“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ”
ਇਹ ਸੰਸਾਰ ਰਚਨਾ ਉਸ ਕਰਤੇ ਦੀ ਖੇਡ ਹੈ।ਇਸ ਜਗਤ ਰਚਨਾ ਤੋਂ ਪਹਿਲਾਂ ਉਹ ਅਕਾਲ ਪੁਰਖ ਸਿਰਫ਼ ਆਪ ਹੀ ਆਪ ਸੀ ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ।ਜਦੋਂ ਉਸ ਅਕਾਲ ਪੁਰਖ ਨੂੰ ਭਾਇਆ ਉਸ ਨੇ ਆਪਣੇ ਆਪ ਤੋਂ ਇਹ ਜਗ ਰਚਨਾ ਕਰ ਦਿੱਤੀ।
“ਅਰਬਦ ਨਰਬਦ ਧੁੰਧੂਕਾਰਾ॥ਧਰਣਿ ਨ ਗਗਨਾ ਹੁਕਮੁ ਅਪਾਰਾ॥
..ਨਰਕੁ ਸੁਰਗੁ ਨਹੀਂ ਜੰਮਣ ਮਰਣਾ ਨਾ ਕੋ ਆਇ ਜਾਇਦਾ॥
... ਨਾਰਿ ਨ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥4॥
.. ਕਰਮ ਧਰਮ ਨਹੀ ਮਾਇਆ ਮਾਖੀ॥ਜਾਤਿ ਜਨਮੁ ਨਹੀ ਦੀਸੈ ਆਖੀ॥
... ਜਾ ਤਿਸੁ ਭਾਣਾ ਤਾ ਜਗਤ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥14॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥
…ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ….॥” (ਪੰਨਾ- 1035)।
ਸੰਸਾਰ ਰਚਨਾ ਰਚ ਕੇ ਦੁਖ ਸੁਖ ਭੋਗਣ ਵਾਲੇ ਜੀਵ ਪੈਦਾ ਕਰ ਦਿੱਤੇ । ਜੀਵਾਂ ਵਿੱਚ ਮਾਇਆ ਦਾ ਮੋਹ ਵਧਾ ਦਿੱਤਾ।
“ਪੰਜ ਤਤੁ ਸੁੰਨਹੁ ਪਰਗਾਸਾ॥ਦੇਹ ਸੰਜੋਗੀ ਕਰਮ ਅਭਿਆਸਾ॥
ਬੁਰਾ ਭਲਾ ਦੋਇ ਮਸਤਕਿ ਲਿਖੇ ਪਾਪ ਪੁੰਨ ਬੀਜਾਇਦਾ॥15॥ ” (1037-38)
ਅੱਗ ਪਾਣੀ ਆਦਿ ਤੱਤਾਂ ਦੇ ਸਰੀਰ ਅਤੇ ਉਨ੍ਹਾਂ ਵਿੱਚ ਜੀਵਾਤਮਾ ਉਸੇ ਦੀ ਜੋਤ ਹੈ।ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿੱਚ ਹੀ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ।ਪੰਜ ਤੱਤਾਂ ਤੋਂ ਬਣਿਆ ਇਹ ਮਨੁੱਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪ ਤੋਂ ਹੀ ਪਰਗਟ ਹੋਇਆ।ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿੱਚ ਰੁਝ ਪੈਂਦਾ ਹੈ ।
ਅਰਥਾਤ ਜਦੋਂ ਜੀਵ ਅਤੇ ਸਰੀਰ ਦਾ ਸੰਜੋਗ ਹੋਇਆ ਓਦੋਂ ਤੋਂ ਕਰਮਾਂ ਵਿੱਚ ਰੁਝ ਗਿਆ।ਉਦੋਂ ਤੋਂ ਕਰਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ । ਪ੍ਰਭੂ ਦੇ ਹੁਕਮ ਵਿੱਚ ਜੀਵ ਸੰਸਾਰ ਤੇ ਆਉਂਦਾ ਹੈ । ਧੁਰੋਂ ਲਿਖੇ ਲੇਖਾਂ ਅਨੁਸਾਰ ਇੱਥੇ ਵਿਚਰਦਾ ਹੈ । ਇਸ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਹੀ ਜੀਵ ਦੇ ਲੇਖ ਲਿਖੇ ਜਾਂਦੇ ਹਨ।
“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ” ( 1241)
“ਤਿਸੁ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ॥” (433)
“ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ॥” (ਪੰਨਾ-134)
“ਕਰਮ ਧਰਤੀ ਸਰੀਰ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥” (ਪੰਨਾ-78)।
ਜੀਵ ਇੱਥੇ ਵਿਚਰਦਿਆਂ ਉਸ ਦਾ ਹੁਕਮ ਪਛਾਣਦਿਆਂ ਹੋਇਆਂ ਗੁਰਮੁਖਾਂ ਵਾਲਾ ਜੀਵਨ ਬਿਤਾ ਕੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ । ਜਾਂ ਫ਼ੇਰ ਬਿਰਥਾ ਜਨਮ ਗਵਾ ਕੇ ਅਰਥਾਤ ਮਨਮੁਖਾਂ ਵਾਲ਼ਾ ਜੀਵਨ ਬਿਤਾ ਕੇ ਇੱਥੋਂ ਤੁਰ ਜਾਂਦਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਅਤੇ ਅਨੇਕਾਂ ਜੂਨੀਆਂ ਵਿੱਚ ਜਨਮ ਲੈ ਕੇ ਦੁਖ ਸੁਖ ਭੋਗਦਾ ਹੈ । ਜੀਵ ਨੂੰ ਆਪਣੇ ਪਿਛਲੇ ਜਾਂ ਪਿਛਲੇਰੇ ਮਨੁੱਖਾ ਜਨਮ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦੇ ਹਿਸਾਬ ਨਾਲ ਹੀ ਦੁਖ ਸੁਖ ਮਿਲਦਾ ਰਹਿੰਦਾ ਹੈ ।
“ ਸੁਖ ਦੁਖ ਪੂਰਬ ਜਨਮ ਕੇ ਕੀਏ ਸੋ ਜਾਣੈ ਜਿਨਿ ਦਾਤੈ ਦੀਏ॥
ਕਿਸ ਕਉ ਦੋਸ ਦੇਹਿ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ॥” (ਪੰਨਾ- 1030)।
“ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥” (ਪੰਨਾ- 730)
“ਕਰਮਾ ਉਪਰਿ ਨਿਬੜੈ ਜੇ ਲੋਚੈ ਸਭ ਕੋਇ॥” (ਪੰਨਾ-157)।
“ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ॥
ਪੂਰਬ ਜਨਮਿ ਕਰਮਿ ਭੁਮਿ ਬੀਜ ਨਾਹੀ ਬੋਇਆ॥” (ਪੰਨਾ- 481)।
“ਅਗੈ ਜਾਤ ਰੂਪ ਨ ਜਾਇ ਤੇਹਾ ਹੋਵੈ ਜੇਹੇ ਕਰਮ ਕਮਾਇ॥” (ਪੰਨਾ-363)।
ਸੋ ਜੀਵ ਪ੍ਰਭੂ ਦੇ ਲਿਖੇ ਲੇਖਾਂ ਅਨੁਸਾਰ ਇੱਥੇ ਵਿਚਰਦਾ ਹੈ।ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦੇ ਹੁਕਮ ਵਿੱਚ ਦੁਖ ਸੁਖ ਭੋਗਦਾ ਹੈ।ਆਪਣੇ ਮਨ ਦੀ ਮੱਤ ਤੇ ਚੱਲ ਕੇ ਅੱਗੋਂ ਆਪਣੇ ਲਈ ਮਾੜੇ ਲੇਖ ਲਿਖੇ ਜਾਣ ਦਾ ਕਾਰਣ ਬਣਦਾ ਹੈ।
ਉਸ ਪ੍ਰਭੂ ਦੇ ਲਿਖੇ ਲੇਖ ਕਿਸੇ ਜੁਗਤੀ ਨਾਲ ਮਿਟਾਏ ਨਹੀਂ ਜਾ ਸਕਦੇ।
“ਲੇਖ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ॥ (689)
“ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥ (937)
“ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ॥ (1013)
“ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ॥
