਾ ਨੰਗੀ ਹੋ ਗਈ । ਅੱਜ ਵੀ ਕੇਜਰੀਵਾਲ ਨੂੰ ਬਦਨਾਮ ਕਰਨ ਦੇ ਚੱਕਰ ਵਿਚ ਮੀਡੀਏ ਰਾਹੀਂ ਪਰਚਾਰ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਚਲਾਉਣ ਜੋਗਾ ਨਹੀਂ , ਇਸ ਲਈ ਉਹ ਮਦਾਨ ਛੱਡ ਕੇ ਭੱਜ ਗਿਆ ।
ਇਹ ਸੀ ਕੇਜਰੀਵਾਲ ਦੀ ਸਰਕਾਰ ਦਾ  49   ਦਿਨਾਂ ਦਾ ਲੇਖਾ-ਜੋਖਾ , ਜਿਸ ਕਾਰਨ ਮੋਦੀ ਨੂੰ ਕੇਜਰੀਵਾਲ ਤੋਂ  A.K.47  ਨਾਲੋਂ  ਵੀ ਵੱਧ ਡਰ ਲੱਗ ਰਿਹਾ ਹੈ , “ ਆਪ ” ਉਸ ਨੂੰ   A.K.49  ਨਜ਼ਰ ਆ ਰਹੀ ਹੈ ਅਤੇ ਜਿਸ ਦੇ ਹੱਥ ਵਿਚ ਇਹ  A.K.49   ਹੈ , ਉਹ ਮੋਦੀ ਨੂੰ  ਪਾਕਿਸਤਾਨੀ ਏਜੈਂਟ ਨਜ਼ਰ ਆ ਰਿਹਾ ਹੈ , ਮੋਦੀ ਨੂੰ ਨਜ਼ਰ ਦI ਇਸ ਖਰਾਬੀ  ਵਿਚੋਂ ਨਿਕਲਣ ਲਈ , ਆਪਣੀ ਐਨਕ ਦਾ ਨੰਬਰ ਬਦਲ ਲੈਣਾ ਚਾਹੀਦਾ  ।
ਆਮ ਸਰਕਾਰਾਂ ਤਾਂ ਇਕ ਸਾਲ ਤਕ ਆਪਣੀ ਫਤਿਹ ਦੇ ਜਸ਼ਨ ਹੀ ਮਨਾਉਂਦੀਆਂ ਰਹਿੰਦੀਆਂ ਹਨ । ਕੇਜਰੀਵਾਲ ਦੇ ਨਾਲ ਦੀਆਂ ਬਣੀਆਂ , ਬੀ. ਜੇ. ਪੀ. ਸਰਕਾਰਾਂ ਨੇ , ਪੂਰਨ ਬਹੁ-ਗਿਣਤੀ ਹੋਣ ਤੇ ਵੀ ਅੱਜ-ਤਕ ਕੀ ਕੀਤਾ ਹੈ ? ਕੀ ਮੋਦੀ ਇਸ ਸਵਾਲ ਨੂੰ ਚੋਣ ਮੁੱਦਾ ਬਣਾ ਸਕਦਾ ਹੈ ?
