ਕਹਾਣੀ ਕੁੱਤੇ ਦੀ ! (ਨਿੱਕੀ ਕਹਾਣੀ)
ਸ਼ ਸ਼ ਸ਼ ਹੱਟ ਹੱਟ ਦੁਰ ਦੁਰ ! (ਮੀਟ ਦੀ ਦੁਕਾਨ ਦੇ ਬਾਹਰ ਕੁੱਤੇ ਲੜ ਰਹੇ ਸਨ ਤੇ ਨੇੜਿਓ ਲੰਘਦਾ ਗੁਰਜੀਤ ਸਿੰਘ ਉਨ੍ਹਾਂ ਦੀ ਚਪੇਟ ਵਿੱਚ ਆ ਗਿਆ ! )
ਇਤਨੀ ਕੁ ਦੇਰ ਵਿੱਚ ਮੀਟਸ਼ਾਪ ਦੇ ਮਾਲਕ ਕੁਲਤਾਰ ਸਿੰਘ ਨੇ ਆ ਕੇ ਕੁੱਤੇਆਂ ਨੂੰ ਭਜਾ ਦਿੱਤਾ !
ਕੁਲਤਾਰ ਸਿੰਘ : ਤੁਹਾਨੂੰ ਕੋਈ ਚੋਟ ਤੇ ਨਹੀ ਲੱਗੀ ?
ਗੁਰਜੀਤ ਸਿੰਘ (ਕਪੜੇ ਝਾੜਦਾ ਹੋਇਆ) : ਨਹੀ ! ਬਚਾਓ ਹੋ ਗਿਆ ! ਵੈਸੇ ਮੈਂ ਦੂਰੋਂ ਵੇਖਿਆ ਸੀ ਤੇ ਇਹ ਸਾਰੇ ਕੁੱਤੇ ਆਰਾਮ ਨਾਲ ਮੀਟ ਖਾ ਰਹੇ ਸੀ, ਪਰ ਅਚਾਨਕ ਪਤਾ ਨਹੀ ਕੀ ਹੋਇਆ ਕੀ ਆਪਸ ਵਿੱਚ "ਕੁੱਤੇਆਂ ਵਾਂਗ ਲੜਨ ਲੱਗ ਪਏ" ?
ਕੁਲਤਾਰ ਸਿੰਘ : ਇਹ ਕੁੱਤੇ ਪੂਰੇ ਦਿਨ ਦੇ ਭੁੱਖੇ ਹੁੰਦੇ ਹਨ ਤੇ ਅਕਸਰ ਆਪਸ ਵਿੱਚ ਲੜਦੇ ਰਹਿੰਦੇ ਹਨ !
ਜਦੋਂ ਢਿਧ ਭਰਿਆ ਹੁੰਦਾ ਹੈ ਤਾਂ ਆਪਸ ਵਿੱਚ ਖੇਡ ਵੀ ਲੈਂਦੇ ਨੇ ! ਜਦੋਂ ਰਾਤੀ ਮੈਂ ਇਨ੍ਹਾਂ ਅੱਗੇ ਬਚੇਆ ਹੋਇਆ ਮੀਟ ਦਾ ਸਮਾਨ ਸੁੱਟਦਾ ਹਾਂ ਤਾਂ ਇਹ ਸਾਰੇ ਇਕੱਠੇ ਹੀ ਉਸਨੂੰ ਖਾਉਣ ਆ ਜਾਂਦੇ ਹਨ !
ਪਰ, ਜਦੋਂ ਵੀ ਇੱਕ ਕੁੱਤੇ ਨੂੰ ਲਗਦਾ ਹੈ ਕੀ ਦੂਜਾ ਕੁੱਤਾ ਜਿਆਦਾ ਵੱਡਾ ਟੁਕੜਾ ਖਾਣ ਦੇ ਚੱਕਰ ਵਿੱਚ ਹੈ, ਤਾਂ ਓਹ ਲੜਨ ਨੂੰ ਪੈ ਜਾਂਦਾ ਹੈ ! ਕਿਓਂਕਿ ਲੜਾਈ ਰੋਟੀ ਜਾਂ ਆਪਣੀ ਤਾਕਤ ਦੇ ਅਹੰਕਾਰ ਦੀ ਹੁੰਦੀ ਹੈ ਇਸ ਕਰਕੇ ਅਕਸਰ ਖਤਰਨਾਕ ਹੋ ਨਿਬੜਦੀ ਹੈ !
ਗੁਰਜੀਤ ਸਿੰਘ ਸੋਚਣ ਲੱਗਾ ਕੀ ਖਬਰੇ ਕੁਲਤਾਰ ਸਿੰਘ "ਚੋਣਾਂ" ਦੀਆਂ ਗੱਲਾਂ ਤੇ ਨਹੀ ਕਰ ਰਿਹਾ, ਜਿਸ ਵਿੱਚ ਇਨ੍ਹਾਂ ਕੁੱਤੇਆਂ ਵਰਗੇ ਸੁਭਾ ਵਾਲੇ ਮਨੁਖ ਲਾਲਚ ਵਸ ਹੋ ਕੇ ਇਸੀ ਤਰੀਕੇ ਦੀਆਂ ਹਰਕਤਾਂ ਕਰਦੇ ਨੇ ! ਖੈਰ ਛੱਡ ਪਰੇ, ਮੈਂ ਵੀ ਕੀ ਕੀ ਸੋਚਦਾ ਰਹਿੰਦਾ ਹਾਂ !
- ਬਲਵਿੰਦਰ ਸਿੰਘ ਬਾਈਸਨ
http://nikkikahani.com/