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ॥” (395)
ਸਾਡੇ ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਤੇ ਉਕਰਿਆ ਪਿਆ ਹੁੰਦਾ ਹੈ, ਉਸ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ । ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ)।
“ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ॥
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣਪਾਹਿ॥
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ॥ (149)
ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ । ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ। ਸੋ ਜੀਵ ਦੇ ਧੁਰੋਂ ਲਿਖੇ ਲੇਖ ਕਿਸੇ ਤਰ੍ਹਾਂ ਮਿਟਾਏ ਨਹੀਂ ਜਾ ਸਕਦੇ ਪਰ ਜੇ ਪ੍ਰਭੂ ਮਿਹਰ ਕਰੇ ਤਾਂ ਬਖਸ਼ੇ ਜਾ ਸਕਦੇ ਹਨ।ਗੁਰਮਤ ਅਨੁਸਾਰ ਕਰਮਾਂ ਦਾ ਲੇਖਾ ਤਾਂ ਹੁੰਦਾ ਹੈ:
“ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥”( ਪੰਨਾ-464)।
“ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ॥” (316)
ਪਰ ਉਸ ਦੇ ਭਾਣੇ ਵਿੱਚ ਚੱਲਣ ਨਾਲ ਪ੍ਰਭੂ ਦੀ ਕ੍ਰਿਪਾ ਹੋ ਜਾਵੇ ਤਾਂ ਕਰਮਾਂ ਦੇ ਲੇਖੇ ਤੋਂ ਛੁਟਕਾਰਾ ਮਿਲ ਸਕਦਾ ਹੈ।
“ਗਣਤੀ ਗਣੀ ਨ ਛੁਟੈ ਕਤਹੂ ਕਾਚੀ ਦੇਹ ਇਆਣੀ॥
ਕ੍ਰਿਪਾ ਕਰਹੁ ਪ੍ਰਭ ਕਰਣੈ ਹਾਰੇ ਤੇਰੀ ਬਖਸ ਨਿਰਾਲੀ॥ (ਪ-748)।
ਗੁਰਮਤ ਅਨੁਸਾਰ ਕਰਮ ਅਤੇ ਕਰਮ-ਫ਼ਲ ਕੰਪੀਊਟਰ ਦੀ ਤਰ੍ਹਾਂ ਨਹੀਂ ਕਿ ਜੋ ਪਰੋਗ੍ਰਾਮ ਫ਼ੀਡ ਕੀਤਾ ਗਿਆ ਹੈ ਉਸੇ ਤਰ੍ਹਾਂ ਦਾ ਰਿਜ਼ਲਟ ਸਾਮ੍ਹਣੇ ਆਣਾ ਹੀ ਹੈ । ਜੇ ਪ੍ਰਭੂ ਚਾਹੇ ਤਾਂ ਖੋਟੇ ਜੀਵਾਂ ਨੂੰ ਬਖਸ਼ ਕੇ ਖਰੇ ਬਣਾ ਸਕਦਾ ਹੈ।ਅਤੇ ਰਜ਼ਾ ਵਿੱਚ ਚੱਲਣ ਦੀ ਸੁਮੱਤ ਬਖਸ਼ ਸਕਦਾ ਹੈ।
ਇਕ ਸਵਾਲ ਆਮ ਹੀ ਉਠਾਇਆ ਜਾਂਦਾ ਹੈ ਕਿ ਜੇ ਕਰਮਾਂ ਦਾ ਬੱਧਾ ਹੋਇਆ ਹੀ ਜੀਵ ਦੁਨੀਆਂ ਤੇ ਆਉਂਦਾ ਹੈ ਤਾਂ, ਸਭ ਤੋਂ ਪਹਿਲਾਂ ਜੀਵ ਕਿਹੜੇ ਕਰਮ ਲੈ ਕੇ ਸੰਸਾਰ ਤੇ ਆਇਆ ?
“ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥
ਅਪਨਾ ਖੇਲ ਆਪਿ ਕਰਿ ਦੇਖੈ ਠਾਕੁਰਿ ਰਚਨ ਰਚਾਇਆ॥” (ਪੰਨਾ-748)।
ਇਥੇ ਤੁਕ ਦੇ ਪਹਿਲੇ ਹਿੱਸੇ ਵਿੱਚ ਸਵਾਲ ਹੈ ਅਤੇ ਦੂਜੇ ਹਿੱਸੇ ਵਿੱਚ ਜਵਾਬ।
ਜਸਬੀਰ ਸਿੰਘ ਵਿਰਦੀ
“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ”
Page Visitors: 3029