         ਪੈਸੇ ਦੇ ਬਲ ਤੇ , ਵਿਕਾਊ ਮੀਡੀਏ ਆਸਰੇ ਭੰਡੀ-ਪਰਚਾਰ ਤਾਂ ਬਹੁਤ ਕੀਤਾ ਜਾ ਸਕਦਾ ਹੈ , ਪਰ ਕੰਮ ਕਰਨਾ ਵੱਖਰੀ ਗੱਲ ਹੈ , ਏਥੋਂ ਤਕ ਕਿ ਪੰਜਾਂ ਸਾਲਾਂ ਵਿਚ ਦੁਨੀਆਂ ਭਰ ਦੇ ਡਰਾਮੇ ਕਰ ਕੇ , ਆਪਣੇ ਲਈ ਇਕ ਮੁੰਡਾ ਲੱਭਣ ਵਿਚ , ਅਸਫਲ ਹੋਈ “ਰਾਖੀ ਸਾਮੰਤ” ਵੀ ਬੜ੍ਹਕਾਂ ਮਾਰ ਕੇ ਕਹਿ ਰਹੀ ਹੈ ਕਿ “ ਮੈਂ ਕੇਜਰੀਵਾਲ ਨਾਲੋਂ ਚੰਗੀ ਸਰਕਾਰ ਚਲਾ ਸਕਦੀ ਹਾਂ ” ।
  ਆਉ ਹੁਣ ਜ਼ਰਾ ਪ੍ਰਚਲਤ ਮੀਡੀਏ ਤੇ ਵੀ ਇਕ ਨਜ਼ਰ ਮਾਰੀਏ । ਕੇਜਰੀਵਾਲ ਦਾ ਕਹਿਣਾ ਬਿਲਕੁਲ ਸਹੀ ਹੈ ਕਿ ਪ੍ਰਚਲਤ ਮੀਡੀਆ ਵਿਕਿਆ ਹੋਇਆ ਹੈ । ਮੀਡੀਏ ਵਿਚ ਕੇਜਰੀਵਾਲ ਬਾਰੇ ਜੋ ਵੀ ਖਬਰ ਛਪਦੀ ਹੈ , ਉਹ ਅਜਿਹੀ ਹੁੰਦੀ ਹੈ ਕਿ , ਕੇਜਰੀਵਾਲ ਡਰਾਮੇ-ਬਾਜ਼ ਹੈ । ਕੇਜਰੀਵਾਲ ਦਾ ਡਰਾਮਾ ਕੁਝ ਦਿਨਾਂ ਦਾ ਹੀ ਹੈ । ਕੇਜਰੀ ਵਾਲ ਭਗੌੜਾ ਹੈ , ਹਰ ਥਾਂ ਤੋਂ ਭੱਜਿਆ ਹੈ ।  ਜੇ ਸੋਸ਼ਲ ਮੀਡੀਆ “ ਆਪ ” ਦਾ ਸਾਥ ਨਾ ਦਿੰਦਾ ਤਾਂ , ਪ੍ਰਚਲਤ ਮੀਡੀਏ ਨੇ ਉਸ ਦੀ ਕੋਈ ਖਬਰ ਹੀ ਨਹੀਂ ਛਾਪਣੀ ਸੀ । ਮੀਡੀਏ ਦੇ ਨਜ਼ਰੀਏ ਨਾਲ ਤਾਂ  ਬੀ. ਜੇ. ਪੀ. ਵਲੋਂ ਬਿਨਾ ਕਿਸੇ ਭੜਕਾਹਟ ਦੇ “ਆਪ” ਦੇ ਗਾਜ਼ੀਆਬਾਦ ਦੇ ਦਫਤਰ ਦੀ ਭੰਨ-ਤੋੜ , ਮੁੰਬਈ ਦੇ ਦਫਤਰ ਦੀ ਭੰਨ-ਤੋੜ , ਗੁਜਰਾਤ ਵਿਚ ਕੇਜਰੀਵਾਲ ਅਤੇ ਸਾਥੀਆਂ ਨੂੰ ਥਾਣੇ ਵਿਚ ਬਿਠਾ ਲੈਣਾ , ਉਸ ਦੇ ਸਾਥੀ ਸਸੋਧੀਆਂ ਦੀ ਕਾਰ ਦੀ ਭੰਨ-ਤੋੜ । ਬਨਾਰਸ ਵਿਚ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਵਿਖਾਉਣੀਆਂ , ਉਸ ਤੇ ਸਿਆਹੀ ਸੁੱਟਣੀ ਅਤੇ ਉਸ ਨੂੰ ਆਂਡੇ ਮਾਰਨੇ , ਬਹੁਤ ਮਾਮੂਲੀ ਗੱਲ ਹੈ , ਕਿਉਂਕਿ ਬੀ. ਜੇ. ਪੀ. ਨੂੰ ਤਾਂ ਇਸ ਤੋਂ ਬਹੁਤ ਕੁਝ ਵੱਧ ਕਰਨ ਦਾ ਅਧਿਕਾਰ ਹੈ । ਪਰ ਗੁਜਰਾਤ ਵਿਚ ਕੇਜਰੀਵਾਲ ਨਾਲ ਹੋਏ ਵਿਹਾਰ ਕਾਰਨ ਦਿੱਲੀ ਵਿਚਲੇ ਬੀ. ਜੇ. ਪੀ. ਦੇ ਦਫਤਰ ਅੱਗ ਰੋਸ ਮਜ਼ਾਹਰਾ ਕਰਨਾ , ਬਹੁਤ ਵੱਡਾ ਗੁਨਾਹ ਹੈ , ਜਿਸ ਦੀ ਭਰਪਾਈ  “ ਆਪ ”  ਵਰਕਰਾਂ ਨੂੰ ਡਾਂਗਾਂ ਨਾਲ ਕੁੱਟ ਕੇ ਵੀ ਨਹੀਂ ਹੋਈ , ਮੀਡੀਏ ਨੇ ਇਕ ਵਾਰ ਵੀ ਇਸ ਨੂੰ ਬੁਰਾ ਨਹੀਂ ਕਿਹਾ ।
ਅੰਬਾਨੀ ਅਤੇ ਕੇਂਦਰੀ ਮੰਤ੍ਰੀਆਂ ਵਲੋਂ , ਗੈਸ ਮਾਮਲੇ ਵਿਚ  74,000  ਕ੍ਰੋੜ ਦੇ ਸਾਲਾਨਾ ਘੁਟਾਲੇ ਨੂੰ ਪੂਰੀ ਤਰ੍ਹਾਂ ਢਕਣਾ , ਗੁਜਰਾਤ ਦੀ ਅੰਦਰੂਨੀ ਹਾਲਤ ਨੂੰ ਜ਼ਾਹਰ ਨਾ ਹੋਣ ਦੇਣਾ , ਮੀਡੀਏ ਦੀ ਅਸਲੀਅਤ ਨੂੰ ਜ਼ਾਹਰ ਕਰਨ ਲਈ ਕਾਫੀ ਹੈ ।  ਕੇਂਦਰੀ ਮੰਤ੍ਰੀ ਨੇ ਤਾਂ ਕੇਜਰੀਵਾਲ ਦੇ ਅਸਤੀਫੇ ਤੋਂ ਦੂਸਰੇ ਦਿਨ ਮਗਰੋਂ ਹੀ ਬਿਆਨ ਦੇ ਦਿੱਤਾ ਸੀ ਕਿ ਗੈਸ ਦੀ ਕੀਮਤ ਪਹਿਲੀ ਅਪ੍ਰੈਲ ਨੂੰ ਹੀ ਵਧੇਗੀ । (ਫਿਲਹਾਲ ਸੁਪ੍ਰੀਮ ਕੋਰਟ ਨੇ ਉਸ ਤੇ ਰੋਕ ਲਗਾ ਦਿੱਤੀ ਹੈ)
   ਇਹ ਸਭ ਕੁਝ ਇਸ ਲਈ ਲਿਖਿਆ ਹੈ , ਕਿਉਂਕਿ ਆਮ ਆਦਮੀ ਨੂੰ , ਜਿਸ ਤੇ ਇਸ ਘਟਨਾ-ਕਰਮ ਦਾ ਅੱਜ ਤਕ ਅਸਰ ਪੈਂਦਾ ਰਿਹਾ ਹੈ ਅਤੇ ਚੋਣ ਮਗਰੋਂ ਵੀ ਪੰਜ ਸਾਲ ਤਕ ਪੈਣਾ ਹੈ , ਇਨ੍ਹਾਂ ਸਭ ਚੀਜ਼ਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ , ਜੇ ਕਰ ਉਹ ਨਾ ਜਾਗੇ ਤਾਂ  ਗੈਸ ਘੁਟਾਲੇ ਦੇ  74,000  ਕ੍ਰੋੜ ਰੁਪਏ ਹਰ ਸਾਲ , ਉਨ੍ਹਾਂ ਦੀ ਜੇਭ ਵਿਚੋਂ ਹੀ ਨਿਕਲਣੇ ਹਨ । ਪਾਣੀ ਪੂਰਾ ਨਹੀਂ ਮਿਲਣਾ । ਬਿਜਲੀ ਦੇ ਭਾਅ ਵਧਦੇ ਹੀ ਰਹਿਣੇ ਹਨ । ਗੁੰਡਾ-ਗਰਦੀ ਇਵੇਂ ਹੀ ਵਧਦੀ ਰਹਿਣੀ ਹੈ । ਮੀਡੀਏ ਨੇ ਸਾਰੀਆਂ ਗੱਲਾਂ ਇਵੇਂ ਹੀ ਢਕਦੇ ਰਹਿਣਾ ਹੈ । ਸੋ ਸੰਭਲੋ , ਪਰਮਾਤਮਾ ਵਲੋਂ ਮਿਲਿਆ ਮੌਕਾ ਅਜਾਈਂ ਨਾ ਗਵਾਇਉ ।  ਇਹ ਕਾਰਪੋਰੇਟ ਨੇਤਾ , ਜੋ   67  ਸਾਲ ਤੋਂ ਤੁਹਾਨੂੰ ਲੁੱਟ ਰਹੇ ਹਨ , ਉਹ ਤੁਹਾਡਾ ਕਦੇ ਵੀ ਭਲਾ ਨਹੀਂ ਕਰਨ ਲੱਗੇ , ਉਨ੍ਹਾਂ ਦੇ ਲਾਰਿਆਂ ਤੇ ਤੁਸੀਂ ਬਹੁਤ ਵਿਸ਼ਵਾਸ ਕਰ ਲਿਆ ਹੈ , ਹੁਣ ਬੱਸ ਕਰੋ , ਵੋਟਾਂ ਪੈਸੇ ਅਤੇ ਨਸ਼ਿਆਂ ਲਈ ਨਾ ਵੇਚੋ . ਯੋਗ ਬੰਦਿਆਂ ਨੂੰ ਲੋਕ-ਸਭਾ ਵਿਚ ਭੇਜੋ ਤਾਂ ਜੋ ਦੇਸ਼ ਨੂੰ ਬਚਾਇਆ ਜਾ ਸਕੇ , ਇਸ ਵਿਚ ਹੀ ਸਾਡੀ ਭਲਾਈ ਹੈ ।
  ਹੁਣ ਇਕ ਆਖਰੀ ਗੱਲ । ਪੈਸੇ ਦੇ ਬਲ ਤੇ ਬੀ. ਜੇ. ਪੀ. ਅਤੇ ਮੀਡੀਆ ਜਿਵੇਂ ਮੋਦੀ ਨੂੰ ਪੇਸ਼ ਕਰ ਰਿਹਾ ਹੈ , ਉਸ ਤੋਂ ਉਤਸ਼ਾਹਤ ਹੋ ਕੇ , ਮੋਦੀ ਜੋ ਬੋਲੀ ਬੋਲ ਰਿਹਾ ਹੈ ਉਹ ਇਕ ਮਸਖਰੇ ਦੀ ਤਾਂ ਹੋ ਸਕਦੀ ਹੈ , ਪਰ ਦੇਸ਼ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲੇ ਨੇਤਾ ਦੀ ਨਹੀਂ ਹੋ ਸਕਦੀ , ਜਿਸ ਤੋਂ ਉਸ ਦੀ ਲਿਆਕਤ ਡੁਲ੍ਹ-ਡੁਲ੍ਹ ਪੈਂਦੀ ਹੈ । ਜਿਸ ਆਦਮੀ ਨੂੰ ਏਨੇ ਜ਼ੋਰ-ਸ਼ੋਰ ਨਾਲ , ਪ੍ਰਧਾਨ ਮੰਤ੍ਰੀ ਬਨਾਉਣ ਦੀ ਵਕਾਲਤ ਕੀਤੀ ਜਾ ਰਹੀ ਹੈ , ਉਸ ਦੇ ਹੁਣ ਤੱਕ ਦੇ ਭਾਸ਼ਨਾਂ ਵਿਚੋਂ ਇਕ ਵੀ , ਦੇਸ਼ ਦੀਆਂ ਸਮੱਸਿਆਵਾਂ ਨੂੰ ਵਿਚਾਰਨ , ਜਾਂ ਉਨ੍ਹਾਂ ਦਾ ਹੱਲ ਕੱਢਣ ਸਬੰਧੀ ਨਹੀਂ ਸੁਣਿਆ । ਪਹਿਲਾਂ ਤਾਂ ਉਸ ਨੂੰ ਸਿੱਖ ਅਤੇ ਮੁਸਲਮਾਨ ਹੀ ਦੇਸ਼ ਧਰੋਹੀ ਨਜ਼ਰ ਆਉਂਦੇ ਸਨ , ਹੁਣ ਤਾਂ ਕੋਈ ਵੀ ਉਹ ਆਦਮੀ , ਜੋ ਆਰ. ਐਸ. ਐਸ. ਦੇ ਹਿੰਦੂ ਏਜੈਂਡੇ ਦੀ ਗੱਲ ਨਾ ਕਰੇ , ਉਹ ਰਾਸ਼ਟਰ ਧਰੋਹੀ ਅਤੇ ਪਾਕਸਤਾਨ ਦਾ ਏਜੈਂਟ ਨਜ਼ਰ ਆਉਂਦਾ ਹੈ , ਭਾਵੇਂ ਉਹ ਹਿੰਦੂ ਹੀ ਹੋਵੇ ।
   ਅਜਿਹੀ ਹਾਲਤ ਵਿਚ ਮੋਦੀ ਨੇ ਆਪਣੇ ਘਰ ਵਿਚ ਤਾਂ ਅੱਗ ਬਾਲ ਹੀ ਲਈ ਹੈ । ਇਸ ਗਲਤ ਫਹਿਮੀ ਵਿਚ ਕਿ ਮੈਂ ਤਾਂ ਭਾਰਤ ਦਾ ਪ੍ਰਧਾਨ-ਮੰਤਰੀ ਬਣ ਹੀ ਗਿਆ ਹਾਂ , ਦੇਸ਼ ਦੇ ਆਪਸੀ ਸੌਹਾਰਦ ਨੂੰ ਵੀ ਅੱਗ ਲਾ ਰਿਹਾ ਹੈ । ਵੈਸੇ ਤਾਂ ਰੱਬ ਗੰਜੇ ਨੂੰ ਨੌਂਹ ਦਿੰਦਾ ਹੀ ਨਹੀਂ , ਦੇ ਦੇਵੇ ਤਾਂ ਉਹ ਆਪਣਾ ਹੀ ਗੰਜ ਖੁਰਕ-ਖੁਰਕ ਕੇ ਲਹੂ-ਲੁਹਾਨ ਕਰ ਲਵੇਗਾ । ਜੇ ਕਿਤੇ (ਜਿਸ ਦੀ ਉਮੀਦ   25 %  ਵੀ ਨਹੀਂ ਹੈ) ਮੋਦੀ ਪ੍ਰਧਾਨ ਮੰਤਰੀ ਬਣ ਹੀ ਗਿਆ , ਤਾਂ ਦੇਸ਼ ਵਿਚ ਆਪਸੀ ਸੌਹਾਰਦ ਦੇ ਭਾਂਬੜ ਮਚਦੇ ਹਰ ਕੋਈ ਵੇਖ ਲਵੇਗਾ । ਫਿਰ ਖੁਲ੍ਹ ਕੇ ਸਾਮ੍ਹਣੇ ਆ ਜਾਵੇਗਾ ਕਿ ਦੇਸ਼ ਦਾ ਭਲਾ ਚਾਹੁਣ ਵਾਲਾ ਕੌਣ ਹੈ ? ਅਤੇ ਰਾਸ਼ਟਰ ਧਰੋਹੀ ਕੌਣ ਹੈ ?  
  ਵੋਟਰਾਂ ਨੂੰ ਅਪੀਲ ।
   ਇਕ ਅਖਬਾਰ ਦੀ ਲਾਈ ਅੱਗ ਕਾਰਨ , ਪੰਜਾਬ ਨੂੰ ਬਹੁਤ ਕੁਝ ਭੁਗਤਣਾ ਪਿਆ ਹੈ । ਮੌਜੂਦਾ ਅੱਗ ਤੋਂ ਦੇਸ਼ ਨੂੰ ਬਚਾਉਣ ਲਈ , ਮੋਦੀ ਅਤੇ ਉਸ ਦੇ , ਉਸ ਵਰਗੇ ਹੋਰ ਸਾਥੀਆਂ ਦਾ ਡੱਟ ਕੇ ਵਿਰੋਧ ਕਰਦਿਆਂ , ਹਰ ਹਾਲਤ ਵਿਚ ਉਨ੍ਹਾਂ ਦੀ ਹਾਰ ਯਕੀਨੀ ਬਣਾਉ । ਨਹੀਂ ਤਾਂ ਲਿਹਾਜ਼-ਲਿਹਾਜ਼ ਵਿਚ ਇਕ ਦਿਨ ਉਹ ਆ ਜਾਵੇਗਾ ਜਦ ਤੁਹਾਨੂੰ ਖੁਦ ਨੂੰ ਹੀ ਕਹਿਣਾ ਪਵੇਗਾ ,
                                                         “ ਅਬ ਪਛਤਾਏ ਕਿਆ ਹੋਵਤ ਜਬ ਚਿੜੀਆਂ ਚੁਗ ਗਈਂ ਖੇਤ ”
              ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.